ਨਾ ਚਿੱਠੀ ਨਾ ਕੋਈ ਸੰਦੇਸ਼...
ਕੁਲਦੀਪ ਸਿੰਘ ਸਾਹਿਲ
ਯੇ ਦੌਲਤ ਭੀ ਲੇ ਲੋ, ਯੇ ਸ਼ੋਹਰਤ ਭੀ ਲੇ ਲੋ,
ਭਲੇ ਛੀਨ ਲੋ ਮੁਝਸੇ ਮੇਰੀ ਜਵਾਨੀ
ਮਗਰ ਮੁਝਕੋ ਲੌਟਾ ਦੋ ਬਚਪਨ ਕਾ ਸਾਵਨ
ਵੋ ਕਾਗਜ਼ ਕੀ ਕਸ਼ਤੀ, ਵੋ ਬਾਰਿਸ਼ ਕਾ ਪਾਨੀ
ਜਦੋਂ ਵੀ ਜਗਜੀਤ ਸਿੰਘ ਦੀ ਗ਼ਜ਼ਲ ਦੀਆਂ ਇਹ ਲਾਈਨਾਂ ਸੁਣਦੇ ਹਾਂ ਤਾਂ ਬਚਪਨ ਨਾਲ ਜੁੜੀਆਂ ਯਾਦਾਂ ਫਿਰ ਤੋਂ ਤਾਜ਼ਾ ਹੋ ਜਾਂਦੀਆਂ ਹਨ। ਗ਼ਜ਼ਲ ਨੂੰ ਸੁਣਨ ਅਤੇ ਪਿਆਰ ਕਰਨ ਵਾਲੇ ਜਾਣਦੇ ਹਨ ਕਿ ਇਹ ਵੀ ਰੂਹ ਦੀ ਖੁਰਾਕ ਹੈ। ਕਹਿੰਦੇ ਹਨ ਕਿ ਗ਼ਜ਼ਲ ਅਰਬੀ ਸ਼ਾਇਰੀ ਦਾ ਇੱਕ ਹਿੱਸਾ ਸੀ, ਬਾਅਦ ਵਿੱਚ ਇਹ ਇਰਾਨ ਤੋਂ ਹੁੰਦੀ ਹੋਈ ਭਾਰਤ ਪਹੁੰਚੀ ਅਤੇ ਫ਼ਾਰਸੀ ਅਤੇ ਉਰਦੂ ਸ਼ਾਇਰੀ ਵਿੱਚ ਰਚਮਿਚ ਗਈ। ਭਾਰਤ ਵਿੱਚ ਵੀ ਗ਼ਜ਼ਲ ਗਾਉਣ ਵਾਲੇ ਬਹੁਤ ਸਾਰੇ ਗਾਇਕ ਹੋਏ ਹਨ, ਪਰ ਗ਼ਜ਼ਲ ਗਾਇਕ ਵਜੋਂ ਜੋ ਪਛਾਣ ਜਗਜੀਤ ਸਿੰਘ ਨੇ ਬਣਾਈ ਹੈ ਅਤੇ ਜੋ ਸ਼ੁਹਰਤ ਉਸ ਨੇ ਖੱਟੀ ਹੈ ਸ਼ਾਇਦ ਹੀ ਕਿਸੇ ਹੋਰ ਗਾਇਕ ਦੇ ਹਿੱਸੇ ਆਈ ਹੋਵੇ। ਇਹੋ ਜਿਹੀਆਂ ਸ਼ਖ਼ਸੀਅਤਾਂ ਹਮੇਸ਼ਾ ਆਪਣੇ ਹੁਨਰ, ਇਬਾਦਤ ਜਾਂ ਕਿਸੇ ਖੇਤਰ ਵਿੱਚ ਅਜੋਕੇ ਯੋਗਦਾਨ ਕਰਕੇ ਉਸ ਯੁੱਗ ਦੀ ਪਛਾਣ ਬਣ ਕੇ ਅਮਰ ਹੋ ਜਾਂਦੀਆਂ ਹਨ। ਭਾਰਤੀ ਸੰਗੀਤ ਅਤੇ ਗ਼ਜ਼ਲ ਗਾਇਕੀ ਦੇ ਸਿਤਾਰੇ ਜਗਜੀਤ ਸਿੰਘ ਨੂੰ ਵੀ ਆਪਣੀ ਕਲਾ ਦੀ ਅਮਿਟ ਛਾਪ ਛੱਡਣ ਕਾਰਨ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਇੱਕ ਯੁੱਗ ਪੁਰਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈੇ। ਰਹਿੰਦੀ ਦੁਨੀਆ ਤੱਕ ਉਸ ਦੀ ਆਵਾਜ਼ ਸਰੋਤਿਆਂ ਦੇ ਦਿਲਾਂ ’ਤੇ ਦਸਤਕ ਦਿੰਦੀ ਰਹੇਗੀ।
8 ਫਰਵਰੀ 1941 ਨੂੰ ਰਾਜਸਥਾਨ ਦੇ ਸ੍ਰੀਗੰਗਾਨਗਰ ਵਿਖੇ ਮਾਤਾ ਬਚਨ ਕੌਰ ਅਤੇ ਪਿਤਾ ਅਮਰ ਸਿੰਘ ਦੇ ਘਰ ਪੈਦਾ ਹੋਏ ਜਗਜੀਤ ਸਿੰਘ ਦਾ ਪਾਲਣ ਪੋਸ਼ਣ ਸੰਪੂਰਨ ਪੰਜਾਬੀ ਢੰਗ ਨਾਲ ਹੋਇਆ ਸੀ। ਉਸ ਦੇ ਪਿਤਾ ਨੇ ਕਰਾਚੀ ਤੋਂ ਸਿਵਲ ਇੰਜਨੀਅਰਿੰਗ ਦਾ ਡਿਪਲੋਮਾ ਕੀਤਾ ਅਤੇ ਸ੍ਰੀਗੰਗਾਨਗਰ (ਰਾਜਸਥਾਨ) ਦੀ ਰਿਆਸਤ ਵਿੱਚ ਨੌਕਰੀ ਕੀਤੀ। ਪਿਤਾ ਨੇ ਸਾਰੇ ਭੈਣ ਭਰਾਵਾਂ ਨੂੰ ਸੰਗੀਤਕ ਮਾਹੌਲ ਦਿੱਤਾ। ਵੱਡੇ ਭਰਾ ਜਸਵੰਤ ਸਿੰਘ, ਜਗਜੀਤ ਸਿੰਘ ਅਤੇ ਭੈਣਾਂ ਨੇ ਬਾਕਾਇਦਾ ਗੁਰਬਾਣੀ ਸੰਗੀਤ ਦੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਇਸ ਸੰਗੀਤਕ ਸਿੱਖਿਆ ਵਿੱਚ ਸਭ ਤੋਂ ਵੱਧ ਤਵੱਜੋ ਜਗਜੀਤ ਸਿੰਘ ਨੂੰ ਮਿਲੀ। ਉਸ ਨੇ ਲਗਭਗ ਦੋ ਸਾਲ ਪੰਡਤ ਸਾਗੁਨ ਚੰਦ ਜੋਸ਼ੀ ਕੋਲੋਂ ਭਾਰਤੀ ਸ਼ਾਸਤਰੀ ਸੰਗੀਤ ਸਿੱਖਿਆ ਅਤੇ ਫਿਰ ਉਸਤਾਦ ਜਮਾਲ ਖ਼ਾਨ ਤੋਂ ਧਰੁਪਦ, ਧਮਾਰ, ਸ਼ਾਸਤਰੀ ਤੇ ਸੁਗਮ ਸੰਗੀਤ ਵਿੱਚ ਪਰਿਪੱਕਤਾ ਹਾਸਲ ਕੀਤੀ। ਉਨ੍ਹਾਂ ਨੇ ਪੂਰੇ 12 ਸਾਲ ਜਗਜੀਤ ਸਿੰਘ ਤੋਂ ਬਹੁਤ ਮਿਹਨਤ ਕਰਵਾਈ।
ਜਗਜੀਤ ਸਿੰਘ ਦੇ ਗਾਇਕ ਬਣਨ ਵਿੱਚ ਉਨ੍ਹਾਂ ਦੇ ਵੱਡੇ ਭਰਾ ਜਸਵੰਤ ਸਿੰਘ ਦਾ ਬਹੁਤ ਯੋਗਦਾਨ ਰਿਹਾ ਹੈ। ਦੱਸਦੇ ਹਨ ਕਿ ਜਗਜੀਤ ਹੋਣਹਾਰ ਵਿਦਿਆਰਥੀ ਸੀ ਤੇ ਇੰਟਰ ਸਾਇੰਸ ਦੀ ਪ੍ਰੀਖਿਆ ਵਿੱਚ ਖ਼ਾਲਸਾ ਕਾਲਜ ਅਤੇ ਸ੍ਰੀਗੰਗਾਨਗਰ ਜ਼ਿਲ੍ਹੇ ਵਿੱਚੋਂ ਅੱਵਲ ਰਿਹਾ ਸੀ। ਜਸਵੰਤ ਸਿੰਘ ਨੇ ਆਪਣੇ ਭਰਾ ਜਗਜੀਤ ਨੂੰ ਡੀਵੀਏ ਕਾਲਜ ਜਲੰਧਰ ਵਿਖੇ ਦਾਖ਼ਲ ਕਰਵਾਇਆ ਤਾਂ ਕਿ ਉਸ ਦੀ ਕਲਾ ਹੋਰ ਉੱਭਰ ਸਕੇ। ਇੱਥੇ ਉਸ ਨੇ ਉਸਤਾਦ ਸੋਹਨ ਸਿੰਘ ਤੋਂ ਸੰਗੀਤ ਸਿੱਖਿਆ ਅਤੇ ਯੁਵਕ ਮੇਲਿਆਂ ਵਿੱਚ ਮੱਲਾਂ ਮਾਰਨ ਤੋਂ ਇਲਾਵਾ ਆਲ ਇੰਡੀਆ ਰੇਡੀਓ ਜਲੰਧਰ ਤੋਂ ਪ੍ਰੋਗਰਾਮ ਵੀ ਪੇਸ਼ ਕੀਤੇ। ਗ੍ਰੈਜੂਏਸ਼ਨ ਮਗਰੋਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੂਰਜ ਭਾਨ ਨੇ ਉਸ ਦਾ ਦਾਖ਼ਲਾ ਐੱਮਏ ਹਿਸਟਰੀ ਵਿੱਚ ਕਰਵਾ ਲਿਆ। ਜਗਜੀਤ ਨੇ ਦੋ ਸਾਲ ਵਿੱਚ ਆਪਣੀ ਯੂਨੀਵਰਸਿਟੀ ਲਈ ਅਨੇਕਾਂ ਮੈਡਲ ਤੇ ਟਰਾਫੀਆਂ ਜਿੱਤੀਆਂ। ਪਰਿਵਾਰ ਦੀ ਇੱਛਾ ਸੀ ਕਿ ਜਗਜੀਤ ਸਿੰਘ ਆਈਏਐੱਸ ਅਫ਼ਸਰ ਬਣੇ, ਪਰ ਉਸ ਦੇ ਅੰਦਰ ਬੈਠੇ ਕਲਾਕਾਰ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇੱਕ ਵਾਰੀ ਜਦੋਂ ਫਿਲਮ ਅਦਾਕਾਰ ਓਮ ਪ੍ਰਕਾਸ਼ ਨੇ ਜਗਜੀਤ ਸਿੰਘ ਨੂੰ ਊਟੀ ਵਿਖੇ ਸੁਣਿਆ ਤਾਂ ਉਸ ਨੇ ਉਸ ਦੀ ਕਲਾ ਨੂੰ ਪਛਾਣ ਲਿਆ ਅਤੇ ਉਸ ਨੂੰ 1963 ਵਿੱਚ ਬੰਬਈ ਬੁਲਾ ਲਿਆ। ਇੱਥੇ ਉਸ ਨੇ ਜਗਜੀਤ ਸਿੰਘ ਨੂੰ ਕਈ ਸੰਗੀਤਕਾਰਾਂ ਨਾਲ ਮਿਲਵਾਇਆ, ਪਰ ਉੱਥੇ ਉਨ੍ਹਾਂ ਨੇ ਉਸ ਦੇ ਪੈਰ ਨਹੀਂ ਲੱਗਣ ਦਿੱਤੇ। ਇਸ ਦੇ ਬਾਵਜੂਦ ਉਹ ਲਗਾਤਾਰ ਮਿਹਨਤ ਕਰਦਾ ਰਿਹਾ। ਇਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਸਾਲ 1991 ਵਿੱਚ ਕਾਰ ਹਾਦਸੇ ਵਿੱਚ ਆਪਣੇ ਬੇਟੇ ਵਿਵੇਕ ਦੀ ਮੌਤ ਤੋਂ ਬਾਅਦ ਜਗਜੀਤ ਅਤੇ ਚਿਤਰਾ ਸਿੰਘ ਅੰਦਰੋਂ ਟੁੱਟ ਚੁੱਕੇ ਸਨ। ਉਸ ਸਮੇਂ ਵਿਵੇਕ ਦੀ ਉਮਰ ਸਿਰਫ਼ 21 ਸਾਲ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਚਿਤਰਾ ਨੇ ਗਾਇਕੀ ਤੋਂ ਸੰਨਿਆਸ ਲੈ ਲਿਆ। ਜਗਜੀਤ ਸਿੰਘ ਵੀ ਸਦਮੇ ਕਾਰਨ ਕੁਝ ਸਮਾਂ ਗਾਇਕੀ ਤੋਂ ਦੂਰ ਰਿਹਾ। ਉਂਜ, ਉਸ ਨੂੰ ਹਮੇਸ਼ਾ ਗਾਇਕੀ ਵਿੱਚ ਹੀ ਸਕੂਨ ਮਿਲਦਾ ਸੀ। ਗ਼ਜ਼ਲ ਗਾਇਕੀ ਵਿੱਚ ਪਾਏ ਨਵੇਂ ਪੂਰਨਿਆਂ ਸਦਕਾ 1998 ਵਿੱਚ ਉਸ ਨੂੰ ਸਾਹਿਤ ਅਕਾਦਮੀ ਐਵਾਰਡ ਮਿਲਿਆ। 2003 ਵਿੱਚ ਉਸ ਨੂੰ ਭਾਰਤ ਸਰਕਾਰ ਦੁਆਰਾ ਪਦਮ ਭੂਸ਼ਣ ਦਿੱਤਾ ਗਿਆ। 2006 ਵਿੱਚ ਟੀਚਰਜ਼ ਲਾਈਫਟਾਈਮ ਅਚੀਵਮੈਂਟ ਐਵਾਰਡ ਮਿਲਿਆ। ਉਸ ਦੀਆਂ ਕੁਝ ਗ਼ਜ਼ਲਾਂ ਬਹੁਤ ਮਕਬੂਲ ਹੋਈਆਂ ਜਿਨ੍ਹਾਂ ਵਿੱਚੋਂ ‘ਹੋਠੋਂ ਸੇ ਛੂਹ ਲੋ ਤੁਮ’, ‘ਵੋ ਕਾਗਜ਼ ਕੀ ਕਸ਼ਤੀ’, ‘ਚਿੱਠੀ ਨਾ ਕੋਈ ਸੰਦੇਸ਼’, ‘ਯੇ ਦੌਲਤ ਭੀ ਲੇ ਲੋ’, ‘ਤੁਮ ਕੋ ਦੇਖਾ ਤੋ ਯੇ ਖਿਆਲ ਆਇਆ’, ‘ਝੁਕੀ ਝੁਕੀ ਸੀ ਨਜ਼ਰ’, ‘ਤੁਮ ਇਤਨਾ ਜੋ ਮੁਸਕਰਾ ਰਹੇ ਹੋ’ ਆਦਿ।
ਉਸ ਨੇ ਪੰਜਾਬੀ ਗੀਤ ਵੀ ਗਾਏ ਜਿਨ੍ਹਾਂ ਵਿੱਚੋਂ ‘ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ’, ‘ਚੁੱਲ੍ਹੇ ਅੱਗ ਨਾ ਘੜੇ ਦੇ ਵਿੱਚ ਪਾਣੀ, ਛੜਿਆਂ ਦੀ ਜੂਨ ਬੂਰੀ’, ‘ਰੱਬਾ ਸਾਡੀ ਵੀ ਬਣਾਦੇ ਕੋਈ ਰਾਣੀ’ ਆਦਿ ਗਾ ਕੇ ਮਕਬੂਲੀਅਤ ਹਾਸਲ ਕੀਤੀ। 23 ਸਤੰਬਰ 2011 ਨੂੰ ਗੁਲਾਮ ਅਲੀ ਨਾਲ ਇੱਕ ਸੰਗੀਤ ਸਮਾਰੋਹ ਤੋਂ ਪਹਿਲਾਂ ਜਗਜੀਤ ਸਿੰਘ ਨੂੰ ਬ੍ਰੇਨ ਹੈਮਰੇਜ ਹੋ ਗਿਆ ਸੀ। 10 ਅਕਤੂਬਰ 2011 ਨੂੰ ਗ਼ਜ਼ਲ ਸਮਰਾਟ ਜਗਜੀਤ ਸਿੰਘ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਿਆ। ਉਸ ਨੂੰ ਮਰਨ ਉਪਰੰਤ ਰਾਜਸਥਾਨ ਦੀ ਸਰਕਾਰ ਵੱਲੋਂ ‘ਰਾਜਸਥਾਨ ਰਤਨ 2013’ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਰਾਜਸਥਾਨ ਦਾ ਸਭ ਤੋਂ ਉੱਚਾ ਨਾਗਰਿਕ ਪੁਰਸਕਾਰ ਹੈ।
ਅੱਜ ਵੀ ਉਸ ਦੇ ਸਰੋਤੇ ਉਸ ਦੀ ਇਹ ਗ਼ਜ਼ਲ ਗੁਣਗੁਣਾ ਕੇ ਉਸ ਨੂੰ ਯਾਦ ਕਰਦੇ ਹਨ;
ਨਾ ਚਿੱਠੀ ਨਾ ਕੋਈ ਸੰਦੇਸ਼
ਜਾਨੇ ਵੋ ਕੌਨਸਾ ਦੇਸ਼
ਜਹਾਂ ਤੁਮ ਚਲੇ ਗਏ
ਜਹਾਂ ਤੁਮ ਚਲੇ ਗਏ।
ਸੰਪਰਕ: 88376-46099