ਅੰਮ੍ਰਿਤਸਰ ਨਗਰ ਨਿਗਮ ਚੋਣ ਲਈ ਨਹੀਂ ਹੋਈ ਕੋਈ ਨਾਮਜ਼ਦਗੀ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 9 ਦਸੰਬਰ
ਜ਼ਿਲ੍ਹਾ ਅੰਮ੍ਰਿਤਸਰ ਵਿੱਚ ਨਗਰ ਨਿਗਮ ਦੇ 85 ਵਾਰਡਾਂ ਅਤੇ 30 ਨਗਰ ਕੌਂਸਲ ਅਤੇ ਨਗਰ ਪੰਚਾਇਤ ਵਿੱਚ ਚੋਣ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਐਲਾਨੇ ਗਏ ਚੋਣ ਪ੍ਰੋਗਰਾਮ ਅਨੁਸਾਰ ਨਾਮਜ਼ਦਗੀਆਂ 9 ਤੋਂ 12 ਦਸੰਬਰ (ਸਵੇਰੇ 11.00 ਵਜੇ ਤੋਂ ਦੁਪਹਿਰ 3.00 ਵਜੇ ਤੱਕ) ਸਬੰਧਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਭਰੀਆਂ ਜਾ ਸਕਦੀਆਂ ਹਨ। ਕਮਿਸ਼ਨ ਨੇ ਪੜਤਾਲ ਲਈ 13 ਦਸੰਬਰ 2024 ਅਤੇ ਉਮੀਦਵਾਰੀ ਵਾਪਸ ਲੈਣ ਦੀ ਆਖ਼ਰੀ ਮਿਤੀ 14 ਦਸੰਬਰ 2024 (ਦੁਪਹਿਰ 3.00 ਵਜੇ ਤੱਕ) ਨਿਰਧਾਰਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਵੋਟਾਂ 21.12.2024 ਨੂੰ ਸਵੇਰੇ 7.00 ਵਜੇ ਤੋਂ ਸ਼ਾਮ 4.00 ਵਜੇ ਤੱਕ ਈਵੀਐੱਮ ਮਸ਼ੀਨਾਂ ਨਾਲ ਪੈਣਗੀਆਂ। ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਉਸੇ ਦਿਨ ਪੋਲਿੰਗ ਸਟੇਸ਼ਨ ’ਤੇ ਹੀ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਨਗਰ ਨਿਗਮ ਅੰਮ੍ਰਿਤਸਰ ਦੇ 85 ਵਾਰਡਾਂ ਲਈ ਕੁੱਲ 704 ਬੂਥ, ਨਗਰ ਪੰਚਾਇਤ ਰਾਜਾਸਾਂਸੀ ਦੇ 13 ਵਾਰਡਾਂ ਲਈ 14 ਬੂਥ, ਨਗਰ ਪੰਚਾਇਤ ਬਾਬਾ ਬਕਾਲਾ ਦੇ 13 ਵਾਰਡਾਂ ਲਈ 13 ਬੂਥ, ਨਗਰ ਪੰਚਾਇਤ ਅਜਨਾਲਾ ਦੇ 2 ਵਾਰਡ (5 ਅਤੇ 7) ਲਈ 2 ਬੂਥ, ਨਗਰ ਪੰਚਾਇਤ ਮਜੀਠਾ ਦੇ ਵਾਰਡ ਨੰਬਰ 4 ਲਈ ਇਕ ਬੂਥ ਅਤੇ ਨਗਰ ਪੰਚਾਇਤ ਰਈਆ ਦੇ ਵਾਰਡ ਨੰਬਰ 13 ਲਈ ਇੱਕ ਬੂਥ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਦੇ ਪਹਿਲੇ ਦਿਨ ਕੋਈ ਵੀ ਨਾਮਜ਼ਦਗੀ ਪ੍ਰਾਪਤ ਨਹੀਂ ਹੋਈ। ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਨਾਮਜ਼ਦਗੀ ਫਾਰਮ, ਹਲਫ਼ੀਆ ਬਿਆਨ ਅਤੇ ਸਪਾਂਸਰਸ਼ਿਪ ਫਾਰਮ ਕਮਿਸ਼ਨ ਦੀ ਵੈੱਬਸਾਈਟ https://sec.punjab.gov.in ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ ਅਤੇ ਸਬੰਧਿਤ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਵੀ ਉਪਲੱਬਧ ਹਨ।
ਫਗਵਾੜਾ: ਪਹਿਲੇ ਦਿਨ ਕੋਈ ਵੀ ਨਾਮਜ਼ਦਗੀ ਨਹੀਂ ਹੋਈ
ਫਗਵਾੜਾ: ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਦਾ ਕੰਮ ਸ਼ੁਰੂ ਹੋ ਗਿਆ ਹੈ, ਪਰ ਪਹਿਲੇ ਦਿਨ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਨਾ ਹੀ ਉਮੀਦਵਾਰਾ ਦਾ ਐਲਾਨ ਕੀਤਾ ਗਿਆ ਹੈ ਤੇ ਨਾ ਹੀ ਪਹਿਲੇ ਦਿਨ ਕੋਈ ਨਾਮਜ਼ਦਗੀ ਕਾਗਜ਼ ਦਾਖ਼ਲ ਹੋਇਆ ਹੈ। ਐੱਸਡੀਐੱਮ ਜਸ਼ਨਜੀਤ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਅੱਜ ਕਿਸੇ ਵੀ ਉਮੀਦਵਾਰ ਨੇ ਕਾਗਜ਼ ਦਾਖ਼ਲ ਨਹੀਂ ਕੀਤੇ। ਚੋਣਾਂ ਲੜਨ ਨੂੰ ਲੈ ਕੇ ਸੰਭਾਵੀ ਉਮੀਦਵਾਰਾਂ ਵੱਲੋਂ ਆਪਣੇ ਕਾਗ਼ਜ਼ ਤਿਆਰ ਕਰਨ ਦਾ ਕੰਮ ਚੱਲਦਾ ਰਿਹਾ ਪਰ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਾਗ਼ਜ਼ ਦਾਖ਼ਲ ਕੀਤੇ ਜਾਣਗੇ। -ਪੱਤਰ ਪ੍ਰੇਰਕ