ਲੋਹਗੜ੍ਹ ਦੀ ਡਿਸਪੈਂਸਰੀ ’ਚ ਨਾ ਡਾਕਟਰ, ਨਾ ਦਵਾਈਆਂ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 29 ਨਵੰਬਰ
ਸਿਹਤ ਅਤੇ ਸਿੱਖਿਆ ਸਹੂਲਤਾਂ ਦੇਣ ਦਾ ਵਾਅਦਾ ਕਰ ਕੇ ਸੱਤਾ ’ਚ ਆਈ ‘ਆਪ’ ਸਰਕਾਰ ਦੇ ਰਾਜ ਵਿੱਚ ਪਿੰਡਾਂ ਦੇ ਲੋਕ ਅਜੇ ਵੀ ਸਰਕਾਰੀ ਸਿਹਤ ਸਹੂਲਤਾਂ ਤੋਂ ਵਾਂਝੇ ਹਨ। ਮਹਿਲ ਕਲਾਂ ਤਹਿਸੀਲ ਦਾ ਪਿੰਡ ਲੋਹਗੜ੍ਹ ’ਤੇ ਕੋਸ਼ਿਸ਼ਾਂ ਦੇ ਬਾਵਜੂਦ ਸਰਕਾਰ ਦੀ ਸਵੱਲੀ ਨਜ਼ਰ ਨਹੀਂ ਪੈ ਰਹੀ ਹੈ। ਪਿੰਡ ਦੀ ਸਿਹਤ ਡਿਸਪੈਂਸਰੀ ਲੰਬੇ ਸਮੇਂ ਤੋਂ ਸਟਾਫ਼ ਨਾ ਹੋਣ ਕਾਰਨ ਚਿੱਟਾ ਹਾਥੀ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਸੂਬਾ ਸਰਕਾਰ ਵੱਲੋਂ ਕਰੀਬ 50 ਸਾਲ ਪਹਿਲਾਂ ਪਿੰਡ ਲੋਹਗੜ੍ਹ ਵਿੱਚ ਪੇਂਡੂ ਸਿਹਤ ਡਿਸਪੈਂਸਰੀ ਬਣਾਈ ਗਈ ਸੀ। ਇਸ ਡਿਸਪੈਂਸਰੀ ਵਿੱਚ ਐੱਮਬੀਬੀਐੱਸ ਡਾਕਟਰ, ਫਾਰਮਾਸਿਸਟ ਅਤੇ ਦਰਜਾ ਚਾਰ ਕਰਮਚਾਰੀ ਦੀਆਂ ਮਨਜ਼ੂਰ ਹੋਣ ਦੇ ਬਾਵਜੂਦ 2021 ਤੋਂ ਤਿੰਨੋਂ ਅਸਾਮੀਆਂ ਖ਼ਾਲੀ ਪਈਆਂ ਹਨ। ਪਿੰਡ ਦੇ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਹਨ। ਕਈ ਸਾਲਾਂ ਤੋਂ ਡਾਕਟਰ ਦੀ ਅਸਾਮੀ ਖ਼ਾਲੀ ਪਈ ਹੈ। ਇੱਥੇ ਤਾਇਨਾਤ ਫਾਰਮਾਸਿਸਟ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਡੈਪੂਟੇਸ਼ਨ ’ਤੇ ਭੇਜਿਆ ਗਿਆ ਹੈ ਅਤੇ ਦਰਜਾ ਚਾਰ ਮੁਲਾਜ਼ਮ ਸੇਵਾਮੁਕਤ ਹੋ ਚੁੱਕਾ ਹੈ। ਡਿਸਪੈਂਸਰੀ ਵਿੱਚ ਕੋਈ ਚੈੱਕਅੱਪ ਨਹੀਂ ਹੁੰਦਾ ਹੈ ਅਤੇ ਨਾ ਹੀ ਕਿਸੇ ਕਿਸਮ ਦੀ ਦਵਾਈ ਮਿਲਦੀ ਹੈ। ਸਮੁੱਚੀ ਸਰਕਾਰੀ ਸਿਹਤ ਸੁਵਿਧਾ ਪੂਰੀ ਤਰ੍ਹਾਂ ਠੱਪ ਪਈ ਹੈ। ਜਿਸ ਕਾਰਨ ਡਿਸਪੈਂਸਰੀ ਦੀ ਇਮਾਰਤ ਵੀ ਖੰਡਰ ਬਣਦੀ ਜਾ ਰਹੀ ਹੈ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਤੇ ਬੱਚਿਆਂ ਦੇ ਚੈੱਕਅੱਪ ਲਈ ਏਐੱਨਐੱਮ ਵੀ ਲਾਗਲੇ ਪਿੰਡ ਕੁਤਬਾ ਤੋਂ ਹਫ਼ਤੇ ਵਿੱਚ ਇੱਕ ਜਾਂ ਦੋ ਦਿਨ ਆਉਂਦੀ ਹੈ। ਬਾਕੀ ਦਿਨ ਡਿਸਪੈਂਸਰੀ ਬੰਦ ਹੀ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਲੋਹਗੜ੍ਹ ਬਰਨਾਲਾ ਜ਼ਿਲ੍ਹੇ ਦਾ ਆਖ਼ਰੀ ਪਿੰਡ ਹੈ। ਪਿੰਡ ਦੇ ਲੋਕ ਮੁੱਢਲੇ ਇਲਾਜ ਲਈ ਪ੍ਰਾਈਵੇਟ ਡਾਕਟਰਾਂ ’ਤੇ ਨਿਰਭਰ ਹਨ। ਇਸਤੋਂ ਬਾਅਦ 14 ਕਿਲੋਮੀਟਰ ਦੂਰ ਮਹਿਲ ਕਲਾਂ ਜਾਂ ਬਰਨਾਲਾ ਅਤੇ ਰਾਏਕੋਟ ਹੀ ਜਾਣਾ ਪੈਂਦਾ ਹੈ। ਪਿੰਡ ਦੀ ਸਰਪੰਚ ਹਰਜਿੰਦਰ ਕੌਰ ਦੇ ਪਤੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਡਿਸਪੈਂਸਰੀ ਦਾ ਸਟਾਫ਼ ਪੂਰਾ ਕਰਨ ਲਈ ਸਿਹਤ ਵਿਭਾਗ ਅਤੇ ਸਰਕਾਰ ਤੱਕ ਪੰਚਾਇਤ ਵੱਲੋਂ ਪਹੁੰਚ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਡਿਸਪੈਂਸਰੀ ਨੂੰ ਆਮ ਆਦਮੀ ਕਲੀਨਿਕ ਹੀ ਬਣਾ ਦਿੱਤਾ ਜਾਵੇ ਤਾਂ ਇਸ ਦਾ ਵੀ ਲੋਕਾਂ ਨੂੰ ਵੱਡਾ ਲਾਹਾ ਮਿਲੇਗਾ। ਇਸ ਸਬੰਧੀ ਕਾਰਜਕਾਰੀ ਸਿਵਲ ਸਰਜਨ ਡਾ. ਤਪਿੰਦਰਜੋਤ ਕੌਸ਼ਲ ਨੇ ਕਿਹਾ ਕਿ ਇਥੇ ਫਿਲਹਾਲ ਸੀਐੱਚਓ ਅਤੇ ਏਐੱਨਐੱਮ ਦੀ ਪੋਸਟ ਮਨਜ਼ੂ ਹੈ ਅਤੇ ਦੋਵੇਂ ਪੋਸਟਾਂ ਖਾਲੀ ਹਨ। ਜੇ ਕੋਈ ਭਰਤੀ ਆਉਂਦੀ ਹੈ ਤਾਂ ਇਥੇ ਤਾਇਨਾਤੀ ਕੀਤੀ ਜਾਵੇਗੀ।