ਪਰਵਾਸ ਸਮੱਸਿਆ ਤਾਂ ਨਹੀਂ
ਐਡਵੋਕੇਟ ਦਰਸ਼ਨ ਸਿੰਘ ਰਿਆੜ
ਪਰਵਾਸ ਯਾਨੀ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਕੰਮਕਾਰ ਜਾਂ ਵਧੀਆ ਸਹੂਲਤਾਂ ਲਈ ਆਪਣਾ ਤੇ ਬੱਚਿਆਂ ਦਾ ਭਵਿੱਖ ਸੁਧਾਰਨ ਦੀ ਮਨਸ਼ਾ ਨਾਲ ਜਾ ਕੇ ਵੱਸ ਜਾਣ ਨੂੰ ਕਹਿੰਦੇ ਹਨ। ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਸਗੋਂ ਜਦੋਂ ਤੋਂ ਇਸ ਧਰਤੀ ’ਤੇ ਮਨੁੱਖ ਦਾ ਵਾਸਾ ਹੋਇਆ ਹੈ ਪਰਵਾਸ ਵੀ ਨਾਲ ਹੀ ਸ਼ੁਰੂ ਹੋ ਗਿਆ ਸੀ। ਤਬਦੀਲੀ ਕੁਦਰਤ ਦਾ ਇੱਕ ਨਿਯਮ ਹੈ ਅਤੇ ਇਹ ਹਮੇਸ਼ਾਂ ਚੰਗੇ ਨਤੀਜੇ ਦਿੰਦੀ ਹੈ। ਜੇ ਜ਼ਿੰਦਗੀ ਵਿੱਚ ਤਬਦੀਲੀ ਨਾ ਹੋਵੇ ਤਾਂ ਬਹੁਤ ਸਾਰੇ ਖੇਤਰਾਂ ਵਿੱਚ ਖੜੋਤ ਆ ਜਾਵੇਗੀ। ਖੜੋਤ ਦੇ ਨਤੀਜੇ ਤਾਂ ਸਦਾ ਹੀ ਮਾੜੇ ਹੁੰਦੇ ਹਨ। ਆਪਾਂ ਸਾਰੇ ਹੀ ਜਾਣਦੇ ਹਾਂ ਕਿ ਪਾਣੀ ਜ਼ਿੰਦਗੀ ਦਾ ਮੁੱਖ ਸਰੋਤ ਹੈ ਪਰ ਇਹ ਚੱਲਦਾ ਹੀ ਸਾਫ਼ ਰਹਿੰਦਾ ਹੈ। ਇੱਕ ਥਾਂ ’ਤੇ ਖੜ੍ਹਾ ਰਹਿਣ ਨਾਲ ਇਹ ਵੀ ਮੁਸ਼ਕ ਮਾਰਨ ਲੱਗ ਜਾਂਦਾ ਹੈ। ਛੱਪੜਾਂ ਤੇ ਝੀਲਾਂ ਦਾ ਪਾਣੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ। ਇਸ ਸੱਚਾਈ ਤੋਂ ਇਹੀ ਨਤੀਜਾ ਨਿਕਲਦਾ ਹੈ ਕਿ ਤਬਦੀਲੀ ਕੁਦਰਤ ਦਾ ਜ਼ਰੂਰੀ ਨਿਯਮ ਹੈ।
ਸਮਾਂ ਮਨੁੱਖ ਨੂੰ ਕਈ ਤਰ੍ਹਾਂ ਦੇ ਰੰਗ ਦਿਖਾਉਂਦਾ ਰਹਿੰਦਾ ਹੈ। ਚੰਗੇ-ਮਾੜੇ ਦਿਨ, ਕਦੇ ਮੰਦੇ ਵਾਲੀਆਂ ਹਾਲਤਾਂ ਕਦੇ ਅਕਾਲ ਤੇ ਭੁੱਖਮਰੀ। ਅੱਜਕੱਲ੍ਹ ਤਾਂ ਹਾਲਤ ਬਹੁਤ ਸੁਧਰ ਗਏ ਹਨ ਪਰ ਜਦੋਂ ਖੇਤੀਬਾੜੀ ਪੁਰਾਤਨ ਤਰੀਕੇ ਨਾਲ ਹੁੰਦੀ ਸੀ ਅਤੇ ਸਿੰਚਾਈ ਦੀਆਂ ਸਹੂਲਤਾਂ ਵੀ ਨਹੀਂ ਹੁੰਦੀਆਂ ਸਨ ਤਾਂ ਸਭ ਕੁਝ ਮੀਂਹ ਦੇ ਪਾਣੀ ਉੱਪਰ ਹੀ ਨਿਰਭਰ ਕਰਦਾ ਹੁੰਦਾ ਸੀ। ਜੇ ਵਰਖਾ ਸਮੇਂ ਸਿਰ ਹੋ ਜਾਂਦੀ ਸੀ ਤਾਂ ਫ਼ਸਲਾਂ ਵੀ ਵਧੀਆ ਹੋ ਜਾਂਦੀਆਂ ਸਨ। ਜੇ ਲੋੜ ਅਨੁਸਾਰ ਮੀਂਹ ਨਹੀਂ ਪੈਂਦੇ ਸਨ ਤਾਂ ਫ਼ਸਲਾਂ ਦਾ ਝਾੜ ਬਹੁਤ ਘੱਟ ਹੁੰਦਾ ਸੀ ਤੇ ਰਾਜਸਥਾਨ ਵਰਗੇ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਕਾਲ ਪੈ ਜਾਂਦਾ ਸੀ। ਕਈ ਵਾਰ 1970 ਤੋਂ ਪਹਿਲੇ ਸਾਲਾਂ ਵਿੱਚ ਸਾਨੂੰ ਅਨਾਜ ਅਮਰੀਕਾ ਵਰਗੇ ਦੇਸ਼ਾਂ ਤੋਂ ਖ਼ਰੀਦਣਾ ਪਿਆ ਸੀ। ਕਦੇ ਪੀ-ਐੱਲ 480 ਸਕੀਮ ਅਧੀਨ ਸ਼ਰਤਾਂ ਨਾਲ ਅਨਾਜ ਮਿਲਦਾ ਸੀ ਪਰ ਮਜਬੂਰੀ ਕਾਰਨ ਸਭ ਕੁਝ ਕਰਨਾ ਹੀ ਪੈਂਦਾ ਹੈ। ਫਿਰ ਹਰੀ ਕ੍ਰਾਂਤੀ ਆਈ। ਨਵੀਆਂ ਤਕਨੀਕਾਂ, ਨਵੇਂ ਬੀਜ, ਨਵੀਆਂ ਰਸਾਇਣਿਕ ਖਾਦਾਂ ਤੇ ਕਈ ਕੁਝ ਹੋਰ। ਫਿਰ ਇਕੱਲੇ ਪੰਜਾਬ ਨੇ ਹੀ ਭਾਰਤ ਦੇ ਅੰਨ ਭੰਡਾਰ ਭਰਨ ਵਿੱਚ ਮੁਹਰਲੀ ਕਤਾਰ ਵਿੱਚ ਖੜ੍ਹ ਕੇ ਜ਼ਿੰਮੇਵਾਰੀ ਨਿਭਾਈ। ਇਹ ਵੀ ਤਾਂ ਇੱਕ ਤਬਦੀਲੀ ਹੀ ਸੀ। ਇਸ ਨਾਲ ਅਸੀਂ ਅਨਾਜ ਦੀ ਪੈਦਾਵਾਰ ਵਿੱਚ ਆਤਮ ਨਿਰਭਰ ਹੋ ਗਏ ਤੇ ਦੂਜੇ ਦੇਸ਼ਾਂ ਅੱਗੇ ਠੂਠਾ ਫੜਨ ਤੋਂ ਵੀ ਛੁਟਕਾਰਾ ਹੋ ਗਿਆ।
ਉਦੋਂ ਤੋਂ ਲੈ ਕੇ ਹੁਣ ਤੱਕ ਨਵੀਆਂ ਤਕਨੀਕਾਂ ਅਪਣਾ ਕੇ ਅਸੀਂ ਲਗਾਤਾਰ ਅਨਾਜ ਦੀ ਪੈਦਾਵਾਰ ਵਿੱਚ ਵਾਧਾ ਕਰਦੇ ਆ ਰਹੇ ਹਾਂ ਜੋ ਸਾਨੂੰ ਆਪਣੀ ਤੇਜ਼ੀ ਨਾਲ ਤੇ ਬੇਲੋੜੀ ਵਧ ਰਹੀ ਆਬਾਦੀ ਦਾ ਢਿੱਡ ਭਰਨ ਦੇ ਯੋਗ ਬਣਾ ਰਹੀਆਂ ਹਨ। ਹੁਣ ਇਕੱਲਾ ਪੰਜਾਬ ਹੀ ਦੇਸ਼ ਦੇ ਅੰਨ ਭੰਡਾਰ ਨਹੀਂ ਭਰਦਾ ਸਗੋਂ ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਰਗੇ ਰਾਜ ਵੀ ਵੱਡਾ ਹਿੱਸਾ ਪਾਉਣ ਲੱਗ ਗਏ ਹਨ। ਉਦੋਂ ਢਿੱਡ ਭਰਨ ਦੀ ਹੀ ਵੱਡੀ ਚਿੰਤਾ ਹੁੰਦੀ ਸੀ ਪਰ ਹੁਣ ਕੁਆਲਿਟੀ ਦਾ ਦੌਰ ਪੈਦਾ ਹੋ ਗਿਆ ਹੈ। ਹੁਣ ਡਾਕਟਰਾਂ ਦੀਆਂ ਹਦਾਇਤਾਂ ਅਨੁਸਾਰ ਰਸਾਇਣਿਕ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਤੋਂ ਬਿਨਾਂ ਪੈਦਾ ਕੀਤੇ ਆਰਗੈਨਿਕ ਅਨਾਜ ਦੀ ਮੰਗ ਵਧੇਰੇ ਪ੍ਰਬਲ ਹੋ ਗਈ ਹੈ। ਹੁਣ ਜਦੋਂ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦੀ ਭੂਮੀ ਭਾੜੇ ਖੋਰੀ ਹੋ ਗਈ ਹੈ ਤਾਂ ਇੱਥੇ ਪੈਦਾ ਕੀਤੇ ਅਨਾਜ ਦੀ ਸ਼ੁੱਧਤਾ ’ਤੇ ਪ੍ਰਸ਼ਨ ਚਿੰਨ੍ਹ ਲੱਗਣ ਲੱਗ ਗਏ ਹਨ।
ਜਿਵੇਂ ਜਿਵੇਂ ਧਰਤੀ ਹੇਠਲਾ ਪਾਣੀ ਮੁੱਕਦਾ ਜਾ ਰਿਹਾ ਹੈ ਤਿਵੇਂ ਤਿਵੇਂ ਕਿਸਾਨਾਂ ਨੂੰ ਫ਼ਸਲੀ ਚੱਕਰ ਬਦਲਣ ਦੀਆਂ ਹਦਾਇਤਾਂ ਜਾਰੀ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇਹ ਵੀ ਵੱਡੀ ਤਬਦੀਲੀ ਦਾ ਸੰਕੇਤ ਹੈ ਅਤੇ ਤਬਦੀਲੀ ਕਿਸੇ ਨਾ ਕਿਸੇ ਤਰੀਕੇ ਨਾਲ ਪਰਵਾਸ ਨੂੰ ਵੀ ਉਤਸ਼ਾਹਿਤ ਜ਼ਰੂਰ ਕਰਦੀ ਹੈ। ਪੁਰਾਤਨ ਸਮਿਆਂ ਤੋਂ ਹੀ ਹਿਊਨ ਸਾਂਗ ਵਰਗੇ ਚੀਨੀ ਯਾਤਰੀ ਵਾਸਕੋ ਡੀ ਗਾਮਾ, ਕੋਲੰਬਸ ਆਦਿ ਅਜਿਹੀਆਂ ਸ਼ਖ਼ਸੀਅਤਾਂ ਸਨ ਜਿਨ੍ਹਾਂ ਨੇ ਦੂਜੇ ਦੇਸ਼ਾਂ ਵਿੱਚ ਯਾਤਰਾ ਕਰਕੇ ਉੱਥੋਂ ਦੇ ਰਹਿਣ ਸਹਿਣ ਦੇ ਢੰਗ ਤਰੀਕੇ ਵੇਖੇ, ਪਰਖੇ ਤੇ ਅਪਣਾਏ। ਇਹ ਸਾਰਾ ਕੁਝ ਪਰਵਾਸ ਦਾ ਹੀ ਨਤੀਜਾ ਸੀ। ਹੁਣ ਤਾਂ ਉਂਜ ਵੀ ਵਿਸ਼ਵ ਇੱਕ ਗਲੋਬਲ ਪਿੰਡ ਬਣ ਗਿਆ ਹੈ। ਸਾਰੇ ਦੇਸ਼ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਦੂਜੇ ’ਤੇ ਨਿਰਭਰ ਕਰਨ ਲੱਗੇ ਹਨ। ਹੁਣ ਤਾਂ ਪਰਵਾਸ ਤੋਂ ਬਿਨਾਂ ਮਨੁੱਖੀ ਜ਼ਿੰਦਗੀ ਅਧੂਰੀ ਜਿਹੀ ਹੋ ਗਈ ਹੈ।
ਗੁਰੂ ਨਾਨਕ ਦੇਵ ਜੀ ਨੇ ਤਾਂ ਪਰਵਾਸ ਦਾ ਸੰਕੇਤ ਪੰਜ ਸੌ ਸਾਲ ਤੋਂ ਵੀ ਪਹਿਲਾਂ ਆਪਣੀ ਬਾਣੀ ਵਿੱਚ ਦੇ ਦਿੱਤਾ ਸੀ ਜਦੋਂ ਉਨ੍ਹਾਂ ਨੇ ਕਿਹਾ ਸੀ:
ਨਕਿ ਨਥ ਖਸਮ ਹਥ ਕਿਰਤੁ ਧਕੇ ਦੇਹ।।
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੈ
ਇਸ ਲਈ ਪਰਵਾਸ ਦਾ ਵਰਤਾਰਾ ਨਾ ਤਾਂ ਮਾੜਾ ਹੈ ਤੇ ਨਾ ਹੀ ਇਸ ਦਾ ਕੋਈ ਬਦਲ ਹੈ। ਲੋੜ ਹੈ ਸਮਝਦਾਰੀ ਤੇ ਸਿਆਣਪ ਦੀ ਤਾਂ ਜੋ ਇਹ ਭੇਡ ਚਾਲ ਦਾ ਸ਼ਿਕਾਰ ਨਾ ਹੋ ਜਾਵੇ। ਮਨੁੱਖ ਦੀ ਇੱਕ ਖ਼ੂਬੀ ਹੈ ਕਿ ਇਹ ਸੁਭਾਅ ਤੋਂ ਹੀ ਨਕਲਚੀ ਹੈ। ਸ਼ਾਇਦ ਇਹ ਮਨੁੱਖ ਦੇ ਵੱਡੇ ਵਡੇਰੇ ਬਾਂਦਰਾਂ ਦੀ ਆਦਤ ਹੈ ਜਾਂ ਕੋਈ ਹੋਰ ਪ੍ਰਵਿਰਤੀ? ਡਾਰਵਿਨ ਦੇ ਸਿਧਾਂਤ ਅਨੁਸਾਰ ਮਨੁੱਖ ਦਾ ਵਿਕਾਸ ਬਾਂਦਰਾਂ ਤੋਂ ਹੋਇਆ ਦੱਸਿਆ ਜਾਂਦਾ ਹੈ। ਇੰਜ ਲਾਲਚ ਅਤੇ ਨਕਲ ਕਰਨਾ ਮਨੁੱਖ ਦੇ ਸੁਭਾਅ ਦਾ ਹਿੱਸਾ ਬਣ ਗਿਆ ਹੈ। ਇਹੀ ਕਾਰਨ ਹੈ ਕਿ ਜੇ ਇੱਕ ਕਿਸਾਨ ਆਲੂ ਬੀਜ ਦੇਵੇ ਤੇ ਚੰਗਾ ਮੁਨਾਫ਼ਾ ਕਮਾ ਲਵੇ ਤਾਂ ਦੇਖਾ ਦੇਖੀ ਸਾਰੇ ਹੀ ਆਲੂ ਬੀਜਣ ਲੱਗ ਜਾਂਦੇ ਹਨ। ਫਿਰ ਜਦੋਂ ਬਹੁਤਾਤ ਹੋ ਜਾਵੇ ਤਾਂ ਮੰਡੀਕਰਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਫਿਰ ਮਜਬੂਰੀ ਤੇ ਗੁੱਸੇ ਵਜੋਂ ਕਿਸਾਨ ਆਲੂ ਸੜਕਾਂ ’ਤੇ ਸੁੱਟਣ ਲੱਗ ਪੈਂਦੇ ਹਨ। ਇੰਜ ਹੀ ਸਫੈਦੇ, ਪਾਪੂਲਰ ਅਤੇ ਸੂਰਜ ਮੁਖੀ ਦੀ ਕਾਸ਼ਤ ਕਰਨ ਵਿੱਚ ਹੋਇਆ ਸੀ। ਇੱਥੇ ਸਿਆਣਪ ਅਤੇ ਬੁੱਧੀ ਦੀ ਵੀ ਲੋੜ ਪੈਂਦੀ ਹੈ। ਗੁਆਂਢੀਆਂ ਦੀ ਰੀਸ ਜਾਂ ਈਰਖਾ ਕਰਨ ਨਾਲ ਗੱਲ ਨਹੀਂ ਬਣਦੀ। ਇਹ ਪ੍ਰਬੰਧ ਕਰਨਾ ਸਰਕਾਰਾਂ ਦਾ ਵੀ ਕੰਮ ਹੈ। ਉਹ ਇਨ੍ਹਾਂ ਕੰਮਾਂ ਲਈ ਹੀ ਚੁਣੀਆਂ ਜਾਂਦੀਆਂ ਹਨ, ਚੌਧਰ ਕਰਨ ਲਈ ਨਹੀਂ?
ਦੂਜੇ ਪਾਸੇ ਸਾਡੇ ਸਮਾਜ ਵਿੱਚ ਤਾਂ ‘ਤਾਏ ਦੀ ਧੀ ਚੱਲੀ ਤਾਂ ਮੈਂ ਕਿਉਂ ਰਹਾਂ ਇਕੱਲੀ’ ਮੁਹਾਵਰਾ ਇੰਨਾ ਜ਼ਿਆਦਾ ਪ੍ਰਭਾਵੀ ਹੋ ਚੁੱਕਾ ਹੈ ਕਿ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਲੋਕ ਹਰ ਹੀਲਾ ਵਰਤਦੇ ਹਨ। ਰੀਸ ਦੀ ਇਸ ਭਾਵਨਾ ਨੇ ਸਾਡੇ ਸਮਾਜ ਦੇ ਰਿਸ਼ਤੇ ਕਲੰਕਿਤ ਅਤੇ ਤਾਰ ਤਾਰ ਕਰ ਦਿੱਤੇ ਹਨ। ਪੁੱਠੇ ਰਿਸ਼ਤੇ ਨਾਤੇ ਗੰਢ ਕੇ, ਸੱਚੇ ਝੂਠੇ ਨਰੜ ਜੋੜ ਕੇ ਨਿਯਮਾਂ ਨੂੰ ਆਪਣੇ ਸਵਾਰਥ ਲਈ ਵਰਤਣ ਲਈ ਹਰ ਹੀਲਾ ਵਰਤ ਕੇ ਸਾਡੇ ਸਮਾਜ ਦੇ ਲੋਕਾਂ ਨੇ ਮਨ ਭਾਉਂਦੇ ਪੱਛਮੀ ਦੇਸ਼ਾਂ ਵਿੱਚ ਪਰਵਾਸ ਨੂੰ ਤਰਜੀਹ ਦਿੱਤੀ ਹੈ। ਸੌਦੇਬਾਜ਼ੀ ਦੇ ਰੂਪ ਵਿੱਚ ਵਿਆਹਾਂ ਨੂੰ ਆਧਾਰ ਬਣਾ ਕੇ ਵੀ ਲੋਕਾਂ ਨੇ ਪਰਵਾਸ ਦੀ ਦੁਰਵਰਤੋਂ ਕੀਤੀ ਹੈ। ਚਲਾਕ ਲਾੜੇ-ਲਾੜੀਆਂ ਦੇ ਵਤੀਰੇ ਦਾ ਸੰਤਾਪ ਵੀ ਕਾਫ਼ੀ ਪਰਿਵਾਰਾਂ ਨੂੰ ਪਰਵਾਸ ਦੀ ਦੁਰਵਰਤੋਂ ਕਾਰਨ ਝੱਲਣਾ ਪਿਆ ਹੈ। ਬਹੁਤੇ ਕੇਸਾਂ ਵਿੱਚ ਏਜੰਟਾਂ ਦੇ ਚੁੰਗਲ ਦੇ ਸ਼ਿਕਾਰ ਪਰਵਾਸ ਦੀ ਆੜ ਵਿੱਚ ਅੱਧ ਵਿਚਕਾਰ ਭਟਕਦੇ ਵੀ ਰਹਿ ਗਏ ਹਨ। ਉਹ ਵਿਚਾਰੇ ਨਾ ਆਰ ਦੇ ਰਹੇ ਨਾ ਪਾਰ ਹੀ ਜਾ ਸਕੇ। ਏਜੰਟਾਂ ਨੇ ਜ਼ਰੂਰ ਪਰਵਾਸ ਦੇ ਸਾਧਨ ਰਾਹੀਂ ਚੋਖੀ ਕਮਾਈ ਕੀਤੀ ਹੈ। ਹੁਣ ਵੀ ਭਾਵੇਂ ਪੱਛਮੀ ਦੇਸ਼ਾਂ ਵਿੱਚ ਮੰਦੇ ਦਾ ਦੌਰ ਚੱਲ ਰਿਹਾ ਹੈ ਤੇ ਅਣਸੁਖਾਵੇਂ ਹਾਲਾਤ ਦੀਆਂ ਵੀਡੀਓ’ਜ਼ ਵੀ ਵਾਇਰਲ ਹੋ ਰਹੀਆਂ ਹਨ ਫਿਰ ਵੀ ਸਾਡੇ ਦੇਸ਼ ਦੇ ਨੌਜਵਾਨਾਂ ਦੀ ਪਹਿਲ ਪੱਛਮੀ ਦੇਸ਼ ਹੀ ਹਨ।
ਪਰਵਾਸ ਨਾ ਤਾਂ ਪਹਿਲਾਂ ਕਦੇ ਮਾੜਾ ਸੀ ਤੇ ਨਾ ਹੀ ਹੁਣ ਮਾੜਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਸਾਇੰਸ ਦੇ ਗੁਣ ਤੇ ਦੋਸ਼ ਗਿਣੇ ਜਾਂਦੇ ਹਨ। ਇਹ ਸਭ ਕੁਝ ਸਾਡੀ ਸੋਚ ਅਤੇ ਬੁੱਧੀ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਪਰਵਾਸ ਨੂੰ ਤਰਜੀਹ ਕਿਸ ਆਧਾਰ ’ਤੇ ਦਿੰਦੇ ਹਾਂ? ਜੇਕਰ ਅਸੀਂ ਪਰਵਾਸ ਗੁਆਂਢੀਆਂ ਦੀ ਰੀਸ, ਲਾਲਚ ਅਤੇ ਈਰਖਾ ਨਾਲ ਕਰ ਰਹੇ ਹਾਂ ਅਤੇ ਆਪਣੀ ਵਿੱਦਿਅਕ ਜਾਂ ਬੌਧਿਕ ਯੋਗਤਾ ਨੂੰ ਅੱਖੋਂ ਪਰੋਖੇ ਕਰਕੇ ਇਹ ਲਾਹਾ ਲੈਣਾ ਚਾਹੁੰਦੇ ਹਾਂ ਤਾਂ ਪਰਵਾਸ ਨੁਕਸਾਨਦੇਹ ਹੋ ਸਕਦਾ ਹੈ। ਜੇ ਅਸੀਂ ਪੂਰੀ ਵਿੱਦਿਅਕ ਯੋਗਤਾ ਅਤੇ ਵਧੀਆ ਤੇ ਯੋਗ ਉਚੇਰੀ ਵਿਦਿਆ ਜਾਂ ਕਾਰੋਬਾਰ ਦੇ ਆਧਾਰ ’ਤੇ ਪਰਵਾਸ ਕਰਨਾ ਚਾਹੁੰਦੇ ਹਾਂ ਤਾਂ ਇਹ ਸੋਨੇ ’ਤੇ ਸੁਹਾਗਾ ਹੈ ਪਰ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਦੂਜੇ ਦੇਸ਼ ਵਿੱਚ ਜਾ ਕੇ ਉੱਥੇ ਦਾ ਸਿਸਟਮ ਸਮਝਣ ਤੇ ਉਸ ਅਨੁਸਾਰ ਆਪਣੇ ਆਪ ਨੂੰ ਢਾਲਣ ਲਈ ਮੁਸ਼ਕਲਾਂ ਤਾਂ ਆਉਂਦੀਆਂ ਹੀ ਹਨ। ਸਬਰ, ਸੰਤੋਖ ਅਤੇ ਸਹਿਣਸ਼ੀਲਤਾ ਬੜੀ ਜ਼ਰੂਰੀ ਹੈ। ਪਰਵਾਸ ਵਿੱਚ ਸਫਲ ਹੋਣ ਤੇ ਤਰੱਕੀ ਕਰਨ ਲਈ ਲਾਲਚ, ਝੂਠ, ਫਰੇਬ ਤੇ ਲਾਲਚੀ ਏਜੰਟਾਂ ਦੇ ਚੁੰਗਲ ਤੋਂ ਬਚ ਕੇ ਸਮਝਦਾਰੀ ਨਾਲ ਪਰਵਾਸ ਕਰੀਏ ਤਾਂ ਸ਼ਿਕਾਇਤ ਦੇ ਮੌਕੇ ਘੱਟ ਹੀ ਆਉਂਦੇ ਹਨ।
ਚੰਗੇ ਤੇ ਮਾੜੇ ਅਨਸਰ ਹਰ ਥਾਂ ਹਰ ਦੇਸ਼ ਵਿੱਚ ਹੁੰਦੇ ਹਨ। ਜੇ ਸੁੱਖ ਸਹੂਲਤਾਂ ਵਧੀਆਂ ਹਨ ਤਾਂ ਮੁਸ਼ਕਲਾਂ ਨੂੰ ਵੀ ਦਰ ਕਿਨਾਰ ਨਹੀਂ ਕੀਤਾ ਜਾ ਸਕਦਾ? ਕਿਉਂਕਿ ਜਿੱਥੇ ਫੁੱਲ ਹੁੰਦੇ ਹਨ ਕੰਡੇ ਵੀ ਉੱਥੇ ਹੀ ਹੁੰਦੇ ਹਨ। ਸਾਡੇ ਹੱਥ ਕਿਹੋ ਜਿਹੇ ਹਨ ਤੇ ਸਾਡੀ ਸੋਚ ਕਿਹੋ ਜਿਹੀ ਹੈ ਇਸ ’ਤੇ ਬਹੁਤ ਕੁਝ ਨਿਰਭਰ ਕਰਦਾ ਹੈ। ਦੂਜਿਆਂ ਨੂੰ ਦੋਸ਼ ਦੇਣ ਨਾਲੋਂ ਜੇ ਆਪਣਾ ਘਰ ਸੁਧਾਰਿਆ ਜਾਵੇ ਤਾਂ ਮੁਸ਼ਕਲਾਂ ਤੋਂ ਬਚਿਆ ਜਾ ਸਕਦਾ ਹੈ। ਜੇ ਆਪਾਂ ਸੁਚੱਜੇ ਤੇ ਪੜ੍ਹੇ ਲਿਖੇ ਸਿਆਣੇ ਲੋਕਾਂ ਦੀ ਚੋਣ ਆਪਣੇ ਨੁਮਾਇੰਦਿਆਂ ਵਜੋਂ ਕਰੀਏ ਤੇ ਸੁਚੱਜੀਆਂ ਸਰਕਾਰਾਂ ਬਣਾਈਏ ਤਾਂ ਮੁਸ਼ਕਲਾਂ ਪੈਦਾ ਹੀ ਨਾ ਹੋਣਾ। ਜੇ ਅਸੀਂ ਵੋਟ ਦੀ ਵਰਤੋਂ ਲਾਲਚ ਮੂਹਰੇ ਰੱਖ ਕੇ ਕਰਾਂਗੇ ਤਾਂ ਸੁਚੱਜੀ ਸਰਕਾਰ ਦੀ ਕਦੇ ਵੀ ਆਸ ਨਹੀਂ ਰੱਖ ਸਕਦੇ। ਆਪਣੀ ਸੋਚ ਬਦਲਾਂਗੇ ਤਾਂ ਸਭ ਕੁਝ ਬਦਲ ਜਾਵੇਗਾ, ਨਾ ਬਦਲੀ ਤਾਂ ਮੁਫ਼ਤ ਚੀਜ਼ਾਂ ਦੇ ਲਾਲਚ ਆਸਰੇ ਹੀ ਜ਼ਿੰਦਗੀ ਬਿਤਾਉਣ ਨੂੰ ਮਜਬੂਰ ਹੋਣਾ ਪਵੇਗਾ। ਜੇ ਦੇਸ਼ ਵਿੱਚ ਹੀ ਡਿਗਰੀਆਂ ਅਤੇ ਯੋਗਤਾ ਨੂੰ ਆਧਾਰ ਮੰਨ ਕੇ ਨੌਕਰੀਆਂ ਮਿਲਣ ਲੱਗ ਜਾਣ ਜਾਂ ਰੁਜ਼ਗਾਰ ਦੇ ਮੌਕੇ ਆਪ ਪੈਦਾ ਕਰ ਸਕਣ ਦੀਆਂ ਸਹੂਲਤਾਂ ਉਪਲੱਬਧ ਹੋਣ ਤਾਂ ਕੋਈ ਰੁਜ਼ਗਾਰ ਲਈ ਪਰਵਾਸ ਨਹੀਂ ਕਰਦਾ। ਸੈਰ ਸਪਾਟੇ ਲਈ ਭਾਵੇਂ ਲੱਖ ਵਾਰ ਘੁੰਮੇ। ਜੋ ਸੁੱਖ ਛੱਜੂ ਦੇ ਚੁਬਾਰੇ ਉਹ ਨਾ ਬਲਖ ਨਾ ਬੁਖਾਰੇ ਪਰ ਜਦੋਂ ਡਿਗਰੀਆਂ ਹਾਸਲ ਕਰਨ ਬਾਅਦ ਵੀ ਰੁਜ਼ਗਾਰ ਲਈ ਤਰਸਣਾ ਪਵੇ, ਏਨੀ ਮਹਿੰਗਾਈ ਵਿੱਚ ਵੀ ਪੰਜ-ਛੇ ਹਜ਼ਾਰ ਜਾਂ ਦਸ ਹਜ਼ਾਰ ਰੁਪਏ ਮਹੀਨਾ ਵਾਲੀਆਂ ਨੌਕਰੀਆਂ ਹੀ ਮਿਲਣ ਤਾਂ ਫਿਰ ਪਰਵਾਸ ਤੋਂ ਬਿਨਾਂ ਹੋਰ ਕਿਹੜਾ ਰਾਹ ਬਚਦਾ ਹੈ।
ਰੁਜ਼ਗਾਰ ਲਈ ਪਰਵਾਸ ਜਾਂ ਵਧੀਆ ਸੁੱਖ ਸਹੂਲਤਾਂ ਲੈਣ ਲਈ ਪਰਵਾਸ ਕਰਨ ਸਮੇਂ ਮੁੱਖ ਕੋਸ਼ਿਸ਼ਾਂ ਚੰਗੀ ਅਕਾਦਮਿਕ ਯੋਗਤਾ ਤੋਂ ਬਾਅਦ ਕੀਤੀਆਂ ਜਾਣ ਤਾਂ ਸਨਮਾਨਜਨਕ ਰੁਜ਼ਗਾਰ ਵੀ ਮਿਲ ਜਾਂਦਾ ਹੈ ਤੇ ਭਟਕਣਾ ਵੀ ਨਹੀਂ ਪੈਂਦਾ। ਹਾਂ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਪੱਛਮੀ ਵਿਕਸਤ ਦੇਸ਼ਾਂ ਵਿੱਚ ਕੰਮ ਦੀ ਕਦਰ ਹੈ। ਵਿਹਲੇ ਰਹਿ ਕਿ ਉੱਥੇ ਐਸ਼ ਨਹੀਂ ਹੁੰਦੀ। ਪਰਵਾਸ ਓਹੀ ਲੋਕ ਕਰਨ ਜੋ ਕੰਮ ਦੀ ਕਦਰ ਕਰਦੇ ਹਨ ਤੇ ਕੰਮ ਕਰਨਾ ਵੀ ਚਾਹੁੰਦੇ ਹਨ। ਸਾਡੇ ਨੌਜਵਾਨ ਵਰਗ ਵਿੱਚ ਇੱਥੇ ਆਮ ਧਾਰਨਾ ਬਣੀ ਹੋਈ ਹੈ ਕਿ ਆਪਣੇ ਦੇਸ਼ ਵਿੱਚ ਉਨ੍ਹਾਂ ਨੂੰ ਹੱਥੀਂ ਕੰਮ ਕਰਨਾ ਚੰਗਾ ਨਹੀਂ ਲੱਗਦਾ ਤੇ ਬਾਹਰ ਜਾ ਕੇ ਉਹ ਘਟੀਆ ਤੋਂ ਘਟੀਆ ਕੰਮ ਵੀ ਖ਼ੁਸ਼ੀ ਨਾਲ ਕਰ ਲੈਂਦੇ ਹਨ। ਜਦੋਂ ਕਿ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ। ਬੰਦੇ ਦੀ ਸੋਚ ਕਿਸ ਤਰ੍ਹਾਂ ਦੀ ਹੈ, ਸਭ ਕੁਝ ਉਸ ’ਤੇ ਨਿਰਭਰ ਕਰਦਾ ਹੈ। ਬਾਹਰਲੇ ਦੇਸ਼ਾਂ ਵਿੱਚ ਕੰਮ ਤੋਂ ਬਾਅਦ ਸਭ ਬਰਾਬਰ ਹੀ ਸਮਝੇ ਜਾਂਦੇ ਹਨ ਜਦੋਂ ਕਿ ਸਾਡੇ ਦੇਸ਼ ਵਿੱਚ ਤਾਂ ਕੰਮਾਂ ਦੇ ਟੈਗ ਨਾਲ ਜੁੜ ਜਾਂਦੇ ਹਨ।
ਸਾਡੇ ਦੇਸ਼ ਵਿੱਚ ਜਾਤ ਪ੍ਰਥਾ ਫੈਲਣ ਦਾ ਇਹੀ ਕਾਰਨ ਸੀ। ਬਾਅਦ ਵਿੱਚ ਇਸ ਨੂੰ ਊਚ-ਨੀਚ ਅਤੇ ਛੂਤ-ਛਾਤ ਨਾਲ ਜੋੜ ਦਿੱਤਾ ਗਿਆ। ਜਦੋਂ ਕਿ ਪਰਮਾਤਮਾ ਨੇ ਕੋਈ ਜਾਤ ਪਾਤ ਜਾਂ ਊਚ-ਨੀਚ ਪੈਦਾ ਨਹੀਂ ਕੀਤੀ ਅਤੇ ਨਾ ਹੀ ਅਜਿਹਾ ਕੋਈ ਵਰਗੀਕਰਨ ਕੀਤਾ ਹੈ। ਇਹ ਮਨੁੱਖ ਹੀ ਹੈ ਜਿਸ ਨੇ ਸਭ ਕਾਸੇ ਦੀਆਂ ਵੰਡੀਆਂ ਪਾਈਆਂ ਹਨ। ਮਨੁੱਖ ਨੇ ਤਾਂ ਧਰਮਾਂ ਦੇ ਆਧਾਰ ’ਤੇ ਵੀ ਵੰਡੀਆਂ ਪਾ ਦਿੱਤੀਆਂ ਹਨ। ਉਹ ਧਰਮ ਜੇ ਮਨੁੱਖ ਨੂੰ ਨੈਤਿਕ ਸਮਝ ਤੇ ਅਨੁਸ਼ਾਸਨ ਸਿਖਾਉਣ ਦੇ ਮੰਤਵ ਨਾਲ ਬਣੇ ਸਨ, ਮਨੁੱਖ ਨੇ ਦੂਰੀਆਂ ਪੈਦਾ ਕਰਨ ਲਈ ਵਰਤਣੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਕੋਈ ਧਰਮ ਵਖਰੇਵੇਂ ਦੀ ਸਿੱਖਿਆ ਨਹੀਂ ਦਿੰਦਾ। ਇਸ ਲਈ ਪਰਵਾਸ ਨੂੰ ਬੁਰਾ ਭਲਾ ਕਹਿਣ ਦੀ ਥਾਂ ਆਪਣੀ ਸੋਚ ਬਦਲ ਕੇ ਇਸ ਨੂੰ ਸਰਬੱਤ ਦੇ ਭਲੇ ਅਨੁਸਾਰ ਢਾਲਣ ਦੀ ਲੋੜ ਹੈ।
ਸੰਪਰਕ: 93163-11677