For the best experience, open
https://m.punjabitribuneonline.com
on your mobile browser.
Advertisement

ਕਿਸੇ ਨੇ ਮੇਰੀ ਗੱਲ ਨਾ ਸੁਣੀ...

07:17 AM Jan 14, 2024 IST
ਕਿਸੇ ਨੇ ਮੇਰੀ ਗੱਲ ਨਾ ਸੁਣੀ
Advertisement

ਬਲਦੇਵ ਸਿੰਘ (ਸੜਕਨਾਮਾ)

Advertisement

ਹਾਦਸੇ ਤੇ ਵਿਵਸਥਾ

ਛੋਟੀਆਂ ਸਨਅਤਾਂ ਤੋਂ ਲੈ ਕੇ ਵੱਡੇ ਤੋਂ ਵੱਡੇ ਪ੍ਰਾਜੈਕਟਾਂ, ਫੈਕਟਰੀਆਂ, ਮਿੱਲਾਂ, ਕਾਰਖਾਨਿਆਂ ਅਤੇ ਨਵ-ਉਸਾਰੀਆਂ ਦੀ ਹੋਂਦ ਟਰੱਕਾਂ, ਟਰਾਲਿਆਂ ਦੀ ਢੋਆ-ਢੁਆਈ ਉੱਪਰ ਨਿਰਭਰ ਹੈ। ਜਿੱਥੇ ਰੇਲ ਲਾਈਨਾਂ ਨਹੀਂ ਪਹੁੰਚਾਈਆਂ ਜਾ ਸਕਦੀਆਂ, ਉੱਥੇ ਟਰੱਕਾਂ ਵਾਲੇ ਹੀ ਜ਼ਿੰਦਗੀ ਨੂੰ ਜਿਊਣ ਜੋਗਾ ਬਣਾਉਂਦੇ ਹਨ। ਜੰਗ ਵੇਲੇ ਵਰ੍ਹਦੇ ਬੰਬਾਂ ਦੇ ਮੀਂਹ ਵਿੱਚ ਤੇ ਗੋਲੀਆਂ ਦੀ ਵਾਛੜ ਵਿੱਚ ਜਾਨ ਤਲੀ ਉੱਪਰ ਰੱਖ ਕੇ, ਫ਼ੌਜੀਆਂ ਤੱਕ ਜ਼ਰੂਰੀ ਵਸਤਾਂ ਪਹੁੰਚਾਉਣ ਵਾਲੇ ਇਨ੍ਹਾਂ ਸੜਕੀ ਸੂਰਮਿਆਂ ਨੂੰ ਸਾਰੇ ਜਾਣਦੇ ਹਨ। ਕਿਸੇ ਕਾਰਨ ਜੇ ਇੱਕ ਦਿਨ ਦੇਸ਼ ਭਰ ਵਿੱਚ ਚੱਕਾ ਜਾਮ ਹੋ ਜਾਵੇ ਤਾਂ ਪੂਰੀ ਅਰਥ-ਵਿਵਸਥਾ ਡਾਵਾਂਡੋਲ ਹੋ ਜਾਂਦੀ ਹੈ। ਜਨ-ਜੀਵਨ ’ਚ ਹਾਹਾਕਾਰ ਮੱਚ ਜਾਂਦੀ ਹੈ।
ਪਿਛਲੇ ਸਮੇਂ ਵਿੱਚ ਜੋ ਕੁਝ ਹੋਇਆ, ਉਸ ਤੋਂ ਸੜਕਾਂ ਉੱਪਰ ਦਿਨ-ਰਾਤ ਚੱਲਣ ਵਾਲਾ ਡਰਾਈਵਰ/ਮਾਲਕ ਭਾਈਚਾਰਾ ਦੁਖੀ ਵੀ ਹੈ ਤੇ ਹੈਰਾਨ ਵੀ। ਇਹ ਕਿੱਤਾ ਇੰਨਾ ਮਹੱਤਵਪੂਰਨ ਹੈ ਤੇ ਵਿਵਸਥਾ ਹਰ ਸਮੇਂ ਇਨ੍ਹਾਂ ਦੀ ਸੰਘੀ ਘੁੱਟਣ ਦਾ ਮੌਕਾ ਤਲਾਸ਼ਦੀ ਰਹਿੰਦੀ ਹੈ। ਮੈਂ ਇਹ ਲੇਖ ਡਰਾਈਵਰਾਂ ਦੀ ਵਕਾਲਤ ਕਰਨ ਲਈ ਨਹੀਂ ਲਿਖ ਰਿਹਾ ਤੇ ਨਾ ਹੀ ਮੇਰਾ ਮੰਤਵ ਇਨ੍ਹਾਂ ਨੂੰ ਨਾਇਕ ਬਣਾਉਣਾ ਹੈ। ਇਸ ਕਿੱਤੇ ਨਾਲ ਸਬੰਧਤ ਰਿਹਾ ਹੋਣ ਕਰਕੇ ਮੈਂ ਇਸ ਭਾਈਚਾਰੇ ਨੂੰ ਬਹੁਤ ਨੇੜੇ ਤੋਂ ਸਿਰਫ਼ ਜਾਣਦਾ ਹੀ ਨਹੀਂ ਸਗੋਂ ਮੈਂ ਖ਼ੁਦ ਡਰਾਈਵਰ ਦੀ ਜੂਨ ਹੰਢਾਈ ਹੈ। ਚੱਕੇ ਧੋਣ ਤੋਂ ਲੈ ਕੇ ਡਰਾਈਵਰ ਤੇ ਫਿਰ ਟਰੱਕ ਮਾਲਕ ਬਣਨ ਤੱਕ ਮੈਂ ਹਾਦਸਿਆਂ ਭਰੇ ਲੰਮੇ ਦੌਰ ਵਿੱਚੋਂ ਲੰਘਿਆ ਹਾਂ। ਇਸ ਸੜਕੀ ਕਿੱਤੇ ਦੀ ਜ਼ਮੀਨ ਨਾਲ ਜੁੜੇ ਹੋਣ ਸਦਕਾ ਇਨ੍ਹਾਂ ਡਰਾਈਵਰਾਂ/ਮਾਲਕਾਂ ਦੀ ਫ਼ਕੀਰੀ ਅਤੇ ਦਰਵੇਸ਼ੀ ਅੱਗੇ ਮੇਰਾ ਸਿਰ ਝੁਕਦਾ ਹੈ।
ਸੜਕ ਉੱਪਰ ਜੇ ਚਿੜੀ ਵੀ ਮਰੀ ਪਈ ਹੋਵੇ, ਅਸੀਂ ਇਹ ਹੀ ਕੋਸ਼ਿਸ਼ ਕਰਦੇ ਹਾਂ ਕਿ ਉਸ ਉੱਪਰੋਂ ਦੀ ਟਾਇਰ ਨਾ ਲੰਘ ਜਾਣ। ਐਕਸੀਡੈਂਟ ਕਰਨ ਦਾ ਕਿਸ ਦਾ ਜੀਅ ਕਰਦਾ ਹੈ? ਬਹੁਤੀ ਵੇਰ ਡਰਾਈਵਰ ਦਾ ਕੋਈ ਕਸੂਰ ਵੀ ਨਹੀਂ ਹੁੰਦਾ। ਸਾਈਕਲ ਵਿੱਚ ਸਕੂਟਰ ਵੱਜਿਆ ਤਾਂ ਸਕੂਟਰ ਵਾਲਾ ਦੋਸ਼ੀ, ਸਕੂਟਰ ਵਿੱਚ ਕਾਰ ਵੱਜੀ ਤਾਂ ਕਾਰ ਵਾਲਾ ਦੋਸ਼ੀ, ਕਾਰ ਵਿੱਚ ਟਰੱਕ ਵੱਜਿਆ ਤਾਂ ਟਰੱਕ ਵਾਲਾ ਦੋਸ਼ੀ। ਸਾਡੇ ਤਾਂ ਬਹੁਤੇ ਲੋਕਾਂ ਵਿੱਚ ਟਰੈਫਿਕ ਨਿਯਮਾਂ ਦੀ ਸੂਝ ਹੀ ਨਹੀਂ ਹੈ। ਦਸ-ਦਸ ਸਾਲਾਂ ਦੇ ਬੱਚੇ ਬਾਜ਼ਾਰ ਵਿੱਚ ਸਕੂਟਰ ਜਾਂ ਸਕੂਟਰੀਆਂ ਭਜਾਉਂਦੇ ਫਿਰ ਰਹੇ ਨੇ। ਅਜਿਹੇ ਵਿੱਚ ‘ਹਿੱਟ ਐਂਡ ਰਨ’ ਲਈ ਹਾਕਮਾਂ ਨੇ ਫੁਰਮਾਨ ਜਾਰੀ ਕਰ ਦਿੱਤਾ: ਜਿਹੜਾ ਐਕਸੀਡੈਂਟ ਕਰਕੇ ਭੱਜੇਗਾ, 10 ਸਾਲਾਂ ਦੀ ਕੈਦ ਜਾਂ 7 ਲੱਖ ਰੁਪਏ ਜੁਰਮਾਨਾ।
ਮੈਂ ਆਪਣੇ ਜੀਵਨ ਵਿੱਚ ਵਾਪਰੇ ਇੱਕ ਦੋ ਹਾਦਸਿਆਂ ਦੀ ਗੱਲ ਕਰਨੀ ਚਾਹੁੰਦਾ ਹਾਂ। ਸੜਕਾਂ ’ਤੇ ਚਲਦੇ ਅਸੀਂ ਨਾਸਤਕ ਵੀ ਆਸਤਕ ਬਣ ਜਾਂਦੇ ਹਾਂ। ਡਰਾਈਵਰ ਆਪਣੀ ਜੀਵਨ-ਡੋਰ ਵਾਹਿਗੁਰੂ, ਅੱਲ੍ਹਾ ਜਾਂ ਕਿਸੇ ਦੇਵੀ ਦੇਵਤੇ ਨੂੰ ਧਿਆ ਕੇ ਉਸ ਦੇ ਹਵਾਲੇ ਕਰ ਦਿੰਦਾ ਹੈ। ਸਫ਼ਰ ਕਿੰਨੇ ਸਮੇਂ ’ਚ ਤੈਅ ਹੋਵੇਗਾ, ਮੰਜ਼ਿਲ ’ਤੇ ਕਦ ਪੁੱਜੇਗਾ, ਸਿਆਸੀ ਨੇਤਾਵਾਂ ਵਾਂਗ ਇਸ ਦੀ ਕੋਈ ਵੀ ਪੱਕੀ ਗਾਰੰਟੀ ਨਹੀਂ ਦੇ ਸਕਦਾ। ਟਰਾਂਸਪੋਰਟ ਤੋਂ ਮਾਲ ਲੋਡ ਕਰ ਕੇ ਦੋ ਗੱਡੀਆਂ ਗੁਹਾਟੀ ਨੂੰ ਚੱਲ ਪਈਆਂ। ਦੋਵੇਂ ਡਰਾਈਵਰ ਗਰਾਈਂਂ ਸਨ। ਭਰਾਵਾਂ ਵਰਗੀ ਨੇੜਤਾ ਸੀ। ਅੱਗੇ ਜਾ ਰਹੀ ਗੱਡੀ ਦਾ ਰਸਤੇ ਵਿੱਚ ਇੱਕ ਬੈਲ-ਗੱਡੀ ਨਾਲ ਐਕਸੀਡੈਂਟ ਹੋ ਗਿਆ। ਬਲਦ ਤ੍ਰਹਿ ਕੇ ਅਚਾਨਕ ਸੜਕ ਵਿਚਕਾਰ ਆ ਗਿਆ ਸੀ। ਗੱਡੀ ਰੋਕਣੀ ਪਈ, ਅੱਗੇ ਬਲਦ ਡਿੱਗ ਪਿਆ ਸੀ। ਪਿੱਛੇ ਆ ਰਿਹਾ ਉਸ ਦਾ ਗਰਾਈਂ ਵੀ ਖੜ੍ਹ ਗਿਆ।
ਇੰਨੇ ਵਿੱਚ ਲਾਗੇ ਦੀ ਬਸਤੀ ਵਿੱਚੋਂ ਭੀੜ ਆਈ ਤੇ ਬਿਨਾਂ ਕੁਝ ਜਾਣਿਆਂ, ਬਿਨਾਂ ਕੁਝ ਪੁੱਛਿਆਂ ਦੋਵਾਂ ਨੂੰ ਕੁੱਟਣ ਲੱਗ ਪਈ। ਅੱਧੇ ਕੁ ਗੱਡੀਆਂ ਵਿੱਚ ਲੋਡ ਸਾਮਾਨ ਲੁੱਟਣ ਪੈ ਗਏ। ਜਦੋਂ ਨੂੰ ਨੇੜੇ ਦੇ ਕਿਸੇ ਥਾਣੇ ਜਾਂ ਚੌਕੀ ਤੋਂ ਪੁਲੀਸ ਆਈ, ਉਦੋਂ ਤੱਕ ਤਾਂ ਦੋਵੇਂ ਕੁੱਟ-ਕੁੱਟ ਕੇ ਅਧਮੋਏ ਕਰ ਦਿੱਤੇ ਸਨ। ਗੱਡੀਆਂ ਨੂੰ ਅੱਗ ਲਗਾਉਣ ਤੋਂ ਪੁਲੀਸ ਨੇ ਰੋਕ ਦਿੱਤੇ ਸਨ ਤੇ ਉਨ੍ਹਾਂ ਨਾਲ ਪੁਲੀਸ ਦਾ ਵਰਤਾਓ ਕਿਸ ਤਰ੍ਹਾਂ ਦਾ ਸੀ, ਇਹ ਦੱਸਣ ਦੀ ਲੋੜ ਨਹੀਂ ਹੈ, ਸਾਰੇ ਹੀ ਜਾਣਦੇ, ਸਮਝਦੇ ਨੇ। ਪਤਾ ਲੱਗਣ ’ਤੇ ਮੈਂ ਹਸਪਤਾਲ ਵਿੱਚ ਦੋਵਾਂ ਦਾ ਪਤਾ ਲੈਣ ਗਿਆ ਤਾਂ ਇੱਕ ਡਰਾਈਵਰ ਨੇ ਸਹੁੰ ਖਾਧੀ:
‘ਜੇ ਮੈਂ ਅਗਾਂਹ ਨੂੰ ਕਿਸੇ ਐਕਸੀਡੈਂਟ ਕੋਲ ਰੁਕਿਆ ਤਾਂ ਮੈਂ ਆਪਣੇ ਪਿਉ ਦਾ ਪੁੱਤ ਨਹੀਂ ਹੋਵਾਂਗਾ, ... ਹੋਊਂ।’
ਇਹ ਸਹੁੰ ਉਸ ਦੀ ਅੰਦਰਲੀ ਪੀੜ ’ਚੋਂ ਨਿਕਲੀ ਸੀ।
ਇੱਕ ਘਟਨਾ ਹੋਰ ਹੈ। 1985 ਵਿੱਚ ਮੈਂ ਕਲਕੱਤੇ (ਹੁਣ ਕੋਲਕਾਤਾ) ਤੋਂ ਪੰਜਾਬ ਆ ਗਿਆ ਸੀ। ਕਿੱਤਾ ਤਾਂ ਇੱਥੇ ਵੀ ਟਰਾਂਸਪੋਰਟ ਦਾ ਸ਼ੁਰੂ ਕਰਨਾ ਪਿਆ, ਪਰ ਲੰਮਾ ਸਮਾਂ ਇਹ ਮੈਨੂੰ ਰਾਸ ਨਾ ਆਇਆ ਤੇ ਛੱਡਣਾ ਪਿਆ। ਇੱਕ ਦਿਨ ਅਚਾਨਕ ਮੇਰਾ ਪੁਰਾਣਾ ਹਿੱਸੇਦਾਰ ਮਿਲ ਗਿਆ। ਪੁੱਛਿਆ, ‘‘ਕੀ ਹਾਲ ਹੈ ਤੇਰੇ ਕਾਰੋਬਾਰ ਦਾ?’’
‘‘ਕਾਹਦਾ ਕਾਰੋਬਾਰ?’’ ਉਸ ਦੇ ਬੋਲਾਂ ਵਿੱਚ ਮਾਯੂਸੀ ਸੀ, ‘‘ਸੱਪ ਦੇ ਮੂੰਹ ’ਚ ਕੋਹੜ ਕਿਰਲੀ ਵਾਲੀ ਹਾਲਤ ਹੈ।’’ ਫਿਰ ਉਹ ਆਪਣੇ ਨਾਲ ਹੋਈ ਬੀਤੀ ਸੁਣਾਉਣ ਲੱਗਾ:
‘‘ਇੱਕ ਵਾਰ ਸਰਕਾਰੀ ਐਲਾਨ ਹੋਇਆ ਸੀ ਜਿਹੜਾ ਵਿਅਕਤੀ ਸੜਕ ’ਤੇ ਹਾਦਸੇ ਨਾਲ ਜ਼ਖ਼ਮੀ ਹੋਏ ਨੂੰ ਹਸਪਤਾਲ ਪਹੁੰਚਾਏਗਾ, ਉਸ ਦੀ ਕੋਈ ਪੁੱਛ-ਪੜਤਾਲ ਨਹੀਂ ਹੋਵੇਗੀ, ਉਸ ਨਾਲ ਮਾੜਾ ਵਰਤਾਓ ਨਹੀਂ ਹੋਵੇਗਾ ਸਗੋਂ ਸਰਾਹਨਾ ਕੀਤੀ ਜਾਏਗੀ। ਮੈਂ ਇੱਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੂੰ ਆਪਣੀ ਕਾਰ ਵਿੱਚ ਪਾ ਲਿਆਇਆ। ਕਾਰ ਦੀਆਂ ਸੀਟਾਂ ਵੀ ਖ਼ੂਨ ਨਾਲ ਭਿੱਜ ਗਈਆਂ। ਹਸਪਤਾਲ ਵਿੱਚ ਐਮਰਜੈਂਸੀ ਵਾਲਿਆਂ ਕਿਹਾ- ਇਹ ਤਾਂ ਪੁਲੀਸ ਕੇਸ ਹੈ, ਇਤਲਾਹ ਕਰਨੀ ਪਊ। ਮੇਰੀ ਉਨ੍ਹਾਂ ਇੱਕ ਨਾ ਸੁਣੀ। ਇਸ ਦੌਰਾਨ ਕਿਸੇ ਡਾਕਟਰ ਨੇ ਥਾਣੇ ਫੋਨ ਕਰ ਦਿੱਤਾ ਤੇ ਪੁਲੀਸ ਗੱਡੀ ਹਸਪਤਾਲ ਆਣ ਵੜੀ। ਉਨ੍ਹਾਂ ਕਿਹਾ, ‘ਐਕਸੀਡੈਂਟ ਤੂੰ ਕੀਤੈ ਤੇ ਹੁਣ ਹਸਪਤਾਲ ਚੁੱਕ ਲਿਆਇਐਂ।’ ...ਕੀ ਦੱਸਾਂ ਯਾਰ, ਚਾਰ ਸਾਲ ਹੋਗੇ ਅਦਾਲਤ ਵਿੱਚ ਤਰੀਕਾਂ ਭੁਗਤਦੇ ਨੂੰ। ਮੇਰਾ ਗਵਾਹ ਕੋਈ ਹੈ ਨਹੀਂ ਸੀ ਤੇ ਪੁਲੀਸ ਜੋ ਬਿਆਨ ਕਰਦੀ ਸੀ ਸੁਣਿਆ ਜਾਂਦਾ ਸੀ। ਮੈਂ ਬਰੀ ਤਾਂ ਹੋ ਗਿਆ, ਪਰ ਘਰ ਦਾ ਸਾਰਾ ਸਿਸਟਮ ਹਿੱਲ ਗਿਆ। ਕੀਹਨੂੰ ਦੋਸ਼ ਦੇਵਾਂ? ਆਪ ਨੂੰ ਲਾਹਣਤਾਂ ਪਾਉਂਦਾਂ, ਜਿਵੇਂ ਦੂਸਰੇ ਕੋਲੋਂ ਦੀ ਲੰਘ ਰਹੇ ਸਨ ਤੂੰ ਲੰਘ ਜਾਂਦਾ। ਪਰ ਉਹ ਵੇਲਾ ਹੱਥ ਨਹੀਂ ਆਉਂਦਾ। ਤੂੰ ਦੱਸ ਮੈਂ ਕੀ ਗ਼ਲਤ ਕੰਮ ਕੀਤਾ?’’
ਮੈਂ ਕੀ ਜਵਾਬ ਦਿੰਦਾ? ਮੈਨੂੰ ਚੁੱਪ ਵੇਖ ਕੇ ਉਹ ਬੋਲਿਆ, ‘‘ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਜਿਉਂਦਾ ਕਿਸ ਲਈ ਆਂ। ਲੋਕ ਭਲਾਈ ਕਰਨ ਦੀ ਇੰਨੀ ਵੱਡੀ ਸਜ਼ਾ? ਹੁਣ ਤਾਂ ਇਨ੍ਹਾਂ ਕਾਨੂੰਨ ਬਣਾ ਦਿੱਤਾ ਜਿਹੜਾ ਐਕਸੀਡੈਂਟ ਕਰਕੇ ਭੱਜੇਗਾ, 10 ਸਾਲਾਂ ਦੀ ਕੈਦ ਜਾਂ...।’’ ਸੱਤ ਲੱਖ ਜੁਰਮਾਨਾ ਕਹਿਣ ਦੀ ਥਾਂ ਉਹ ਵਿਅੰਗ ਨਾਲ ਮੁਸਕਰਾਇਆ ਤੇ ਫਿਰ ਬੋਲਿਆ, ‘‘ਹਾਕਮ ਜ਼ਮੀਨੀ ਹਕੀਕਤ ਤਾਂ ਵੇਖਦੇ ਨਹੀਂ। ਏ.ਸੀ. ਦਫ਼ਤਰਾਂ ਵਿੱਚੋਂ ਜਾਂ ਹੱਡ ਚੀਰਵੀਂ ਠੰਢ ਵਿੱਚ ਕੌਣ ਨਿਕਲੇ ਸੜਕਾਂ ’ਤੇ? ਉਹ ਤਾਂ ਗਾਇਕਾਂ ਦੇ ਭਰਮਾਏ ਡਰਾਈਵਰਾਂ/ਮਾਲਕਾਂ ਨੂੰ ਇੱਕ ‘ਸਾਮੀ’ ਤੋਂ ਵੱਧ ਕੁਝ ਨਹੀਂ ਸਮਝਦੇ। ਉਨ੍ਹਾਂ ਭਾਣੇ... ‘ਯਾਰਾਂ ਦਾ ਟਰੱਕ ਜੀ.ਟੀ. ਰੋਡ ’ਤੇ ਦੁਹਾਈਆਂ’ ਪਾਉਂਦਾ ਹੈ। ਡਰਾਈਵਰਾਂ ਦੀ ਕਾਟੋ ਫੁੱਲਾਂ ’ਤੇ ਹੁੰਦੀ ਹੈ। ...ਮਿੱਤਰਾਂ ਦਾ ਚੱਲਿਆ ਟਰੱਕ ਨੀ, ਚੁੱਪ ਕਰਕੇ ਚੜ੍ਹ ਜਾ ਆਦਿ।
ਉਨ੍ਹਾਂ ਹਾਕਮਾਂ ਨੂੰ, ਹਾਕਮਾਂ ਦੇ ਅਫ਼ਸਰਾਂ ਨੂੰ ਇਹ ਪਤਾ ਨਹੀਂ ਹੁੰਦਾ ਜਾਂ ਉਹ ਸਮਝਣ ਦਾ ਯਤਨ ਨਹੀਂ ਕਰਦੇ ਕਿ ਮਿੱਤਰਾਂ ਦੇ ਟਰੱਕ ਦੀਆਂ ਤਿੰਨ ਕਿਸ਼ਤਾਂ ਟੁੱਟ ਗਈਆਂ ਨੇ, ਬੀਮਾ ਫੇਲ੍ਹ ਹੋ ਗਿਆ ਹੈ, ਟਾਇਰ ਗੰਜੇ ਸਿਰ ਵਰਗੇ ਹੋਏ ਪਏ ਨੇ; ਬੱਚਿਆਂ ਦੀ ਸਕੂਲ ਫੀਸ ਵੀ ਨਹੀਂ ਭਰੀ ਗਈ। ਉਦੋਂ ਜੀ.ਟੀ. ਰੋਡ ਉੱਪਰ ਟਰੱਕ ਦੁਹਾਈਆਂ ਨਹੀਂ ਪਾਉਂਦਾ। ਮਾਲਕ ਤੇ ਡਰਾਈਵਰ ਦੋਵਾਂ ਦੀਆਂ ਚੀਕਾਂ ਨਿਕਲਦੀਆਂ ਹਨ, ਪਰ ਸੜਕੀ ਕਾਨੂੰਨਾਂ ਵਿੱਚ ਸੋਧ ਕਰਨ ਵਾਲਿਆਂ ਦੇ ਜ਼ਿਹਨ ਵਿੱਚ ਹੁੰਦਾ ਹੈ ਕਿ ਇਹ ਟਰੱਕ- ਟਰਾਲਿਆਂ ਦੇ ਮਾਲਕ/ਡਰਾਈਵਰ ਚੰਗਾ ਖਾਂਦੇ ਹਨ, ਮੰਦਾ ਬੋਲਦੇ ਹਨ।’’
ਪਹਿਲਾਂ ਖੇਤੀ ਕਾਨੂੰਨ ਤੇ ਹੁਣ ਸੜਕਾਂ ਨਾਲ ਸਬੰਧਿਤ ਸੋਧ ਕਾਨੂੰਨ ਬਿਨਾਂ ਵਿਚਾਰਿਆਂ, ਬਿਨਾਂ ਜ਼ਮੀਨੀ ਹਕੀਕਤ ਸਮਝਿਆਂ, ਬਿਨਾਂ ਕਿਰਤੀ ਲੋਕਾਂ ਦੀ ਹਾਲਤ ਜਾਣਿਆਂ ਲੈ ਆਂਦੇ ਹਨ। ਜਦੋਂ ਕਿਰਤੀ ਦੇ ਹੱਥੋਂ ਉਸ ਦੀ ਕਿਰਤ ਖੋਹੀ ਜਾਂਦੀ ਹੈ ਜਾਂ ਉਸ ਦੀ ਰੋਟੀ ਕਮਾਉਣ ਦੇ ਸਾਧਨਾਂ ਨੂੰ ਨੱਥ ਪਾਈ ਜਾਂਦੀ ਹੈ ਤਾਂ ਉਸ ਕੋਲ ਗਵਾਉਣ ਲਈ ਹੋਰ ਕੁਝ ਨਹੀਂ ਹੁੰਦਾ। ਇਕੱਠੇ ਹੋ ਕੇ ਸੜਕਾਂ ’ਤੇ ਆਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੁੰਦਾ। ਕਿਰਤੀ ਵਰਗ ਜਦੋਂ ਵੀ ਰਲ ਕੇ ਤਹੱਈਆ ਕਰ ਕੇ ਨਿਕਲਦਾ ਹੈ ਤਾਂ ਅਸੀਂ ਅਣਜਾਣ ਨਹੀਂ ਕਿ ਵਾਪਰਦਾ ਕੀ ਹੈ। ਕਿਰਤੀ ਵਰਗ ਅਰਥ ਵਿਵਸਥਾ ਦੀ ਧਰਤੀ ਹੇਠਲਾ ਬਲਦ ਹੈ। ਇਹ ਜਦ ਵੀ ਹਿਲਜੁਲ ਕਰਦਾ ਹੈ ਤਾਂ ਧਰਤੀ ਡੋਲਣ ਲੱਗਦੀ ਹੈ। ਇੱਕ ਡੇਢ ਦਿਨ ਦੇ ਚੱਕਾ ਜਾਮ ਨੇ ਇਹ ਸਾਬਿਤ ਕਰ ਦਿੱਤਾ ਹੈ।
ਦੋ ਦਿਨ ਪਹਿਲਾਂ ਕੋਲਕਾਤਾ ਤੋਂ ਬਾਸ਼ੇ ਦਾ ਫੋਨ ਆਇਆ। ਕਹਿੰਦਾ, ‘‘ਮੈਂ ਸਦਾ ਲਈ ਡਰਾਈਵਰੀ ਛੱਡ ਕੇ ਵਾਪਸ ਆ ਰਿਹਾਂ।’’
‘‘ਅਚਾਨਕ ਕੀ ਹੋਇਆ?’’ ਮੈਂ ਪੁੱਛਿਆ।
‘‘ਹੁਣ ਇਸ ਉਮਰ ’ਚ ਨਾ 10 ਸਾਲ ਕੈਦ ਕੱਟੀ ਜਾਣ ਦੀ ਹਿੰਮਤ ਹੈ ਤੇ ਨਾ ਹੀ ਕੋਲ ਸੱਤ ਲੱਖ ਦੀ ਪੂੰਜੀ ਹੈ। ਇਹਦੇ ਨਾਲੋਂ ਤਾਂ ਚੰਗਾ ਪਿੰਡ ਆ ਜਾਵਾਂ ਜਿੰਨਾ ਨਾਤ੍ਵੀ ਓਨਾ ਪੁੰਨ।’’ ਗੱਲ ਕਰ ਕੇ ਉਹ ਅਕਸਰ ਹੱਸ ਪੈਂਦਾ ਹੁੰਦਾ ਹੈ, ਪਰ ਇਸ ਵਾਰ ਉਹ ਹੱਸਿਆ ਨਹੀਂ।
ਮੈਂ ਸੋਚੀਂ ਪੈ ਗਿਆ। ਬਾਸ਼ਾ 15 ਸਾਲ ਦੀ ਉਮਰ ਵਿੱਚ ਕਲਕੱਤੇ ਚਲਾ ਗਿਆ ਸੀ। ਹੁਣ ਉਹ 74-75 ਸਾਲਾਂ ਦਾ ਹੈ। 60 ਸਾਲ ਸੜਕਾਂ ’ਤੇ ਗੁਜ਼ਾਰੇ। ਚੰਗੇ ਮਾੜੇ ਦਿਨ ਵੀ ਦੇਖੇ, ਪਰ ਉਹ ਕਦੇ ਵੀ ਅੰਦਰੋਂ ਐਨਾ ਨਹੀਂ ਸੀ ਟੁੱਟਿਆ। ਥਮਲੇ ਜਿੱਡੇ ਕੱਦ-ਕਾਠ ਦਾ ਬੰਦਾ। ਸਦਾ ਚੜ੍ਹਦੀ ਕਲਾ ’ਚ ਰਹਿਣ ਵਾਲਾ। ਵਿਵਸਥਾ ਦਾ ਮਾਰਿਆ ਇੰਨਾ ਟੁੱਟ ਜਾਵੇ, ਇਹ ਕੋਈ ਮਾਮੂਲੀ ਘਟਨਾ ਨਹੀਂ ਹੈ। ਉਹ ਸਮਾਜ ਦੀ ਇਕਾਈ ਹੈ ਤੇ ਇਨ੍ਹਾਂ ਇਕਾਈਆਂ ਦੇ ਸਮੂਹ ਵਿੱਚੋਂ ਹੀ ਵਿਦਰੋਹ ਜਨਮ ਲੈਂਦੇ ਹਨ।
ਸੰਪਰਕ: 98147-83069

Advertisement
Author Image

Advertisement
Advertisement
×