For the best experience, open
https://m.punjabitribuneonline.com
on your mobile browser.
Advertisement

ਕੋਈ ਗੁੰਜਾਇਸ਼ ਬਾਕੀ ਰਹੇ...

07:51 AM Jun 10, 2024 IST
ਕੋਈ ਗੁੰਜਾਇਸ਼ ਬਾਕੀ ਰਹੇ
Advertisement

ਜਯੋਤੀ ਮਲਹੋਤਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਹਨ ਅਤੇ ਇੰਝ ਉਨ੍ਹਾਂ ਜਵਾਹਰਲਾਲ ਨਹਿਰੂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ; ਚੰਦਰਬਾਬੂ ਨਾਇਡੂ, ਨਿਤੀਸ਼ ਕੁਮਾਰ, ਏਕਨਾਥ ਸ਼ਿੰਦੇ ਅਤੇ ਚਿਰਾਗ ਪਾਸਵਾਨ ਵਰਗੇ ਸਹਿਯੋਗੀਆਂ ਨੇ ਨਵੇਂ ਸਿਰਿਓਂ ਖੜ੍ਹੀ ਕੀਤੀ ਐੱਨਡੀਏ ਕੁਲੀਸ਼ਨ ਦੀ ਤਰਫ਼ੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਹੈ; ਤੇ ਪੰਜਾਬ ਵਿੱਚ ਸਰਬਜੀਤ ਸਿੰਘ ਖ਼ਾਲਸਾ ਤੇ ਅੰਮ੍ਰਿਤਪਾਲ ਸਿੰਘ ਅਤੇ ਜੰਮੂ ਕਸ਼ਮੀਰ ਵਿਚ ਇੰਜਨੀਅਰ ਰਾਸ਼ਿਦ (ਮਗਰਲੇ ਦੋ ਉਮੀਦਵਾਰ ਕ੍ਰਮਵਾਰ ਐੱਨਐੱਸਏ ਤੇ ਯੂਏਪੀਏ ਤਹਿਤ ਨਜ਼ਰਬੰਦ ਹਨ) ਲੋਕ ਸਭਾ ਦੀਆਂ ਚੋਣਾਂ ਵਿਚ ਆਪੋ-ਆਪਣੀਆਂ ਸੀਟਾਂ ਜਿੱਤਣ ਵਿੱਚ ਕਾਮਯਾਬ ਰਹੇ ਹਨ।
ਇਸ ਭਾਂਤ ਸੁਭਾਂਤੇ ਚੁਣਾਵੀ ਮੰਜ਼ਰਨਾਮੇ ਦੇ ਇਨ੍ਹਾਂ ਤਿੰਨ ਵੱਖੋ-ਵੱਖਰੇ ਸੰਦੇਸ਼ਾਂ ਨੂੰ ਉਘਾੜਨ ਲਈ ਚੌਥੇ ਸੰਦੇਸ਼ ਦੀ ਲੋੜ ਪਈ ਜੋ ਚੋਣਾਂ ਤੋਂ ਬਾਅਦ ਆਈ ਇਹ ਅਫ਼ਵਾਹ ਸੀ ਕਿ ਸੋਨੀਆ ਗਾਂਧੀ ਨੇ ਸੰਭਾਵੀ ਹਮਾਇਤ ਲੈਣ ਲਈ ਸ਼ਾਇਦ ਨਾਇਡੂ ਅਤੇ ਨਿਤੀਸ਼ ਦੋਵਾਂ ਨਾਲ ਗੱਲਬਾਤ ਕੀਤੀ ਹੈ; ਨਵੀਂ ਦਿੱਲੀ ਵਿੱਚ ਇਹ ਗੱਲ ਘੁਮਾਈ ਗਈ ਕਿ ਜੇ ਇਹ ਆਗੂ ਪਾਲਾ ਬਦਲਣ ਲਈ ਤਿਆਰ ਹੋ ਜਾਂਦੇ ਹਨ ਤਾਂ ‘ਇੰਡੀਆ’ ਵੱਲੋਂ ਇਨ੍ਹਾਂ ’ਚੋਂ ਕਿਸੇ ਨੂੰ ਵੀ ਸਿਰਮੌਰ ਅਹੁਦਾ ਦੇਣ ਦੀ ਪੇਸ਼ਕਸ਼ ਵੀ ਕੀਤੀ ਜਾ ਸਕਦੀ ਹੈ।
ਇਸ ਦੇ ਬਿਲਕੁਲ ਵੀ ਆਸਾਰ ਨਹੀਂ ਸਨ ਕਿਉਂਕਿ ‘ਇੰਡੀਆ’ ਕੋਲ ਲੋੜੀਂਦੀ ਗਿਣਤੀ ਨਹੀਂ ਹੈ। ਯਕੀਨਨ ਮੋਦੀ ਨੇ ਹੀ ਮੁੜ ਪ੍ਰਧਾਨ ਮੰਤਰੀ ਬਣਨਾ ਸੀ ਪਰ ਜੇ ਪ੍ਰੈੱਸ ਨੂੰ ਇਹ ਪਤਾ ਲੱਗ ਹੀ ਗਿਆ ਸੀ ਕਿ ਸੋਨੀਆ ਗਾਂਧੀ ਨੇ ਉਨ੍ਹਾਂ ਬੰਦਿਆਂ ਨਾਲ ਰਾਬਤਾ ਕੀਤਾ ਹੈ ਜਿਨ੍ਹਾਂ ਨੇ ਕੁਝ ਘੰਟਿਆਂ ਬਾਅਦ ਹੀ ਮੋਦੀ ਨੂੰ ਮਹਿੰਗੇ ਮੁੱਲ ਦੀ ਰੇਸ਼ਮੀ ਕਾਂਜੀਵਰਮ ਸ਼ਾਲ ਭੇਟ ਕੀਤੀ ਹੈ ਤਾਂ ਖੁਫ਼ੀਆ ਏਜੰਸੀਆਂ ਅਤੇ ਇਵੇਂ ਹੀ ਮੋਦੀ ਤੇ ਅਮਿਤ ਸ਼ਾਹ ਨੂੰ ਵੀ ਪਤਾ ਲੱਗ ਗਿਆ ਹੋਵੇਗਾ। ਇਸ ਵਾਕਫ਼ੀ ਨਾਲ ਉਹ ਚੁਕੰਨੇ ਰਹਿਣਗੇ। ਆਪਣੇ ਦੋਸਤਾਂ ਨੂੰ ਯਕੀਨਨ ਨੇੜੇ ਰੱਖੋ ਪਰ ਆਪਣੇ ਦੁਸ਼ਮਣਾਂ ਨੂੰ ਉਨ੍ਹਾਂ ਤੋਂ ਵੀ ਨੇੜੇ ਰੱਖੋ। ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਨੂੰ ਆਉਣ ਵਾਲੇ ਮਹੀਨਿਆਂ ’ਚ ਸੱਤਾ ਵਿੱਚ ਰਹਿੰਦਿਆਂ ਚਾਣਕਯ ਅਤੇ ਮੈਕਿਆਵਲੀ, ਦੋਵਾਂ ਦੀ ਬਹੁਤ ਜਿ਼ਆਦਾ ਲੋੜ ਪਵੇਗੀ।
ਖ਼ਾਸ ਤੌਰ ’ਤੇ ਨਾਇਡੂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਮੋਦੀ ਦੇ ਧਰੁਵੀਕਰਨ ਦੇ ਚਸਕੇ ਨੂੰ ਸਾਵਾਂ ਕਰਨਗੇ ਪਰ ਸਵਾਲ ਇਹ ਹੈ ਕਿ ਕੀ ਉਹ (ਨਾਇਡੂ) ਅਤੇ ਉਨ੍ਹਾਂ ਦਾ ਸਟੈਨਫੋਰਡ ਤੋਂ ਪੜ੍ਹ ਕੇ ਆਇਆ ਪੁੱਤਰ ਨਾਰਾ ਲੋਕੇਸ਼ (ਜਿਸ ਦਾ ਇਹ ਬਿਆਨ “ਸਰਕਾਰ ਵਿੱਚ ਹੰਕਾਰ ਲਈ ਕੋਈ ਥਾਂ ਨਹੀਂ ਹੁੰਦੀ” ਬਹੁਤ ਸਾਰੇ ਖੇਤਰਾਂ ਵਿੱਚ ਮੌਨਸੂਨ ਦੀ ਠੰਢੀ ਫੁਹਾਰ ਵਾਂਗ ਲਿਆ ਗਿਆ ਹੈ) ਮੋਦੀ ਅਤੇ ਸ਼ਾਹ ਦੀ ਅਥਾਹ ਸ਼ਕਤੀ ਸਾਹਵੇਂ ਟਿਕ ਸਕਣਗੇ। ਨਾਇਡੂਆਂ ਅਤੇ ਹੋਰਨਾਂ ਨੂੰ ਛੇਤੀ ਹੀ ਪਤਾ ਲੱਗ ਜਾਵੇਗਾ ਕਿ ਸੱਤਾ ਦਾ ਇਸਤੇਮਾਲ ਦੋਤਰਫ਼ਾ ਹੁੰਦਾ ਹੈ: ਉਨ੍ਹਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਰੱਖਿਆ, ਵਿਦੇਸ਼ ਮਾਮਲੇ, ਵਿੱਤ ਅਤੇ ਗ੍ਰਹਿ ਮੰਤਰਾਲਿਆਂ ਜਾਂ ਇੱਥੋਂ ਤੱਕ ਕਿ ਪਾਰਲੀਮੈਂਟ ਦੇ ਸਪੀਕਰ ਜਿਹੇ ਸਿਰਮੌਰ ਅਹੁਦਿਆਂ ’ਚੋਂ ਕੋਈ ਵੀ ਅਹੁਦਾ ਨਹੀਂ ਦਿੱਤਾ ਜਾ ਸਕਦਾ। ਹਾਂ, ਜੇ ਉਹ ਚਾਹੁਣ ਤਾਂ ਉਨ੍ਹਾਂ ਦੇ ਪਿਆਰੇ ਆਂਧਰਾ ਪ੍ਰਦੇਸ਼ ਜਾਂ ਫਿਰ ਜਿਵੇਂ ਨਿਤੀਸ਼ ਦੇ ਬਿਹਾਰ ਲਈ ਕੇਂਦਰ ਕੋਈ ਫਰਾਖ਼ਦਿਲੀ ਵਾਲਾ ਵਿੱਤੀ ਪੈਕੇਜ ਜਾਰੀ ਕਰ ਸਕਦਾ ਹੈ ਜਿਸ ਨੂੰ ਪ੍ਰਵਾਨ ਕਰਨ ਤੋਂ ਬਿਨਾਂ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੋਵੇਗਾ।
ਨਾ ਹੀ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਬੰਦੇ (ਨਿਰਮਲਾ ਸੀਤਾਰਮਨ ਤੇ ਸਮ੍ਰਿਤੀ ਇਰਾਨੀ ਦੇ ਰੁਖ਼ਸਤ ਹੋਣ ਨਾਲ ਕੈਬਨਿਟ ਵਿੱਚ ਬਹੁਤੀਆਂ ਔਰਤਾਂ ਨਹੀਂ ਰਹਿਣਗੀਆਂ) ਮੀਡੀਆ ’ਤੇ ਆਪਣਾ ਕੰਟਰੋਲ ਛੱਡਣਾ ਚਾਹੁਣਗੇ, ਭਾਵੇਂ ਹੁਣ ‘ਆਜ ਤੱਕ’ ਦੇ ਸੁਧੀਰ ਚੌਧਰੀ ਨੂੰ ਇਹ ਪਤਾ ਲੱਗ ਗਿਆ ਹੈ ਕਿ ਭਾਰਤ ਦੀ ਬਹੁਤੀ ਆਬਾਦੀ ਲਈ ਹਿੰਦੂਤਵ ਕੋਈ ਵੱਡਾ ਮੁੱਦਾ ਨਹੀਂ ਹੈ ਜਿਸ ਕਰ ਕੇ ਇਨ੍ਹਾਂ ਚੋਣਾਂ ਵਿੱਚ ਭਾਜਪਾ ਕਈ ਸੀਟਾਂ ਗੁਆ ਬੈਠੀ ਹੈ।
ਸਵਾਲ ਇਹ ਹੈ: ਕੀ ਮੋਦੀ ਅਤੇ ਨਾਇਡੂ ਬਿਨਾਂ ਕਿਸੇ ਰੌਲੇ ਗੌਲੇ਼ ਦੇ ਆਪੋ-ਆਪਣੇ ਦਾਇਰਿਆਂ ਦੀ ਨਿਸ਼ਾਨਦੇਹੀ ਕਰ ਸਕਣਗੇ (ਨਾਇਡੂ ਲਈ ਆਂਧਰਾ ਪ੍ਰਦੇਸ਼ ਅਤੇ ਬਾਕੀ ਗ਼ੈਰ-ਭਾਜਪਾ ਸ਼ਾਸਿਤ ਸੂਬੇ ਮੋਦੀ ਲਈ) ਜਾਂ ਫਿਰ ਨਾਇਡੂ ਸੰਵਿਧਾਨ ਦੇ ਸਨਮੁੱਖ ਧਾਰਮਿਕ ਸਮਾਨਤਾ ਜਿਵੇਂ ਪੂਜਾ ਸਥਲ ਐਕਟ-1991 ਵਿਚ ਦਰਸਾਇਆ ਗਿਆ ਹੈ, ਵਰਗੇ ਸੰਵੇਦਨਸ਼ੀਲ ਮਾਮਲਿਆਂ ’ਤੇ ਆਪਣੇ ਵਿਚਾਰਾਂ ਤੋਂ ਪ੍ਰਧਾਨ ਮੰਤਰੀ ਨੂੰ ਜਾਣੂ ਕਰਾਉਣਗੇ? ਹਾਲੀਆ ਮਹੀਨਿਆਂ ਵਿੱਚ ਅਸੀਂ ਦੇਖਿਆ ਹੈ ਕਿ ਕਿਵੇਂ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਗਿਆਨਵਾਪੀ ਮਸਜਿਦ ਵਿਚ ਮੂਰਤੀਆਂ ਰਖਵਾਉਣ ਲਈ ਫੁਰਤੀ ਦਿਖਾਈ ਹੈ ਅਤੇ ਕਿਵੇਂ ਤਟਫਟ ਹਾਈਕੋਰਟ ਵੀ ਉਸ ਦੀ ਬੋਲੀ ਬੋਲਣ ਲੱਗ ਪਈ। ਕੀ ਜਦੋਂ ਇਹ ਮਾਮਲਾ ਉੱਠੇਗਾ ਅਤੇ ਪ੍ਰਧਾਨ ਮੰਤਰੀ ਦੇ ਹਲਕੇ ਵਿੱਚ ਮੁੜ ਤਣਾਅ ਦਾ ਮਾਹੌਲ ਪੈਦਾ ਹੋਵੇਗਾ, ਤਦ ਕੀ ਨਾਇਡੂ ਆਪਣੀਆਂ ਅੱਖਾਂ ਮੀਟ ਲੈਣਗੇ?
ਜਾਪਦਾ ਹੈ ਕਿ ਛੇਤੀ ਹੀ ਸਾਨੂੰ ਇਸ ਬਾਰੇ ਪਤਾ ਲੱਗ ਜਾਵੇਗਾ। ਜੇ ਨਾਇਡੂ ਦੀ ਤਰਜੀਹ ਆਪਣੇ ਸੂਬੇ ਦੀ ਵਾਗਡੋਰ ਆਪਣੇ ਪੁੱਤਰ ਦੇ ਹੱਥਾਂ ਵਿੱਚ ਸੌਂਪਣ ਦੀ ਹੈ ਤਾਂ ਉਨ੍ਹਾਂ ਕੋਲ ਕੌਮੀ ਮੁੱਦਿਆਂ ’ਤੇ ਆਪਣੀ ਜ਼ਮੀਰ ’ਤੇ ਬੋਝ ਪਾਉਣ ਦਾ ਬਹੁਤਾ ਵਕਤ ਨਹੀਂ ਹੋਵੇਗਾ। ਦਰਅਸਲ, ਪ੍ਰਧਾਨ ਮੰਤਰੀ ਇਸ ਗੱਲੋਂ ਖੁਸ਼ ਹੋ ਸਕਦੇ ਹਨ ਕਿ ਟੀਡੀਪੀ ਆਗੂ ਖ਼ੁਦਸਾਖ਼ਤਾ ਆਂਧਰਾ ਪ੍ਰਦੇਸ਼ ਗਣਰਾਜ ਵਿੱਚ ਉਲਝੇ ਰਹਿਣ ਅਤੇ ਬਾਕੀ ਬਚੇ ਮਾਮਲਿਆਂ ਵੱਲ ਬਹੁਤੀ ਤਵੱਜੋ ਨਾ ਹੀ ਦੇਣ ਜਿਨ੍ਹਾਂ ਬਾਰੇ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਪੂਰ ਚਾੜ੍ਹਨ ਦਾ ਵਾਅਦਾ ਕੀਤਾ ਹੈ; ਮਿਸਾਲ ਦੇ ਤੌਰ ’ਤੇ ਦੇਸ਼ ਭਰ ਵਿੱਚ ਇਕਸਾਰ ਸਿਵਲ ਕੋਡ ਲਾਗੂ ਕਰਨਾ।
ਐੱਨਡੀਏ ਦੇ ਧੁਰ ਅੰਦਰ ਸੱਤਾ ਦੀ ਕਸ਼ਮਕਸ਼ ਦੀ ਇਹ ਸੰਭਾਵੀ ਸਥਿਤੀ ਪੈਦਾ ਹੋਣ ਦੀ ਸੰਭਾਵਨਾ ਹੈ ਜੋ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿੱਚ ਸ਼ਕਲ ਅਖਤਿਆਰ ਕਰ ਸਕਦੀ ਹੈ। ਵਿਰੋਧੀ ਧਿਰ ਦਾ ਹੌਸਲਾ ਵਧਿਆ ਹੋਇਆ ਹੈ ਅਤੇ ਸੁਭਾਵਿਕ ਹੈ ਕਿ ਉਹ ਇਸ ਕਸ਼ਮਕਸ਼ ਨੂੰ ਹੋਰ ਤਿੱਖੀ ਕਰਨ ਦੀ ਕੋਸ਼ਿਸ਼ ਕਰੇਗੀ ਜਦੋਂਕਿ ਸਰਕਾਰ ਇਸ ਗੱਲੋਂ ਤਿਆਰ ਹੋ ਸਕਦੀ ਹੈ ਕਿ ਪਾਰਲੀਮੈਂਟ ਦੇ ਸੈਸ਼ਨਾਂ ਨੂੰ ਵਿਰੋਧ ਦੀ ਭੇਟ ਚੜ੍ਹ ਜਾਣ ਦਿੱਤਾ ਜਾਵੇ ਅਤੇ ਇੰਝ ਵਿਰੋਧੀ ਧਿਰ ਬਹਿਸ-ਮੁਬਾਹਿਸੇ, ਵਿਚਾਰ-ਵਟਾਂਦਰੇ ਅਤੇ ਬਿਆਨਬਾਜ਼ੀਆਂ ਦੇ ਵਹਿਣ ਵਿਚ ਖਪੀ ਰਹੇ ਅਤੇ ਆਪ ਉਹ ਬਾਹਰ ਆਪਣਾ ਸਿੱਕਾ ਚਲਾਉਂਦੀ ਰਹੇ।
ਜੇ ਪ੍ਰਧਾਨ ਮੰਤਰੀ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਲੋਕ ਫ਼ਤਵੇ ਦੇ ਗ਼ਲਤ ਅਰਥ ਕੱਢਦੇ ਹਨ ਜਿਵੇਂ ਸ਼ੁੱਕਰਵਾਰ ਨੂੰ ਪਾਰਲੀਮੈਂਟ ਵਿਚ ਐੱਨਡੀਏ ਦੇ ਪਾਰਲੀਮਾਨੀ ਗਰੁੱਪ ਦੀ ਮੀਟਿੰਗ ਵਿੱਚ ਉਨ੍ਹਾਂ ਦੇ ਭਾਸ਼ਣ ਤੋਂ ਸੰਕੇਤ ਮਿਲੇ ਹਨ ਜਿੱਥੇ ਉਨ੍ਹਾਂ ਵਿਰੋਧੀ ਧਿਰ ਦਾ ਮੌਜੂ ਉਡਾਇਆ ਸੀ, ਤਾਂ ਉਹ ਸ਼ਾਇਦ ਵਿਰੋਧੀ ਖੇਮੇ ਤੱਕ ਪਹੁੰਚ ਕਰਨ ਦੀ ਅਟਲ ਬਿਹਾਰੀ ਵਾਜਪਾਈ ਦੇ ਸੁਲ੍ਹਾ ਵਾਲੀ ਸੁਰ ਅਪਣਾਉਣ ਦੀ ਬਜਾਇ ਭਾਜਪਾ ਦੇ ਰਥ ਨੂੰ ਅਗਾਂਹ ਵਧਾਉਣ ਲਈ ਮੁੱਲਵਾਨ ਸਮਾਂ ਗੁਆ ਰਹੇ ਹੋਣਗੇ। ਉਨ੍ਹਾਂ ਦੀ ਸਖ਼ਤਗੀਰੀ ਅਜੇ ਵੀ ਇਸ ਤੱਥ ਤੋਂ ਝਲਕਦੀ ਹੈ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਦੱਖਣੀ ਏਸ਼ੀਆ ਦਾ ਇਕਮਾਤਰ ਆਗੂ ਹੈ ਜਿਸ ਨੂੰ ਮੋਦੀ ਦੇ ਸਹੁੰ ਚੁੱਕ ਸਮਾਗਮ ਲਈ ਨਹੀਂ ਬੁਲਾਇਆ ਗਿਆ। ਕੁਝ ਲੋਕ ਤਾਂ ਇਸ ਨੂੰ ਬੇਅਦਬ ਵੀ ਕਹਿ ਸਕਦੇ ਹਨ। ਸੱਤਾ ਦੀ ਆਪਣੀ ਨਵੀਂ ਪਾਰੀ ਦੇ ਮੁੱਢ ਤੋਂ ਹੀ ਇਹੋ ਜਿਹੇ ਸਖ਼ਤ ਰੁਖ ਅਪਣਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਨਾ ਕੇਵਲ ਆਪਣੇ ਦੁਸ਼ਮਣ ਲਈ ਹਰ ਤਰ੍ਹਾਂ ਦੇ ਦਰਵਾਜ਼ੇ ਬੰਦ ਕਰ ਰਹੇ ਹੋ ਸਗੋਂ ਆਪਣੇ ਰਾਹ ਵੀ ਸੀਮਤ ਕਰ ਰਹੇ ਹੋ। ਯਕੀਨਨ, ਕਿਸੇ ਸੰਭਾਵੀ ਖੇਤਰੀ ਸ਼ਕਤੀ ਲਈ ਇਹ ਦੂਰਦ੍ਰਿਸ਼ਟੀ ਦੀ ਕਮੀ ਹੀ ਆਖੀ ਜਾ ਸਕਦੀ ਹੈ। ਇਸ ਦੌਰਾਨ ਜਾਪਦਾ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਇੰਜਨੀਅਰ ਰਾਸ਼ਿਦ ਦੇ ਮਾਮਲੇ ਵਿਚ ਮੁਆਫ਼ੀ ਦੇ ਅਮਲ ਨੂੰ ਕੁਝ ਧਿਰਾਂ ਲਈ ਹਜ਼ਮ ਕਰਨਾ ਕਾਫ਼ੀ ਔਖਾ ਹੋਵੇਗਾ।

Advertisement

*ਲੇਖਿਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।

Advertisement
Author Image

sukhwinder singh

View all posts

Advertisement
Advertisement
×