ਦਿੱਲੀ ਵਿਚ ਹਵਾ ਪ੍ਰਦੂਸ਼ਣ ਤੋਂ ਕੋਈ ਰਾਹਤ ਨਹੀਂ, ਹਵਾ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿਚ
ਨਵੀਂ ਦਿੱਲੀ, 10 ਨਵੰਬਰ
ਦੀਵਾਲੀ ਤੋਂ 10ਵੇਂ ਦਿਨ ਬਾਅਦ ਵੀ ਕੌਮੀ ਰਾਜਧਾਨੀ ਦਿੱਲੀ ਹਵਾ ਪ੍ਰਦੂਸ਼ਣ ਨੂੰ ਲੈ ਕੇ ਕੋਈ ਰਾਹਤ ਨਹੀਂ ਹੈ। ਐਤਵਾਰ ਸਵੇਰੇ ਦਿੱਲੀ ਦੇ ਅਸਮਾਨ ਵਿਚ ਧੁਆਂਖੇ ਧੂੰਏਂ ਦੀ ਸੰਘਣੀ ਪਰਤ ਛਾਈ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਡੇਟਾ ਮੁਤਾਬਕ ਅੱਜ ਸਵੇਰੇ 8 ਵਜੇ ਦਿੱਲੀ ਵਿਚ ਹਵਾ ਗੁਣਵੱਤਾ ਇੰਡੈਕਸ (ਏਕਿਊਆਈ) 335 ਦਰਜ ਕੀਤਾ ਗਿਆ, ਜੋ ‘ਬਹੁਤ ਮਾੜੀ’ ਸ਼੍ਰੇਣੀ ਵਿਚ ਆਉਂਦਾ ਹੈ। ਆਨੰਦ ਵਿਹਾਰ ਵਿਚ ਏਕਿਊਆਈ 351, ਬਵਾਨਾ 383, ਸੀਆਰਆਰਆਈ ਮਥੁਰਾ ਰੋਡ 323, ਦਵਾਰਕਾ ਸੈਕਟਰ 8 ਵਿਚ 341, ਆਈਜੀਆਈ ਏਅਰਪੋਰਟ 326, ਆਈਟੀਓ 328, ਲੋਧੀ ਰੋਡ 319, ਮੁੰਡਕਾ 358, ਨਜਫ਼ਗੜ੍ਹ 341, ਨਿਊ ਮੋਤੀ ਬਾਗ਼ 394, ਓਖਲਾ ਫੇਜ਼ 2 339, ਆਰਕੇਪੁਰਮ 368 ਤੇ ਵਜ਼ੀਰਪੁਰ 366 ਦਰਜ ਕੀਤਾ ਗਿਆ ਹੈ। ਦਿੱਲੀ ਕਰਤੱਵਿਆ ਪਥ ਦੀਆਂ ਤਸਵੀਰ ਵਿਚ ਇੰਡੀਆ ਗੇਟ ਧੁਆਂਖੇ ਧੂੰਏ ਵਿਚ ਘਿਰਿਆ ਨਜ਼ਰ ਆਉਂਦਾ ਹੈ। ਇਸ ਦੌਰਾਨ ਭਾਜਪਾ ਦੇ ਕੌਮੀ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਪ੍ਰਦੂਸ਼ਣ ਦੇ ਵੱਧਦੇ ਪੱਧਰ ਲਈ ਘੇਰਦਿਆਂ ਕਿਹਾ ਕਿ ਕੌਮੀ ਰਾਜਧਾਨੀ ‘ਜ਼ਹਿਰੀਲੇ ਗੈਸ ਚੈਂਬਰ’ ਵਿਚ ਤਬਦੀਲ ਹੋ ਗਈ ਹੈ। ਪੂਨਾਵਾਲਾ ਨੇ ‘ਆਪ’ ਨੂੰ 2025 ਤੱਕ ਯਮੁਨਾ ਦੀ ਸਫ਼ਾਈ ਦਾ ਵਾਅਦਾ ਵੀ ਚੇਤੇ ਕਰਵਾਇਆ। -ਏਐੱਨਆਈ/ਪੀਟੀਆਈ