For the best experience, open
https://m.punjabitribuneonline.com
on your mobile browser.
Advertisement

ਕੋਈ ਵੀ ਤਾਕਤ ਜਾਤ ਆਧਾਰਿਤ ਜਨਗਣਨਾ ਨੂੰ ਨਹੀਂ ਰੋਕ ਸਕਦੀ: ਰਾਹੁਲ

07:37 AM Apr 25, 2024 IST
ਕੋਈ ਵੀ ਤਾਕਤ ਜਾਤ ਆਧਾਰਿਤ ਜਨਗਣਨਾ ਨੂੰ ਨਹੀਂ ਰੋਕ ਸਕਦੀ  ਰਾਹੁਲ
ਨਵੀਂ ਦਿੱਲੀ ਵਿੱਚ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ। -ਫੋਟੋ: ਮੁਕੇਸ਼ ਅਗਰਵਾਲ
Advertisement

ਨਵੀਂ ਦਿੱਲੀ/ਅਮਰਾਵਤੀ, 24 ਅਪਰੈਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਖੁਦ ਨੂੰ ‘ਦੇਸ਼ਭਗਤ’ ਕਹਾਉਣ ਵਾਲੇ ਜਾਤ ਆਧਾਰਿਤ ਜਨਗਣਨਾ ਦੇ ‘ਐਕਸ-ਰੇਅ’ ਤੋਂ ਡਰੇ ਹੋਏ ਹਨ ਪਰ ਕੋਈ ਵੀ ‘ਤਾਕਤ’ ਇਸ ਨੂੰ ਰੋਕ ਨਹੀਂ ਸਕਦੀ। ਇਸ ਦੌਰਾਨ ਰਾਹੁਲ ਨੇ ਦਾਅਵਾ ਕੀਤਾ ਕਿ ‘ਮਹਾਲਕਸ਼ਮੀ ਯੋਜਨਾ’ ਅਤੇ ‘ਅਪਰੈਂਟਿਸਸ਼ਿਪ’ ਦਾ ਉਨ੍ਹਾਂ ਦੀ ਪਾਰਟੀ ਦਾ ਵਾਅਦਾ ਕਰੋੜਾਂ ਲੋਕਾਂ ਨੂੰ ‘ਲੱਖਪਤੀ’ ਬਣਾ ਕੇ ਦੇਸ਼ ਦੀ ਸੂਰਤ ਬਦਲ ਦੇਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਯੋਜਨਾਵਾਂ ਦਾ ਉਦੇਸ਼ ਗ਼ਰੀਬਾਂ, ਮਹਿਲਾਵਾਂ ਅਤੇ ਨੌਜਵਾਨਾਂ ਨੂੰ ਉੱਚਾ ਚੁੱਕਣਾ ਹੈ।
ਨਵੀਂ ਦਿੱਲੀ ਵਿੱਚ ‘ਸਮਾਜਿਕ ਨਿਆਏ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਉਹ ਜਾਤ-ਪਾਤ ਵਿੱਚ ਨਹੀਂ, ਨਿਆਂ ਵਿੱਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੇਇਨਸਾਫ਼ੀ ਝੱਲ ਰਹੇ 90 ਫੀਸਦੀ ਆਬਾਦੀ ਨੂੰ ਨਿਆਂ ਯਕੀਨੀ ਬਣਾਉਣਾ, ਉਨ੍ਹਾਂ ਦੀ ਜ਼ਿੰਦਗੀ ਦਾ ਮਿਸ਼ਨ ਹੈ। ਰਾਹੁਲ ਨੇ ਕਿਹਾ, ‘‘ਸਾਡੀ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਨਾਲ ਹੀ ਅਸੀਂ ਸਭ ਤੋਂ ਪਹਿਲਾ ਕੰਮ ਜਾਤ ਆਧਾਰਿਤ ਜਨਗਣਨਾ ਕਰਵਾਉਣ ਦਾ ਕਰਾਂਗੇ।’’ ਉਨ੍ਹਾਂ ਕਿਹਾ ਕਿ ਮੋਦੀ ਨੇ ਚੋਣਵੇਂ ਕਾਰੋਬਾਰੀਆਂ ਨੂੰ 16 ਲੱਖ ਕਰੋੜ ਰੁਪਏ ਟਰਾਂਸਫਰ ਕੀਤੇ ਹਨ ਅਤੇ ਕਾਂਗਰਸ 90 ਫੀਸਦੀ ਆਬਾਦੀ ਨੂੰ ਥੋੜ੍ਹੀ ਜਿਹੀ ਰਕਮ ਵਾਪਸ ਕਰਨ ਜਾ ਰਹੀ ਹੈ। ਅਤੀਤ ਵਿੱਚ ‘ਗ਼ੈਰ-ਗੰਭੀਰ’ ਸਿਆਸਤਦਾਨ ਕਰਾਰ ਦੇਣ ਸਬੰਧੀ ਮੀਡੀਆ ’ਤੇ ਵਿਅੰਗ ਕਰਦਿਆਂ ਰਾਹੁਲ ਨੇ ਮਨਰੇਗਾ ਸਕੀਮ, ਜ਼ਮੀਨ ਪ੍ਰਾਪਤੀ ਬਿੱਲ, ਭੱਟਾ ਪਰਸੌਲ ਅੰਦੋਲਨ, ਨਿਆਮਗਿਰੀ ਪਹਾੜੀਆਂ ਨਾਲ ਸਬੰਧਤ ਮਾਮਲਿਆਂ ਵਿੱਚ ਆਪਣੀ ਸ਼ਮੂਲੀਅਤ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਭ ਮੁੱਦੇ ਮੀਡੀਆ ਲਈ ‘ਗ਼ੈਰ-ਗੰਭੀਰ’ ਹਨ ਜਦੋਂਕਿ ਅਮਿਤਾਭ ਬੱਚਨ, ਐਸ਼ਵਰਿਆ ਰਾਏ ਅਤੇ ਵਿਰਾਟ ਕੋਹਲੀ ਬਾਰੇ ਗੱਲ ਕਰਨਾ ਗੰਭੀਰ ਹੈ। ਉਨ੍ਹਾਂ ਕਿਹਾ ਕਿ ਮੀਡੀਆ ਅਦਾਰਿਆਂ ’ਤੇ ਨਜ਼ਰ ਮਾਰੀਏ ਤਾਂ ਕੋਈ ਵੀ ਓਬੀਸੀ, ਦਲਿਤ ਜਾਂ ਆਦਿਵਾਸੀ ਐਂਕਰ ਦਿਖਾਈ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਨਿਆਂਪਾਲਿਕਾ ਦਾ ਵੀ ਇਹੀ ਹਾਲ ਹੈ। ਹਾਈ ਕੋਰਟ ਦੇ 650 ਜੱਜਾਂ ਵਿੱਚ ਸਿਰਫ਼ 100 ਜੱਜ 90 ਫੀਸਦੀ ਆਬਾਦੀ ਨਾਲ ਸਬੰਧਤ ਹਨ। ਰਾਹੁਲ ਨੇ ਕਿਹਾ ਕਿ ਚੋਟੀ ਦੀਆਂ 200 ਕੰਪਨੀਆਂ ਵਿੱਚ ਕੋਈ ਦਲਿਤ, ਆਦਿਵਾਸੀ ਜਾਂ ਓਬੀਸੀ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ, ‘‘ਨਰਿੰਦਰ ਮੋਦੀ ਨੇ ਇਨ੍ਹਾਂ ਕੰਪਨੀਆਂ ਦੇ 25 ਵਿਅਕਤੀਆਂ ਨੂੰ 16 ਲੱਖ ਕਰੋੜ ਰੁਪਏ ਦਿੱਤੇ ਹਨ। ਇਸ ਨਾਲ ਕਿਸਾਨਾਂ ਦਾ 25 ਗੁਣਾਂ ਕਰਜ਼ਾ ਮੁਆਫ਼ ਕੀਤਾ ਜਾ ਸਕਦਾ ਹੈ।’’
ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਦੁਨੀਆਂ ਵਿੱਚ ਕੋਈ ਵੀ ਤਾਕਤ ਸੰਵਿਧਾਨ ਨੂੰ ਨਹੀਂ ਬਦਲ ਸਕਦੀ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਦਸ ਸਾਲਾਂ ਦੇ ਕਾਰਜਕਾਲ ਵਿੱਚ 22-25 ਲੋਕ ਅਰਬਪਤੀ ਬਣ ਗਏ, ਉੱਥੇ ਜੇਕਰ ‘ਇੰਡੀਆ’ ਗੱਠਜੋੜ ਸੱਤਾ ਵਿੱਚ ਆਉਂਦਾ ਹੈ ਤਾਂ ਕਰੋੜਾਂ ਲੋਕ ਲੱਖਪਤੀ ਬਣਾਏ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸੰਵਿਧਾਨ ਬਦਲਣਾ ਚਾਹੁੰਦੀ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਦੇਸ਼ ਦੀ 90 ਫੀਸਦੀ ਆਬਾਦੀ ਨੂੰ ਉਨ੍ਹਾਂ ਦੀ ਮੌਜੂਦਾ ਸਮਰੱਥਾ ਦਾ ਪਤਾ ਚੱਲੇ ਜਿਨ੍ਹਾਂ ਵਿੱਚ ਓਬੀਸੀ, ਆਦਿਵਾਸੀ, ਦਲਿਤ ਅਤੇ ਘੱਟਗਿਣਤੀ ਸ਼ਾਮਲ ਹਨ। -ਪੀਟੀਆਈ

Advertisement

ਮੋਦੀ ਡਰ ਫੈਲਾਉਣ ਅਤੇ ਧਰੁਵੀਕਰਨ ਦੀ ‘ਪੁਰਾਣੀ ਪਟਕਥਾ’ ਦਾ ਲੈ ਰਹੇ ਨੇ ਸਹਾਰਾ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ਹੈ ਕਿ ਉਹ ਡਰ ਫੈਲਾਉਣ ਅਤੇ ਧਰੁਵੀਕਰਨ ਦੀ ‘ਪੁਰਾਣੀ ਪਟਕਥਾ’ ਦਾ ਸਹਾਰਾ ਲੈ ਰਹੇ ਹਨ। ਕਾਂਗਰਸ ਨੇ ਦਾਅਵਾ ਕੀਤਾ ਕਿ ਮੋਦੀ ਨੂੰ ਆਪਣੀ ਸਰਕਾਰ ’ਤੇ ਇੰਨਾ ਭਰੋਸਾ ਨਹੀਂ ਹੈ ਕਿ ਉਹ ਅਸਲ ਮੁੱਦਿਆਂ ’ਤੇ ਲੋਕ ਸਭਾ ਚੋਣਾਂ ਲੜ ਸਕਣ। ਕਾਂਗਰਸ ਤਰਜਮਾਨ ਸੁਪ੍ਰਿਯਾ ਸ੍ਰੀਨੇਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਜਾਤੀਗਤ ਜਨਗਣਨਾ ਦੇ ਪੱਖ ’ਚ ਹਨ ਜਾਂ ਵਿਰੋਧ ’ਚ। ਇਥੇ ਕਾਂਗਰਸ ਦਫ਼ਤਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਇਸ ਸਵਾਲ ਦਾ ‘ਹਾਂ’ ਜਾਂ ‘ਨਾ’ ’ਚ ਜਵਾਬ ਦੇਣਾ ਪਵੇਗਾ। ਤੁਸੀਂ ਲੋਕਾਂ ਨੂੰ ਨੁਮਾਇੰਦਗੀ ਕਿਉਂ ਨਹੀਂ ਦੇਣਾ ਚਾਹੁੰਦੇ ਹੋ।’’ ਮੰਗਲਸੂਤਰ ਵਾਲੇ ਬਿਆਨ ’ਤੇ ਮੋਦੀ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਉਹ ਮੰਗਲਸੂਤਰ ਦੀ ਅਹਿਮੀਅਤ ਦਾ ਸਤਿਕਾਰ ਵੀ ਨਹੀਂ ਕਰਦੇ ਹਨ। ‘ਜਦੋਂ ਚੋਣਾਂ ਆਉਂਦੀਆਂ ਹਨ ਤਾਂ ਅਸੀਂ ਸੋਚਿਆ ਸੀ ਕਿ ਬੇਰੁਜ਼ਗਾਰੀ ਅਤੇ ਮਹਿੰਗਾਈ ਵਰਗੇ ਵੱਡੇ ਮੁੱਦਿਆਂ ਬਾਰੇ ਚਰਚਾ ਹੋਵੇਗੀ। ਪਰ ਸਾਰੇ ਮੁੱਦੇ ਦਰਕਿਨਾਰ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੰਡੀਆਂ ਪਾਉਣ, ਧਰੁਵੀਕਰਨ, ਡਰ ਫੈਲਾਉਣ ਅਤੇ ਸ਼ੰਕੇ ਖੜ੍ਹੇ ਕਰਨ ਵਾਲੀ ਉਹੋ ਪਟਕਥਾ ਚੁਣ ਲਈ ਹੈ ਜੋ ਉਹ 2002 ਤੋਂ ਪੜ੍ਹ ਰਹੇ ਹਨ।’ -ਪੀਟੀਆਈ

Advertisement
Author Image

joginder kumar

View all posts

Advertisement
Advertisement
×