ਕੋਈ ਵੀ ਨਹੀਂ ਚਾਹੁੰਦਾ ਬੁੱਢਾ ਹੋਣਾ
ਅਜੀਤ ਸਿੰਘ ਚੰਦਨ
ਇਨਸਾਨ ਨਹੀਂ ਚਾਹੁੰਦਾ ਕਿ ਉਹ ਬੁੱਢਾ ਹੋਵੇ, ਫਿਰ ਵੀ ਬੁਢਾਪਾ ਹਰ ਇਨਸਾਨ ’ਤੇ ਆਉਂਦਾ ਹੈ। ਕਈਆਂ ਲਈ ਬੁਢਾਪਾ ਵੀ ਵਰਦਾਨ ਸਾਬਤ ਹੁੰਦਾ ਹੈ ਪਰ ਕਈ ਬੁਢਾਪੇ ਵਿੱਚ ਬੜੀਆਂ ਔਕੜਾਂ ਤੇ ਤਕਲੀਫ਼ਾਂ ਝੱਲਦੇ ਹਨ। ਕਈ ਇਹ ਮੰਨਣ ਲਈ ਤਿਆਰ ਨਹੀਂ ਹੁੰਦੇ ਕਿ ਉਹ ਬੁੱਢੇ ਹੋ ਚੁੱਕੇ ਹਨ। ਸਗੋਂ ਸਾਰੀ ਜ਼ਿੰਦਗੀ ਉਹ ਆਪਣੀ ਜ਼ਿੰਦਗੀ ਦੀ ਚਾਦਰ ਨੂੰ ਰੰਗ ਚਾੜ੍ਹੀ ਰੱਖਦੇ ਹਨ। ਬੁਢਾਪੇ ਵੇਲੇ ਵੀ ਵਾਲ ਰੰਗ ਕੇ ਜਵਾਨ ਬਣੇ ਰਹਿੰਦੇ ਹਨ। ਇਹ ਮੰਨਣ ਲਈ ਕਦੇ ਵੀ ਤਿਆਰ ਨਹੀਂ ਹੁੰਦੇ ਕਿ ਉਹ 70 ਸਾਲ ਦੇ ਹੋ ਚੁੱਕੇ ਹਨ। ਸਗੋਂ ਜਵਾਨਾਂ ਵਾਂਗ ਮਟਕ-ਮਟਕ ਚਾਲ ਚੱਲਦੇ ਹਨ ਤੇ ਸੋਚਦੇ ਹਨ, ‘ਮੇਰੇ ’ਤੇ ਤਾਂ ਕਦੇ ਵੀ ਬੁਢਾਪਾ ਨਹੀਂ ਆਵੇਗਾ। ਮੈਂ ਸਦਾ ਲਈ ਜਵਾਨ ਬਣਿਆ ਰਹਾਂਗਾ। ਮੇਰੀ ਸਿਹਤ ਹਮੇਸ਼ਾਂ ਜਵਾਨਾਂ ਵਰਗੀ ਰਹੇਗੀ ਤੇ ਮੈਂ ਅੰਬਰਾਂ ’ਤੇ ਉਡਾਰੀ ਭਰਦਾ ਰਹਾਂਗਾ।’
ਜਿਹੜੇ ਇਨਸਾਨ ਬੁਢਾਪੇ ਵੇਲੇ ਜਵਾਨਾਂ ਵਾਂਗ ਵਿਚਰਦੇ ਹਨ, ਉਨ੍ਹਾਂ ਤੋਂ ਇਹ ਸਾਫ਼ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਖੂਬਸੂਰਤੀ ਨਾਲ ਗੁਜ਼ਾਰੀ ਹੈ। ਉਨ੍ਹਾਂ ਨੇ ਜਵਾਨੀ ਵੇਲੇ ਮਿਹਨਤਾਂ ਕਰਕੇ ਧਨ ਕਮਾਇਆ ਹੈ ਤੇ ਹੁਣ ਬੁੱਢੇ ਬਾਰੇ ਉਹ ਆਰਾਮ ਦਾ ਜੀਵਨ ਬਸਰ ਕਰਦੇ ਹਨ। ਘਰ ਦੀ ਕੋਠੀ ਜਾਂ ਘਰ ਦੇ ਬਗੀਚੇ ਵਿੱਚ ਬੈਠੇ ਉਹ ਖਿੜਦੇ ਗੁਲਾਬ ਦੀ ਝਲਕ ਵੇਖਦੇ ਹਨ। ਆਪਣੇ ਸਮੁੱਚੇ ਜੀਵਨ ਨੂੰ ਵੀ ਇਸ ਖਿੜੇ ਗੁਲਾਬ ਨਾਲ ਤੁਲਨਾ ਦੇ ਕੇ ਖ਼ੁਸ਼ ਹੁੰਦੇ ਹਨ। ਆਪਣੀਆਂ ਪ੍ਰਾਪਤੀਆਂ ਦੀ ਲੰਬੀ ਸੂਚੀ ਵੇਖ ਕੇ ਫੁੱਲੇ ਨਹੀਂ ਸਮਾਉਂਦੇ ਤੇ ਫਿਰ ਆਪਣੀ ਔਲਾਦ ਨੂੰ ਵੀ ਆਪਣੇ ਜਿਹਾ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੇ ਹਨ। ਅਜਿਹਾ ਬੇਦਾਗ਼ ਜੀਵਨ ਤੇ ਬੁਢਾਪਾ ਰਸ਼ਕ ਕਰਨ ਯੋਗ ਹੁੰਦਾ ਹੈ। ਜਿਹੜੇ ਬੁਢਾਪੇ ਵੇਲੇ ਵੀ ਜਵਾਨ ਵਿਖਾਈ ਦੇਣ। ਇਸ ਨਾਲੋਂ ਵੱਡੀ ਖ਼ੁਸ਼ੀ ਤੇ ਖ਼ੁਸ਼ਕਿਸਮਤੀ ਕੀ ਹੋ ਸਕਦੀ ਹੈ?
ਇਨਸਾਨ ਬੁੱਢਾ ਉਦੋਂ ਹੀ ਹੁੰਦਾ ਹੈ ਜਦੋਂ ਉਹ ਆਪਣੀ ਭਾਲ ਖ਼ਤਮ ਕਰ ਬੈਠਦਾ ਹੈ। ਜਦੋਂ ਉਸ ਦੀ ਜ਼ਿੰਦਗੀ ਦੇ ਸਰੋਤ ਸੁੱਕ ਜਾਂਦੇ ਹਨ। ਜਦੋਂ ਉਹ ਇਸ ਸੰਸਾਰ ਪ੍ਰਤੀ ਆਪਣੀ ਜਗਿਆਸਾ ਖ਼ਤਮ ਕਰ ਬੈਠਦਾ ਹੈ, ਨਵੀਆਂ ਪਛਾਣਾਂ ਤੇ ਨਵੀਆਂ ਸਾਂਝਾਂ ਨਾਲ ਤਾਂ ਜ਼ਿੰਦਗੀ ਮੁਰਝਾਏ ਪੌਦੇ ਦੀ ਤਰ੍ਹਾਂ ਫਿਰ ਤੋਂ ਮੌਲ਼ ਪੈਂਦੀ ਹੈ।
ਜਿਵੇਂ ਬੂਟੇ ਨੂੰ ਪਾਣੀ ਪਾਇਆਂ ਪੱਤੇ ਸਿਰ ਚੁੱਕ ਲੈਂਦੇ ਹਨ। ਇੰਜ ਹੀ ਇੱਕ ਇਨਸਾਨ ਦੀ ਦੂਜੇ ਇਨਸਾਨ ਦੇ ਨਾਲ ਸੁਰਤਾਲ ਤੇ ਸਾਂਝ ਜ਼ਿੰਦਗੀ ਵਿੱਚ ਨਵੀਂ ਰੂਹ ਫੂਕਦੀ ਹੈ। ਜਿੱਥੇ ਚਾਰ ਇਨਸਾਨ ਇਕੱਠੇ ਬੈਠਦੇ ਹਨ, ਉੱਥੇ ਗੱਲਾਂ ਦੀ ਧੂਣੀ ਜ਼ਿੰਦਗੀ ਨੂੰ ਗਰਮਾ ਕੇ ਰੱਖਦੀ ਹੈ। ਇਨਸਾਨ ਬੁਝੇ ਚੁੱਲ੍ਹੇ ਵਾਂਗ ਨਹੀਂ ਹੋਣਾ ਚਾਹੀਦਾ, ਸਗੋਂ ਇਨਸਾਨ ਦੇ ਦਿਲ ਵਿੱਚ ਬਲ਼ਦਾ ਸੇਕ ਤੇ ਅਗਨੀ ਦਾ ਸਪਰਸ਼ ਹੋਣਾ ਚਾਹੀਦਾ ਹੈ। ਜਿੱਥੇ ਅਰਮਾਨਾਂ ਦੀ ਭੱਠੀ ਸਦਾ ਤਪਦੀ ਰਹਿੰਦੀ ਹੈ ਉੱਥੇ ਜ਼ਿੰਦਗੀ ਭਲਾ ਬੁੱਢੀ ਕਿਵੇਂ ਹੋਵੇਗੀ। ਉੱਥੇ ਖ਼ਿਆਲਾਂ ਦੇ ਪੰਛੀ ਸਦਾ ਉਡਾਣਾਂ ਭਰਦੇ ਹਨ। ਉੱਥੇ ਭਲਾਂ ਇਨਸਾਨ, ਉਦਾਸ ਕਿਵੇਂ ਰਹਿ ਸਕਦਾ ਹੈ। ਜ਼ਿੰਦਗੀ ਦੀ ਮਘਦੀ ਚੰਗਿਆੜੀ ਜ਼ਿੰਦਗੀ ਨੂੰ ਲੰਬੀ ਉਮਰ ਬਖ਼ਸ਼ਦੀ ਹੈ ਤੇ ਬੁਢਾਪੇ ਬਾਰੇ ਵੀ ਇਨਸਾਨ ਇਨ੍ਹਾਂ ਪੰਛੀਆਂ ਤੇ ਰੁੱਖਾਂ ਨਾਲ ਆਪਣੀ ਸਾਂਝ ਮਹਿਸੂਸ ਕਰਦਾ ਹੈ। ਉੱਥੇ ਕਦੀ ਬੁਢਾਪਾ ਨਹੀਂ ਆਉਂਦਾ।
ਇਸ ਸੰਸਾਰ ਨਾਲ ਨਿੱਘੀ ਸਾਂਝ, ਬੱਚਿਆਂ ਨਾਲ ਪਿਆਰ ਚੋਹਲ ਤੇ ਲੰਬੀਆਂ ਸੈਰਾਂ ਜਿੱਥੇ ਬੁਢਾਪੇ ਦੇ ਆਖਰੀ ਪੜਾਵ ’ਤੇ ਵੀ ਜ਼ਿੰਦਗੀ ਨੂੰ ਤਰੋ-ਤਾਜ਼ਾ ਰੱਖਦੀਆਂ ਹਨ, ਉੱਥੇ ਇਨਸਾਨ ਨੂੰ ਇਹ ਸੋਚਣ ਦਾ ਵਕਤ ਹੀ ਨਹੀਂ ਮਿਲਦਾ ਕਿ ਬੁਢਾਪਾ ਕਦ ਆਉਂਦਾ ਹੈ ਤੇ ਬੁੱਢਾ ਇਨਸਾਨ ਕਦੋਂ ਬੇਵੱਸ ਤੇ ਬੇਜਾਨ ਹੁੰਦਾ ਹੈ। ਅਜਿਹਾ ਖ਼ੂਬਸੂਰਤ ਬੁਢਾਪਾ ਉਨ੍ਹਾਂ ’ਤੇ ਆ ਸਕਦਾ ਹੈ, ਜਿਨ੍ਹਾਂ ਦੀ ਆਮਦਨ ਚੋਖੀ ਹੈ। ਕਿਸੇ ਕਿਸਮ ਦਾ ਫ਼ਿਕਰ ਨਹੀਂ। ਸਗੋਂ ਧੀਆਂ-ਪੁੱਤਰ ਵੀ ਵਿਆਹੇ ਵਰ੍ਹੇ ਹਨ। ਸਭ ਧੀਆਂ ਪੁੱਤਰ ਆਪਣੀ-ਆਪਣੀ ਥਾਂ ਠੀਕ ਫਰਜ਼ ਨਿਭਾਅ ਰਹੇ ਹਨ। ਤੁਸੀਂ ਕਿਸੇ ਵੇਲੇ ਵੀ ਆਪਣੇ ਕਿਸੇ ਪੁੱਤਰ ਜਾਂ ਧੀ ਕੋਲ ਆ ਜਾ ਸਕਦੇ ਹੋ। ਤਾਂ ਤੁਸੀਂ ਬਹੁਤ ਕਿਸਮਤ ਵਾਲੇ ਹੋ।
ਬੁਢਾਪਾ ਉਨ੍ਹਾਂ ਲਈ ਦੋਜ਼ਖ ਸਮਾਨ ਹੁੰਦਾ ਹੈ ਜਿਨ੍ਹਾਂ ਦੀ ਜੇਬ ਖਾਲੀ ਹੋਵੇ। ਕੋਈ ਵੀ ਪੁੱਤਰ ਜਾਂ ਧੀ ਸਹਾਇਤਾ ਕਰਨ ਲਈ ਤਿਆਰ ਨਾ ਹੋਵੇ। ਜੇਕਰ ਤੁਹਾਡਾ ਜੀਵਨ ਸਾਥੀ ਇਸ ਬੁਢਾਪੇ ਦੀ ਉਮਰ ਵਿੱਚ ਤੁਹਾਡਾ ਸਾਥ ਨਿਭਾਅ ਰਿਹਾ ਹੈ ਤਾਂ ਤੁਸੀਂ ਇਸ ਔਖੀ ਘੜੀ ਵਿੱਚ ਵੀ ਸੁੱਖੀਂ ਸਾਂਦੀ ਬਾਹਰ ਜਾ ਸਕਦੇ ਹੋ। ਪਰ ਜੇ ਕੋਈ ਇਕੱਲਾ ਹੀ ਹੋਵੇ ਤੇ ਜੀਵਨ ਸਾਥੀ ਵੀ ਰੱਬ ਨੂੰ ਪਿਆਰਾ ਹੋ ਚੁੱਕਾ ਹੋਵੇ ਤਾਂ ਅਜਿਹਾ ਬੁਢਾਪਾ ਨਰਕ ਸਮਾਨ ਹੁੰਦਾ ਹੈ। ਇਹ ਵੀ ਸਚਾਈ ਹੈ ਕਿ ਇਨਸਾਨ, ਜੇ ਚਾਹੇ ਤਾਂ ਬੁਢਾਪੇ ਨੂੰ ਖ਼ੂਬਸੂਰਤ ਬਣਾ ਸਕਦਾ ਹੈ। ਇਸ ਉਮਰ ਵਿੱਚ ਵੀ ਸ਼ੌਕ ਪਾਲ ਕੇ ਆਪਣੀ ਜ਼ਿੰਦਗੀ ਰੰਗੀਨ ਬਣਾ ਸਕਦਾ ਹੈ। ਕਿਸੇ ਸੌਖੇ ਕਿੱਤੇ ਦੇ ਲੜ ਲੱਗ ਕੇ ਉਹ ਉਮਰ ਨੂੰ ਹੋਰ ਲੰਬੀ ਕਰ ਸਕਦਾ ਹੈ। ਜਿਸ ਨੂੰ ਇਸ ਉਮਰ ਵਿੱਚ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ, ਉਹ ਕਦੇ ਅਜਿਹਾ ਮਹਿਸੂਸ ਨਹੀਂ ਕਰਦੇ। ਕਈ ਲਿਖਾਰੀ ਇਸ ਬੁਢਾਪੇ ਦੀ ਉਮਰ ਵਿੱਚ ਉਹ ਲਿਖਤਾਂ ਵੀ ਲਿਖ ਜਾਂਦੇ ਹਨ ਜਿਹੜੀਆਂ ਉਹ ਜਵਾਨੀ ਵਿੱਚ ਨਹੀਂ ਲਿਖ ਸਕੇ।
ਇਹ ਉਮਰ ਜ਼ਿੰਦਗੀ ਦਾ ਨਿਚੋੜ ਕੱਢਣ ਵਾਂਗ ਹੁੰਦੀ ਹੈ। ਇਸ ਉਮਰ ਵਿੱਚ ਲਏ ਫ਼ੈਸਲੇ, ਰੱਬੀ ਹੁਕਮ ਵਰਗੇ ਹੁੰਦੇ ਹਨ। ਇਸੇ ਲਈ ਜੇ ਕੋਈ ਮਸਲਾ ਉਲਝਿਆ ਹੋਵੇ ਤਾਂ ਸਿਆਣਿਆਂ ਦੀ ਸਲਾਹ ਲਈ ਜਾਂਦੀ ਹੈ। ਕਈ ਇਸ ਉਮਰ ਵਿੱਚ ਗੌਤਮ ਬੁੱਧ ਵਾਂਗ ਰੌਸ਼ਨ ਦਿਮਾਗ਼ ਤੇ ਚਾਨਣ ਵੰਡਣ ਦੇ ਸਮਰੱਥ ਹੋ ਜਾਂਦੇ ਹਨ। ਇਸ ਉਮਰ ਵਿੱਚ ਇਨਸਾਨ ਜੇ ਚੁੱਪ ਰਹਿਣਾ ਸਿੱਖ ਲਵੇ ਤਾਂ ਸੌਖੀ ਉਮਰ ਭੋਗਦਾ ਹੈ ਪਰ ਕਈ ਇਨਸਾਨ ਇਸ ਉਮਰ ਵਿੱਚ ਵੀ ਕੋਈ ਨਾ ਕੋਈ ਨੁਕਤਾਚੀਨੀ ਕਰਦੇ ਹੀ ਰਹਿੰਦੇ ਹਨ। ਇੰਜ ਕਰਨ ਨਾਲ ਉਹ ਪਰਿਵਾਰ ਵਿੱਚ ਆਪਣੀ ਸ਼ਾਖ ਗਵਾ ਲੈਂਦੇ ਹਨ। ਕੋਈ ਉਨ੍ਹਾਂ ਦੀ ਪਰਵਾਹ ਨਹੀਂ ਕਰਦਾ। ਸਗੋਂ ਝਿੜਕਾਂ ਤੇ ਗਾਲ੍ਹਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਚੰਗਾ ਹੈ ਇੱਕ ਰੁੱਖ ਵਾਂਗ ਅਡੋਲ ਰਹਿ ਕੇ ਬੁਢਾਪਾ ਗੁਜ਼ਾਰ ਲਿਆ ਜਾਵੇ।
ਇਹ ਇੱਕ ਸੱਚਾਈ ਹੈ ਕਿ ਇਨਸਾਨ ਕਦੇ ਵੀ ਮਰਨਾ ਨਹੀਂ ਚਾਹੁੰਦਾ। ਬੁੱਢੇ ਬਾਰੇ ਵੀ ਔਖਾ-ਸੌਖਾ, ਸਾਹ ਲੈ ਕੇ ਜੀਵੀ ਜਾਂਦਾ ਹੈ। ਕਈ ਰੁੱਖਾਂ ਦੀ ਜੀਰਾਂਦ ਵਰਗੇ ਇਨਸਾਨ ਸੌ ਸਾਲ ਦੀ ਉਮਰ ਭੋਗ ਕੇ ਮਰਦੇ ਹਨ ਪਰ ਜੇ ਤੁਸੀਂ ਕੇਵਲ ਅੰਨ ਖਾਣ ਲਈ ਜੀਵਿਤ ਹੋ ਤਾਂ ਇਹ ਕਾਹਦਾ ਜੀਵਨ। ਜੀਵੋ ਇਸ ਤਰ੍ਹਾਂ ਕਿ ਤੁਸੀਂ ਬੁਢਾਪੇ ਵੇਲੇ ਵੀ ਕਈਆਂ ਦੀ ਲੋੜ ਪੂਰੀ ਕਰ ਸਕੋ। ਕਈਆਂ ਦੇ ਦੁਖ-ਸੁਖ ਵੰਡਾ ਸਕੋ। ਕਈਆਂ ਦਾ ਹੁੰਗਾਰਾ ਭਰ ਕੇ ਜ਼ਿੰਦਗੀ ਵਿੱਚ ਜੋਸ਼ ਤੇ ਉਤਸ਼ਾਹ ਭਰ ਸਕੋ।
ਸੰਪਰਕ: 97818-05861