ਸਵਾ ਮਹੀਨੇ ਤੋਂ ਲਾਪਤਾ ਨੌਜਵਾਨ ਦੀ ਕੋਈ ਉੱਘ-ਸੁੱਘ ਨਾ ਮਿਲੀ
ਖੇਤਰੀ ਪ੍ਰਤੀਨਿਧ
ਬਟਾਲਾ, 14 ਅਕਤੂਬਰ
ਪਿਛਲੇ ਕਰੀਬ ਸਵਾ ਕੁ ਮਹੀਨੇ ਤੋਂ ਲਾਪਤਾ ਨੌਜਵਾਨ ਨੂੰ ਲੱਭਣ ਲਈ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪੁਲੀਸ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ। ਗੁੰਮਸ਼ੁਦਾ ਨੌਜਵਾਨ ਸਿੱਧੇ ਸੁਭਾਅ ਦਾ ਦੱਸਿਆ ਜਾ ਰਿਹਾ ਹੈ ਜੋ ਲੰਘੀ 8 ਸਤੰਬਰ ਨੂੰ ਆਪਣੇ ਘਰੋਂ ਗਿਆ ਪਰ ਅਜੇ ਤੱਕ ਵਾਪਸ ਘਰ ਨਹੀਂ ਆਇਆ। ਇਸ ਸਬੰਧੀ ਥਾਣਾ ਸਦਰ ਬਟਾਲਾ ਦੇ ਮੁਖੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਜਸਮੀਤ ਸਿੰਘ (32) ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਹਸਨਪੁਰਾ ਕਲਾਂ ਦੀ ਗੁੰਮਸ਼ੁਦਗੀ ਦੀ ਇਤਲਾਹ ਮਿਲੀ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਜਸਮੀਤ ਸਿੰਘ ਲੰਘੀ 8 ਸਤੰਬਰ ਨੂੰ ਘਰੋਂ ਬਟਾਲਾ ਗਿਆ ਸੀ ਪਰ ਅਜੇ ਤੱਕ ਵਾਪਸ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਉਸ ਦੀ ਉਮਰ ਕਰੀਬ 32 ਸਾਲ, ਕੱਦ 5’9’’, ਰੰਗ ਕਣਕਵੰਨਾ, ਖੱਬੇ ਕੰਨ ਵਿੱਚ ਮੁੰਦਰੀ, ਸੱਜੀ ਲੱਤ ’ਤੇ ਸੜਨ ਦਾ ਨਿਸ਼ਾਨ, ਸਰੀਰ ਦਰਮਿਆਨਾ ਅਤੇ ਘਰੋਂ ਜਾਣ ਸਮੇਂ ਉਸ ਨੇ ਲਾਲ-ਨੀਲੇ-ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਉਕਤ ਵਿਅਕਤੀ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਬਟਾਲਾ ਪੁਲੀਸ ਨੂੰ ਸੂਚਿਤ ਕੀਤਾ ਜਾਵੇ।