No proposal for BRICS currency: ਬਰਿੱਕਸ ਕਰੰਸੀ ਲਿਆਉਣ ਦੀ ਕੋਈ ਯੋਜਨਾ ਨਹੀਂ: ਜੈਸ਼ੰਕਰ
ਦੋਹਾ, 7 ਦਸੰਬਰ
Jaishankar: ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਬਰਿੱਕਸ ਕਰੰਸੀ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ। ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ 100 ਫੀਸਦੀ ਟੈਕਸ ਲਾਉਣ ਦੀਆਂ ਧਮਕੀਆਂ ਦਾ ਹਵਾਲਾ ਦਿੰਦਿਆਂ ਜੈਸ਼ੰਕਰ ਨੇ ਕਿਹਾ, ‘ਮੈਨੂੰ ਪੱਕਾ ਯਕੀਨ ਨਹੀਂ ਹੈ ਕਿ ਇਸ ਦਾ ਕਾਰਨ ਕੀ ਸੀ ਪਰ ਭਾਰਤ ਦੀ ਕਦੇ ਵੀ ਡਾਲਰ ਦਾ ਬਦਲ ਲੱਭਣ ਦੀ ਕੋਈ ਯੋਜਨਾ ਨਹੀਂ ਸੀ।’ ਉਨ੍ਹਾਂ ਕਿਹਾ ਕਿ ਬਰਿੱਕਸ ਦੇ ਦੇਸ਼ਾਂ ਦੀ ਇਸ ਮੁੱਦੇ ’ਤੇ ਵੱਖੋ ਵੱਖਰੀ ਰਾਏ ਹੈ। ਜੈਸ਼ੰਕਰ ਨੇ ਕਿਹਾ, ‘ਹਰ ਦੇਸ਼ ਦੇ ਆਪਣੇ ਹਿੱਤ ਹੁੰਦੇ ਹਨ। ਉਹ ਦੂਜੇ ਦੇਸ਼ਾਂ ਨਾਲ ਕੁਝ ਮਾਮਲੇ ’ਤੇ ਸਹਿਮਤ ਹੁੰਦੇ ਹਨ ਤੇ ਕਈ ਮਾਮਲਿਆਂ ’ਤੇ ਅਸਹਿਮਤ ਹੁੰਦੇ ਹਨ।
ਜੈਸ਼ੰਕਰ ਨੇ ਖਾੜੀ ਦੇਸ਼ਾਂ ’ਤੇ ਜੰਗ ਦੇ ਪ੍ਰਭਾਵ ਤੋਂ ਇਲਾਵਾ ਭਾਰਤ ਸਣੇ ਸਾਰੇ ਦੇਸ਼ਾਂ ਉੱਤੇ ਤੇਲ, ਖਾਦਾਂ ਤੇ ਸਮੁੰਦਰੀ ਜ਼ਹਾਜ਼ਾਂ ਆਦਿ ਦੀਆਂ ਕੀਮਤਾਂ ਵਿੱਚ ਵਾਧੇ ਦੇ ਰੂਪ ’ਚ ਪੈ ਰਹੇ ਪ੍ਰਭਾਵ ਨੂੰ ਵੀ ਉਜਾਗਰ ਕੀਤਾ। ਜੈਸ਼ੰਕਰ ਕਤਰ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਬਿਨ ਅਬਦੁਲ ਰਹਿਮਾਨ ਦੇ ਸੱਦੇ ’ਤੇ ਦੋਹਾ ਫੋਰਮ ਵਿੱਚ ਹਿੱਸਾ ਲੈਣ ਲਈ ਦੋਹਾ ਦੌਰੇ ’ਤੇ ਹਨ। ਉਹ ਕਤਰ ਦੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਮੁਹੰਮਦ ਬਿਨ ਅਬਦੁਲਰਹਿਮਾਨ ਅਤੇ ਨਾਰਵੇਅ ਦੇ ਵਿਦੇਸ਼ ਮੰਤਰੀ ਐਸਪਨ ਬਾਰਥ ਇਡੇ ਨਾਲ ਇਕ ਪੈਨਲ ਨੂੰ ਸੰਬੋਧਨ ਕਰ ਰਹੇ ਸਨ।