For the best experience, open
https://m.punjabitribuneonline.com
on your mobile browser.
Advertisement

ਕੋਈ ਸੁਨੇਹਾ ਨਹੀਂ ਜ਼ਿੰਦਗੀ ਦਾ

08:42 AM Oct 15, 2023 IST
ਕੋਈ ਸੁਨੇਹਾ ਨਹੀਂ ਜ਼ਿੰਦਗੀ ਦਾ
Advertisement

ਸਵਰਾਜਬੀਰ

Advertisement

ਇਸ ਤੋਂ ਪਹਿਲਾਂ
ਕਿ ਭੁੱਲਣ-ਭੁਲਾਉਣ ਦੀ ਤਾਕਤ
ਸਾਨੂੰ ਖ਼ਤਮ ਕਰ ਦੇਵੇ
ਸਾਨੂੰ ਚੁੱਪ ਚਾਪ ਗਾਉਣਾ ਪੈਣਾ ਏ
ਸਾਗਰ ਦੀ ਮੌਤ ਦਾ ਗੀਤ
ਉਹਦੇ ਕੰਢਿਆਂ ’ਤੇ ਪਏ ਨੇ
ਮੋਏ ਭੈਣ ਭਰਾ ਸਾਡੇ
ਸਾਨੂੰ ਪਾਉਣੇ ਪੈਣੇ ਨੇ
ਕੱਪੜੇ ਲੂਨ ਦੇ
ਤੇ ਭਟਕਣਾ ਪੈਣਾ ਏ
ਬੰਦਰਗਾਹ ਤੋਂ ਬੰਦਰਗਾਹ ਤੱਕ।

Advertisement

ਇਸ ਥਾਂ ’ਤੇ, ਹੁਣ ਕੋਈ ਨਹੀਂ ਲਿਆਉਂਦਾ
ਸੁਨੇਹਾ ਜ਼ਿੰਦਗੀ ਦਾ
- ਮਹਿਮੂਦ ਦਰਵੇਸ਼
ਉਪਰੋਕਤ ਕਾਵਿ ਸਤਰਾਂ ਲਗਭਗ ਚਾਰ ਦਹਾਕੇ ਪਹਿਲਾਂ ਲਿਖੀਆਂ ਗਈਆਂ। ਕਵਿਤਾ ਦਾ ਨਾਂ ਹੈ ‘ਭੂਮੱਧ ਸਾਗਰ ਦੇ ਕਨਿਾਰੇ ਵੱਸੇ ਪੁਰਾਤਨ ਤੇ ਸੋਹਣੇ ਸ਼ਹਿਰ ਬਾਰੇ ਕੁਝ ਸੋਚਾਂ’। ਗਾਜ਼ਾ ਸ਼ਹਿਰ ਭੂਮੱਧ ਸਾਗਰ ਕੰਢੇ ਵੱਸਿਆ ਪੁਰਾਤਨ ਤੇ ਸੋਹਣਾ ਸ਼ਹਿਰ ਹੈ। ਇਹ ਡਾਢੀ ਉਦਾਸ ਕਵਿਤਾ ਹੈ, ਫਲਸਤੀਨ ਤੇ ਫਲਸਤੀਨ ਦੇ ਦੁਖਾਂਤ ਬਾਰੇ ਇਕ ਲੰਮੀ ਉਦਾਸ ਕਵਿਤਾ ਜਿਸ ਦੇ ਸ਼ੁਰੂ ਵਿਚ ਕਵੀ ਕਹਿੰਦਾ ਏ, ‘‘ਮੈਂ ਕਿਉਂ ਉਸ ਹਵਾ ਬਾਰੇ ਸੋਚਾਂ/ ਸਮਾਂ ਕਿਉਂ ਸੋਚੇ ਉਸ ਹਵਾ ਬਾਰੇ/ ਜੋ ਮੇਰੇ ਵਹਿ ਰਹੇ ਖ਼ੂਨ ਨੂੰ ਸੁਕਾਉਂਦੀ ਨਹੀਂ/ ਮੈਂ ਕਿਉਂ ਸੋਚਾਂ ਉਸ ਅਕਾਸ਼ ਬਾਰੇ/ ਜੋ ਮੈਨੂੰ, ਨਾ ਪੰਛੀਆਂ ਨਾਲ ਢੱਕਦਾ ਏ ਤੇ ਨਾ ਧੂੰਏਂ ਨਾਲ।’’ ਇਹ ਸਨ 40-50 ਸਾਲ ਪਹਿਲਾਂ ਉਸ ਇਲਾਕੇ ਦੇ ਹਾਲਾਤ ਤੇ ਹੁਣ ਉਸ ਤੋਂ ਵੀ ਬਦਤਰ ਹਨ। ਇਹ ਉਹ ਸਮੇਂ ਸਨ ਜਦ ਖੇਸੀ ਦੀ ਬੁੱਕਲ ਮਾਰੀ ਫਲਸਤੀਨ ਦਾ ਆਗੂ ਯਾਸਰ ਅਰਾਫ਼ਾਤ ਸਾਰੀ ਦੁਨੀਆ ਵਿਚ ਫਲਸਤੀਨ ਦੇ ਹੱਕਾਂ ਦਾ ਹੋਕਾ ਦਿੰਦਾ ਫਿਰਦਾ ਸੀ ਤੇ ਲੋਕ ਉਸ ਦੀ ਆਵਾਜ਼ ਨਾਲ ਆਵਾਜ਼ ਮਿਲਾਉਂਦੇ ਸਨ।
ਤੇ ਹੁਣ ਫਲਸਤੀਨ ਫਿਰ ਜਲ ਰਿਹਾ ਹੈ। 7 ਅਕਤੂਬਰ ਨੂੰ ਫਲਸਤੀਨੀ ਦਹਿਸ਼ਤਗਰਦ ਜਥੇਬੰਦੀ ਹਮਾਸ ਨੇ ਇਜ਼ਰਾਈਲ ’ਤੇ ਦਹਿਸ਼ਤਗਰਦ ਹਮਲੇ ਕੀਤੇ ਜਨਿ੍ਹਾਂ ਵਿਚ 1200 ਤੋਂ ਵੱਧ ਇਜ਼ਰਾਈਲੀ ਮਾਰੇ ਗਏ ਅਤੇ ਦੋ ਹਜ਼ਾਰ ਤੋਂ ਵੱਧ ਫੱਟੜ ਹੋਏ ਹਨ; 100 ਤੋਂ ਵੱਧ ਇਜ਼ਰਾਈਲੀ ਨਾਗਰਿਕਾਂ ਨੂੰ ਅਗਵਾ ਕੀਤਾ ਗਿਆ ਹੈ; ਅਗਵਾ ਕੀਤੇ ਗਏ ਤੇ ਮਰਨ ਵਾਲਿਆਂ ਵਿਚ ਬੱਚੇ ਵੀ ਹਨ, ਔਰਤਾਂ ਵੀ ਤੇ ਬਜ਼ੁਰਗ ਵੀ। ਇਨ੍ਹਾਂ ਸਾਰੀਆਂ ਘਟਨਾਵਾਂ ਵਿਚ ਕਰੂਰਤਾ, ਗੁੱਸਾ ਤੇ ਬਦਲਾਖੋਰੀ ਦੀ ਭਾਵਨਾ ਸੀ। ਫਲਸਤੀਨੀ-ਅਮਰੀਕੀ ਨਾਟਕਕਾਰ ਬੈਟੀ ਸ਼ੈਮੀਆ ਤੋਂ ਸ਼ਬਦ ਉਧਾਰੇ ਮੰਗ ਕੇ ਜ਼ੋਰਦਾਰ ਢੰਗ ਨਾਲ ਇਹ ਕਹਿਣਾ ਬਣਦਾ ਹੈ ਕਿ ਮਾਸੂਮ ਲੋਕਾਂ ਨੂੰ ਮਾਰਨ ਵਾਲੀਆਂ ਦਲੀਲਾਂ ਨਾਲ ਕਦੇ ਵੀ ਇਤਫ਼ਾਕ ਨਹੀਂ ਕੀਤਾ ਜਾ ਸਕਦਾ; ਉਹ ਕਹਿੰਦੀ ਹੈ, ‘‘ਇਨਸਾਨਾਂ ਨੂੰ ਮਾਰਨਾ ਗੁਨਾਹ ਹੈ।’’ ਹਮਾਸ ਦੀ ਇਸ ਦਹਿਸ਼ਤਗਰਦ ਕਾਰਵਾਈ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ, ਘੱਟ ਹੈ।
ਜਵਾਬੀ ਹਮਲੇ ਕਰਦਿਆਂ ਇਜ਼ਰਾਈਲ ਦੇ ਮੰਤਰੀਆਂ ਨੇ ਕਿਹਾ ਹੈ ਕਿ ਉਹ ਗਾਜ਼ਾ ਨੂੰ ਮਲਬੇ ਵਿਚ ਬਦਲ ਦੇਣਗੇ। ਇਹ ਅੱਖਰ ਲਿਖੇ ਜਾਣ ਤਕ 2000 ਤੋਂ ਜ਼ਿਆਦਾ ਫਲਸਤੀਨੀ ਮਾਰੇ ਗਏ ਹਨ ਤੇ ਜ਼ਖ਼ਮੀਆਂ ਦੀ ਤਦਾਦ ਤਾਂ ਕੁਝ ਪਤਾ ਹੀ ਨਹੀਂ। ਗਾਜ਼ਾ ’ਤੇ ਬੰਬਾਰੀ ਜਾਰੀ ਹੈ, ਹਸਪਤਾਲ, ਸਕੂਲ, ਰਿਹਾਇਸ਼ੀ ਇਮਾਰਤਾਂ ਸਭ ਮਲਬੇ ਵਿਚ ਤਬਦੀਲ ਹੋ ਰਹੀਆਂ ਹਨ। ਹੁਣ ਤੱਕ 1500 ਇਮਾਰਤਾਂ ਜਨਿ੍ਹਾਂ ਵਿਚ 6000 ਤੋਂ ਵੱਧ ਘਰ ਸਨ, ਮਲਬਾ ਬਣ ਚੁੱਕੀਆਂ ਹਨ। ਲਗਭਗ 3.5 ਲੱਖ ਲੋਕ ਬੇਘਰ ਹੋ ਗਏ ਹਨ। ਇਜ਼ਰਾਈਲ ਦੁਆਰਾ ਫਲਸਤੀਨੀਆਂ ਦੇ ਉਜਾੜੇ ਦੀ ਕਹਾਣੀ ਬਹੁਤ ਲੰਮੀ ਹੈ।
ਹਮਾਸ ਤੇ ਕੁਝ ਹੋਰ ਫਲਸਤੀਨੀ ਜਥੇਬੰਦੀਆਂ ਦਹਿਸ਼ਤਗਰਦ ਹਨ ਪਰ ਸਵਾਲ ਪੈਦਾ ਹੁੰਦਾ ਹੈ ਕਿ ਇਹ ਦਹਿਸ਼ਤਗਰਦੀ ਕਿੱਥੋਂ ਪੈਦਾ ਹੋਈ; 1948 ਤੋਂ ਪਹਿਲਾਂ ਮੱਧ ਏਸ਼ੀਆ ਵਿਚ ਕੋਈ ਦਹਿਸ਼ਤਗਰਦ ਜਥੇਬੰਦੀ ਨਹੀਂ ਸੀ। ਇਸ ਸਵਾਲ ਦਾ ਜਵਾਬ ਇਹ ਹੈ ਕਿ ਦਹਿਸ਼ਤਗਰਦੀ ਇਜ਼ਰਾਈਲ ਦੁਆਰਾ ਫਲਸਤੀਨੀ ਲੋਕਾਂ ’ਤੇ ਲਗਾਤਾਰ ਕੀਤੇ ਜ਼ੁਲਮ ਤੇ ਉਜਾੜੇ ’ਚੋਂ ਪੈਦਾ ਹੋਈ ਹੈ। ਯਹੂਦੀ ਕਈ ਸਦੀਆਂ ਤੋਂ ਵਿਤਕਰਿਆਂ ਦਾ ਸ਼ਿਕਾਰ ਹੁੰਦੇ ਰਹੇ। 20ਵੀਂ ਸਦੀ ਵਿਚ ਉਹ ਨਾਜ਼ੀਵਾਦ ਦੇ ਭਿਆਨਕ ਜ਼ੁਲਮਾਂ ਦਾ ਸ਼ਿਕਾਰ ਹੋਏ। ਇਤਿਹਾਸ ਦਾ ਵਿਰੋਧਾਭਾਸ ਇਹ ਹੈ ਕਿ ਇਜ਼ਰਾਈਲ ਨੇ ਵੀ ਫਲਸਤੀਨੀਆਂ ’ਤੇ ਅਜਿਹੇ ਜ਼ੁਲਮ ਕੀਤੇ ਜਨਿ੍ਹਾਂ ਦੀ ਨੁਹਾਰ ਉਨ੍ਹਾਂ (ਯਹੂਦੀਆਂ) ’ਤੇ ਹੋਏ ਜ਼ੁਲਮਾਂ ਨਾਲ ਮਿਲਦੀ ਹੈ।
1993 ਵਿਚ ਅਮਰੀਕਾ ਦੁਆਰਾ ਇਜ਼ਰਾਈਲ ਤੇ ਯਾਸਰ ਅਰਾਫ਼ਾਤ ਦੀ ਅਗਵਾਈ ਵਾਲੀ ਪੀਐਲਓ ਵਿਚਕਾਰ ਕਰਾਏ ਗਏ ਓਸਲੋ ਸਮਝੌਤੇ ਤਹਿਤ ਗਾਜ਼ਾ ਅਤੇ ਵੈਸਟ ਬੈਂਕ ਦੇ ਇਲਾਕੇ ਵਿਚ ਸੀਮਤ ਅਧਿਕਾਰਾਂ ਵਾਲੀ ਫਲਸਤੀਨੀ ਅਥਾਰਿਟੀ ਕਾਇਮ ਕੀਤੀ ਗਈ। 2005 ਵਿਚ ਇਜ਼ਰਾਈਲੀ ਸੈਨਾ ਗਾਜ਼ਾ ਵਿਚੋਂ ਹਟੀ ਤੇ 2006 ਵਿਚ ਹਮਾਸ ਇੱਥੇ ਸੱਤਾ ਵਿਚ ਆਈ। ਕਈ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਜ਼ਰਾਈਲੀਆਂ ਤੇ ਅਮਰੀਕੀਆਂ ਨੇ ਯਾਸਰ ਅਰਾਫ਼ਾਤ ਦੇ ਜਥੇਬੰਦੀ/ਗਰੁੱਪ ‘ਫਤੇਹ’ ਨੂੰ ਖ਼ਤਮ ਕਰਨ ਲਈ ਕੱਟੜਪੰਥੀ ਹਮਾਸ ਨੂੰ ਉਭਾਰਿਆ। ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਮਨੁੱਖੀ ਹੱਕਾਂ ’ਤੇ ਮਾਰੂ ਹਮਲੇ ਕਰਨ ਵਾਲੇ ਹਮੇਸ਼ਾਂ ਇਹ ਚਾਹੁੰਦੇ ਹਨ ਕਿ ਦਬਾਏ ਜਾ ਰਹੇ ਲੋਕ ਦਹਿਸ਼ਤਗਰਦ ਕਾਰਵਾਈਆਂ ਕਰਨ ਕਿਉਂਕਿ ਹਿੰਸਾ/ਦਹਿਸ਼ਤਗਰਦੀ ਨੂੰ ਹਿੰਸਾ ਨਾਲ ਦਬਾਉਣਾ ਆਸਾਨ ਹੁੰਦਾ ਹੈ।
2007 ਤੋਂ ਇਜ਼ਰਾਈਲ ਨੇ ਧਰਤੀ ਤੇ ਸਮੁੰਦਰ ਰਾਹੀਂ ਗਾਜ਼ਾ ਜਾਣ ਵਾਲੇ ਸਾਰੇ ਰਾਹ ਬੰਦ ਕਰ ਦਿੱਤੇ ਜਿਸ ਕਾਰਨ ਇਸ ਇਲਾਕੇ ਨੂੰ ਦੁਨੀਆ ਦਾ ਸਭ ਤੋਂ ਵੱਡਾ ਖੁੱਲ੍ਹਾ ਕੈਦਖਾਨਾ (Open prison) ਕਿਹਾ ਜਾਂਦਾ ਹੈ। ਇੱਥੋਂ ਦੇ ਵਾਸੀਆਂ ਕੋਲ ਮਾਣ-ਸਨਮਾਨ ਨਾਲ ਜ਼ਿੰਦਗੀ ਗੁਜ਼ਾਰਨ ਵਾਲੀਆਂ ਕੋਈ ਸਹੂਲਤਾਂ ਨਹੀਂ; ਬਿਜਲੀ, ਪਾਣੀ, ਸਿੱਖਿਆ, ਸਿਹਤ-ਸੰਭਾਲ, ਸਭ ਅਤਿਅੰਤ ਸੀਮਤ ਹਨ।
ਪ੍ਰਮੁੱਖ ਪ੍ਰਸ਼ਨ ਇਹ ਹੈ ਕਿ ਹਮਾਸ ਨੇ ਅਜਿਹਾ ਦਹਿਸ਼ਤਗਰਦ ਹਮਲਾ ਕਿਉਂ ਕੀਤਾ ਜਿਸ ਦਾ ਨਤੀਜਾ ਫਲਸਤੀਨੀਆਂ ਦੀ ਭਿਅੰਕਰ ਤਬਾਹੀ ਵਿਚ ਨਿਕਲਣਾ ਹੈ। ਯਾਸਰ ਅਰਾਫ਼ਾਤ ਦੀ ਮੌਤ ਤੋਂ ਬਾਅਦ ਫਲਸਤੀਨੀਆਂ ਦੀ ਅਗਵਾਈ ਇੰਤਹਾਪਸੰਦ ਅਨਸਰਾਂ ਦੇ ਹੱਥ ਵਿਚ ਜਾ ਚੁੱਕੀ ਹੈ। ਜਿੱਥੇ ਹਮਾਸ ਦੀ ਦਹਿਸ਼ਤਗਰਦ ਕਾਰਵਾਈ ਦੀ ਜਿੰਨੀ ਨਿੰਦਿਆ ਕੀਤੀ ਜਾਵੇ, ਉਹ ਘੱਟ ਹੈ ਪਰ ਇਸ ਦੇ ਨਾਲ ਨਾਲ ਇਹ ਯਾਦ ਰੱਖਣ ਦੀ ਵੀ ਲੋੜ ਹੈ ਕਿ ਕਈ ਦਹਾਕਿਆਂ ਤੋਂ ਲਗਾਤਾਰ ਜ਼ੁਲਮ ਦਾ ਸਾਹਮਣਾ ਕਰਦੇ ਆ ਰਹੇ ਫਲਸਤੀਨੀ ਲੋਕ ਮਨੁੱਖੀ ਅਧਿਕਾਰਾਂ ਤੋਂ ਵਿਰਵੇ ਹਨ; ਉਨ੍ਹਾਂ ਨੂੰ ਆਪਣੇ ਘਰਾਂ ਤੋਂ ਪੁੱਟ ਕੇ ਆਪਣੇ ਹੀ ਵਤਨ ਵਿਚ ਬੇਵਤਨੇ ਕਰ ਦਿੱਤਾ ਗਿਆ ਹੈ; ਉਨ੍ਹਾਂ ਨੂੰ ਰੋਜ਼ ਬੇਇੱਜ਼ਤੀ ਤੇ ਦਮਨ ਦਾ ਸਾਹਮਣਾ ਕਰਨਾ ਪੈਂਦਾ ਹੈ। ਅਮਨ ਦੇ ਸਮੇਂ ਵਿਚ ਉਨ੍ਹਾਂ ਦੀ ਜਾਮਾ ਤਲਾਸ਼ੀ ਲਈ 500 ਤੋਂ ਵੱਧ ਫ਼ੌਜੀ ਨਾਕੇ ਲਗਾਏ ਜਾਂਦੇ ਹਨ।
ਫਲਸਤੀਨੀਆਂ ਦਾ ਵੱਡਾ ਸੰਕਟ ਸਿਆਸੀ ਪਾਰਟੀਆਂ ਦੀ ਅਣਹੋਂਦ ਹੈ। ਕੌਮਾਂਤਰੀ ਭਾਈਚਾਰੇ ਨੇ ਲੰਮੇ ਸਮੇਂ ਤੋਂ ਇਸ ਖਿੱਤੇ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਅੱਖਾਂ ਮੀਟੀਆਂ ਹੋਈਆਂ ਹਨ। ਅਮਰੀਕਾ ਤੇ ਪੱਛਮੀ ਦੇਸ਼ਾਂ ਦੇ ਬਿਰਤਾਂਤ ਵਿਚ ਇਜ਼ਰਾਈਲੀ ਜਮਹੂਰੀ, ਅਮਨ ਪਸੰਦ ਤੇ ਕਾਨੂੰਨ ਪਸੰਦ ਹਨ ਜਦੋਂਕਿ ਫਲਸਤੀਨੀ ਦਹਿਸ਼ਤਪਸੰਦ ਤੇ ਹਿੰਸਕ ਹਨ। ਇਹ ਵੀ ਭੁਲਾ ਦਿੱਤਾ ਗਿਆ ਹੈ ਕਿ ਕਬਜ਼ਾ ਕਰਨ ਵਾਲੀ ਧਿਰ ਇਜ਼ਰਾਈਲੀ ਹਨ ਤੇ ਉੱਜੜੀ ਹੋਈ ਧਿਰ ਫਲਸਤੀਨੀ। ਹੁਣ ਵਾਲੇ ਸੰਕਟ ਵਿਚ ਵੀ ਅਮਰੀਕਾ ਅਤੇ ਪੱਛਮੀ ਦੇਸ਼ ਇਜ਼ਰਾਈਲ ਦੀ ਪਿੱਠ ’ਤੇ ਹਨ। ਫਲਸਤੀਨੀ ਲੋਕਾਂ ਦੇ ਹੱਕ ਵਿਚ ਆਵਾਜ਼ ਉਠਾਉਣ ਵਾਲਾ ਪ੍ਰਮੁੱਖ ਦੇਸ਼ ਇਰਾਨ ਹੈ ਅਤੇ ਅਮਰੀਕਾ ਉਸ ’ਤੇ ਵੀ ਨਿਸ਼ਾਨਾ ਸਾਧ ਰਿਹਾ ਹੈ।
ਇਜ਼ਰਾਈਲ ਨੇ ਉੱਤਰੀ ਗਾਜ਼ਾ ਦੇ ਵਸਨੀਕਾਂ ਨੂੰ 24 ਘੰਟਿਆਂ ਵਿਚ ਆਪਣੇ ਘਰ ਛੱਡ ਕੇ ਜਾਣ ਲਈ ਕਿਹਾ ਹੈ। ਉਹ ਘਰ ਛੱਡ ਕੇ ਕਿੱਥੇ ਜਾਣਗੇ? ਕਿਹਾ ਜਾ ਰਿਹਾ ਹੈ ਕਿ ਉਹ ਦੱਖਣੀ ਗਾਜ਼ਾ ਵਿਚ ਚਲੇ ਜਾਣ। ਸੰਯੁਕਤ ਰਾਸ਼ਟਰ ਅਨੁਸਾਰ 11 ਲੱਖ ਲੋਕਾਂ ਨੂੰ ਉੱਤਰੀ ਗਾਜ਼ਾ ਤੋਂ ਦੱਖਣੀ ਗਾਜ਼ਾ ਲੈ ਕੇ ਜਾਣਾ ਅਸੰਭਵ ਹੈ। ਦੂਸਰੇ ਪਾਸੇ ਇਜ਼ਰਾਈਲ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਹਮਾਸ ਉਨ੍ਹਾਂ ਨੂੰ ਮਨੁੱਖੀ ਢਾਲਾਂ ਵਜੋਂ ਵਰਤ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਜ਼ਰਾਈਲੀ ਫ਼ੌਜ ਗਾਜ਼ਾ ਸ਼ਹਿਰ ਅਤੇ ਹੋਰਨਾਂ ਥਾਵਾਂ ’ਤੇ ਫ਼ੌਜੀ ਕਾਰਵਾਈਆਂ ਕਰੇਗੀ। ਇਜ਼ਰਾਈਲੀ ਹਵਾਈ ਫ਼ੌਜ ਨੇ ਗਾਜ਼ਾ ਵਿਚ ਪਰਚੇ ਸੁੱਟੇ ਹਨ ਜਨਿ੍ਹਾਂ ਵਿਚ ਕਿਹਾ ਗਿਆ ਹੈ, ‘‘ਬਚਾਉ ਲਈ ਬਣਾਏ ਗਏ ਜਨਤਕ ਸਥਾਨ ਖਾਲੀ ਕਰ ਦਿੱਤੇ ਜਾਣ।’’ ਇਹ ਵੀ ਕਿਹਾ ਗਿਆ ਹੈ ਕਿ ‘‘ਆਪਣੀ ਸੁਰੱਖਿਆ ਲਈ ਤੁਹਾਨੂੰ ਇਜ਼ਰਾਈਲੀ ਫ਼ੌਜਾਂ (ਡਿਫੈਂਸ ਫੋਰਸਜ਼) ਦੇ ਅਗਲੇ ਹੁਕਮ ਮਿਲਣ ਤਕ ਪਰਤਣਾ ਨਹੀਂ ਚਾਹੀਦਾ।’’ ਇਜ਼ਰਾਈਲ ਨੇ ਗਾਜ਼ਾ ਲਈ ਬਿਜਲੀ, ਪਾਣੀ, ਖਾਣੇ ਤੇ ਦਵਾਈਆਂ ਦੀ ਸਪਲਾਈ ਬਿਲਕੁਲ ਬੰਦ ਕਰ ਦਿੱਤੀ ਹੈ; ਇਹ ਵਸਤਾਂ ਗਾਜ਼ਾ ਵਿਚ ਪਹਿਲਾਂ ਹੀ ਬਹੁਤ ਸੀਮਤ ਸਨ। ਗਾਜ਼ਾ ਦੇ ਲੋਕ ਪਹਿਲਾਂ ਹੀ ਇਕ ਅਣਮਨੁੱਖੀ ਜ਼ਿੰਦਗੀ ਗੁਜ਼ਾਰ ਰਹੇ ਸਨ ਅਤੇ ਹੁਣ ਹਾਲਾਤ ਹੋਰ ਬਦਤਰ ਹੋ ਗਏ ਹਨ। ਉੱਤਰੀ ਗਾਜ਼ਾ ਤੋਂ ਹਜ਼ਾਰਾਂ ਲੋਕ ਕਾਰਾਂ, ਬੱਸਾਂ, ਖੋਤਾ-ਰੇੜੀਆਂ ਤੇ ਪੈਦਲ ਦੱਖਣੀ ਗਾਜ਼ਾ ਵੱਲ ਜਾ ਰਹੇ ਹਨ।
ਹਮਾਸ ਦੁਆਰਾ 7 ਅਕਤੂਬਰ ਨੂੰ ਇਜ਼ਰਾਈਲ ’ਤੇ ਕੀਤੇ ਗਏ ਹਮਲੇ ਦਹਿਸ਼ਤਗਰਦ ਕਾਰਵਾਈ ਸਨ ਪਰ ਇਜ਼ਰਾਈਲ ਦੀਆਂ ਕਾਰਵਾਈਆਂ ਵੀ ਕੌਮਾਂਤਰੀ ਕਾਨੂੰਨਾਂ ਦੇ ਖਿਲਾਫ਼ ਹਨ। 1930-40ਵਿਆਂ ਵਿਚ ਯੂਰਪ ਵਿਚ ਯਹੂਦੀਆਂ ਦੀ ਨਸਲਕੁਸ਼ੀ ਹੋਣ ਕਾਰਨ ਯੂਰੋਪ ਵਿਚ ਵੱਡੀ ਸਮੱਸਿਆ ਪੈਦਾ ਹੋਈ ਤੇ 1948 ਵਿਚ ਇਹ ਸਮੱਸਿਆ ਫਲਸਤੀਨ ਉੱਤੇ ਲੱਦ ਦਿੱਤੀ ਗਈ। ਲੱਖਾਂ ਲੋਕਾਂ ਦਾ ਕਤਲੇਆਮ ਦੇਖ ਚੁੱਕਿਆ ਇਹ ਖਿੱਤਾ ਹੁਣ ਫਿਰ ਵੱਡੇ ਮਨੁੱਖੀ ਦੁਖਾਂਤ ਦਾ ਸਾਹਮਣਾ ਕਰ ਰਿਹਾ ਹੈ। ਇਸ ਇਲਾਕੇ ਵਿਚ ਜ਼ਿੰਦਗੀ ਦੇ ਸੁਨੇਹੇ ਆਉਣੇ ਬੰਦ ਹੋ ਚੁੱਕੇ ਹਨ। ਕੋਈ ਰਾਹ-ਰਸਤਾ ਦਿਖਾਈ ਨਹੀਂ ਦਿੰਦਾ।

ਫਲਸਤੀਨ ਦਾ ਇਤਿਹਾਸ : ਇਕ ਨਜ਼ਰ

ਫਲਸਤੀਨ ਦਾ ਇਤਿਹਾਸ ਬਹੁਤ ਲੰਮਾ, ਜਟਿਲ ਤੇ ਖ਼ੂਨ-ਖਰਾਬੇ ਨਾਲ ਭਰਿਆ ਹੋਇਆ ਹੈ। ਲਗਭਗ 3500 ਸਾਲ ਪਹਿਲਾਂ ਇੱਥੇ ਮਿਸਰ ਦਾ ਰਾਜ ਸੀ। 3000 ਸਾਲ ਪਹਿਲਾਂ ਇੱਥੇ ਯਹੂਦੀਆਂ ਦੀਆਂ ਦੋ ਰਜਵਾੜਾਸ਼ਾਹੀਆਂ ਇਜ਼ਰਾਈਲ ਤੇ ਜੂਡਾ ਕਾਇਮ ਹੋਈਆਂ ਜੋ ਲਗਭਗ 250-300 ਸਾਲ ਕਾਇਮ ਰਹੀਆਂ। ਬਾਅਦ ਵਿਚ ਉਨ੍ਹਾਂ ’ਤੇ ਅਸੀਰੀਅਨ ਤੇ ਬੇਬਲੋਨੀਅਨ ਬਾਦਸ਼ਾਹਤਾਂ ਦੇ ਕਬਜ਼ੇ ਹੋਏ ਜਨਿ੍ਹਾਂ ਨੇ ਯਹੂਦੀਆਂ ਨੂੰ ਉੱਥੋਂ ਕੱਢ ਦਿੱਤਾ। 2500 ਸਾਲ ਪਹਿਲਾਂ ਇਹ ਇਰਾਨੀਆਂ (Persian) ਦੇ ਕਬਜ਼ੇ ਵਿਚ ਆਇਆ ਜਨਿ੍ਹਾਂ ਨੇ ਯਹੂਦੀਆਂ ਨੂੰ ਵਾਪਸ ਆਉਣ ਤੇ ਧਾਰਮਿਕ ਸਥਾਨ ਬਣਾਉਣ ਦੀ ਇਜਾਜ਼ਤ ਦਿੱਤੀ। ਬਾਅਦ ਵਿਚ ਇੱਥੇ ਯੂਨਾਨੀਆਂ ਦਾ ਰਾਜ ਹੋਇਆ, ਸਿਕੰਦਰ ਨੇ ਇਸ ਨੂੰ ਫਤਿਹ ਕੀਤਾ। ਯਹੂਦੀ ਉਨ੍ਹਾਂ ਦੇ ਰਾਜ ਵਿਚ ਵਧੇ ਫੁੱਲੇ ਪਰ ਬਾਅਦ ਵਿਚ ਉਨ੍ਹਾਂ ਨੇ ਯਹੂਦੀ ਧਰਮ ’ਤੇ ਪਾਬੰਦੀ ਲਾ ਦਿੱਤੀ। ਲਗਭਗ 2000 ਸਾਲ ਪਹਿਲਾਂ ਇੱਥੇ ਰੋਮਨ (ਇਟਲੀ) ਬਾਦਸ਼ਾਹਤ ਦਾ ਕਬਜ਼ਾ ਹੋਇਆ ਅਤੇ ਯਹੂਦੀ ਰੋਮਨ ਬਾਦਸ਼ਾਹਤ ਦੇ ਰਜਵਾੜੇ ਬਣੇ। ਬਾਅਦ ਵਿਚ ਯਹੂਦੀਆਂ ਤੇ ਰੋਮਨਾਂ ਦੇ ਯੁੱਧ ਹੋਏ। ਰੋਮਨ ਜੇਤੂ ਹੋਏ ਜਨਿ੍ਹਾਂ ਨੇ ਲੱਖਾਂ ਯਹੂਦੀ ਮਾਰੇ ਤੇ ਹਜ਼ਾਰਾਂ ਕੈਦ ਕੀਤੇ। ਰੋਮਨਾਂ ਨੇ ਯਹੂਦੀਆਂ ਦੇ ਧਰਮ ’ਤੇ ਆਧਾਰਿਤ ਟੈਕਸ ਫਿਸਕਸ ਜੂਡੇਸ਼ੀਅਸ (ਜ਼ਜ਼ੀਆ ਵਰਗਾ ਟੈਕਸ) ਲਗਾਇਆ। ਜਦ ਰੋਮਨ ਬਾਦਸ਼ਾਹਤ ਰੋਮਨ ਕੈਥੋਲਿਕ ਬਾਦਸ਼ਾਹਤ ਬਣੀ ਤਾਂ ਫਲਸਤੀਨ ਵਿਚ ਇਸਾਈ ਵਧੇ ਫੁੱਲੇ ਤੇ ਵੱਡੇ ਗਿਰਜੇ ਬਣੇ। ਉਸ ਸਮੇਂ ਅਰਬੀ ਇਸਾਈ ਬਹੁਗਿਣਤੀ ਵਿਚ ਸਨ। ਛੇਵੀਂ ਸਦੀ ਵਿਚ ਇਸਲਾਮ ਦੇ ਹੋਂਦ ਵਿਚ ਆਉਣ ਤੋਂ ਬਾਅਦ ਏਥੇ ਮੁਸਲਮਾਨ ਬਾਦਸ਼ਾਹਾਂ ਦਾ ਰਾਜ ਹੋਇਆ ਅਤੇ ਇਸਲਾਮ ਨਾਲ ਸਬੰਧਿਤ ਧਾਰਮਿਕ ਅਸਥਾਨ ਬਣੇ।
11ਵੀਂ ਸਦੀ ਵਿਚ ਯੂਰੋਪ ਦੀਆਂ ਇਸਾਈ ਬਾਦਸ਼ਾਹਤਾਂ ਨੇ ਫਲਸਤੀਨ ਤੇ ਯੇਰੂਸ਼ਲਮ ਨੂੰ ਜਿੱਤਣ ਲਈ ਧਾਰਮਿਕ ਮੁਹਿੰਮਾਂ (crusades) ਸ਼ੁਰੂ ਕੀਤੀਆਂ। ਇਹ ਯੁੱਧ 13ਵੀਂ ਸਦੀ ਤੱਕ ਚੱਲੇ। ਉਨ੍ਹਾਂ ਸਮਿਆਂ ਵਿਚ ਯਹੂਦੀ ਤੇ ਮੁਸਲਮਾਨ ਇਕੱਠੇ ਇਸਾਈ ਬਾਦਸ਼ਾਹਤਾਂ ਵਿਰੁੱਧ ਲੜੇ। ਕੁਝ ਦੇਰ ਇਨ੍ਹਾਂ ਇਸਾਈ ਮੁਹਿੰਮਬਾਜ਼ਾਂ (crusaders) ਦਾ ਕੰਟਰੋਲ ਵੀ ਰਿਹਾ; ਉਨ੍ਹਾਂ ਸਮਿਆਂ ਵਿਚ ਇੱਥੇ ਯਹੂਦੀਆਂ ਦੀ ਗਿਣਤੀ ਬਹੁਤ ਘਟ ਗਈ।
ਬਾਅਦ ਵਿਚ ਇੱਥੇ ਫਿਰ ਮੁਸਲਿਮ ਧਰਮ ਨਾਲ ਸਬੰਧਿਤ ਮਿਸਰੀ ਤੇ ਮਮਲੂਕ (ਗ਼ੁਲਾਮ) ਬਾਦਸ਼ਾਹਤਾਂ ਦਾ ਰਾਜ ਰਿਹਾ ਜਨਿ੍ਹਾਂ ਨੇ ਯਹੂਦੀਆਂ ਨੂੰ ਇਸ ਇਲਾਕੇ ਵਿਚ ਰਹਿਣ ਦੀ ਇਜਾਜ਼ਤ ਦਿੱਤੀ। 15ਵੀਂ ਸਦੀ ਵਿਚ ਇਹ ਇਲਾਕਾ ਓਟੋਮਨ (ਤੁਰਕ) ਬਾਦਸ਼ਾਹਤ ਦਾ ਹਿੱਸਾ ਬਣਿਆ। 19ਵੀਂ ਸਦੀ ਵਿਚ ਕੁਝ ਦੇਰ ਲਈ ਇੱਥੇ ਫਿਰ ਮਿਸਰੀਆਂ ਦਾ ਰਾਜ ਹੋਇਆ ਪਰ ਬਾਅਦ ਵਿਚ ਇਹ ਫਿਰ ਓਟੋਮਨ ਬਾਦਸ਼ਾਹਤ ਹੇਠ ਆ ਗਏ। 1914 ਵਿਚ ਪਹਿਲੀ ਆਲਮੀ ਜੰਗ ਸਮੇਂ ਫਲਸਤੀਨ ਓਟੋਮਨ ਬਾਦਸ਼ਾਹਤ ਦਾ ਹਿੱਸਾ ਸੀ; ਜੰਗ ਤੋਂ ਬਾਅਦ ਇੰਗਲੈਂਡ ਦੇ ਕੰਟਰੋਲ ’ਚ ਚਲਾ ਗਿਆ।
ਯੂਰੋਪ ਵਿਚ ਰਹਿੰਦੇ ਯਹੂਦੀਆਂ ਨੂੰ ਕਈ ਸਦੀਆਂ ਵਿਤਕਰਿਆਂ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ’ਤੇ ਜ਼ੁਲਮ ਹੋਏ। 19-20ਵੀਂ ਸਦੀ ਵਿਚ ਇਹ ਵਿਤਕਰੇ ਤੇ ਜਬਰ ਬਹੁਤ ਵਧ ਗਏ। ਉਸ ਸਮੇਂ ਇਹ ਸੋਚ ਪੈਦਾ ਹੋਈ ਕਿ ਯਹੂਦੀਆਂ ਦਾ ਆਪਣਾ ਵਤਨ ਹੋਣਾ ਚਾਹੀਦਾ ਹੈ।
1. 1839 ਵਿਚ ਯਹੂਦੀਆਂ ਨੇ ਮਿਸਰ ਤੋਂ ਫਲਸਤੀਨ ਵਿਚ ਵਸਣ ਦੀ ਇਜਾਜ਼ਤ ਮੰਗੀ। 1880ਵਿਆਂ ਵਿਚ ਯਹੂਦੀਆਂ ਨੇ ਫਲਸਤੀਨ ਵੱਲ ਪਰਵਾਸ ਸ਼ੁਰੂ ਕੀਤਾ।
2. 19ਵੀਂ ਸਦੀ ਦੇ ਆਖਰੀ ਦਹਾਕਿਆਂ ਵਿਚ ਯੂਕਰੇਨ ਤੇ ਰੂਸ ਵਿਚ ਯਹੂਦੀਆਂ ’ਤੇ ਭਿਅੰਕਰ ਜ਼ੁਲਮ ਹੋਏ। ਉਸ ਸਮੇਂ ਯਹੂਦੀਆਂ ਦੀ ਸਭ ਤੋਂ ਵੱਡੀ ਵੱਸੋਂ ਰੂਸੀ ਬਾਦਸ਼ਾਹਤ ਵਿਚ ਸੀ। 1897 ਵਿਚ ਥਿਓਡਨ ਹੈਰਜਾਲ ਨੇ ਪਹਿਲੀ ਜ਼ਾਇਨਇਸਟ ਕਾਂਗਰਸ ਵਿਚ ਯਹੂਦੀਆਂ ਲਈ ਆਪਣਾ ਵਤਨ ਬਣਾਉਣ ਦੀ ਤਜਵੀਜ਼ ਪੇਸ਼ ਕੀਤੀ। 1903 ਵਿਚ ਇੰਗਲੈਂਡ ਨੇ ਤਜਵੀਜ਼ ਪੇਸ਼ ਕੀਤੀ ਕਿ ਯਹੂਦੀਆਂ ਨੁੰ ਯੂਗਾਂਡਾ ਵਿਚ ਵਸਾਇਆ ਜਾਵੇ।
3. 1917 ਵਿਚ ਇੰਗਲੈਂਡ ਨੇ ਫਲਸਤੀਨ ਵਿਚ ‘ਯਹੂਦੀ ਲੋਕਾਂ ਦਾ ਕੌਮੀ ਘਰ (National Home of Jewish People)’ ਬਣਾਉਣ ਦੀ ਤਜਵੀਜ਼ ਰੱਖੀ ਜਿਸ ਵਿਚ ਯਹੂਦੀ ਘੱਟਗਿਣਤੀ ਵਿਚੋਂ ਹੋਣ। ਇੰਗਲੈਂਡ ਦੇ ਤਤਕਾਲੀ ਵਿਦੇਸ਼ ਮੰਤਰੀ ਆਰਥਰ ਬੈਲਫੋਰ ਦੀ ਇਹ ਘੋਸ਼ਣਾ ਬੈਲਫੋਰ ਘੋਸ਼ਣਾ ਨਾਲ ਜਾਣੀ ਜਾਂਦੀ ਤੇ ਆਧੁਨਿਕ ਇਜ਼ਰਾਈਲ ਦੇ ਬਣਾਉਣ ਵਿਚ ਮਹੱਤਵਪੂਰਨ ਮੀਲ ਪੱਥਰ ਮੰਨੀ ਜਾਂਦੀ ਹੈ। ਯਹੂਦੀਆਂ ਦਾ ਫਲਸਤੀਨ ਪਹੁੰਚਣਾ ਤੇਜ਼ ਹੋਇਆ।
4. 1934 : ਸੋਵੀਅਤ ਯੂਨੀਅਨ ਨੇ ਕਰੀਮੀਆ ਤੇ ਯੂਕਰੇਨ ਵਿਚ ਯਹੂਦੀ ਜ਼ਿਲ੍ਹੇ ਬਣਾਏ; ਚੀਨ ਦੀ ਸਰਹੱਦ ਦੇ ਨਜ਼ਦੀਕ ਇਕ ‘ਖ਼ੁਦਮੁਖਤਿਆਰ ਯਹੂਦੀ ਇਲਾਕਾ’ ਬਣਾਇਆ ਜਿਸ ਦੀ ਹੋਂਦ ਅਜੇ ਤਕ ਕਾਇਮ ਹੈ।
5. 1930-40 ਵਿਚ ਇੰਗਲੈਂਡ ਦੀ ਜ਼ਾਇਨਇਸਟ (Zionist) ਕੌਂਸਿਲ ਨੇ ਆਸਟਰੇਲੀਆ ਦੇ ਉੱਤਰ ਪੱਛਮੀ ਇਲਾਕੇ ਕਿੰਬਰਲੇ ਵਿਚ ਵਸਣ ਦੀਆਂ ਵਿਉਂਤਾਂ ਬਣਾਈਆਂ ਪਰ ਆਸਟਰੇਲੀਆ ਸਰਕਾਰ ਸਹਿਮਤ ਨਾ ਹੋਈ। ਇਸੇ ਤਰ੍ਹਾਂ ਇਕ ਵਿਉਂਤ ਆਸਟਰੇਲੀਆ ਦੇ ਤਸਮਾਨੀਆ ਇਲਾਕੇ ਵਿਚ ਵਸਣ ਬਾਰੇ ਬਣਾਈ ਗਈ ਜੋ ਸਫਲ ਨਾ ਹੋਈ।
6. ਕਈ ਹੋਰ ਦੇਸ਼ਾਂ ਜਿਵੇਂ ਇਕੂਆਡੋਰ ਤੇ ਸੂਰੀਨਾਮ ਵਿਚ ਵਸਣ ਦੀਆਂ ਵਿਉਂਤਾਂ ਵੀ ਬਣਾਈਆਂ ਗਈਆਂ।
7. 1948 : 1930-40ਵਿਆਂ ਨਾਜ਼ੀਆਂ ਨੇ ਯੂਰੋਪ ਵਿਚ ਯਹੂਦੀਆਂ ਦੀ ਨਸਲਕੁਸ਼ੀ ਸ਼ੁਰੂ ਕੀਤੀ ਜਿਸ ਵਿਚ 60 ਲੱਖ ਤੋਂ ਜ਼ਿਆਦਾ ਯਹੂਦੀ ਮਾਰੇ ਗਏ। ਯਹੂਦੀ ਵੱਡੀ ਗਿਣਤੀ ਵਿਚ ਫਲਸਤੀਨ ਪਹੁੰਚਣ ਲੱਗੇ। 1922 ਵਿਚ ਫਲਸਤੀਨ ਵਿਚ 89 ਫ਼ੀਸਦੀ ਅਰਬ ਸਨ ਤੇ 11 ਫ਼ੀਸਦੀ ਯਹੂਦੀ। 1948 ਵਿਚ ਯਹੂਦੀਆਂ ਦੀ ਗਿਣਤੀ 31 ਫ਼ੀਸਦੀ ਹੋ ਗਈ। ਆਧੁਨਿਕ ਇਜ਼ਰਾਈਲ ਵਿਚ 74 ਫ਼ੀਸਦੀ ਯਹੂਦੀ ਹਨ ਅਤੇ 21 ਫ਼ੀਸਦੀ ਅਰਬ। ਇਸ ਸਮੇਂ ਸਾਰੀ ਦੁਨੀਆ ਵਿਚ ਯਹੂਦੀਆਂ ਦੀ ਵੱਸੋਂ 1.5 ਤੋਂ 2 ਕਰੋੜ ਹੈ ਜਨਿ੍ਹਾਂ ਵਿਚੋਂ 70 ਲੱਖ ਇਜ਼ਰਾਈਲ ਵਿਚ ਵੱਸਦੇ ਹਨ ਅਤੇ 60 ਲੱਖ ਤੋਂ ਵੱਧ ਅਮਰੀਕਾ ਵਿਚ। ਫਰਾਂਸ, ਕੈਨੇਡਾ, ਇੰਗਲੈਂਡ, ਅਰਜਨਟਾਈਨਾ, ਰੂਸ, ਜਰਮਨੀ, ਆਸਟਰੇਲੀਆ, ਬਰਾਜ਼ੀਲ ਆਦਿ ’ਚ ਵੀ ਯਹੂਦੀ ਵੱਡੀ ਗਿਣਤੀ ਵਿਚ ਹਨ।
ਯਹੂਦੀਆਂ ਨੇ ਜ਼ਮੀਨਾਂ ਖ਼ਰੀਦਣ ਤੋਂ ਲੈ ਕੇ ਫਲਸਤੀਨੀਆਂ ਨੂੰ ਉਜਾੜਨ ਤੱਕ ਹਰ ਹੀਲਾ ਵਰਤ ਕੇ ਲੱਖਾਂ ਲੋਕਾਂ ਨੂੰ ਬੇਘਰ ਕਰ ਦਿੱਤਾ। 1948 ਵਿਚ ਸੰਯੁਕਤ ਰਾਸ਼ਟਰ ਨੇ ਫਲਸਤੀਨ ਨੂੰ ਦੋ ਵੱਖ ਵੱਖ ਆਜ਼ਾਦ ਦੇਸ਼ਾਂ ਇਜ਼ਰਾਈਲ ਤੇ ਫਲਸਤੀਨ ਵਿਚ ਵੰਡਣ ਦਾ ਮਤਾ ਪਾਸ ਕੀਤਾ। ਅਰਬ ਦੇਸ਼ਾਂ ਨੇ ਇਸ ਦਾ ਵਿਰੋਧ ਕੀਤਾ ਜਿਸ ਕਾਰਨ ਅਰਬ ਦੇਸ਼ਾਂ ਅਤੇ ਇਜ਼ਰਾਈਲ ਵਿਚ ਜੰਗ ਹੋਈ ਜਿਸ ਵਿਚ ਇਜ਼ਰਾਈਲ ਜਿੱਤਿਆ। ਇਸ ਜੰਗ ਵਿਚ ਮਿਸਰ ਨੇ ਗਾਜ਼ਾ ’ਤੇ ਅਤੇ ਜਾਰਡਨ ਨੇ ਵੈਸਟ ਬੈਂਕ (ਪੱਛਮੀ ਕਨਿਾਰਾ) ’ਤੇ ਕਬਜ਼ਾ ਕਰ ਲਿਆ। 1968 ਵਿਚ ਹੋਈ ਜੰਗ ਵਿਚ ਇਜ਼ਰਾਈਲ ਨੇ ਪੱਛਮੀ ਬੈਂਕ ਤੇ ਗਾਜ਼ਾ ’ਤੇ ਵੀ ਕਬਜ਼ਾ ਕਰ ਲਿਆ। ਵੈਸਟ ਬੈਂਕ ਨਾਮ ਇਸ ਲਈ ਦਿੱਤਾ ਜਾਂਦਾ ਹੈ ਕਿਉਂਕਿ ਇਹ ਜਾਰਡਨ ਦਰਿਆ ਦੇ ਪੱਛਮੀ ਕਨਿਾਰੇ ’ਤੇ ਸਥਿਤ ਹੈ।

ਫਲਸਤੀਨ ਤੇ ਇਜ਼ਰਾਈਲ

ਆਧੁਨਿਕ ਇਜ਼ਰਾਈਲ (ਜੋ ਪਹਿਲਾਂ ਫਲਸਤੀਨ ਹੀ ਸੀ: ਕੁੱਲ ਇਲਾਕਾ ਲਗਭਗ 22072 ਵਰਗ ਕਿਲੋਮੀਟਰ) ਦੇ ਉੱਤਰ ਵਿਚ ਲਬਿਨਾਨ ਹੈ, ਪੂਰਬ ਵਿਚ ਸੀਰੀਆ ਤੇ ਜਾਰਡਨ, ਦੱਖਣ ਵਿਚ ਮਿਸਰ ਅਤੇ ਪੱਛਮ ਵਿਚ ਭੂਮੱਧ ਸਾਗਰ। ਇਜ਼ਰਾਈਲ 1948 ਵਿਚ ਹੋਂਦ ਵਿਚ ਆਇਆ ਤੇ ਫਲਸਤੀਨ ਦੀ ਹੋਂਦ ਗਾਜ਼ਾ (ਸਿਰਫ਼ 365 ਵਰਗ ਕਿਲੋਮੀਟਰ ਇਲਾਕਾ) ਅਤੇ ਵੈਸਟ ਬੈਂਕ (5655 ਵਰਗ ਕਿਲੋਮੀਟਰ ਇਲਾਕਾ) ਤੱਕ ਮਹਿਦੂਦ ਹੈ। ਇਜ਼ਰਾਈਲ ਪੁਰਾਤਨ ਫਲਸਤੀਨ ਦੇ 77 ਫ਼ੀਸਦੀ ਇਲਾਕੇ ਵਿਚ ਸਥਿਤ ਹੈ। ਗਾਜ਼ਾ ਤੇ ਵੈਸਟ ਬੈਂਕ ਇਲਾਕੇ ਪੁਰਾਣੇ ਫਲਸਤੀਨ ਦਾ 23 ਫ਼ੀਸਦੀ ਹਿੱਸਾ ਹਨ। ਇਨ੍ਹਾਂ ਇਲਾਕਿਆਂ (ਗਾਜ਼ਾ ਤੇ ਵੈਸਟ ਬੈਂਕ) ਵਿਚ ਬਹੁਤ ਹੀ ਸੀਮਤ ਅਧਿਕਾਰਾਂ ਵਾਲੀ ਫਲਸਤੀਨੀ ਅਥਾਰਿਟੀ (ਸਰਕਾਰ ਨਹੀਂ) ਹੈ। ਗਾਜ਼ਾ ਤੇ ਵੈਸਟ ਬੈਂਕ ਦੋਹਾਂ ਵਿਚ ਪਾਣੀ ਦੀ ਵੱਡੀ ਕਮੀ ਹੈ। ਇਜ਼ਰਾਈਲ ਪਾਣੀ ਨੂੰ ਹਥਿਆਰ ਵਜੋਂ ਵਰਤਦਾ ਹੈ।

ਗਾਜ਼ਾ

ਗਾਜ਼ਾ ਸਿਰਫ਼ 365 ਵਰਗ ਕਿਲੋਮੀਟਰ ਦਾ ਇਲਾਕਾ ਹੈ; ਅਸਲ ਵਿਚ ਇਹ 61 ਕਿਲੋਮੀਟਰ ਲੰਮੀ ਤੇ ਔਸਤਨ 8 ਕਿਲੋਮੀਟਰ (6-12 ਕਿਲੋਮੀਟਰ) ਚੌੜੀ ਪੱਟੀ ਹੈ ਜਿਸ ਦੀ ਦੱਖਣੀ ਪੱਛਮੀ ਸਰਹੱਦ ਮਿਸਰ ਨਾਲ ਲੱਗਦੀ ਹੈ ਤੇ ਪੂਰਬੀ ਤੇ ਉੱਤਰੀ ਸਰਹੱਦਾਂ ਇਜ਼ਰਾਈਲ ਨਾਲ; ਪੱਛਮ ਵਿਚ ਭੂਮੱਧ ਸਾਗਰ ਹੈ। ਇੱਥੇ 23 ਲੱਖ ਫਲਸਤੀਨੀ ਰਹਿੰਦੇ ਹਨ ਜਨਿ੍ਹਾਂ ਵਿਚੋਂ 10 ਲੱਖ ਤੋਂ ਜ਼ਿਆਦਾ ਸੰਯੁਕਤ ਰਾਸ਼ਟਰ ਦੁਆਰਾ ਰਜਿਸਟਰਡ ਪਨਾਹਗੀਰ ਹਨ। ਇਸ ਤਰ੍ਹਾਂ ਇੱਥੇ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ ਜਨਿ੍ਹਾਂ ਨੂੰ 1948 ਵਿਚ ਨਵਾਂ ਦੇਸ਼ (ਇਜ਼ਰਾਈਲ) ਬਣਾਉਣ ਵੇਲੇ ਉਜਾੜ ਕੇ ਆਪਣੇ ਘਰਾਂ ’ਚੋਂ ਕੱਢ ਦਿੱਤਾ ਗਿਆ। ਗਾਜ਼ਾ ਦੀ ਵੱਸੋਂ ਦਾ 41 ਫ਼ੀਸਦੀ ਹਿੱਸਾ 14 ਸਾਲ ਦੀ ਉਮਰ ਦੇ ਬੱਚੇ ਹਨ। 2022 ਦੀ ‘ਬੱਚਿਆਂ ਨੂੰ ਬਚਾਓ (Save the Children) ਰਿਪੋਰਟ’ ਅਨੁਸਾਰ 80 ਫ਼ੀਸਦੀ ਬੱਚੇ ਡੂੰਘੇ ਦੁੱਖ, ਡਰ ਤੇ ਘੋਰ ਉਦਾਸੀ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹਨ ਅਤੇ 50 ਫ਼ੀਸਦੀ ਖ਼ੁਦਕੁਸ਼ੀ ਦੀਆਂ ਸੋਚਾਂ ਵਿਚ ਗ੍ਰਸਤ।

ਯੇਰੂਸ਼ਲਮ, ਪੰਜਾਬ ਤੇ ਭਾਰਤ

ਇਹ ਪੁਰਾਤਨ ਸ਼ਹਿਰ ਯਹੂਦੀਆਂ, ਇਸਾਈਆਂ ਅਤੇ ਮੁਸਲਮਾਨਾਂ ਦਾ ਪਵਿੱਤਰ ਧਾਰਮਿਕ ਅਸਥਾਨ ਹੈ। ਇੱਥੇ ਯਹੂਦੀਆਂ ਦੇ ਪੁਰਾਤਨ ਮੰਦਰ ਹਨ ਤੇ ਯਹੂਦੀ ਰਵਾਇਤ ਅਨੁਸਾਰ ਪੈਗੰਬਰ ਦਾਊਦ ਨੇ ਇੱਥੇ ਇਜ਼ਰਾਈਲ ਦੀ ਬਾਦਸ਼ਾਹਤ ਕਾਇਮ ਕੀਤੀ: ਇੱਥੇ ਹਜ਼ਰਤ ਈਸਾ ਮਸੀਹ ਦਾ ਸ਼ਹੀਦੀ ਸਥਾਨ ਹੈ; ਇਸਲਾਮੀ ਰਵਾਇਤ ਅਨੁਸਾਰ ਇੱਥੋਂ ਹੀ ਪੈਗੰਬਰ ਹਜ਼ਰਤ ਮੁਹੰਮਦ ਬਹਿਸ਼ਤ ਵਿਚ ਗਏ।
ਪੰਜਾਬ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ 13ਵੀਂ ਸਦੀ ਦੇ ਸ਼ੁਰੂ ਵਿਚ ਕੁਝ ਸਮੇਂ ਲਈ ਯੇਰੂਸ਼ਲਮ ਵਿਚ ਰਹੇ। 1948 ਤੋਂ ਪਹਿਲਾਂ ਭਾਰਤ ਦੇ ਮੁਸਲਮਾਨ ਹੱਜ ਨੂੰ ਜਾਂਦੇ ਸਮੇਂ ਇੱਥੇ ਰੁਕਦੇ ਤੇ ਸ਼ੇਖ ਫ਼ਰੀਦ ਦੇ ਸਰਾਂ/ਸਰਾਏ ਸਥਾਨ ’ਤੇ ਦੁਆ ਮੰਗਦੇ। ਇਸ ਨੂੰ ਅੱਲ ਹਿੰਦ ਸਰਾਂ/ਸਰਾਏ ਕਿਹਾ ਜਾਂਦਾ ਹੈ। 1967 ਵਿਚ ਇਜ਼ਰਾਈਲ ਨੇ ਯੇਰੂਸ਼ਲਮ ’ਤੇ ਕਬਜ਼ਾ ਕਰ ਲਿਆ। ਸ਼ੇਖ ਫ਼ਰੀਦ ਦੇ ਸਥਾਨ ’ਤੇ ਵੀ ਰਾਕਟ ਵੱਜੇ। ਮੰਨਿਆ ਜਾਂਦਾ ਹੈ ਕਿ ਸ਼ੇਖ ਫ਼ਰੀਦ ਜੀ ਨੇ ਇੱਥੇ 40 ਦਿਨ ਦਾ ਚਿੱਲਾ ਕੱਟਿਆ, ਤਪੱਸਿਆ ਕੀਤੀ ਤੇ ਫਿਰ ਪੰਜਾਬ ਪਰਤ ਗਏ ਸਨ। ਫ਼ਰੀਦ ਜੀ ਦੀ ਇਹ ਸਤਰ, ‘‘ਫਰੀਦਾ ਇਨੀ ਨਿਕੀ ਜੰਘੀਐ ਥਲ ਡੂਗਰ ਭਵਿਓਮਿ।।’’ (ਭਾਵ ‘ਹੇ ਫ਼ਰੀਦ ਇਨ੍ਹਾਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਮੈਂ ਥਲ ਤੇ ਪਹਾੜ ਗਾਹੇ ਹਨ)’ ਸ਼ਾਇਦ ਅਜਿਹੀ ਲੰਮੀ ਯਾਤਰਾ ਦੇ ਅਨੁਭਵ ’ਚੋਂ ਹੀ ਉਗਮਿਆ ਹੈ। ਫ਼ਰੀਦ ਜੀ ਦੇ ਸਥਾਨ ਨੂੰ ਅੱਲ ਹਿੰਦ ਸਰਾਂ/ਸਰਾਏ (Indian Hospice) ਕਿਹਾ ਜਾਂਦਾ ਹੈ। ਬੀਬੀਸੀ ਦੇ ਪੱਤਰਕਾਰ ਡੇਨੀਅਲ ਸਿਲਾਸ ਐਡਮਸਨ ਅਨੁਸਾਰ 17ਵੀਂ ਸਦੀ ਵਿਚ ਯੇਰੂਸ਼ਲਮ ਵਿਚ 70 ਸੂਫ਼ੀ ਸਰਾਵਾਂ ਸਨ; 1923 ਵਿਚ ਇਸ ਸ਼ਹਿਰ ਤੋਂ ਇਕ ਵਫ਼ਦ ਨੇ ਭਾਰਤ ਦਾ ਦੌਰਾ ਕੀਤਾ ਅਤੇ ਸ਼ੇਖ ਫ਼ਰੀਦ ਦੀ ਸਰਾਂ/ਸਥਾਨ ਦੀ ਮੁਰੰਮਤ ਲਈ ਪੈਸੇ ਇਕੱਠੇ ਕੀਤੇ; 1924 ਵਿਚ ਸਹਾਰਨਪੁਰ ਤੋਂ ਨਜ਼ੀਰ ਹਸਨ ਅਨਸਾਰੀ ਉੱਥੇ ਪਹੁੰਚਿਆ ਤੇ ਉਸ ਨੇ ਉਸ ਅੱਲ ਹਿੰਦ ਸਰਾਂ ਨੂੰ ਸੰਭਾਲਿਆ। ਉਸ ਦੀ ਔਲਾਦ ਅਜੇ ਵੀ ਉੱਥੇ ਰਹਿੰਦੀ ਹੈ। ਨਵਤੇਜ ਸਰਨਾ ਨੇ ਇਸ ਬਾਰੇ ਕਿਤਾਬ ‘Indians at Herod’s Gate’ ਲਿਖੀ ਹੈ।
- ਪੰਜਾਬੀ ਟ੍ਰਿਬਿਊਨ ਫੀਚਰ

Advertisement
Author Image

sukhwinder singh

View all posts

Advertisement