ਨਹਿਰ ਵਿੱਚ ਰੁੜ੍ਹੇ ਟੈਂਪੂ ਚਾਲਕ ਦਾ ਨਹੀਂ ਮਿਲਿਆ ਕੋਈ ਸੁਰਾਗ
ਪੱਤਰ ਪ੍ਰੇਰਕ
ਰੂਪਨਗਰ, 2 ਜੁਲਾਈ
ਇੱਥੇ ਬੀਤੀ ਸ਼ਾਮ ਕਾਰ ਦੀ ਟੱਕਰ ਕਾਰਨ ਸਰਹਿੰਦ ਨਹਿਰ ਵਿੱਚ ਡਿੱਗੇ ਟੈਂਪੂ ਚਾਲਕ ਅਤੇ ਸਵਾਰੀਆਂ ਦਾ ਅੱਜ ਦੇਰ ਸ਼ਾਮ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਥਾਣਾ ਸਿਟੀ ਪੁਲੀਸ ਨੇ ਟੈਂਪੂ ਨੂੰ ਟੱਕਰ ਮਾਰਨ ਦੇ ਦੋਸ਼ ਹੇਠ ਕੰਚਨ ਨਾਮ ਦੀ ਲੜਕੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਮੁਤਾਬਕ ਨਵੇਂ ਕਾਨੂੰਨਾਂ ਤਹਿਤ ਜ਼ਿਲ੍ਹੇ ਦਾ ਇਹ ਪਹਿਲਾ ਕੇਸ ਹੈ। ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਐੱਸਡੀਐੱਮ ਰੂਪਨਗਰ ਨਵਦੀਪ ਕੁਮਾਰ ਦੀ ਅਗਵਾਈ ਅਧੀਨ ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਸਰਹਿੰਦ ਨਹਿਰ ਵਿੱਚ ਟੈਂਪੂ ਚਾਲਕ ਕਰਮ ਸਿੰਘ ਤੇ ਸਵਾਰੀਆਂ ਦੀ ਭਾਲ ਕੀਤੀ ਗਈ ਪਰ ਖਬ਼ਰ ਲਿਖੇ ਜਾਣ ਤੱਕ ਨਹਿਰ ਵਿੱਚ ਰੁੜ੍ਹੇ ਕਿਸੇ ਵੀ ਵਿਅਕਤੀ ਦੀ ਲਾਸ਼ ਬਰਾਮਦ ਨਹੀਂ ਹੋਈ।
ਥਾਣਾ ਸਿਟੀ ਰੂਪਨਗਰ ਦੇ ਐੱਸਐੱਚਓ ਪਵਨ ਕੁਮਾਰ ਨੇ ਕਿਹਾ ਕਿ ਸੋਮਵਾਰ ਨੂੰ ਹਾਦਸਾ ਵਾਪਰਨ ਉਪਰੰਤ ਟੈਂਪੂ ਚਾਲਕ ਕਰਮ ਸਿੰਘ ਸਣੇ ਚਾਰ ਸਵਾਰੀਆਂ ਦੇ ਨਹਿਰ ਦੇ ਪਾਣੀ ਵਿੱਚ ਰੁੜ੍ਹਨ ਦਾ ਰੌਲਾ ਸੀ, ਪਰ ਟੈਂਪੂ ਚਾਲਕ ਦੇ ਵਾਰਸਾਂ ਤੋਂ ਇਲਾਵਾ ਹੋਰ ਕਿਸੇ ਵੀ ਵਿਅਕਤੀ ਨੇ ਆਪਣਾ ਕੋਈ ਪਰਿਵਾਰਕ ਮੈਂਬਰ ਲਾਪਤਾ ਹੋਣ ਸਬੰਧੀ ਪੁਲੀਸ ਨਾਲ ਸੰਪਰਕ ਨਹੀਂ ਕੀਤਾ, ਹੋ ਸਕਦਾ ਹੈ ਕਿ ਟੈਂਪੂ ਵਿੱਚ ਇਕੱਲਾ ਡਰਾਈਵਰ ਹੀ ਸਵਾਰ ਹੋਵੇ।