ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

12 ਲੱਖ ਤੱਕ ਦੀ ਸਾਲਾਨਾ ਆਮਦਨ ’ਤੇ ਨਹੀਂ ਲੱਗੇਗਾ ਟੈਕਸ

06:09 AM Feb 02, 2025 IST
featuredImage featuredImage

ਨਵੀਂ ਦਿੱਲੀ, 1 ਫਰਵਰੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ ’ਚ ਮੱਧ ਵਰਗ ਨੂੰ ਵੱਡੀ ਰਾਹਤ ਦਿੰਦਿਆਂ ਤਨਖਾਹਦਾਰ ਵਰਗ ਲਈ ਵੱਡੀ ਆਮਦਨ ਟੈਕਸ ਕਟੌਤੀ ਦਾ ਐਲਾਨ ਕੀਤਾ ਜਿਸ ਤਹਿਤ 12.75 ਲੱਖ ਰੁਪਏ ਸਾਲਾਨਾ ਤੱਕ ਦੀ ਕਮਾਈ ਕਰਨ ਵਾਲਿਆਂ ਨੂੰ ਕੋਈ ਟੈਕਸ ਅਦਾ ਨਹੀਂ ਕਰਨਾ ਪਵੇਗਾ। ਵਿਕਸਤ ਭਾਰਤ ਦੇ ਟੀਚੇ ਨੂੰ ਪੂਰਾ ਕਰਨ ਅਤੇ ਸਥਿਰ ਅਰਥਚਾਰੇ ਦੀ ਮਜ਼ਬੂਤੀ ​ਲਈ ਨਿਰਮਲਾ ਸੀਤਾਰਮਨ ਨੇ ਅਗਲੀ ਪੀੜ੍ਹੀ ਦੇ ਸੁਧਾਰਾਂ ਲਈ ਬਜਟ ’ਚ ਖਾਕਾ ਪੇਸ਼ ਕੀਤਾ ਹੈ। ਆਪਣਾ ਲਗਾਤਾਰ 8ਵਾਂ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨੇ ਖੇਤੀਬਾੜੀ, ਐੱਮਐੱਸਐੱਮਈ, ਨਿਵੇਸ਼ ਅਤੇ ਬਰਾਮਦ ’ਤੇ ਧਿਆਨ ਕੇਂਦਰਤ ਕਰਦਿਆਂ ਵਿੱਤੀ ਸੂਝ-ਬੂਝ ਅਤੇ ਵਿਕਾਸ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਆਲਮੀ ਬੇਯਕੀਨੀ ਦੇ ਮਾਹੌਲ ਦਰਮਿਆਨ ਅਰਥਚਾਰੇ ’ਚ ਆਈ ਸੁਸਤ ਰਫ਼ਤਾਰ ਨੂੰ ਦੇਖਦਿਆਂ ਸੀਤਾਰਮਨ ਨੇ ਕਿਹਾ ਕਿ ਟੈਕਸ ਛੋਟਾਂ ਨਾਲ ਮੱਧ ਵਰਗ ਦੇ ਲੋਕਾਂ ਕੋਲ ਖਪਤ ਲਈ ਜਿੱਥੇ ਵਧੇਰੇ ਪੈਸੇ ਬਚਣਗੇ, ਉਥੇ ਨਿਵੇੇਸ਼ ਤੇ ਬੱਚਤ ਵੀ ਵਧੇਗੀ ਅਤੇ ਅਰਥਚਾਰੇ ਨੂੰ ਹੁਲਾਰਾ ਮਿਲੇਗਾ। ਬਜਟ ’ਚ ਬੁਨਿਆਦੀ ਢਾਂਚੇ ਦੇ ਵਿਕਾਸ ’ਚ ਖ਼ਰਚ ਹੋਣ ਵਧਾਉਣ, ਸਮਾਜਿਕ ਖੇਤਰਾਂ ਲਈ ਫੰਡ ਕਾਇਮ ਕਰਨ ਤੇ ਗਰੀਬਾਂ, ਨੌਜਵਾਨਾਂ, ਕਿਸਾਨਾਂ ਅਤੇ ਮਹਿਲਾਵਾਂ ਲਈ ਵੀ ਕਈ ਕਦਮ ਚੁੱਕੇ ਗਏ ਹਨ।
ਸੀਤਾਰਮਨ ਨੇ ਆਸ ਮੁਤਾਬਕ ਮੱਧ ਵਰਗ ਨੂੰ ਵੱਡੀ ਰਾਹਤ ਦਿੰਦਿਆਂ 12.75 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਨੂੰ ਪੂਰੀ ਤਰ੍ਹਾਂ ਟੈਕਸ ਮੁਕਤ ਕਰਨ ਦਾ ਐਲਾਨ ਕੀਤਾ ਹੈ। ਉਂਜ ਇਹ ਛੋਟ ਸਿਰਫ਼ ਨਵੇਂ ਟੈਕਸ ਪ੍ਰਬੰਧ ਤਹਿਤ ਹੀ ਮਿਲੇਗੀ। ਪਹਿਲਾਂ ਇਹ ਛੋਟ 7 ਲੱਖ ਰੁਪਏ ਦੀ ਆਮਦਨ ਤੱਕ ਸੀ। ਉਨ੍ਹਾਂ ਇਸ ਤੋਂ ਵਧ ਆਮਦਨ ਵਾਲਿਆਂ ਲਈ ਟੈਕਸ ਸਲੈਬ ’ਚ ਵੀ ਫੇਰਬਦਲ ਕੀਤਾ ਹੈ ਜਿਸ ਰਾਹੀਂ ਸਾਲਾਨਾ 25 ਲੱਖ ਰੁਪਏ ਦੀ ਆਮਦਨ ਵਾਲੇ ਨੂੰ 1.1 ਲੱਖ ਰੁਪਏ ਬਚਣਗੇ। ਟੈਕਸ ਕਟੌਤੀ ਵਿਚ ਛੋਟ ਨਾਲ ਸਰਕਾਰੀ ਖ਼ਜ਼ਾਨੇ ’ਤੇ ਕਰੀਬ ਇਕ ਲੱਖ ਕਰੋੜ ਰੁਪਏ ਦਾ ਬੋਝ ਪਏਗਾ ਜਿਸ ਦਾ 6.3 ਕਰੋੜ ਲੋਕਾਂ ਜਾਂ 80 ਫ਼ੀਸਦ ਤੋਂ ਜ਼ਿਆਦਾ ਟੈਕਸਦਾਤਿਆਂ ਨੂੰ ਲਾਹਾ ਮਿਲੇਗਾ ਜੋ ਸਾਲ ’ਚ 12 ਲੱਖ ਰੁਪਏ ਤੱਕ ਕਮਾਉਂਦੇ ਹਨ। ਇਸੇ ਤਰ੍ਹਾਂ ਟੀਡੀਐੱਸ/ਟੀਸੀਐੱਸ ਦੀਆਂ ਦਰਾਂ ਤਰਕਸੰਗਤ ਬਣਾਉਣ ਤਹਿਤ ਸੀਨੀਅਰ ਸਿਟੀਜ਼ਨਸ ਲਈ ਵਿਆਜ ’ਤੇ ਟੈਕਸ ਕਟੌਤੀ ਦੀ ਹੱਦ 50 ਹਜ਼ਾਰ ਰੁਪਏ ਤੋਂ ਵਧਾ ਕੇ ਇਕ ਲੱਖ ਰੁਪਏ ਕਰਨ ਦੀ ਤਜਵੀਜ਼ ਹੈ। ਬਜਟ ’ਚ ਕਿਰਾਏ ’ਤੇ ਟੀਡੀਐੱਸ ਲਈ ਸਾਲਾਨਾ ਹੱਦ 2.4 ਲੱਖ ਰੁਪਏ ਤੋਂ ਵਧਾ ਕੇ 6 ਲੱਖ ਰੁਪਏ ਕਰਨ ਦੀ ਵੀ ਤਜਵੀਜ਼ ਸ਼ਾਮਲ ਹੈ।

Advertisement

ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਦਹੀਂ ਖੁਆਉਂਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ। -ਫੋਟੋ: ਪੀਟੀਆਈ

ਅਪਰੈਲ 2025 ਤੋਂ ਮਾਰਚ 2026 ਦੇ ਵਿੱਤੀ ਵਰ੍ਹੇ ਲਈ ਪੇਸ਼ ਬਜਟ ’ਚ ਬੀਮਾ ਖੇਤਰ ’ਚ ਵਿਦੇਸ਼ੀ ਨਿਵੇਸ਼ ਦੀ ਹੱਦ ਮੌਜੂਦਾ 74 ਫ਼ੀਸਦ ਤੋਂ ਵਧਾ ਕੇ 100 ਫ਼ੀਸਦ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਵਿੱਤੀ ਮਜ਼ਬੂਤੀ ਲਈ ਤਜਵੀਜ਼ਾਂ ਦਾ ਐਲਾਨ ਕਰਦਿਆਂ ਨਿਰਮਲਾ ਸੀਤਾਰਮਨ ਨੇ ਵਿੱਤੀ ਘਾਟਾ ਜੀਡੀਪੀ ਦਾ 4.4 ਫ਼ੀਸਦ ਰਹਿਣ ਦਾ ਅਨੁਮਾਨ ਪੇਸ਼ ਕੀਤਾ ਹੈ ਜੋ 31 ਮਾਰਚ ਨੂੰ ਖ਼ਤਮ ਹੋਣ ਵਾਲੇ ਮੌਜੂਦਾ ਵਿੱਤੀ ਵਰ੍ਹੇ ’ਚ 4.8 ਫ਼ੀਸਦ ਰਹਿਣ ਦਾ ਅੰਦਾਜ਼ਾ ਹੈ। ਉਨ੍ਹਾਂ ਖਾਸ ਜੀਵਨ ਰੱਖਿਅਕ ਦਵਾਈਆਂ ਅਤੇ ਹੋਰਾਂ ’ਤੇ ਡਿਊਟੀ ਕੱਟ ਦਾ ਵੀ ਐਲਾਨ ਕੀਤਾ ਹੈ। ਮਾਲੀਏ ’ਚ ਹੋਏ ਨੁਕਸਾਨ ਨੂੰ ਸੰਤੁਲਿਤ ਕਰਨ ਲਈ ਉਨ੍ਹਾਂ ਮੌਜੂਦਾ 10.18 ਲੱਖ ਕਰੋੜ ਰੁਪਏ ਦੇ ਮੁਕਾਬਲੇ ਅਗਲੇ ਵਿੱਤੀ ਵਰ੍ਹੇ ਵਿੱਚ ਪੂੰਜੀ ਖ਼ਰਚ ਵਿੱਚ ਮਾਮੂਲੀ ਵਾਧਾ 11.21 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਇਸ ਤੋਂ ਇਲਾਵਾ ਰਿਜ਼ਰਵ ਬੈਂਕ ਅਤੇ ਹੋਰ ਸਰਕਾਰੀ ਮਾਲਕੀ ਵਾਲੇ ਵਿੱਤੀ ਅਦਾਰਿਆਂ ਤੋਂ ਮਿਲਣ ਵਾਲੇ ਲਾਭ ਅੰਸ਼ (ਡਿਵੀਡੈਂਡ) ਵਿੱਚ ਵਾਧੇ ਨਾਲ ਵੀ ਘਾਟੇ ਨੂੰ ਕਾਬੂ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਸ ਵਾਰ ਦਾ ਬਜਟ ਕਈ ਚੁਣੌਤੀਆਂ ਵੀ ਲੈ ਕੇ ਆਇਆ ਹੈ ਜਦੋਂ ਮਹਾਮਾਰੀ ਮਗਰੋਂ ਅਤੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਸਮੇਤ ਹੋਰ ਮੁਲਕਾਂ ’ਤੇ ਟੈਕਸ ਥੋਪਣ ਦੀਆਂ ਧਮਕੀਆਂ ਤੇ ਵਧ ਰਹੇ ਹੋਰ ਜੋਖਮਾਂ ਕਾਰਨ ਭਾਰਤੀ ਅਰਥਚਾਰਾ ਸੁਸਤ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। ਅਗਲੇ ਵਿੱਤੀ ਵਰ੍ਹੇ ’ਚ ਜੀਡੀਪੀ 6.3 ਤੋਂ 6.8 ਫ਼ੀਸਦ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ ਜੋ 8 ਫ਼ੀਸਦ ਵਿਕਾਸ ਦੇ ਟੀਚੇ ਨਾਲੋਂ ਕਿਤੇ ਹੇਠਾਂ ਹੈ ਜਿਸ ਨਾਲ ਭਾਰਤ ਦੇ 2047 ਤੱਕ ਵਿਕਸਤ ਮੁਲਕ ਬਣਨ ਦੇ ਟੀਚੇ ਨੂੰ ਖੋਰਾ ਲੱਗ ਸਕਦਾ ਹੈ। ਸੀਤਾਰਮਨ ਨੇ ਮਾਰਚ 2031 ਤੱਕ ਕਰਜ਼ੇ ਨੂੰ ਜੀਡੀਪੀ ਦੇ 50 ਫ਼ੀਸਦ ਤੱਕ ਰੱਖਣ ਦੀ ਤਜਵੀਜ਼ ਪੇਸ਼ ਕਰਦਿਆਂ ਕਿਹਾ, ‘‘ਸਾਡੀ ਕੋਸ਼ਿਸ਼ ਹਰ ਸਾਲ ਵਿੱਤੀ ਘਾਟੇ ਨੂੰ ਇਸ ਤਰ੍ਹਾਂ ਰੱਖਣ ਦੀ ਹੋਵੇਗੀ ਕਿ ਕੇਂਦਰ ਸਰਕਾਰ ਦਾ ਕਰਜ਼ਾ ਜੀਡੀਪੀ ਦੇ ਫ਼ੀਸਦ ਵਜੋਂ ਲਗਾਤਾਰ ਘਟਦਾ ਰਹੇ।’’ ਹੋਰ ਉਪਾਵਾਂ ਵਿੱਚ ਦਾਲਾਂ ਅਤੇ ਕਪਾਹ ਦੇ ਉਤਪਾਦਨ ’ਤੇ ਵਿਸ਼ੇਸ਼ ਧਿਆਨ ਦੇ ਕੇ ਵਧ ਪੈਦਾਵਾਰ ਵਾਲੀਆਂ ਫ਼ਸਲਾਂ ਨੂੰ ਅੱਗੇ ਵਧਾਉਣ ਦਾ ਰਾਸ਼ਟਰੀ ਮਿਸ਼ਨ, ਕਿਸਾਨਾਂ ਨੂੰ ਸਬਸਿਡੀ ਵਾਲੇ ਕਰਜ਼ੇ ਦੀ ਹੱਦ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ, ਉਤਪਾਦਨ ਅਤੇ ਬਰਾਮਦ ਨੂੰ ਅੱਗੇ ਵਧਾਉਣ ਲਈ ਮਿਸ਼ਨ, ਚਮੜੇ ਅਤੇ ਜੁੱਤੀਆਂ ਵਰਗੇ ਕਿਰਤ ਸਬੰਧੀ ਖੇਤਰਾਂ ਲਈ ਨਵੀਂ ਯੋਜਨਾ ਅਤੇ ਭਾਰਤ ਨੂੰ ਖਿਡੌਣੇ ਨਿਰਮਾਣ ਲਈ ਇੱਕ ਆਲਮੀ ਕੇਂਦਰ ਬਣਾਉਣ ਦੀ ਯੋਜਨਾ ਸ਼ਾਮਲ ਹੈ। ਵਿੱਤ ਮੰਤਰੀ ਨੇ ਲਗਭਗ ਇਕ ਕਰੋੜ ਗਿਗ ਵਰਕਰਾਂ (ਡਿਲੀਵਰੀ ਬੁਆਏ ਆਦਿ ਕੰਮਾਂ ਵਾਲੇ) ਲਈ ਸਮਾਜਿਕ ਸੁਰੱਖਿਆ ਕਵਰ ਅਤੇ ਸਟਾਰਟਅੱਪਸ ਲਈ 10,000 ਕਰੋੜ ਰੁਪਏ ਦੇ ਫੰਡ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ 2047 ਤੱਕ ਪਰਮਾਣੂ ਊਰਜਾ ਤੋਂ ਘੱਟੋ ਘੱਟ 100 ਗੀਗਾਵਾਟ ਬਿਜਲੀ ਪੈਦਾ ਕਰਨ ਦੇ ਟੀਚੇ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਪਰਮਾਣੂ ਲੈਣ-ਦੇਣ ਨੇਮਾਂ ’ਚ ਸੋਧ ਰਾਹੀਂ ਪ੍ਰਾਈਵੇਟ ਸੈਕਟਰ ’ਚ ਨਿਵੇਸ਼ ਦੀ ਇਜਾਜ਼ਤ ਦੇਣ ਦਾ ਵੀ ਐਲਾਨ ਕੀਤਾ ਹੈ। -ਪੀਟੀਆਈ

ਇੱਕ ਕਰੋੜ ਹੋਰ ਲੋਕਾਂ ਨੂੰ ਨਹੀਂ ਦੇਣਾ ਪਵੇਗਾ ਆਮਦਨ ਕਰ: ਵਿੱਤ ਮੰਤਰੀ

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ਸਰਕਾਰ ਨੇ ਬਜਟ ਵਿੱਚ ਆਮਦਨ ਕਰ ਸਲੈਬ ’ਚ ਤਬਦੀਲੀ ਕਰਕੇ ਲੋਕਾਂ ਦੀ ਜੇਬ ’ਚ ਚੰਗਾ ਪੈਸਾ ਪਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਮਦਨ ਕਰ ਛੋਟ ਸੀਤਾ ਸਾਲਾਨਾ ਸੱਤ ਲੱਖ ਰੁਪਏ ਤੋਂ 12 ਲੱਖ ਰੁਪਏ ਤੱਕ ਵਧਾਉਣ ਨਾਲ ਇੱਕ ਕਰੋੜ ਹੋਰ ਲੋਕਾਂ ਨੂੰ ਹੁਣ ਕੋਈ ਟੈਕਸ ਨਹੀਂ ਦੇਣਾ ਪਵੇਗਾ। -ਪੀਟੀਆਈ

Advertisement

ਜਨਗਣਨਾ ਲਈ ਸਿਰਫ਼ 574.80 ਕਰੋੜ ਰੁਪਏ

ਨਵੀਂ ਦਿੱਲੀ: ਬਜਟ ਦੀਆਂ ਤਜਵੀਜ਼ਾਂ ’ਤੇ ਗੌਰ ਕਰਨ ਨਾਲ ਸੰਕੇਤ ਮਿਲਦਾ ਹੈ ਕਿ ਦਸ ਸਾਲਾ ਜਨਗਣਨਾ 2025 ’ਚ ਵੀ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਅੱਜ ਪੇਸ਼ ਬਜਟ ’ਚ ਇਸ ਲਈ ਸਿਰਫ਼ 574.80 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਵਿੱਤ ਮੰਤਰੀ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ’ਚ ਜਨਗਣਨਾ, ਸਰਵੇਖਣ ਤੇ ਰਜਿਸਟਰਾਰ ਜਨਰਲ ਆਫ ਇੰਡੀਆ (ਆਰਜੀਆਈ) ਲਈ 574.80 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਜੋ ਬਜਟ 2021-22 ਤੋਂ ਕਾਫੀ ਘੱਟ ਹਨ ਜਦੋਂ 3,768 ਕਰੋੜ ਰੁਪਏ ਅਲਾਟ ਕੀਤੇ ਗਏ ਸਨ। 2024-25 ਦੇ ਬਜਟ ਵਿੱਚ 572 ਕਰੋੜ ਰੁਪਏ ਅਲਾਟ ਕੀਤੇ ਗਏ ਸਨ। -ਪੀਟੀਆਈ

ਸਨਅਤਕਾਰਾਂ ਵੱਲੋਂ ਬਜਟ ਦੀ ਸ਼ਲਾਘਾ

ਨਵੀਂ ਦਿੱਲੀ: ਨਰਿੰਦਰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਦੂਜੇ ਬਜਟ ਵਿੱਚ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ’ਚ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਨੌਕਰੀਆਂ ਪੈਦਾ ਕਰਨ ਲਈ ਵਿਆਪਕ ਖਾਕਾ ਪੇਸ਼ ਕੀਤਾ ਗਿਆ ਹੈ, ਜਿਸ ਤਹਿਤ ਖਪਤ ਵਧਾਉਣ ਅਤੇ ਨਿਵੇਸ਼ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਨਅਤਕਾਰਾਂ ਵੱਲੋਂ ਇਸ ਦੀ ਸ਼ਲਾਘਾ ਕੀਤੀ ਗਈ ਹੈ। ਵੇਦਾਂਤਾ ਲਿਮਟਿਡ ਦੇ ਚੇਅਰਮੈਨ ਅਨਿਲ ਅਗਰਵਾਲ ਨੇ ਕਿਹਾ ਕਿ ਬਜਟ ਰਾਹੀਂ ਸਹੀ ਦਿਸ਼ਾ ਵਿੱਚ ਕਦਮ ਵਧਾਇਆ ਗਿਆ ਹੈ, ਜਿਸ ਵਿੱਚ 12 ਲੱਖ ਰੁਪਏ ਸਾਲਾਨਾ ਤੱਕ ਦੀ ਆਮਦਨ ਨੂੰ ਪੂਰੀ ਤਰ੍ਹਾਂ ਟੈਕਸ ਮੁਕਤ ਕਰਕੇ ਮੱਧ ਵਰਗ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਜੇਐੱਸਡਬਲਿਊ ਗਰੁੱਪ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀਐੱਮਡੀ) ਸੱਜਣ ਜਿੰਦਲ ਨੇ ਕਿਹਾ ਕਿ ਬਜਟ ਮੱਧ ਵਰਗ ਦੇ ਹੱਥਾਂ ਵਿੱਚ ਵੱਧ ਪੈਸਾ ਮੁਹੱਈਆ ਕਰਵਾਏਗਾ, ਜਿਸ ਨਾਲ ਖਪਤ ਵਧੇਗੀ। -ਪੀਟੀਆਈ

ਕੇਂਂਦਰੀ ਬਜਟ ਦੇ ਅਹਿਮ ਨੁਕਤੇ

* ਅਗਲੇ ਹਫ਼ਤੇ ਕਰਦਾਤਿਆਂ ਦੀ ਸਹੂਲਤ ਲਈ ਨਵਾਂ ਆਮਦਨ ਕਰ ਬਿੱਲ ਪੇਸ਼ ਕਰਨ ਦਾ ਐਲਾਨ
* ਬੀਮਾ ਖੇਤਰ ਵਿਚ 100 ਫੀਸਦ ਸਿੱਧੇ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੂੰ ਮਨਜ਼ੂਰੀ
* 100 ਜ਼ਿਲ੍ਹਿਆਂ ’ਚ ਕਿਸਾਨਾਂ ਲਈ ਯੋਜਨਾਵਾਂ, 1.7 ਕਰੋੜ ਤੋਂ ਵੱਧ ਕਿਸਾਨਾਂ ਨੂੰ ਹੋਵੇਗਾ ਫਾਇਦਾ
* ਕਿਸਾਨ ਕਰੈਡਿਟ ਕਾਰਡ ਦੀ ਲਿਮਟ ਤਿੰਨ ਲੱਖ ਤੋਂ ਵਧਾ ਕੇ ਪੰਜ ਲੱਖ ਕਰਨ ਦਾ ਐਲਾਨ
* ਭਾਰਤ ਨੂੰ ਖਿਡੌਣਿਆਂ ਦਾ ਆਲਮੀ ਹੱਬ ਬਣਾਉਣ ਦਾ ਦਾਅਵਾ
* ਯੂਰੀਆ ਉਤਪਾਦਨ ਵਿਚ ਆਤਮ ਨਿਰਭਰ ਬਣਨ ਲਈ ਅਸਾਮ (ਪੂਰਬੀ ਭਾਰਤ) ’ਚ ਯੂਰੀਆ ਪਲਾਂਟ ਖੋਲ੍ਹਣ ਦਾ ਐਲਾਨ
* ਏਆਈ ਸਿੱਖਿਆ ਲਈ 500 ਕਰੋੜ ਰੁਪਏ ਰਾਖਵੇਂ, ਦੇਸ਼ ’ਚ ਤਿੰਨ ਏਆਈ ਐਕਸੀਲੈਂਸ ਸੈਂਟਰ ਬਣਨਗੇ
* ਹੋਮ ਡਲਿਵਰੀ ਵਾਲਿਆਂ ਲਈ ਬੀਮਾ ਕਵਰ, ਈ-ਸ਼੍ਰਮ ਪੋਰਟਲ ’ਤੇ ਹੋਵੇਗਾ ਰਜਿਸਟਰੇਸ਼ਨ
* ਬੁਨਿਆਦੀ ਢਾਂਚੇ ਦੇ ਵਿਕਾਸ ਲਈ ਰਾਜਾਂ ਨੂੰ ਮਿਲੇਗਾ ਡੇਢ ਲੱਖ ਕਰੋੜ ਰੁਪਏ ਦਾ ਵਿਆਜ ਮੁਕਤ ਕਰਜ਼ਾ

"ਦੇਸ਼ ਦੇ 140 ਕਰੋੜ ਲੋਕਾਂ ਦੀਆਂ ਖਾਹਿਸ਼ਾਂ ਦਾ ਬਜਟ"
- ਨਰਿੰਦਰ ਮੋਦੀ

"ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ"
- ਮਲਿਕਾਰਜੁਨ ਖੜਗੇ

"ਕੇਂਦਰੀ ਬਜਟ ਰਾਹੀਂ ਆਮ ਲੋਕਾਂ ਦੇ ਗੰਭੀਰ ਜ਼ਖ਼ਮਾਂ ’ਤੇ ਮਾਮੂਲੀ ਪੱਟੀ ਲਗਾਉਣ ਦੀ ਕੋਸ਼ਿਸ਼"
- ਰਾਹੁਲ ਗਾਂਧੀ

"ਕੇਂਦਰੀ ਬਜਟ ਵਿੱਚ ਪੰਜਾਬ ਅਤੇ ਪੰਜਾਬੀਅਤ ਨਾਲ ਮਤਰੇਆ ਸਲੂਕ ਕੀਤਾ ਗਿਆ ਹੈ"
- ਭਗਵੰਤ ਮਾਨ

Advertisement