ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਪਣੇ ਨਾਇਕਾਂ ਦੇ ਸਨਮਾਨ ’ਚ ਕੇਹੀ ਝਿਜਕ

06:19 AM Sep 26, 2023 IST

ਰਾਮਚੰਦਰ ਗੁਹਾ

ਮਾਰਚ 1974 ਵਿੱਚ ਜਦੋਂ ਮੈਂ ਆਪਣੇ ਸੋਲਵ੍ਹੇਂ ਸਾਲ ਵਿੱਚ ਦਾਖਲ ਹੋਣ ਵਾਲਾ ਸੀ ਤਾਂ ਪਹਿਲੀ ਵਾਰ ਬੰਗਲੌਰ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਕ੍ਰਿਕਟ ਮੈਚ ਦੇਖਣ ਗਿਆ ਸਾਂ। ਉਸ ਤੋਂ ਬਾਅਦ ਹੁਣ ਤੱਕ ਉੱਥੇ ਕਲੱਬਾਂ, ਸੂਬਿਆਂ ਅਤੇ ਦੇਸ਼ਾਂ ਵਿਚਕਾਰ ਬੇਸ਼ੁਮਾਰ ਮੈਚ ਦੇਖ ਚੁੱਕਿਆ ਹਾਂ। ਬਿਨਾਂ ਸ਼ੱਕ ਇਹ ਦੇਸ਼ ਦਾ ਸਭ ਤੋਂ ਖੂਬਸੂਰਤ ਜਾਂ ਸਭ ਤੋਂ ਵੱਧ ਸੁਵਿਧਾਵਾਂ ਵਾਲਾ ਸਟੇਡੀਅਮ ਤਾਂ ਨਹੀਂ ਹੈ, ਪਰ ਇਹ ਇੱਕ ਅਜਿਹਾ ਮੈਦਾਨ ਜ਼ਰੂਰ ਹੈ ਜੋ ਮੈਨੂੰ ਕ੍ਰਿਕਟ ਮੈਚ ਦੇਖਣ ਲਈ ਸਭ ਤੋਂ ਵੱਧ ਪਸੰਦ ਹੈ।
ਇਸ ਸਟੇਡੀਅਮ ਦਾ ਨਾਂ ਉਸ ਸ਼ਖ਼ਸ ਦੇ ਨਾਂ ’ਤੇ ਰੱਖਿਆ ਗਿਆ ਸੀ ਜਿਸ ਨੇ ਇਸ ਦੇ ਨਿਰਮਾਣ ਵਿੱਚ ਅਹਿਮ ਯੋਗਦਾਨ ਪਾਇਆ ਸੀ। ਪੇਸ਼ੇ ਵਜੋਂ ਵਕੀਲ ਐੱਮ ਚਿੰਨਾਸਵਾਮੀ ਇੱਕ ਆਪਣੀ ਕਿਸਮ ਦੇ ਕ੍ਰਿਕਟ ਪ੍ਰਸ਼ਾਸਕ ਸਨ। ਉਹ ਭ੍ਰਿਸ਼ਟਾਚਾਰ ਅਤੇ ਕੁਨਬਾਪ੍ਰਵਰੀ ਤੋਂ ਪਾਕ ਸਾਫ਼ ਰਹੇ। ਉਹ ਕ੍ਰਿਕਟ ਦੀ ਖੇਡ ਅਤੇ ਖ਼ਾਸਕਰ ਕਰਨਾਟਕ ਕ੍ਰਿਕਟ ਦੇ ਕਾਜ਼ ਦੇ ਸ਼ੈਦਾਈ ਸਨ। 1960ਵਿਆਂ ਦੇ ਸ਼ੁਰੂ ਵਿੱਚ ਜਦੋਂ ਕਰਨਾਟਕ ਨੂੰ ਮੈਸੂਰ ਆਖਿਆ ਜਾਂਦਾ ਸੀ, ਉਦੋਂ ਤੋਂ ਭਾਰਤੀ ਟੀਮ ਲਈ ਲਗਾਤਾਰ ਕ੍ਰਿਕਟਰ ਭੇਜੇ ਜਾਂਦੇ ਰਹੇ ਸਨ। ਉਂਝ, ਤਾਮਿਲ ਨਾਡੂ, ਬੰੰਬਈ, ਦਿੱਲੀ ਅਤੇ ਪੱਛਮੀ ਬੰਗਾਲ ਜਿਹੀਆਂ ਰਣਜੀ ਦੀਆਂ ਮਜ਼ਬੂਤ ਟੀਮਾਂ ਵਾਂਗ ਇਸ ਕੋਲ ਆਪਣਾ ਕਹਿਣ ਲਈ ਕੋਈ ਮੈਦਾਨ ਨਹੀਂ ਸੀ ਅਤੇ ਟੀਮ ਬੰਗਲੌਰ ਦੇ ਸੈਂਟਰਲ ਕਾਲਜ ਦੇ ਮੈਦਾਨ ’ਤੇ ਆਪਣੇ ਘਰੇਲੂ ਮੈਚ ਖੇਡਦੀ ਹੁੰਦੀ ਸੀ। ਚਿੰਨਾਸਵਾਮੀ ਨੇ ਇਕੱਲਿਆਂ ਹੀ ਸਥਿਤੀ ਬਦਲਣ ਦਾ ਬੀੜਾ ਚੁੱਕ ਲਿਆ। ਪਹਿਲਾਂ ਉਨ੍ਹਾਂ ਸਰਕਾਰ ਤੋਂ ਸ਼ਹਿਰ ਦੇ ਧੁਰ ਅੰਦਰ ਜ਼ਮੀਨ ਪੱਟੇ ’ਤੇ ਲੈ ਲਈ ਜੋ ਅਜੇ ਤੱਕ ਮੈਸੂਰ ਸਟੇਟ ਕ੍ਰਿਕਟ ਐਸੋਸੀਏਸ਼ਨ ਦੇ ਨਾਂ ’ਤੇ ਹੈ ਜਿਸ ਦੇ ਕਿ ਉਹ ਸਕੱਤਰ ਸਨ। ਐਸੋਸੀਏਸ਼ਨ ਨੇ ਚਿੰਨਾਸਵਾਮੀ ਦੀ ਅਗਵਾਈ ਹੇਠ ਸਟੇਡੀਅਮ ਦੇ ਨਿਰਮਾਣ ਲਈ ਇੱਕ ਆਰਕੀਟੈਕਟ ਅਤੇ ਠੇਕੇਦਾਰ ਰੱਖ ਲਏ। ਚਿੰਨਾਸਵਾਮੀ ਦਾ ਅਸਰ ਸੀ ਕਿ ਇਸ ਕੰਮ ’ਤੇ ਭ੍ਰਿਸ਼ਟਾਚਾਰ ਦਾ ਕੋਈ ਪਰਛਾਵਾਂ ਨਾ ਪਿਆ।
ਗੁਜਰਾਤ ਸਟੇਟ ਕ੍ਰਿਕਟ ਐਸੋਸੀਏਸ਼ਨ ਨੂੰ ਘਰੇਲੂ ਮੈਦਾਨ ਦਾ ਨਾਂ ਨਰਿੰਦਰ ਮੋਦੀ ਦੇ ਨਾਂ ’ਤੇ ਰੱਖਣ ਕਰ ਕੇ ਕਾਫ਼ੀ ਖੁਨਾਮੀ ਖੱਟਣੀ ਪਈ। ਦੂਜੇ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਦੇ ਘਰੇਲੂ ਮੈਦਾਨ ਦਾ ਨਾਂ ਬਿਲਕੁਲ ਸਹੀ ਢੰਗ ਨਾਲ ਐੱਮ ਚਿੰਨਾਸਵਾਮੀ ਦੇ ਨਾਂ ’ਤੇ ਰੱਖਿਆ ਗਿਆ। ਹਾਲਾਂਕਿ ਇਹ ਬਹੁਤ ਹੈਰਾਨੀ ਤੇ ਮਾਯੂਸੀ ਦੀ ਗੱਲ ਹੈ ਕਿ ਮੈਦਾਨ ਦੇ ਵੱਖ ਵੱਖ ਸਟੈਂਡਾਂ ਦੇ ਨਾਂ ਸੂਬੇ ਦੇ ਮਹਾਨ ਕ੍ਰਿਕਟਰਾਂ ਦੇ ਨਾਂ ’ਤੇ ਨਹੀਂ ਰੱਖੇ ਗਏ। ਬੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਸਚਿਨ ਤੇਂਦੁਲਕਰ, ਸੁਨੀਲ ਗਾਵਸਕਰ, ਵਿਜੈ ਮਰਚੈਂਟ ਅਤੇ ਵੀਨੂੰ ਮਾਂਕੜ ਦੇ ਨਾਵਾਂ ’ਤੇ ਸਟੈਂਡਾਂ ਦੇ ਨਾਂ ਰੱਖੇ ਗਏ ਹਨ। ਦਿੱਲੀ ਵਿੱਚ ਫਿਰੋਜ਼ਸ਼ਾਹ ਕੋਟਲਾ ਮੈਦਾਨ ਦਾ ਨਾਂ ਅਫ਼ਸੋਸ ਨਾਲ ਇੱਕ ਸਿਆਸਤਦਾਨ ਦੇ ਨਾਂ ’ਤੇ ਰੱਖਿਆ ਗਿਆ ਹੈ, ਪਰ ਉਸ ਦੇ ਸਟੈਂਡ ਵੀ ਬਿਸ਼ਨ ਸਿੰਘ ਬੇਦੀ, ਮਹਿੰਦਰ ਅਮਰਨਾਥ ਅਤੇ ਵੀਰੇਂਦਰ ਸਹਿਵਾਗ ਦੇ ਨਾਵਾਂ ’ਤੇ ਰੱਖੇ ਗਏ ਹਨ। ਇਸੇ ਤਰ੍ਹਾਂ, ਇੰਗਲੈਂਡ ਅਤੇ ਆਸਟਰੇਲੀਆ ਵਿਚਲੇ ਕ੍ਰਿਕਟ ਮੈਦਾਨਾਂ ਦੇ ਸਟੈਂਡਾਂ ਦੇ ਨਾਂ ਉੱਥੋਂ ਦੇ ਨਾਮੀ ਖਿਡਾਰੀਆਂ ਦੇ ਨਾਵਾਂ ’ਤੇ ਰੱਖੇ ਗਏ ਹਨ। ਉਂਝ, ਬੰਗਲੌਰ ਦੇ ਪ੍ਰਮੁੱਖ ਕ੍ਰਿਕਟ ਮੈਦਾਨ ਵਿੱਚ ਜੀ ਆਰ ਵਿਸ਼ਵਨਾਥ, ਇਰਾਪੱਲੀ ਪ੍ਰਸੰਨਾ ਅਤੇ ਭਾਗਵਤ ਚੰਦਰਸ਼ੇਖਰ ਜਿਹੀਆਂ ਕਰਨਾਟਕ ਅਤੇ ਭਾਰਤੀ ਕ੍ਰਿਕਟ ਦੀਆਂ ਹਸਤੀਆਂ ਦੇ ਯੋਗਦਾਨ ਨੂੰ ਸਤਿਕਾਰ ਨਹੀਂ ਦਿੱਤਾ ਗਿਆ।
ਭਾਰਤੀ ਕ੍ਰਿਕਟ ਵਿੱਚ ਕਰਨਾਟਕ ਦਾ ਝੰਡਾ ਗੱਡਣ ਵਾਲੇ ਖਿਡਾਰੀਆਂ ਪ੍ਰਤੀ ਜਨਤਕ ਸਨਮਾਨ ਦੀ ਘਾਟ ਲੰਮੇ ਸਮੇਂ ਤੋਂ ਇਕੱਲੇ ਮੇਰੇ ਹੀ ਨਹੀਂ ਸਗੋਂ ਸੂਬੇ ਦੇ ਸਾਰੇ ਕ੍ਰਿਕਟ ਪ੍ਰੇਮੀਆਂ ਦੇ ਮਨਾਂ ਵਿੱਚ ਰੜਕਦੀ ਆ ਰਹੀ ਹੈ। ਮੈਂ ਇੱਕ ਵਾਰ ਇਹ ਮੁੱਦਾ ਬ੍ਰਜੇਸ਼ ਪਟੇਲ ਕੋਲ ਉਠਾਇਆ ਸੀ ਜੋ ਕ੍ਰਿਕਟ ਪ੍ਰਸ਼ਾਸਕ ਬਣਨ ਤੋਂ ਪਹਿਲਾਂ 1974 ਵਿੱਚ ਰਣਜੀ ਟਰਾਫੀ ਜਿੱਤਣ ਵਾਲੀ ਪਹਿਲੀ ਕਰਨਾਟਕ ਟੀਮ ਦੇ ਮੈਂਬਰ ਸਨ। ਇੱਕ ਦਹਾਕਾ ਪਹਿਲਾਂ ਜਦੋਂ ਪਟੇਲ ਕੇਐੱਸਸੀਏ ਦੇ ਮੁਖੀ ਸਨ ਤਾਂ ਮੈਂ ਉਨ੍ਹਾਂ ਨੂੰ ਵਿਸ਼ਵਨਾਥ, ਪ੍ਰਸੰਨਾ ਅਤੇ ਚੰਦਰਸ਼ੇਖਰ ਦੇ ਨਾਵਾਂ ’ਤੇ ਸਟੈਂਡਾਂ ਦੇ ਨਾਂ ਰੱਖਣ ਦਾ ਮਸ਼ਵਰਾ ਦਿੱਤਾ ਸੀ। ਵਿਸ਼ੀ ਦੀ ਬੱਲੇਬਾਜ਼ੀ ਅਤੇ ਪ੍ਰਸੰਨਾ ਤੇ ਚੰਦਰ ਦੀ ਗੇਂਦਬਾਜ਼ੀ ਸਦਕਾ ਹੀ ਕਰਨਾਟਕ ਨੇ ਦਿੱਲੀ ਤੇ ਬੰਬਈ ਨੂੰ ਹਰਾ ਕੇ ਰਣਜੀ ਟਰਾਫੀ ਜਿੱਤੀ ਸੀ। ਇਸ ਤੋਂ ਪਹਿਲਾਂ 1971 ਵਿੱਚ ਇਸੇ ਤਿੱਕੜੀ ਨੇ ਵੈਸਟ ਇੰਡੀਜ਼ ਅਤੇ ਇੰਗਲੈਂਡ ਖਿਲਾਫ਼ ਭਾਰਤ ਨੂੰ ਪਹਿਲੀ ਵਾਰ ਲੜੀਆਂ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਨ੍ਹਾਂ ਦਾ ਸਨਮਾਨ ਕਰ ਕੇ ਕਰਨਾਟਕ ਆਪਣਾ ਹੀ ਸਨਮਾਨ ਕਰ ਰਿਹਾ ਹੋਵੇਗਾ।
ਬ੍ਰਜੇਸ਼ ਪਟੇਲ ਨੂੰ ਮੇਰਾ ਸੁਝਾਅ ਬਹੁਤਾ ਪਸੰਦ ਨਹੀਂ ਆਇਆ। ਉਸ ਨੇ ਕਿਹਾ ਕਿ ਤਦ ਫਿਰ ਹਰ ਕੋਈ ਆਪਣਾ ਨਾਂ ਸਟੈਂਡ ’ਤੇ ਲਿਖਵਾਉਣ ਲਈ ਕਹੇਗਾ। ਮੈਂ ਉਸ ਨੂੰ ਆਖਿਆ ਕਿ ਕਿਸੇ ਨੂੰ ਵੀ, ਖ਼ਾਸਕਰ ਰਾਹੁਲ ਦ੍ਰਾਵਿੜ, ਅਨਿਲ ਕੁੰਬਲੇ ਅਤੇ ਜਵਾਗਲ ਸ੍ਰੀਨਾਥ ਨੂੰ ਵਿਸ਼ੀ, ਪ੍ਰਸੰਨਾ ਤੇ ਚੰਦਰ ਦੇ ਸਨਮਾਨ ’ਤੇ ਕੋਈ ਉਜ਼ਰ ਹੋਵੇਗਾ। ਦ੍ਰਾਵਿੜ, ਕੁੰਬਲੇ ਅਤੇ ਸ੍ਰੀਨਾਥ ਲਈ ਇਹ ਤਿੰਨੋਂ ਖਿਡਾਰੀ ਆਦਰਸ਼ ਹਨ ਅਤੇ ਕੋਈ ਸਮਾਂ ਆਏਗਾ ਤਾਂ ਉਨ੍ਹਾਂ ਨੂੰ ਵੀ ਥਾਂ ਮਿਲੇਗੀ। ਇਸ ਸਾਲ ਦੇ ਸ਼ੁਰੂ ਵਿੱਚ ਮੈਂ ਇੱਕ ਵਾਰ ਫਿਰ ਅਜਿਹੇ ਕ੍ਰਿਕਟਰ ਕੋਲ ਇਹ ਮੁੱਦਾ ਉਠਾਇਆ ਜੋ ਕਰਨਾਟਕ ਦੀ ਰਣਜੀ ਟੀਮ ਵਿੱਚ ਵਿਸ਼ਵਨਾਥ, ਪ੍ਰਸੰਨਾ ਤੇ ਚੰਦਰਸ਼ੇਖਰ ਦਾ ਜੂਨੀਅਰ ਖਿਡਾਰੀ ਸੀ ਅਤੇ ਬਾਅਦ ਵਿੱਚ ਉਹ ਵੀ ਪਟੇਲ ਵਾਂਗ ਕ੍ਰਿਕਟ ਪ੍ਰਸ਼ਾਸਕ ਬਣ ਗਿਆ ਸੀ। ਇਹ ਸੀ ਰੋਜਰ ਬਿਨੀ। ਬਿਨੀ ਨੇ ਜਵਾਬ ਦਿੱਤਾ ਕਿ ਉਹ ਬੀਸੀਸੀਆਈ ਦੇ ਪ੍ਰਧਾਨ ਹਨ ਜੋ ਸਮੁੱਚੇ ਰੂਪ ਵਿੱਚ ਭਾਰਤੀ ਕ੍ਰਿਕਟ ਲਈ ਜ਼ਿੰਮੇਵਾਰ ਹਨ ਨਾ ਕਿ ਇਸ ਦੀ ਕਿਸੇ ਖ਼ਾਸ ਸੂਬਾਈ ਇਕਾਈ ਲਈ। ਮੈਂ ਉਨ੍ਹਾਂ ਨੂੰ ਚੇਤੇ ਕਰਾਇਆ ਕਿ ਉਹ ਪਹਿਲਾਂ ਕੇਐੱਸਸੀਏ ਦੇ ਪ੍ਰਧਾਨ ਰਹਿ ਚੁੱਕੇ ਹਨ। ਕੀ ਉਨ੍ਹਾਂ ਉਦੋਂ ਇਸ ਮਾਮਲੇ ’ਤੇ ਕੋਈ ਪੈਰਵੀ ਕੀਤੀ ਸੀ? ਇਸ ’ਤੇ ਉਹ ਚੁੱਪ ਹੋ ਗਏ। ਮੈਂ ਉਨ੍ਹਾਂ ਨੂੰ ਦੱਸਿਆ ਕਿ ਯਕੀਨਨ, ਵਿਸ਼ੀ, ਪ੍ਰਸੰਨਾ ਤੇ ਚੰਦਰਾ ਅਤੇ ਭਾਰਤ ਦੀ ਪਹਿਲੀ ਮਹਾਨ ਮਹਿਲਾ ਕ੍ਰਿਕਟਰ ਸ਼ਾਂਤਾ ਰੰਗਾਸਵਾਮੀ ਜੋ ਕਿ ਇਸੇ ਸੂਬੇ ਦੀ ਹੀ ਵਸਨੀਕ ਸੀ, ਦੇ ਨਾਵਾਂ ’ਤੇ ਉਨ੍ਹਾਂ ਦੇ ਘਰੇਲੂ ਮੈਦਾਨਾਂ ਦੇ ਸਟੈਂਡਾਂ ਦੇ ਨਾਂ ਕਾਫ਼ੀ ਚਿਰ ਪਹਿਲਾਂ ਰੱਖ ਦਿੱਤੇ ਜਾਣੇ ਚਾਹੀਦੇ ਸਨ। ਮੈਂ ਬਿਨੀ ਨੂੰ ਇਹ ਵੀ ਯਾਦ ਕਰਵਾਇਆ ਕਿ ਕਿਵੇਂ ਉਹ ਨਿੱਜੀ ਤੇ ਪੇਸ਼ੇਵਰ ਤੌਰ ’ਤੇ ਆਪਣੇ ਸੀਨੀਅਰਾਂ ਦੇ ਰਿਣੀ ਹਨ। ਜਦੋਂ ਮੈਂ ਬੋਲ ਰਿਹਾ ਸਾਂ ਤਾਂ ਬਿਨੀ ਲਈ ਖੜ੍ਹੇ ਰਹਿਣਾ ਮੁਸ਼ਕਿਲ ਹੋ ਰਿਹਾ ਸੀ -ਉਹ ਭਾਵੇਂ ਇਸ ਕੇਸ ਦੀਆਂ ਖੂਬੀਆਂ ਨੂੰ ਸਵੀਕਾਰ ਨਾ ਕਰਨ, ਪਰ ਇਹ ਜ਼ਰੂਰ ਨਜ਼ਰ ਆ ਰਿਹਾ ਸੀ ਕਿ ਉਹ ਸ਼ਰਮਿੰਦਾ ਸਨ।
ਬਿਨੀ ਬਿਲਕੁਲ ਚੁੱਪ ਹੋ ਗਿਆ ਅਤੇ ਜਾਂਦੇ ਜਾਂਦੇ ਮੈਂ ਉਨ੍ਹਾਂ ਨੂੰ ਇੱਕ ਹੋਰ ਗੱਲ ਦੱਸੀ ਕਿ ਸਲਮਾਨ ਰਸ਼ਦੀ ਨੇ ਆਪਣੇ ਇੱਕ ਹਾਲੀਆ ਨਾਵਲ ਵਿੱਚ ਇਨ੍ਹਾਂ ਤਿੰਨ ਕਿਰਦਾਰਾਂ ਦਾ ਜ਼ਿਕਰ ਕੀਤਾ ਹੈ। ਇੱਥੋਂ ਤਕ ਕਿ ਇੱਕ ਐਂਗਲੋ ਅਮਰੀਕੀ ਲੇਖਕ ਜਿਸ ਦੀ ਕ੍ਰਿਕਟ ਵਿੱਚ ਕੋਈ ਰੁਚੀ ਨਹੀਂ ਸੀ, ਨੇ ਵੀ ਕਰਨਾਟਕ ਬਾਰੇ ਲਿਖਦਿਆਂ ਸੂਬੇ ਦੇ ਇਤਿਹਾਸ ਅਤੇ ਲੋਕਾਂ ਲਈ ਦਿੱਤੇ ਯੋਗਦਾਨ ਬਦਲੇ ਇਸ ਤਿੱਕੜੀ ਨੂੰ ਸਨਮਾਨ ਦੇਣ ਦੀ ਗੱਲ ਕੀਤੀ ਹੈ।
ਆਪੋ ਆਪਣੇ ਸਮਿਆਂ ’ਚ ਕ੍ਰਿਕਟ ਪ੍ਰਸ਼ਾਸਕ ਹੋਣ ਦੇ ਨਾਤੇ ਬ੍ਰਜੇਸ਼ ਪਟੇਲ ਤੇ ਰੋਜਰ ਬਿਨੀ ਦੋਵਾਂ ਨੂੰ ਕੁਝ ਚੰਗੇ ਕੰਮ ਕਰ ਜਾਣ ਅਤੇ ਮੈਦਾਨ ਦੇ ਸਟੈਂਡਾਂ ਦੇ ਨਾਂ ਆਪਣੇ ਤੋਂ ਮਹਾਨ ਤੇ ਪੁਰਾਣੇ ਕ੍ਰਿਕਟਰਾਂ ਦੇ ਨਾਵਾਂ ’ਤੇ ਰੱਖਣ ਦਾ ਚੋਖਾ ਮੌਕਾ ਮਿਲਿਆ, ਪਰ ਉਨ੍ਹਾਂ ਅਜਿਹਾ ਕਿਉਂ ਨਹੀਂ ਕੀਤਾ? ਹੋ ਸਕਦਾ ਹੈ ਕਿ ਉਹ ਇਸ ਗੱਲੋਂ ਡਰਦੇ ਹੋਣ ਮਤੇ ਮੁਕਾਮੀ ਆਈਪੀਐੱਲ ਫ੍ਰੈਂਚਾਇਜ਼ੀਆਂ ਚਲਾਉਣ ਵਾਲੇ ਕਮਰਸ਼ੀਅਲ ਸਪਾਂਸਰ ਨਾਰਾਜ਼ ਨਾ ਹੋ ਜਾਣ? ਜਾਂ ਫਿਰ ਪ੍ਰਸ਼ਾਸਕੀ ਸ਼ਕਤੀ ਦਾ ਨਸ਼ਾ ਵੀ ਹੋ ਸਕਦਾ ਹੈ, ਉਹ ਹੋਰਨਾਂ ਕ੍ਰਿਕਟਰਾਂ ਨੂੰ ਜਨਤਕ ਤੌਰ ’ਤੇ ਸਨਮਾਨ ਦੇਣ ਨੂੰ ਨਾ ਜਰਦੇ ਹੋਣ?
ਚਲੋ, ਹੁਣ ਹੋਰ ਕਿਆਸ ਨਹੀਂ ਲਾਉਂਦੇ ਤੇ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਮੁਨਾਸਬ ਗੱਲ ਇਹ ਹੋਵੇਗੀ ਕਿ ਜਿੰਨਾ ਛੇਤੀ ਹੋ ਸਕੇ, ਚਿੰਨਾਸਵਾਮੀ ਸਟੇਡੀਅਮ ਦੇ ਸਟੈਂਡਾਂ ਦੇ ਨਾਂ ਵਿਸ਼ਵਨਾਥ, ਪ੍ਰਸੰਨਾ, ਚੰਦਰ ਅਤੇ ਸ਼ਾਂਤਾ ਦੇ ਨਾਵਾਂ ’ਤੇ ਰੱਖ ਦਿੱਤੇ ਜਾਣ ਅਤੇ ਸ਼ਾਇਦ ਚਾਰ ਹੋਰ ਮਹਾਨ ਖਿਡਾਰੀਆਂ ਕਿਰਮਾਨੀ, ਦ੍ਰਾਵਿੜ, ਸ੍ਰੀਨਾਥ ਅਤੇ ਕੁੰਬਲੇ ਦੇ ਨਾਵਾਂ ’ਤੇ ਵੀ ਰੱਖੇ ਜਾਣ ਜਿਨ੍ਹਾਂ ਨੇ ਕਰਨਾਟਕ ਅਤੇ ਭਾਰਤੀ ਕ੍ਰਿਕਟ ਲਈ ਨਿਰਸਵਾਰਥ ਢੰਗ ਨਾਲ ਯੋਗਦਾਨ ਦਿੱਤਾ ਹੈ। ਅਗਲੇ ਸਾਲ ਕਰਨਾਟਕ ਵੱਲੋਂ ਰਣਜੀ ਟਰਾਫੀ ਜਿੱਤਣ ਦੀ ਪੰਜਾਹਵੀਂ ਵਰ੍ਹੇਗੰਢ ਆ ਰਹੀ ਹੈ। ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਇਹ ਵਾਕਈ ਇੱਕ ਯੁੱਗ ਪਲਟਾਊ ਘਟਨਾ ਸੀ ਜਿਸ ਵਿੱਚ ਕਰਨਾਟਕ ਨੇ ਬੰਬਈ ਨੂੰ ਹਰਾ ਕੇ ਬਾਅਦ ਦੇ ਸਾਲਾਂ ਵਿੱਚ ਦਿੱਲੀ, ਹੈਦਰਾਬਾਦ, ਤਾਮਿਲ ਨਾਡੂ, ਬੜੌਦਾ, ਰੇਲਵੇ, ਪੰਜਾਬ, ਹਰਿਆਣਾ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਸੌਰਾਸ਼ਟਰ ਅਤੇ ਗੁਜਰਾਤ ਨੂੰ ਟਰਾਫੀ ਆਪਣੇ ਨਾਂ ਕਰਨ ਦਾ ਰਾਹ ਸਾਫ਼ ਕੀਤਾ ਸੀ। ਕਰਨਾਟਕ ਆਪ ਵੀ ਅੱਠ ਵਾਰ ਰਣਜੀ ਚੈਂਪੀਅਨ ਬਣਿਆ ਹੈ। ਹਾਲੀਆ ਸਾਲਾਂ ਵਿੱਚ ਬੰਬਈ ਨੇ ਕਈ ਵਾਰ ਇਹ ਟੂਰਨਾਮੈਂਟ ਜਿੱਤਿਆ ਹੈ, ਪਰ ਹੁਣ ਇਸ ਦਾ ਉਵੇਂ ਦਬਦਬਾ ਨਹੀਂ ਰਹਿ ਗਿਆ ਜਿਵੇਂ ਕਿ 1958 ਤੋਂ 1974 ਤੱਕ ਬਣਿਆ ਹੋਇਆ ਸੀ।
ਭਾਰਤੀ ਕ੍ਰਿਕਟ ਦੇ ਵਿਕੇਂਦਰੀਕਰਨ ਅਤੇ ਲੋਕਰਾਜੀਕਰਨ ਦਾ ਅਮਲ 1974 ਦੀ ਬਹਾਰ ਰੁੱਤ ਵਿੱਚ ਚਿੰਨਾਸਵਾਮੀ ਸਟੇਡੀਅਮ ਤੋਂ ਸ਼ੁਰੂ ਹੋਇਆ ਸੀ। ਮੈਂ ਉਸ ਮੁਕਾਬਲੇ ਦੀ ਹਰੇਕ ਬਾਲ ਦਾ ਗਵਾਹ ਰਿਹਾ ਹਾਂ ਕਿਵੇਂ ਕਰਨਾਟਕ ਨੇ ਬੰਬਈ ਨੂੰ ਮਾਤ ਦੇ ਕੇ ਆਪਣਾ ਚਿਰਾਂ ਦਾ ਸੁਫ਼ਨਾ ਹਾਸਲ ਕੀਤਾ ਸੀ। ਇਹ ਲਿਖਣ ਦਾ ਮੇਰਾ ਕੋਈ ਜ਼ਾਤੀ ਕਾਰਨ ਨਹੀਂ ਹੈ, ਪਰ ਇਹ ਜਾਣ ਕੇ ਕਿ ਚਿੰਨਾਸਵਾਮੀ ਸਟੇਡੀਅਮ ਵਿੱਚ ਅਜੇ ਤੱਕ ਅਤੀਤ ਦੇ ਮਹਾਨ ਕ੍ਰਿਕਟਰਾਂ ਦੇ ਸਨਮਾਨ ਵਿੱਚ ਕੋਈ ਕਮਰਾ ਜਾਂ ਕੋਈ ਹੋਰ ਜਗ੍ਹਾ ਨਹੀਂ ਹੈ ਤਾਂ ਹਰੇਕ ਭਾਰਤੀ ਕ੍ਰਿਕਟ ਪ੍ਰੇਮੀ ਦਾ ਦਿਲ ਦੁਖਦਾ ਹੋਵੇਗਾ। ਸ਼ਾਇਦ ਕੇਐੱਸਸੀਏ ਦੀ ਦੇਰ ਸਵੇਰ ਜਾਗ ਖੁੱਲੇਗੀ ਅਤੇ ਇਸ ਬੇਇਨਸਾਫ਼ੀ ਨੂੰ ਦੂਰ ਕਰਦਿਆਂ ਭਾਵੇਂ 20 ਅਕਤੂਬਰ ਨੂੰ ਜਦੋਂ ਵਿਸ਼ਵ ਕੱਪ ਦੇ ਪੰਜ ਮੈਚਾਂ ’ਚੋਂ ਪਹਿਲਾ ਮੈਚ ਬੰਗਲੌਰ ਵਿੱਚ ਖੇਡਿਆ ਜਾਵੇਗਾ ਤਾਂ ਚੰਦਰ, ਪ੍ਰਸੰਨਾ ਅਤੇ ਵਿਸ਼ੀ ਦੇ ਨਾਵਾਂ ’ਤੇ ਸਟੈਂਡਾਂ ਦਾ ਉਦਘਾਟਨ ਕੀਤਾ ਜਾਵੇ।
ਈਮੇਲ: ramachandraguha@yahoo.in

Advertisement

Advertisement