ਮੁਲਕ ਦੀ ਭਾਈਚਾਰਕ ਸਾਂਝ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ: ਰਜ਼ੀਆ ਸੁਲਤਾਨਾ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 15 ਮਈ
ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਕਿਲ੍ਹਾ ਰਹਿਮਤਗੜ੍ਹ ਵਿੱਚ ਹੋਏ ਚੋਣ ਇਕੱਠ ਦੌਰਾਨ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਕੁਝ ਸਹਾਇਕ ਤੇ ਹਮਾਇਤੀ ਫ਼ਿਰਕੂ ਤਾਕਤਾਂ ਦੇਸ਼ ਅੰਦਰ ਫ਼ਿਰਕੂ ਕਤਾਰਬੰਦੀ ਕਰ ਕੇ ਮੁੜ ਸੱਤਾ ’ਤੇ ਕਾਬਜ਼ ਹੋਣਾ ਚਾਹੁੰਦੀਆਂ ਹਨ। ਸਦੀਆਂ ਤੋਂ ਭਾਰਤ ’ਚ ਫ਼ਿਰਕੂ ਇਕਸੁਰਤਾ ਅਤੇ ਭਾਈਚਾਰਕ ਸਾਂਝ ਦੀ ਇੱਕ ਪੁਰਾਣੀ ਪਰੰਪਰਾ ਹੈ, ਜਿਸ ਨੂੰ ਨੁਕਸਾਨ ਪਹੁੰਚਾਉਣ ’ਚ ਭਾਜਪਾ ਕਾਮਯਾਬ ਨਹੀਂ ਹੋ ਸਕੇਗੀ। ਉਨ੍ਹਾਂ ਕਿਹਾ ਕਿ ਨਫ਼ਰਤ ਦੀ ਰਾਜਨੀਤੀ ਦੇਸ਼ ਦਾ ਕੁਝ ਨਹੀਂ ਸੁਆਰ ਸਕਦੀ, ਇਸ ਲਈ ਧਰਮ ਨਿਰਪੱਖ ਕਾਂਗਰਸ ਨੂੰ ਵੋਟ ਪਾ ਕੇ ਇੰਡੀਆ ਗੱਠਜੋੜ ਨੂੰ ਕਾਮਯਾਬ ਕੀਤਾ ਜਾਵੇ ਤਾਂ ਜੋ ਕੇਂਦਰ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅਕਾਲੀ-ਭਾਜਪਾ ਸਰਕਾਰ ਦੌਰਾਨ ਹਰ ਤਰ੍ਹਾਂ ਦਾ ਮਾਫ਼ੀਆ ਪ੍ਰਫੁੱਲਤ ਹੋਇਆ ਤੇ ਨਸ਼ਿਆਂ ਨੇ ਪੰਜਾਬ ਨੂੰ ਬਰਬਾਦ ਕਰ ਕੇ ਰੱਖ ਦਿੱਤਾ। ਝੂਠੇ ਲਾਰਿਆਂ ਅਤੇ ਬਦਲਾਅ ਦਾ ਫੋਕਾ ਨਾਅਰਾ ਦੇ ਕੇ ਪੰਜਾਬ ’ਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੁਹਾਜ਼ ’ਤੇ ਫ਼ੇਲ੍ਹ ਹੋਈ ਹੈ। ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਕੱਤਰ ਬੀਬੀ ਨਿਸ਼ਾਤ ਅਖ਼ਤਰ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਅਜਿਹੇ ਆਗੂ ਹਨ ਜੋ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਲੋਕ ਮੁੱਦੇ ਉਠਾਉਂਦੇ ਰਹਿੰਦੇ ਹਨ। ਉਨ੍ਹਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਜਾਵੇ ਤਾਂ ਜੋ ਉਹ ਸੰਸਦ ਅੰਦਰ ਪੰਜਾਬ ਅਤੇ ਸੰਗਰੂਰ ਹਲਕੇ ਦੀ ਆਵਾਜ਼ ਬਣ ਸਕਣ।