ਕੋਈ ਵੀ ਅਣਕਿਆਸੀ ਗਰਮੀ ਲਈ ਤਿਆਰ ਨਹੀਂ: ਸੁਨੀਤਾ ਨਾਰਾਇਣ
ਨਵੀਂ ਦਿੱਲੀ, 16 ਜੂਨ
ਮਸ਼ਹੂਰ ਵਾਤਾਵਰਣ ਮਾਹਿਰ ਸੁਨੀਤਾ ਨਾਰਾਇਣ ਨੇ ਕਿਹਾ ਕਿ ਭਾਰਤ ਗਰਮੀ ਦੇ ਮੌਸਮ ’ਚ ਅਣਕਿਆਸੀ ਤਪਸ਼ ਨਾਲ ਜੂਝ ਰਿਹਾ ਹੈ ਅਤੇ ਕੋਈ ਵੀ ਅਜਿਹੇ ਪੱਧਰ ਦੀ ਗਰਮੀ ਲਈ ਤਿਆਰ ਨਹੀਂ ਹੈ। ਨਾਰਾਇਣ ਨੇ ਇੱਕ ਤਾਪ ਸੂਚਕਅੰਕ ਅਤੇ ਆਧੁਨਿਕ ਸ਼ਹਿਰਾਂ ਦੇ ਡਿਜ਼ਾਈਨ ਦੇ ਢੰਗਾਂ ’ਚ ਮੁਕੰਮਲ ਤਬਦੀਲੀ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਵਿਗਿਆਨ ਤੇ ਵਾਤਾਵਰਣ ਕੇਂਦਰ (ਸੀਐੱਸਈ) ਦੀ ਡਾਇਰੈਕਟਰ ਜਨਰਲ ਸੁਨੀਤਾ ਨਾਰਾਇਣ ਨੇ ਇੱਥੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੇ ਵੱਡੇ ਹਿੱਸੇ ’ਚ ਅਤਿ ਦੀ ਗਰਮੀ ਕੁਦਰਤੀ ਤੌਰ ’ਤੇ ਵਾਪਰਨ ਵਾਲੀ ਅਲ ਨੀਨੋ ਘਟਨਾ ਤੇ ਵਾਤਾਵਰਣ ਤਬਦੀਲੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮੱਧ ਤੇ ਪੂਰਬੀ ਗਰਮ-ਖੰਡੀ ਪ੍ਰਸ਼ਾਂਤ ਮਹਾਸਾਗਰ ’ਚ ਸਮੁੰਦਰੀ ਸਤਹਿ ਅਸਧਾਰਨ ਢੰਗ ਨਾਲ ਗਰਮ ਹੋਣ ਨੂੰ ਅਲ ਨੀਨੋ ਕਹਿੰਦੇ ਹਨ।
ਉਨ੍ਹਾਂ ਕਿਹਾ, ‘ਕੋਈ ਵੀ ਤਿਆਰ ਨਹੀਂ ਹੈ। ਸਾਨੂੰ ਬਹੁਤ ਸਪੱਸ਼ਟ ਰਹਿਣਾ ਚਾਹੀਦਾ ਹੈ। ਸਾਲ 2023 ਸਾਲਾਨਾ ਪੱਧਰ ’ਤੇ ਸਭ ਤੋਂ ਗਰਮ ਸਾਲ ਸੀ। ਅਸੀਂ ਪਿਛਲੇ 45 ਦਿਨਾਂ ਵਿੱਚ 40 ਡਿਗਰੀ ਤੋਂ ਵੱਧ ਤਾਪਮਾਨ ਨਾਲ ਹਰ ਰਿਕਾਰਡ ਤੋੜ ਦਿੱਤਾ ਹੈ। ਇਹ ਵਾਤਾਵਰਣ ਤਬਦੀਲੀ ਹੈ। ਇਸ ਸਾਲ (2023-24) ਅਲ ਨੀਨੋ ਦੇ ਘੱਟ ਹੋਣ ਨਾਲ ਇਹ ਹੋਰ ਵੀ ਜਟਿਲ ਹੋ ਗਿਆ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਅਸਲ ਵਿੱਚ ਆਪਣੇ ਕੰਮਾਂ ਨੂੰ ਤਰਤੀਬ ’ਚ ਲਿਆਉਣ ਦੀ ਲੋੜ ਹੈ। ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਜੋਖਮ ਵਾਲੇ ਭਾਈਚਾਰੇ ਘੱਟ ਪ੍ਰਭਾਵਿਤ ਹੋਣ।’
ਨਾਰਾਇਣ ਨੇ ਇੱਕ ਤਾਪ ਸੂਚਕ ਅੰਕ ਵਿਕਸਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਜੋ ਦਸਦਾ ਹੈ ਕਿ ਸਾਪੇਖ ਨਮੀ ਨੂੰ ਹਵਾ ਦੇ ਤਾਪਮਾਨ ਨਾਲ ਮਿਲਾਉਣ ’ਤੇ ਮਨੁੱਖੀ ਸਰੀਰ ਨੂੰ ਕਿਹੋ ਜਿਹਾ ਤਾਪਮਾਨ ਮਹਿਸੂਸ ਹੁੰਦਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਪਿਛਲੇ ਸਾਲ ਅਪਰੈਲ ’ਚ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਇੱਕ ਤਜਰਬੇ ਵਜੋਂ ਤਾਪ ਸੂਚਕ ਅੰਕ ਜਾਰੀ ਕਰਨਾ ਸ਼ੁਰੂ ਕੀਤਾ ਸੀ। -ਪੀਟੀਆਈ