For the best experience, open
https://m.punjabitribuneonline.com
on your mobile browser.
Advertisement

ਟੌਹੜਾ ਦੀ ਬਰਸੀ ਮੌਕੇ ਨਹੀਂ ਪੁੱਜਿਆ ਕੋਈ ਪ੍ਰਮੁੱਖ ਪੰਥਕ ਨੇਤਾ

07:58 AM Apr 02, 2024 IST
ਟੌਹੜਾ ਦੀ ਬਰਸੀ ਮੌਕੇ ਨਹੀਂ ਪੁੱਜਿਆ ਕੋਈ ਪ੍ਰਮੁੱਖ ਪੰਥਕ ਨੇਤਾ
Advertisement

ਸਰਬਜੀਤ ਸਿੰਘ ਭੰਗੂ
ਟੌਹੜਾ (ਪਟਿਆਲਾ), 1 ਅਪਰੈਲ
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਵੀਹਵੀਂ ਬਰਸੀ ਮੌਕੇ ਪਰਿਵਾਰ ਵੱਲੋਂ ਅੱਜ ਉਨ੍ਹਾਂ ਦੇ ਪਿੰਡ ਦੇ ਜੱਦੀ ਘਰ ’ਚ ਪਾਠ ਦੇ ਭੋਗ ਪਾਏ ਗਏ।
ਇਸ ਮੌਕੇ ਪਿੰਡ ਅਤੇ ਇਲਾਕੇ ਦੇ ਲੋਕਾਂ ਸਮੇਤ ਟੌਹੜਾ ਦੇ ਨਜ਼ਦੀਕੀ ਰਹੇ ਕੁਝ ਕੁ ਅਕਾਲੀ ਨੇਤਾ ਪੁੱਜੇ ਹੋਏ ਸਨ ਪਰ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਪ੍ਰੁਮੁੱਖ ਆਗੂ ਨਹੀਂ ਪੁੱਜਿਆ ਜਿਸ ਦਾ ਇਸ ਮੌਕੇ ਜੁੜੀ ਇਕੱਤਰਤਾ ਨੇ ਬੁਰਾ ਮਨਾਇਆ ਅਤੇ ਇਸ ਨੂੰ ਪੰਥਕ ਸ਼ਖਸੀਅਤਾਂ ਦੇ ਨਿਰਾਦਰ ਦੇ ਤੁੱਲ ਦੱਸਿਆ।
ਇਹ ਸਮਾਗਮ ਮਰਹੂਮ ਟੌਹੜਾ ਦੇ ਜਵਾਈ ਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਧੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ ਅਤੇ ਇਨ੍ਹਾਂ ਦੇ ਪੁੱਤਰਾਂ ਹਰਿੰਦਰਪਾਲ ਟੌਹੜਾ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ) ਅਤੇ ਕੰਵਰਵੀਰ ਸਿੰਘ ਟੌਹੜਾ (ਸੂਬਾਈ ਪ੍ਰਧਾਨ ਭਾਜਪਾ ਯੁਵਾ ਮੋਰਚਾ ਪੰਜਾਬ) ਦੀ ਅਗਵਾਈ ਹੇਠ ਕੀਤਾ ਗਿਆ।
ਇਸ ਦੌਰਾਨ ਨਾਭਾ ਤੋਂ ‘ਆਪ’ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਸਮਾਣਾ ਦੇ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ, ਘਨੌਰ ਦੇ ਸਾਬਕਾ ਵਿਧਾਇਕਾ ਹਰਪ੍ਰੀਤ ਕੌਰ ਮੁਖਮੈਲਪੁਰ, ਸ਼੍ਰੋਮਣੀ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਸੁਖਦੇਵ ਸਿੰਘ ਭੌਰ, ਸਾਬਕਾ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਅਤੇ ਜਥੇਦਾਰ ਹਰਬੰਸ ਸਿੰਘ ਮੰਝਪੁਰ ਸਮੇਤ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ, ਨਾਭਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਤੇ ਭਾਜਪਾ ਦੇ ਹਲਕਾ ਇੰਚਾਰਜ ਗੁਰਪ੍ਰੀਤ ਸ਼ਾਹਪੁਰ ਆਦਿ ਨੇ ਵੀ ਸ਼ਿਰਕਤ ਕੀਤੀ।

Advertisement

ਪੰਜੋਲੀ ਨੇ ਮਤਾ ਪੜਿ੍ਹਆ

ਇਸ ਮੌਕੇ ’ਤੇ ਇਕ ਮਤਾ ਵੀ ਪਾਸ ਕੀਤਾ ਗਿਆ, ਜੋ ਕਰਨੈਲ ਸਿੰਘ ਪੰਜੋਲੀ ਨੇ ਸਟੇਜ ਤੋਂ ਪੜ੍ਹ ਕੇ ਸੁਣਾਇਆ। ਕਿਹਾ ਗਿਆ ਹੈ ਕਿ ਹਾਲਾਤ ਇਹ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਬਿਲ ਕਲਾਂ ਗੋਲੀ ਕਾਂਡ, ਬੰਦੀ ਸਿੰਘਾਂ ਦੀ ਰਿਹਾਈ ਅਤੇ ਡਬਿਰੂਗੜ੍ਹ ਜੇਲ੍ਹ ’ਚ ਬੰਦ ਸਿੱਖ ਨੌਜਵਾਨਾਂ ਉਤੇ ਲੱਗੇ ਨੈਸ਼ਨਲ ਸਕਿਓਰਿਟੀ ਐਕਟ ਵਰਗੇ ਕਾਲੇ ਕਾਨੂੰਨ ਵਾਪਸ ਲੈਣ ਵਾਲੇ ਮਾਮਲਿਆਂ ’ਤੇ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ। ਕਈ ਹੋਰ ਮੱਦਾਂ ਵੀ ਉਭਾਰੀਆਂ ਗਈਆਂ।

ਧਾਮੀ ਨੇ ਘਰ ਲਵਾਈ ਹਾਜ਼ਰੀ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਅਕਾਲੀ ਨੇਤਾ ਟੇਕ ਸਿੰਘ ਧਨੋਲਾ ਅਤੇ ਇਕਬਾਲ ਸਿੰਘ ਝੂੰਦਾ ਸਮਾਗਮ ਦੀ ਸਮਾਪਤੀ ਮਗਰੋਂ ਘਰ ਆ ਕੇ ਤਾਂ ਪਰਿਵਾਰ ਨੂੰ ਮਿਲੇ, ਪਰ ਸਮਾਗਮ ਦੌਰਾਨ ਨਾ ਪੁੱਜੇ। ਤਰਕ ਸੀ ਕਿ ਉਹ ਰੁਝੇਵੇਂ ਕਾਰਨ ਭੋਗ ਮੌਕੇ ਨਹੀਂ ਪੁੱਜ ਸਕੇ।

Advertisement
Author Image

Advertisement
Advertisement
×