For the best experience, open
https://m.punjabitribuneonline.com
on your mobile browser.
Advertisement

ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਬੀਰੇਨ ਸਿੰਘ

06:56 AM Jul 21, 2023 IST
ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ  ਬੀਰੇਨ ਸਿੰਘ
Advertisement

ਇੰਫਾਲ, 20 ਜੁਲਾਈ
ਮਨੀਪੁਰ ਦੇ ਮੁੱਖ ਮੰਤਰੀ ਐੱਨ.ਬੀਰੇਨ ਸਿੰਘ ਨੇ ਅੱਜ ਕਿਹਾ ਕਿ ਦੋ ਆਦਿਵਾਸੀ ਮਹਿਲਾਵਾਂ ਨੂੰ ਨਗਨ ਘੁਮਾਉਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣਗੀਆਂ ਤੇ ਫਾਂਸੀ ਦੀ ਸਜ਼ਾ ਮੰਗਣ ਦੀ ਹੱਦ ਤੱਕ ਵੀ ਜਾਇਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ 4 ਮਈ ਦੀ ਇਸ ਘਟਨਾ ਦੇ ਸਬੰਧ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਅਧਿਕਾਰਤ ਸੂਤਰਾਂ ਨੇ ਦੋ ਹੋਰ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਹੈ।
ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਕਿਹਾ ਕਿ ਸਮਾਜ ਵਿੱਚ ਅਜਿਹੇ ਘਿਣਾਉਣੇ ਅਪਰਾਧ ਲਈ ਕੋਈ ਥਾਂ ਨਹੀਂ ਤੇ ਇਹ ਪੂਰੀ ਮਾਨਵਤਾ ਖਿਲਾਫ਼ ਅਪਰਾਧ ਹੈ। ਮੁੱਖ ਮੰਤਰੀ ਨੇ ਕਿਹਾ, ‘‘ਅਸੀਂ ਕਿਸੇ ਨੂੰ ਵੀ ਬਖ਼ਸ਼ਾਂਗੇ ਨਹੀਂ। ਸੱਤਾਧਾਰੀ ਭਾਜਪਾ ਦੇ ਸਾਰੇ ਵਿਧਾਇਕਾਂ ਨੇ ਸਖ਼ਤ ਸ਼ਬਦਾਂ ਵਿਚ ਘਟਨਾ ਦੀ ਨਿਖੇਧੀ ਕੀਤੀ ਹੈ। ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦੇਵਾਂਗੇ, ਲੋੜ ਪਈ ਤਾਂ ਮੌਤ ਦੀ ਸਜ਼ਾ ਵੀ ਮੰਗਾਂਗੇ।’’ ਉਨ੍ਹਾਂ ਕਿਹਾ, ‘‘ਮੈਨੂੰ ਹੁਣੇ ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ... ਜਾਂਚ ਜਾਰੀ ਹੈ।’’ ਇਸ ਤੋਂ ਪਹਿਲਾਂ ਮਨੀਪੁਰ ਪੁਲੀਸ ਨੇ ਸੇਨਾਪਤੀ ਜ਼ਿਲ੍ਹੇ ਦੇ ਇਕ ਪਿੰਡ ਵਿੱਚ 4 ਮਈ ਨੂੰ ਦੋ ਆਦਿਵਾਸੀ ਮਹਿਲਾਵਾਂ ਦੀ ਨਗਨ ਪਰੇਡ ਕਰਵਾਉਣ ਵਾਲੇ ਹਜੂਮ ਵਿੱਚ ਸ਼ਾਮਲ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ। ਮੁਲਜ਼ਮ, ਜਿਸ ਦੀ ਪਛਾਣ ਹੁਰੇਮ ਹੇਰਾਦਾਸ਼ ਸਿੰਘ (32) ਵਜੋਂ ਦੱਸੀ ਗਈ, ਸਬੰਧਤ ਵੀਡੀਓ ਵਿੱਚ ਇਕ ਆਦਿਵਾਸੀ ਮਹਿਲਾ ਦੀ ਖਿੱਚ-ਧੂਹ ਕਰਦਾ ਨਜ਼ਰ ਆ ਰਿਹਾ ਹੈ। ਹੋਰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਜਾਰੀ ਹਨ। ਇਸ ਦੌਰਾਨ ਉਪਰੋਕਤ ਘਟਨਾ ਤੋਂ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਹੇਰਾਦਾਸ਼ ਸਿੰਘ ਦੇ ਘਰ ਨੂੰ ਲੱਗ ਲਾ ਦਿੱਤੀ ਤੇ ਪਰਿਵਾਰ ਦਾ ਹੁੱਕਾ-ਪਾਣੀ ਬੰਦ ਕਰ ਦਿੱਤਾ।
ਉਧਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਬੁੱਧਵਾਰ ਨੂੰ ਵੀਡੀਓ ਸਾਹਮਣੇ ਆਉਣ ਤੋਂ ਫੌਰੀ ਮਗਰੋਂ ਕਈ ਪੁਲੀਸ ਟੀਮਾਂ ਬਣਾਈਆਂ ਗਈਆਂ ਤੇ ਕਥਿਤ ਸਾਜ਼ਿਸ਼ਘਾੜੇ ਨੂੰ ਥੌਬਲ ਜ਼ਿਲ੍ਹੇ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਬੂ ਕੀਤਾ ਮੁਲਜ਼ਮ 26 ਸਕਿੰਟ ਦੀ ਵੀਡੀਓ ਵਿਚ ਨਜ਼ਰ ਆਉਂਦਾ ਹੈ। ਇਸੇ ਦੌਰਾਨ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮਨੀਪੁਰ ਸਰਕਾਰ ਅਤੇ ਸੂਬੇ ਦੇ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ ਮਹਿਲਾਵਾਂ ਨਾਲ ਹੋਈ ਬਦਸਲੂਕੀ ਸਬੰਧੀ ਜਵਾਬ ਮੰਗਿਆ ਹੈ। -ਪੀਟੀਆਈ

Advertisement

ਟਵਿੱਟਰ ਤੇ ਹੋਰਨਾਂ ਪਲੈਟਫਾਰਮਾਂ ਨੂੰ ਵੀਡੀਓ ਹਟਾਉਣ ਦੀ ਹਦਾਇਤ
ਨਵੀਂ ਦਿੱਲੀ: ਸਰਕਾਰ ਨੇ ਟਵਿੱਟਰ ਤੇ ਹੋਰਨਾਂ ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਦੋ ਮਨੀਪੁਰੀ ਮਹਿਲਾਵਾਂ ਦੀ ਨਗਨ ਪਰੇਡ ਵਾਲੀ ਵੀਡੀਓ ਹਟਾਉਣ ਲਈ ਕਿਹਾ ਹੈ, ਕਿਉਂਕਿ ਮਾਮਲਾ ਜਾਂਚ ਅਧੀਨ ਹੈ। ਸੂਤਰਾਂ ਨੇ ਕਿਹਾ ਕਿ ਵੀਡੀਓਜ਼ ਭੜਕਾਊ ਹਨ ਅਤੇ ਕਿਉਂ ਜੋ ਮਾਮਲਾ ਜਾਂਚ ਅਧੀਨ ਹੈ....ਟਵਿੱਟਰ ਤੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਵੀਡੀਓ ਹਟਾਉਣ ਲਈ ਆਖ ਦਿੱਤਾ ਹੈ। ਉਧਰ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਉਨ੍ਹਾਂ ਇਸ ਵੀਡੀਓ ਸਬੰਧੀ ਮਨੀਪੁਰ ਦੇ ਮੁੱਖ ਮੰਤਰੀ ਐੱਨ.ਬੀਰੇਨ ਸਿੰਘ ਨਾਲ ਗੱਲਬਾਤ ਕੀਤੀ ਹੈ। ਇਰਾਨੀ ਨੇ ਘਟਨਾ ਨੂੰ ‘ਨਿੰਦਣਯੋਗ ਤੇ ਅਣਮਨੁੱਖੀ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬੀਰੇਨ ਸਿੰਘ ਜੀ ਨੇ ਯਕੀਨ ਦਿਵਾਇਆ ਹੈ ਕਿ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement