ਠੱਗੀ ਤੇ ਮੂਰਖਤਾ ਭਰੀ ਸਿਆਸਤ ਦੀ ਲੋੜ ਨਹੀਂ: ਮੋਦੀ
ਨਵੀਂ ਦਿੱਲੀ, 8 ਫਰਵਰੀ
ਦਿੱਲੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਨੂੰ ਇਤਿਹਾਸਕ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਮ ਆਦਮੀ ਪਾਰਟੀ ਤੇ ਕਾਂਗਰਸ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਦੇਸ਼ ਨੂੰ ਗੰਭੀਰ ਸਿਆਸੀ ਤਬਦੀਲੀ ਦੀ ਲੋੜ ਹੈ ਨਾ ਕਿ ਠੱਗੀ ਤੇ ਮੂਰਖਤਾ ਭਰੀ ਰਾਜਨੀਤੀ ਦੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ‘ਸ਼ਾਰਟ ਕੱਟ’ ਦੀ ਰਾਜਨੀਤੀ ਨੂੰ ਖਤਮ ਕਰ ਦਿੱਤਾ ਹੈ ਅਤੇ ਕਿਹਾ ਕਿ ਲੋਕ ਫਤਵੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਰਾਜਨੀਤੀ ’ਚ ਭ੍ਰਿਸ਼ਟਾਚਾਰ ਤੇ ਝੂਠ ਲਈ ਕੋਈ ਥਾਂ ਨਹੀਂ ਹੈ।
ਇੱਥੇ ਪਾਰਟੀ ਹੈੱਡਕੁਆਰਟਰ ’ਚ ਵਰਕਰਾਂ ਨੂੰ ਸੰਬੋਧਨ ਦੌਰਾਨ ‘ਆਪ’ ਨੂੰ ਪਾਰਟੀ ਆਗੂਆਂ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਲਈ ਨਿਸ਼ਾਨਾ ਬਣਾਉਂਦਿਆਂ ਮੋਦੀ ਨੇ ਕਿਹਾ ਕਿ ਅਜਿਹੇ ਦੋਸ਼ਾਂ ਨਾਲ ਜੁੜੀਆਂ ਸਾਰੀਆਂ ਕੜੀਆਂ ਦੀ ਜਾਂਚ ਹੋਵੇਗੀ ਤੇ ਜਿਨ੍ਹਾਂ ਲੋਕਾਂ ਨੇ ਪੈਸਾ ਲੁੱਟਿਆ ਹੈ, ਉਨ੍ਹਾਂ ਨੂੰ ਇਹ ਮੋੜਨਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦਿੱਲੀ ਦੇ ਲੋਕਾਂ ਵੱਲੋਂ ਦਿੱਤੇ ਪਿਆਰ ਨੂੰ ਤਰੱਕੀ ਤੇ ਵਿਕਾਸ ਦੇ ਰੂਪ ਵਿਚ ਮੋੜਨਗੇ। ਉਨ੍ਹਾਂ ਕਿਹਾ, ‘‘ਆਪ-ਦਾ’ (ਆਫਤ) ਲੋਕਾਂ ਨੇ ਆਪਣੇ ਘੁਟਾਲਿਆਂ ਨੂੰ ਲੁਕਾਉਣ ਲਈ ਨਿੱਤ ਸਾਜ਼ਿਸ਼ਾਂ ਘੜੀਆਂ। ਹੁਣ ਜਦੋਂ ਦਿੱਲੀ ਦਾ ਚੋਣ ਨਤੀਜਾ ਆ ਗਿਆ ਹੈ, ਮੈਂ ਇਹ ਗਾਰੰਟੀ ਦਿੰਦਾ ਹਾਂ ਕਿ ਦਿੱਲੀ ਅਸੈਂਬਲੀ ਦੇ ਪਹਿਲੇ ਇਜਲਾਸ ਵਿਚ ਕੈਗ ਦੀ ਰਿਪੋਰਟ ਰੱਖੀ ਜਾਵੇਗੀ। ਭ੍ਰਿਸ਼ਟਾਚਾਰ ਦੀ ਹਰੇਕ ਕੜੀ ਦੀ ਜਾਂਚ ਹੋਵੇਗੀ ਤੇ ਜਿਸ ਨੇ ਵੀ ਪੈਸਾ ਲੁੱਟਿਆ ਹੈ, ਉਹ ਮੋੜਨਾ ਹੋਵੇਗਾ।’’ ਸ੍ਰੀ ਮੋਦੀ ਨੇ ਦਿੱਲੀ ਦੇ ਚੋਣ ਨਤੀਜਿਆਂ ਬਾਰੇ ਕਿਹਾ ਕਿ ਇਹ ਕੋਈ ਸਾਧਾਰਨ ਜਿੱਤ ਨਹੀਂ ਹੈ। ਦਿੱਲੀ ਦੇ ਲੋਕਾਂ ਨੇ ‘ਆਪ-ਦਾ’ ਨੂੰ ਬਾਹਰ ਕੀਤਾ ਹੈ। ਦਿੱਲੀ ਦੇ ਲੋਕ ਆਪ-ਦਾ ਮੁਕਤ ਹੋ ਗਏ ਹਨ। ਦਿੱਲੀ ਦਾ ਫ਼ਤਵਾ ਬਿਲਕੁਲ ਸਪਸ਼ਟ ਹੈ। ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਲੋਕਾਂ ਨੇ ਵਿਰੋਧੀ ਪਾਰਟੀ ਨੂੰ ਮੁੜ ਵੱਡਾ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੌਮੀ ਰਾਜਧਾਨੀ ਵਿਚ ‘ਡਬਲ ਹੈੱਟ੍ਰਿਕ’ ਲਾਈ ਹੈ ਤੇ ਪਾਰਟੀ ਪਿਛਲੀਆਂ ਛੇ ਚੋਣਾਂ ਵਿਚ ਦਿੱਲੀ ’ਚ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਹੀ ਹੈ। -ਏਐੱਨਆਈ
ਲੋਕ ਫਤਵਾ ਸਵੀਕਾਰ, ਲੜਾਈ ਜਾਰੀ ਰੱਖਾਂਗੇ: ਰਾਹੁਲ
ਨਵੀਂ ਦਿੱਲੀ:
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਦਿੱਲੀ ਦੇ ਲੋਕਾਂ ਦਾ ਫਤਵਾ ਨਿਮਰਤਾ ਨਾਲ ਸਵੀਕਾਰ ਕਰਦੇ ਹਨ ਤੇ ਅੱਗੇ ਉਨ੍ਹਾਂ ਦੀ ਪਾਰਟੀ ਕੌਮੀ ਰਾਜਧਾਨੀ ਦੀ ਪ੍ਰਗਤੀ ਤੇ ਦਿੱਲੀ ਦੇ ਲੋਕਾਂ ਦੇ ਅਧਿਕਾਰਾਂ ਦੀ ਲੜਾਈ ਜਾਰੀ ਰੱਖੇਗੀ।
ਰਾਹੁਲ ਗਾਂਧੀ ਨੇ ‘ਐਕਸ’ ’ਤੇ ਪੋਸਟ ਕੀਤਾ, ‘ਦਿੱਲੀ ਦਾ ਲੋਕ ਫਤਵਾ ਅਸੀਂ ਨਿਮਰਤਾ ਸਹਿਤ ਸਵੀਕਾਰ ਕਰਦੇ ਹਾਂ। ਸੂਬੇ ਦੇ ਕਾਂਗਰਸ ਵਰਕਰਾਂ ਨੂੰ ਉਨ੍ਹਾਂ ਦੇ ਸਮਰਪਣ ਤੇ ਸਾਰੇ ਵੋਟਰਾਂ ਨੂੰ ਉਨ੍ਹਾਂ ਦੀ ਹਮਾਇਤ ਲਈ ਦਿਲੋਂ ਧੰਨਵਾਦ।’
ਹੋਰ ਲੜੋ ਆਪਸ ’ਚ: ਉਮਰ
ਸ੍ਰੀਨਗਰ:
ਦਿੱਲੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਦਰਮਿਆਨ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਅੱਜ ਕਾਂਗਰਸ ਤੇ ਆਮ ਆਦਮੀ ਪਾਰਟੀ ’ਤੇ ਤਨਜ਼ ਕੱਸਿਆ। ਅਬਦੁੱਲ੍ਹਾ ਨੇ ਐਕਸ ’ਤੇ ਇੱਕ ਮੀਮ ਪੋਸਟ ਕਰਦਿਆਂ ਲਿਖਿਆ, ‘ਹੋਰ ਲੜੋ ਆਪਸ ਵਿੱਚ!’
ਉਹ ਦਿੱਲੀ ਵਿਧਾਨ ਸਭਾ ਚੋਣਾਂ ਲਈ ਜਾਰੀ ਵੋਟਾਂ ਦੀ ਗਿਣਤੀ ਤੋਂ ਉਭਰ ਰਹੇ ਰੁਝਾਨਾਂ ਦਾ ਜ਼ਿਕਰ ਕਰ ਰਹੇ ਸਨ ਜਿਨ੍ਹਾਂ ’ਚ ਭਾਜਪਾ ਆਮ ਆਦਮੀ ਪਾਰਟੀ ਤੋਂ ਅੱਗੇ ਚੱਲ ਰਹੀ ਸੀ ਜਦਕਿ ਕਾਂਗਰਸ ਲਗਾਤਾਰ ਤੀਜੀ ਵਾਰ ਖਾਤਾ ਨਹੀਂ ਖੋਲ੍ਹ ਸਕੀ ਸੀ। ‘ਆਪ’ ਤੇ ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਵੱਖ ਵੱਖ ਲੜਨ ਦਾ ਫ਼ੈਸਲਾ ਕੀਤਾ ਸੀ। -ਪੀਟੀਆਈ
ਸ਼ਰਾਬ ਨੀਤੀ ਕਾਰਨ ਹਾਰੀ ‘ਆਪ’: ਅੰਨਾ
ਮੁੰਬਈ:
ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਅੱਜ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਨੂੰ ਸ਼ਰਾਬ ਨੀਤੀ ਅਤੇ ਪੈਸੇ ਵੱਲ ਧਿਆਨ ਹੋਣ ਕਾਰਨ ਦਿੱਲੀ ਵਿਧਾਨ ਸਭਾ ਚੋਣਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ ਦੇ ਆਪਣੇ ਫਰਜ਼ ਨੂੰ ਸਮਝਣ ’ਚ ਨਾਕਾਮ ਰਹੀ। ਕੇਜਰੀਵਾਲ ’ਤੇ ਤਨਜ਼ ਕਸਦਿਆਂ ਉਨ੍ਹਾਂ ਕਿਹਾ ਕਿ ਉਮੀਦਵਾਰ ਦਾ ਚਰਿੱਤਰ ਸਾਫ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਤਿਆਗ ਦੇ ਗੁਣ ਪਤਾ ਹੋਣੇ ਚਾਹੀਦੇ ਹਨ।
ਉਨ੍ਹਾਂ ਕਿਹਾ, ‘ਸ਼ਰਾਬ ਨੀਤੀ ਦੇ ਮੁੱਦੇ ਨਾਲ ਪੈਸਾ ਆਇਆ ਅਤੇ ਉਹ ਉਸ ਵਿੱਚ ਡੁੱਬ ਗਏ। ਆਮ ਆਦਮੀ ਪਾਰਟੀ ਦਾ ਅਕਸ ਖਰਾਬ ਹੋਇਆ। ਲੋਕਾਂ ਨੇ ਦੇਖਿਆ ਕਿ ਉਹ (ਕੇਜਰੀਵਾਲ) ਪਹਿਲਾਂ ਚੰਗੇ ਚਰਿੱਤਰ ਦੀ ਗੱਲ ਕਰਦੇ ਹਨ ਤੇ ਫਿਰ ਸ਼ਰਾਬ ਨੀਤੀ ਦੀ।’ ਹਜ਼ਾਰੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਲਈ ਹਾਰੀ ਕਿਉਂਕਿ ਉਹ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ ਦੀ ਲੋੜ ਨੂੰ ਸਮਝਣ ’ਚ ਨਾਕਾਮ ਰਹੀ ਅਤੇ ਉਸ ਨੇ ਗਲਤ ਰਾਹ ਅਪਣਾ ਲਿਆ। -ਪੀਟੀਆਈ