ਰਾਜਿੰਦਰਾ ਹਸਪਤਾਲ ਵਿੱਚ ਬਿਜਲੀ ਕੱਟਾਂ ਤੋਂ ਨਾ ਮਿਲੀ ਰਾਹਤ
ਪੱਤਰ ਪ੍ਰੇਰਕ
ਪਟਿਆਲਾ, 22 ਜੁਲਾਈ
ਅਤਿ ਗਰਮੀ ਵਿੱਚ ਵੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਬਿਜਲੀ ਰਾਤ ਫੇਰ ਗੁੱਲ ਰਹੀ, ਦੋ ਘੰਟੇ ਹਸਪਤਾਲ ਵਿੱਚ ਬਿਜਲੀ ਨਹੀਂ ਆਈ। ਇਸ ਕਰਕੇ ਮਰੀਜ਼ਾਂ ਤੇ ਵਾਰਸਾਂ ਨੂੰ ਕਾਫ਼ੀ ਸੰਕਟ ਦਾ ਸਾਹਮਣਾ ਕਰਨਾ ਪਿਆ। ਇਸ ਨੂੰ ਭਾਵੇਂ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ ਨੇ ਮੁੱਢੋਂ ਹੀ ਰੱਦ ਕਰ ਦਿੱਤਾ ਪਰ ਰਾਤ ਦੀ ਬਣਾਈ ਲੋਕਾਂ ਦੀ ਵੀਡੀਓ ਬਿਜਲੀ ਦੇ ਨਾਕਸ ਪ੍ਰਬੰਧਾਂ ਦੀ ਪੋਲ ਖੋਲ੍ਹ ਰਹੀ ਹੈ, ਇੱਥੇ ਹੀ ਬੱਸ ਨਹੀਂ ਰਾਤ ਮਰੀਜ਼ਾਂ ਦੇ ਵਾਰਸਾਂ ਨੇ ਹਸਪਤਾਲ ਦੇ ਬਾਹਰ ਸੰਕੇਤਕ ਧਰਨਾ ਵੀ ਲਾਇਆ। ਗਰਮੀ ਤੋਂ ਪੀੜਤ ਮਰੀਜ਼ਾਂ ਦੇ ਰਿਸ਼ਤੇਦਾਰ ਆਪਣੇ ਆਪ ਨੂੰ ਪੱਖੇ ਝਲਦੇ ਦੇਖੇ ਗਏ। ਨਾਰਾਜ਼ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਐਮਰਜੈਂਸੀ ਦੇ ਬਾਹਰ ਧਰਨਾ ਵੀ ਦਿੱਤਾ। ਇਸ ਸਬੰਧੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਡਾਕਟਰ ਟਾਰਚ ਦੀ ਮਦਦ ਨਾਲ ਮਰੀਜ਼ ਦਾ ਇਲਾਜ ਕਰ ਰਹੇ ਹਨ। ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇੱਥੇ ਕਰੀਬ 2 ਘੰਟੇ ਬਿਜਲੀ ਗੁੱਲ ਰਹੀ। ਪ੍ਰਸ਼ਾਸਨ ਵੱਲੋਂ ਇੱਥੇ ਕੋਈ ਪ੍ਰਬੰਧ ਨਹੀਂ ਕੀਤੇ ਗਏ। ਮਰੀਜ਼ਾਂ ਨੂੰ ਜੈਨਰੇਟਰ ਦੀ ਸਹੂਲਤ ਵੀ ਨਹੀਂ ਦਿੱਤੀ ਜਾ ਰਹੀ ਹੈ।
ਪਾਤੜਾਂ ਤੋਂ ਆਏ ਰਾਮਪਾਲ ਨੇ ਦੋਸ਼ ਲਾਇਆ ਹੈ ਕਿ ਇੱਕ ਵਾਰਡ ਵਿੱਚ ਲਾਈਟ ਹੈ ਜਦੋਂਕਿ ਦੋ ਵਾਰਡਾਂ ਵਿੱਚ ਲਾਈਟ ਨਹੀਂ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਹੁਣ ਲਾਈਟ ਨਹੀਂ ਹੈ, ਇਸ ਲਈ ਜੇ ਉਸ ਦੇ ਪਿਤਾ ਨੂੰ ਕੁਝ ਹੋ ਜਾਂਦਾ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ। ਸਮਾਣਾ ਤੋਂ ਆਏ ਕਰਮਜੀਤ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਜਿਗਰ ਦੀ ਸਮੱਸਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਜੇ ਹਸਪਤਾਲ ਦੀ ਇਹ ਹਾਲਤ ਹੈ ਤਾਂ ਗ਼ਰੀਬ ਵਿਅਕਤੀ ਇਲਾਜ ਲਈ ਕਿੱਥੇ ਜਾਵੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਸਪਤਾਲ ਵਿੱਚ ਜੈਨਰੇਟਰਾਂ ਦਾ ਯੋਗ ਪ੍ਰਬੰਧ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਅਜੇ ਕੱਲ੍ਹ ਹੀ ਸਿਹਤ ਮੰਤਰੀ ਨੇ ਹਸਪਤਾਲ ਲਈ ਬਿਜਲੀ ਦੀ ਵੱਖਰੀ ਲਾਈਨ ਵਿਛਾਉਣ ਦਾ ਵਾਅਦਾ ਕੀਤਾ ਸੀ ਪਰ ਰਾਤ ਫਿਰ ਬਿਜਲੀ ਗੁੱਲ ਹੋ ਗਈ।
ਸ਼ਰਾਰਤੀ ਅਫ਼ਵਾਹਾਂ ਫੈਲਾਉਣ ਵਾਲਿਆਂ ਤੋਂ ਲੋਕ ਸੁਚੇਤ ਰਹਿਣ: ਸੁਪਰਡੈਂਟ
ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਚ ਬਿਜਲੀ ਦੇ ਪ੍ਰਬੰਧ ਬਿਲਕੁਲ ਹੀ ਸਹੀ ਹਨ, ਸ਼ਰਾਰਤੀ ਅਫ਼ਵਾਹਾਂ ਫੈਲਾ ਰਹੇ ਹਨ, ਜਿਸ ਤੋਂ ਲੋਕ ਸੁਚੇਤ ਰਹਿਣ।