ਕੋਹਲੀ ਵਾਂਗ ਦਬਾਅ ਕੋਈ ਨਹੀਂ ਝੱਲ ਸਕਦਾ: ਠਾਕੁਰ
ਦੁਬਈ:
ਸਾਬਕਾ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਖ਼ਿਲਾਫ਼ ਸੈਂਕੜਾ ਲਾਉਣ ’ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੇ ਦਬਾਅ ਹੇਠ ਸ਼ਾਨਦਾਰ ਪਾਰੀ ਖੇਡੀ। ਬੀਸੀਸੀਆਈ ਦੇ ਸਾਬਕਾ ਪ੍ਰਧਾਨ ਠਾਕੁਰ ਨੇ ਕਿਹਾ, ‘ਵਿਰਾਟ ਕੋਹਲੀ ਨੇ ਆਪਣੀ ਪਾਰੀ ਦੌਰਾਨ ਦਿਖਾਇਆ ਕਿ ਦਬਾਅ ਕਿਵੇਂ ਝੱਲਿਆ ਜਾਂਦਾ ਹੈ ਅਤੇ ਦੇਸ਼ ਲਈ ਕਿਵੇਂ ਖੇਡਿਆ ਜਾਂਦਾ ਹੈ। ਆਪਣੀ ਸ਼ਾਨਦਾਰ ਪਾਰੀ ਰਾਹੀਂ ਵਿਰਾਟ ਨੇ ਕਈ ਲੋਕਾਂ ਦਾ ਦਿਲ ਅਤੇ ਦੇਸ਼ ਲਈ ਮੈਚ ਜਿੱਤਿਆ ਹੈ।’ ਸ਼ੁਕਲਾ ਨੇ ਕਿਹਾ, ‘ਕੋਹਲੀ ਦਾ ਸੈਂਕੜਾ ਸ਼ਾਨਦਾਰ ਸੀ। ਜਿਸ ਤਰੀਕੇ ਉਸ ਨੇ ਸੈਂਕੜਾ ਬਣਾਇਆ, ਜਿਸ ਤਰ੍ਹਾਂ ਉਸ ਨੇ ਭਾਰਤੀ ਟੀਮ ਨੂੰ ਸਥਿਰਤਾ ਪ੍ਰਦਾਨ ਕੀਤੀ, ਹੋਰ ਕੋਈ ਵੀ ਅਜਿਹਾ ਨਹੀਂ ਕਰ ਸਕਦਾ।’ ਆਈਪੀਐੱਲ ਚੇਅਰਮੈਨ ਅਰੁਣ ਧੂਮਲ ਨੇ ਕਿਹਾ, ‘ਪੂਰਾ ਦੇਸ਼ ਵਿਰਾਟ ਦੇ ਸੈਂਕੜੇ ਦੀ ਉਡੀਕ ਕਰ ਰਿਹਾ ਸੀ। ਅੱਜ ਉਸ ਨੇ ਜਿਸ ਤਰ੍ਹਾਂ ਬੱਲੇਬਾਜ਼ੀ ਕੀਤੀ, ਉਹ ਦੇਖਣ ਲਾਇਕ ਸੀ।’ -ਪੀਟੀਆਈ