ਪੰਜਾਬ ’ਚ ਕੋਈ ਵੀ ਵਿਦਿਆਰਥੀ ਕਿਤਾਬ ਤੋਂ ਵਾਂਝਾ ਨਹੀਂ ਰਹੇਗਾ: ਅਵਿਕੇਸ਼
ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 18 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਅਵਿਕੇਸ਼ ਗੁਪਤਾ ਨੇ ਅੱਜ ਬੋਰਡ ਅਧਿਕਾਰੀਆਂ ਸਣੇ ਵੱਖ-ਵੱਖ ਜ਼ਿਲ੍ਹਾ ਖੇਤਰੀ ਦਫ਼ਤਰਾਂ ਦੇ ਸਟੋਰ ਇੰਚਾਰਜਾਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ’ਚ ਸਟੋਰ ਇੰਚਾਰਜਾਂ ਦੀਆਂ ਸਮੱਸਿਆਵਾਂ ਅਤੇ ਹੋਰ ਵੱਖ-ਵੱਖ ਮੁੱਦਿਆਂ ਨੂੰ ਸਰਗਰਮੀ ਨਾਲ ਸੁਣਦੇ ਹੋਏ ਜ਼ਿਲ੍ਹਾ ਖੇਤਰੀ ਦਫ਼ਤਰਾਂ ਦੀ ਕਾਰਜਕੁਸ਼ਲਤਾ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵਿਆਪਕ ਰਣਨੀਤੀਆਂ ਬਣਾਉਣ ਅਤੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਦੀ ਗੁਣਵੱਤਾ ਨੂੰ ਵਧਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਕੋਈ ਵੀ ਵਿਦਿਆਰਥੀ ਪੁਸਤਕ ਤੋਂ ਵਾਂਝਾ ਨਾ ਰਹੇ। ਸਕੂਲ ਬੋਰਡ ਵਿਦਿਆਰਥੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਨ੍ਹਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਸਕੱਤਰ ਨੇ ਪੰਜਾਬ ਦੇ ਵਿਦਿਆਰਥੀਆਂ ਦੀ ਸੇਵਾ ਵਿੱਚ ਜ਼ਿਲ੍ਹਾ ਦਫ਼ਤਰਾਂ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਅਤੇ ਨਿਰਵਿਘਨ ਸੇਵਾਵਾਂ ਨੂੰ ਯਕੀਨੀ ਬਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਸਟੋਰ ਕੀਪਰਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਕਾਜ ਵਿੱਚ ਦਰਪੇਸ਼ ਚੁਣੌਤੀਆਂ ਅਤੇ ਕਿਤਾਬਾਂ ਦੇ ਰੱਖ-ਰਖਾਅ ਨਾਲ ਸਬੰਧਤ ਵੱਖ-ਵੱਖ ਔਕੜਾਂ ਅਤੇ ਪਹਿਲੂਆਂ ’ਤੇ ਚਰਚਾ ਕੀਤੀ ਗਈ। ਅਵਿਕੇਸ਼ ਗੁਪਤਾ ਨੇ ਪਾਠ-ਪੁਸਤਕਾਂ ਦੇ ਰੱਖ-ਰਖਾਅ ਅਤੇ ਸੁਧਾਰ ਲਈ ਜ਼ੋਰ ਦਿੰਦਿਆਂ ਕਿਹਾ ਕਿ ਅਜਿਹਾ ਢੰਗ ਤਰੀਕੇ ਅਪਣਾਏ ਜਾਣ, ਜਿਸ ਨਾਲ ਪਾਠ-ਪੁਸਤਕਾਂ ਨੂੰ ਤਰਤੀਬ ਅਨੁਸਾਰ ਰੱਖਿਆ ਜਾ ਸਕੇ। ਸਮੂਹ ਸਟੋਰ ਇੰਚਾਰਜਾਂ ਨੇ ਦੱਸਿਆ ਕਿ ਭਲਾਈ ਵਿਭਾਗ ਅਤੇ ਸਰਬ ਸਿੱਖਿਆ ਅਭਿਆਨ ਦੀ ਮੰਗ ਅਨੁਸਾਰ ਕਿਤਾਬਾਂ ਦੀ ਸਪਲਾਈ ਮੁਕੰਮਲ ਹੋ ਚੁੱਕੀ ਹੈ। ਸਕੱਤਰ ਨੇ ਉਕਤ ਸਾਰੇ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਰੋਡ ਮੈਪ ਤਿਆਰ ਕਰਨ ਤੇ ਖੇਤਰੀ ਦਫ਼ਤਰਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।