ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਮੁੜ ਭੇਜੇ 4 ਨਾਵਾਂ ਬਾਰੇ ਅਜੇ ਕੋਈ ਫ਼ੈਸਲਾ ਨਹੀਂ
ਨਵੀਂ ਦਿੱਲੀ, 3 ਨਵੰਬਰ
ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਹਾਈ ਕੋਰਟ ਦੇ ਜੱਜਾਂ ਵਜੋਂ ਨਿਯਕੁਤੀ ਲਈ ਮੁੜ ਸਿਫਾਰਸ਼ ਕੀਤੇ ਚਾਰ ਨਾਵਾਂ ਬਾਰੇ ਕੋਈ ਨਕਲੋ-ਹਰਕਤ ਨਜ਼ਰ ਨਹੀਂ ਆਈ ਹੈ। ਜਸਟਿਸ ਚੰਦਰਚੂੜ 10 ਨਵੰਬਰ ਨੂੰ ਭਾਰਤ ਦੇ ਚੀਫ਼ ਜਸਟਿਸ ਦੇ ਅਹੁਦੇ ਤੋਂ ਸੇਵਾਮੁਕਤ ਹੋ ਰਹੇ ਹਨ। ਕੌਲਿਜੀਅਮ ਨੇ ਪਿਛਲੇ ਸਾਲ ਜਨਵਰੀ ਵਿਚ ਐਡਵੋਕੇਟ ਸੌਰਭ ਕਿਰਪਾਲ ਦਾ ਨਾਮ ਦਿੱਲੀ ਹਾਈ ਕੋਰਟ ਦੇ ਜੱਜ ਵਜੋਂ, ਆਰ.ਜੌਹਨ ਸਤਿਆਨ ਦਾ ਮਦਰਾਸ ਹਾਈ ਕੋਰਟ ਦੇ ਜੱਜ ਵਜੋਂ ਅਤੇ ਅਮਿਤੇਸ਼ ਬੈਨਰਜੀ ਤੇ ਸਾਕਿਆ ਸੇਨ ਦਾ ਨਾਮ ਕਲਕੱਤਾ ਹਾਈ ਕੋਰਟ ਦੇ ਜੱਜ ਵਜੋਂ ਮੁੜ ਭੇਜੇ ਸਨ। ਸੁਪਰੀਮ ਕੌਲਿਜੀਅਮ ਨੇ ਐਡਵੋਕੇਟ ਸੋਮਾਸ਼ੇਖਰ ਸੁੰਦਰੇਸ਼ਨ ਦਾ ਨਾਮ ਬੰਬੇ ਹਾਈ ਕੋਰਟ ਦੇ ਜੱਜ ਵਜੋਂ ਸਿਫ਼ਾਰਸ਼ ਕੀਤਾ ਸੀ। ਪਿਛਲੇ ਸਾਲ ਨਵੰਬਰ ਵਿਚ ਹੀ ਸੁੰਦਰੇਸ਼ਨ ਨੂੰ ਬੰਬੇ ਹਾਈ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਗਈ ਸੀ।
ਹਾਈ ਕੋਰਟ ਤੇ ਸੁਪਰੀਮ ਕੋਰਟ ਵਿਚ ਜੱਜਾਂ ਦੀ ਨਿਯੁਕਤੀ ਦੇ ਅਮਲ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਕਿਰਪਾਲ, ਸਤਿਆਨ, ਬੈਨਰਜੀ ਤੇ ਸੇਨ ਨਾਲ ਸਬੰਧਤ ਫਾਈਲਾਂ ਸਰਕਾਰ ਕੋਲ ਬਕਾਇਆ ਹਨ। ਸੁਪਰੀਮ ਕੋਰਟ ਕੌਲਿਜੀਅਮ ਨੇ ਪਿਛਲੇ ਸਾਲ ਜਨਵਰੀ ਵਿਚ ਬੈਨਰਜੀ ਤੇ ਸੇਨ ਦੇ ਨਾਮ ਕਲਕੱਤਾ ਹਾਈ ਕੋਰਟ ਦੇ ਜੱਜ ਵਜੋਂ ਦੂਜੀ ਵਾਰ ਭੇਜੇ ਸਨ। ਐਡਵੋਕੇਟ ਬੈਨਰਜੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਯੂਸੀ ਬੈਨਰਜੀ ਦਾ ਪੁੱਤਰ ਹੈ। ਜਸਟਿਸ ਬੈਨਰਜੀ ਉਸ ਕਮਿਸ਼ਨ ਦੇ ਮੁਖੀ ਸਨ, ਜਿਸ ਨੇ ਗੋਧਰਾ ਵਿਚ 2002 ਸਾਬਰਮਤੀ ਐਕਸਪ੍ਰੈੱਸ ਅੱਗ ਨਾਲ ਜੁੜੀ ਘਟਨਾ ਵਿਚ ਕਿਸੇ ਤਰ੍ਹਾਂ ਦੀ ਸਾਜ਼ਿਸ਼ ਦੇ ਪਹਿਲੂ ਨੂੰ 2006 ਵਿਚ ਰੱਦ ਕਰ ਦਿੱਤਾ ਸੀ। ਇਸ ਘਟਨਾ ਵਿਚ 58 ‘ਕਾਰ ਸੇਵਕਾਂ’ ਦੀ ਮੌਤ ਹੋ ਗਈ ਸੀ।
ਐਡਵੋਕਟ ਸੇਨ ਜਸਟਿਸ ਸ਼ਿਆਮਲ ਸੇਨ ਦਾ ਪੁੱਤਰ ਹੈ। ਜਸਟਿਸ ਸੇਨ ਨੂੰ ਫਰਵਰੀ 1986 ਵਿਚ ਕਲਕੱਤਾ ਹਾਈ ਕੋਰਟ ਦਾ ਸਥਾਈ ਜੱਜ ਬਣਾਇਆ ਗਿਆ ਸੀ ਤੇ ਮਗਰੋਂ ਉਹ ਅਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਵੀ ਬਣੇ। ਜਸਟਿਸ ਸੇਨ ਮਈ 1999 ਤੋਂ ਦਸੰਬਰ 1999 ਤੱਕ ਪੱਛਮੀ ਬੰਗਾਲ ਦੇ ਰਾਜਪਾਲ ਵੀ ਰਹੇ। ਯਾਦ ਰਹੇ ਕਿ ਜਸਟਿਸ ਸੰਜੀਵ ਖੰਨਾ 11 ਨਵੰਬਰ ਨੂੰ ਅਗਲੇ ਸੀਜੇਆਈ ਵਜੋਂ ਅਹੁਦਾ ਸੰਭਾਲਣਗੇ। ਜਸਟਿਸ ਖੰਨਾ ਦਾ ਸੀਜੇਆਈ ਵਜੋਂ ਕਾਰਜਕਾਲ ਛੇ ਮਹੀਨਿਆਂ ਤੋਂ ਕੁਝ ਵਧ ਸਮੇਂ ਲਈ ਹੋਵੇਗਾ। ਉਹ 13 ਮਈ 2025 ਨੂੰ ਸੇਵਾ ਮੁਕਤ ਹੋਣਗੇ। -ਪੀਟੀਆਈ