ਨੂਹ ਹਿੰਸਾ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ: ਖੱਟਰ
ਚੰਡੀਗੜ੍ਹ, 17 ਅਗਸਤ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਿਹਾ ਨੂਹ ਹਿੰਸਾ ਦੇ ਸਬੰਧ ਵਿੱਚ ਜਾਂਚ ਜਾਰੀ ਹੈ ਅਤੇ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਧਰ ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਅੱਜ ਨੂਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਐੱਸਪੀ ਨਾਲ ਮੁਲਾਕਾਤ ਕਰਕੇ ਹਿੰਸਾ ਪ੍ਰਭਾਵਿਤ ਇਲਾਕੇ ਵਿਚਲੇ ਹਾਲਾਤ ਬਾਰੇ ਜਾਣਕਾਰੀ ਲਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਕਾਰਵਾਈ ਵੀ ਕਰ ਰਹੀ ਹੈ। ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਵਿਸ਼ਵ ਹਿੰਦੂ ਪਰਿਸ਼ਦ 28 ਅਗਸਤ ਨੂੰ ਬ੍ਰਜ ਮੰਡਲ ਯਾਤਰਾ ਮੁੜ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਅਤੇ ਕੀ ਉਨ੍ਹਾਂ ਦੀ ਸਰਕਾਰ ਨੇ ਇਜਾਜ਼ਤ ਦਿੱਤੀ ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਸੂਚਨਾ ਨਹੀਂ ਮਿਲੀ ਹੈ ਅਤੇ ਅਜਿਹੀ ਸਥਿਤੀ ਆਉਣ ’ਤੇ ਹੀ ਉਹ ਕੁਝ ਕਹਿਣਗੇ। ਉਨ੍ਹਾਂ ਪਿੱਛੇ ਜਿਹੇ ਕਿਹਾ ਸੀ ਕਿ 31 ਜੁਲਾਈ ਨੂੰ ਯਾਤਰਾ ’ਤੇ ਹੋਇਆ ਹਮਲਾ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਇਸ ਸਬੰਧੀ ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ’ਚ ਸਾਜ਼ਿਸ਼ ਦਾ ਪੱਖ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਅਜੇ ਚੱਲ ਰਹੀ ਹੈ ਅਤੇ ਇਸ ਪੜਾਅ ’ਤੇ ਕੁਝ ਵੀ ਕਹਿਣਾ ਢੁੱਕਵਾਂ ਨਹੀਂ ਹੋਵੇਗਾ। ਹਿੰਦੂ ਮੈਰਿਜ ਐਕਟ ’ਚ ਸੋਧ ਸਬੰਧੀ ਉਨ੍ਹਾਂ ਕਿਹਾ ਕਿ ਇਹ ਮਾਮਲਾ ਸੂਬਾ ਸਰਕਾਰ ਦੇ ਨਹੀਂ ਬਲਕਿ ਕੇਂਦਰ ਸਰਕਾਰ ਦੇ ਵਿਚਾਰ ਅਧੀਨ ਹੈ। -ਪੀਟੀਆਈ
ਹਰਿਆਣਾ ’ਚ 450 ਕਲੋਨੀਆਂ ਨਿਯਮਤ ਕਰਨ ਦਾ ਐਲਾਨ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬੇ ’ਚ 450 ਅਣ-ਅਧਿਕਾਰਤ ਕਲੋਨੀਆਂ ਨੂੰ ਰੈਗੂਲਰ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਚੰਡੀਗੜ੍ਹ ਸਿਵਲ ਸਕੱਤਰੇਤ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ 450 ਕਲੋਨੀਆਂ ਵਿੱਚੋਂ 239 ਕਲੋਨੀਆਂ ਪੰਚਾਇਤੀ ਵਿਭਾਗ ਤੇ 211 ਕਲੋਨੀਆਂ ਸਥਾਨਕ ਸਰਕਾਰਾਂ ਵਿਭਾਗ ਦੀਆਂ ਹਨ। ਉਨ੍ਹਾਂ ਕਲੋਨੀਆਂ ’ਚ ਵਿਕਾਸ ਕੰਮਾਂ ਲਈ 500 ਕਰੋੜ ਰੁਪਏ ਵੀ ਜਾਰੀ ਕੀਤੇ। -ਟਨਸ
ਬਿੱਟੂ ਬਜਰੰਗੀ ਨੂੰ 14 ਦਿਨਾ ਨਿਆਂਇਕ ਹਿਰਾਸਤ ’ਚ ਭੇਜਿਆ
ਗੁਰੂਗ੍ਰਾਮ/ਨੂਹ: ਹਰਿਆਣਾ ਦੇ ਨੂਹ ’ਚ ਇਸ ਮਹੀਨੇ ਦੀ ਸ਼ੁਰੂਆਤ ’ਚ ਭੜਕੀ ਫਿਰਕੂ ਹਿੰਸਾ ਦੇ ਸਿਲਸਿਲੇ ’ਚ ਗ੍ਰਿਫ਼ਤਾਰ ਗਊ ਰੱਖਿਅਕ ਬਿੱਟੂ ਬਜਰੰਗੀ ਨੂੰ ਅੱਜ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਜਰੰਗੀ ਨੂੰ ਅੱਜ ਨੂਹ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਫਰੀਦਾਬਾਦ ਜ਼ਿਲ੍ਹੇ ਦੀ ਨੀਮਕਾ ਜੇਲ੍ਹ ਭੇਜ ਦਿੱਤਾ ਗਿਆ। ਪੁਲੀਸ ਅਨੁਸਾਰ ਏਐਸਪੀ ਊਸ਼ਾ ਕੁੰਡੂ ਦੀ ਸ਼ਿਕਾਇਤ ’ਤੇ ਨੂਹ ਸਦਰ ਥਾਣੇ ’ਚ ਬਜਰੰਗੀ ਉਰਫ਼ ਰਾਜ ਕੁਮਾਰ ਖ਼ਿਲਾਫ਼ ਨਵੀਂ ਐੱਫਆਈਆਰ ਦਰਜ ਕੀਤੀ ਗਈ ਸੀ ਜਿਸ ਮਗਰੋਂ ਲੰਘੇ ਮੰਗਲਵਾਰ ਨੂੰ ਉਸ ਫਰੀਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਨੂਹ ’ਚ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਬਜਰੰਗੀ ਕੋਲੋਂ ਅੱਠ ਤਲਵਾਰਾਂ ਬਰਾਮਦ ਕੀਤੀਆਂ ਗਈਆਂ ਹਨ। ਐਫਆਈਆਰ ਅਨੁਸਾਰ ਬਜਰੰਗੀ ਤੇ ਉਸ ਦੇ ਕੁਝ ਅਣਪਛਾਤੇ ਹਮਾਇਤੀਆਂ ਨੇ ਤਲਵਾਰ ਤੇ ਤ੍ਰਿਸ਼ੂਲ ਲੈ ਕੇ ਨਲਹੜ ਮੰਦਰ ਜਾਂਦੇ ਸਮੇਂ ਰੋਕੇ ਜਾਣ ’ਤੇ ਏਐੱਸਪੀ ਕੁੰਡੂ ਦੀ ਅਗਵਾਈ ਹੇਠਲੀ ਟੀਮ ਨਾਲ ਦੁਰਵਿਹਾਰ ਕੀਤਾ ਸੀ ਅਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਸਨ। -ਪੀਟੀਆਈ
ਮਹਾਪੰਚਾਇਤ ’ਚ ਭੜਕਾਊ ਭਾਸ਼ਣ ਦੇਣ ਵਾਲਿਆਂ ਖ਼ਿਲਾਫ਼ ਕੇੇਸ ਦਰਜ
ਗੁਰੂਗ੍ਰਾਮ/ਪਲਵਲ: ਹਰਿਆਣਾ ਦੇ ਪਲਵਲ ’ਚ 13 ਅਗਸਤ ਨੂੰ ਸਰਬ ਹਿੰਦੂ ਸਮਾਜ ਮਹਾਪੰਚਾਇਤ ’ਚ ਭੜਕਾਊ ਭਾਸ਼ਣ ਦੇਣ ਦੇ ਦੋਸ਼ ਹੇਠ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕੇਸ ਪ੍ਰੋਬੇਸ਼ਨਰ ਸਬ-ਇੰਸਪੈਕਟਰ ਸਚਿਨ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ ਜਿਸ ਨੇ ਦੋਸ਼ ਲਾਇਆ ਕਿ ਕੁਝ ਲੋਕਾਂ ਨੇ ਪੋਂਡਰੀ ਪਿੰਡ ’ਚ ਸਭਾ ਦੌਰਾਨ ਦੂਜੇ ਭਾਈਚਾਰੇ ਦੇ ਲੋਕਾਂ ਖ਼ਿਲਾਫ਼ ਭੜਕਾਊ ਭਾਸ਼ਣ ਦਿੱਤਾ ਸੀ। ਪੁਲੀਸ ਨੇ ਦੱਸਿਆ ਕਿ ਲੰਘੇ ਸੋਮਵਾਰ ਨੂੰ ਹਥੀਨ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ