ਬਰਨਾਲਾ ’ਚ ‘ਆਪ’ ਜਿੰਨੇ ਕੰਮ ਕਿਸੇ ਸਰਕਾਰ ਨੇ ਨਹੀਂ ਕੀਤੇ: ਮੀਤ ਹੇਅਰ
ਰਵਿੰਦਰ ਰਵੀ/ਪਰਸ਼ੋਤਮ ਬੱਲੀ
ਧਨੌਲਾ/ਬਰਨਾਲਾ, 17 ਨਵੰਬਰ
ਪਿੰਡਾਂ ’ਚ ਚੋਣ ਪ੍ਰਚਾਰ ਦੌਰਾਨ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਹਲਕੇ ’ਤੇ ਉਨ੍ਹਾਂ ਨੂੰ ਹਮੇਸ਼ਾ ਮਾਣ ਰਿਹਾ ਹੈ। ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨੇ ਬਰਨਾਲਾ ਦੇ ਉਹ ਕੰਮ ਕਰਵਾਏ ਜੋ 70 ਸਾਲ ਕੋਈ ਸਰਕਾਰ ਨਹੀਂ ਕਰਵਾ ਸਕੀ। ਉਨ੍ਹਾਂ ਕਿਹਾ ਕਿ ਧਨੌਲਾ ਵਾਸੀਆਂ ਦੀਆਂ ਸਾਲਾਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕਰੋੜਾਂ ਰੁਪਏ ਦੀਆਂ ਗਰਾਟਾਂ ਦੇ ਕੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਹਨ। ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਬਰਨਾਲਾ ਸ਼ਹਿਰ ਨਾਲ ਜੁੜਦੀਆਂ ਸੜਕਾਂ ਨੂੰ ਚੌੜਾ ਕਰਵਾਇਆ ਜਾਵੇਗਾ। ਬਰਨਾਲਾ ਹਲਕੇ ਦੇ ਪਿੰਡਾਂ ’ਚ ਰਹਿੰਦੇ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕਰਵਾਇਆ ਜਾਵੇਗਾ। ਮੀਤ ਹੇਅਰ ਨੇ ਕਿਹਾ ਕਿ ਕਾਂਗਰਸ, ਅਕਾਲੀ-ਭਾਜਪਾ ਸਰਕਾਰਾਂ ਨੇ ਹਮੇਸ਼ਾਂ ਬਰਨਾਲੇ ਨੂੰ ਅਣਗੌਲਿਆ ਕੀਤਾ। ਬਰਨਾਲਾ ਵਾਸੀਆਂ ਨੇ ਉਸ ਨੂੰ ਪਹਿਲੀ ਵਾਰ ਆਪ ਨੂੰ ਮੌਕਾ ਦਿੱਤਾ ਤਾਂ ਬਰਨਾਲਾ ਵਿੱਚ ਵੱਡੇ ਵਿਕਾਸ ਦੇ ਕੰਮ ਹੋਏ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਢਾਈ ਸਾਲ ਦੇ ਸਮੇਂ ਦੌਰਾਨ ਬਰਨਾਲਾ ਹਲਕੇ ਦੇ ਪਿੰਡਾਂ ਵਿੱਚ ਕਮਿਊਨਟੀ ਹਾਲ, ਲਾਇਬ੍ਰੇਰੀਆਂ, ਛੱਪੜਾਂ ਦੇ ਕੰਮ, ਧਰਮਸ਼ਾਲਾਵਾਂ, ਸਕੂਲ, ਸਟੇਡੀਅਮ ਤੇ ਖੇਡ ਗਰਾਊਂਡਾਂ ਦਾ ਕੰਮ, ਗਲੀਆਂ-ਨਾਲੀਆਂ ਦੇ ਕੰਮ, ਨਹਿਰੀ ਪਾਣੀ ਲਈ ਪਾਈਪਲਾਈਨ ਦੇ ਕੰਮ ਉੱਤੇ ਪ੍ਰਤੀ ਪਿੰਡ 4 ਤੋਂ 5 ਕਰੋੜ ਰੁਪਏ ਤੱਕ ਖ਼ਰਚੇ ਜਾ ਰਹੇ ਹਨ। ਮੀਤ ਹੇਅਰ ਤੇ ਹਰਿੰਦਰ ਸਿੰਘ ਧਾਲੀਵਾਲ ਅੱਜ ਸ਼ਹਿਰ ਸਮੇਤ ਪਿੰਡ ਕਰਮਗੜ੍ਹ ਸੰਘੇੜਾ, ਨੰਗਲ, ਜੋਧਪੁਰ, ਬਡਬਰ, ਦਾਨਗੜ੍ਹ, ਠੁੱਲੇਵਾਲ, ਭੱਠਲਾਂ, ਭੈਣੀ ਮਹਿਰਾਜ, ਝਲੂਰ, ਧਨੌਲਾ ਤੇ ਕੱਟੂ ਵਿੱਚ ਪ੍ਰਚਾਰ ਕੀਤਾ।