ਅੰਤਰਿਮ ਬਜਟ ’ਚ ਕਿਸੇ ਵੀ ਮੱਦ ਦੇ ਫੰਡ ਵਿੱਚ ਕਟੌਤੀ ਨਹੀਂ ਕੀਤੀ: ਸੀਤਾਰਾਮਨ
ਨਵੀਂ ਦਿੱਲੀ, 7 ਫਰਵਰੀ
ਲੋਕ ਸਭਾ ਨੇ 2024-25 ਦਾ 47.66 ਲੱਖ ਕਰੋੜ ਰੁਪਏ ਦਾ ਅੰਤਰਿਮ ਬਜਟ ਅੱਜ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ। ਸੰਸਦ ਦੇ ਹੇਠਲੇ ਸਦਨ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ 1.8 ਲੱਖ ਕਰੋੜ ਰੁਪਏ ਦੇ ਬਜਟ ਨੂੰ ਵੀ ਜ਼ੁਬਾਨੀ ਵੋਟਾਂ ਰਾਹੀਂ ਪ੍ਰਵਾਨਗੀ ਦੇ ਦਿੱਤੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਗ੍ਰਾਂਟਾਂ ਲਈ ਪੂਰਕ ਮੰਗਾਂ ਅਤੇ ਨਮਿੱਤਣ ਬਿੱਲਾਂ ਦੇ ਨਾਲ ਦੋਵੇਂ ਬਜਟ ਪੇਸ਼ ਕੀਤੇ ਸਨ ਜਿਨ੍ਹਾਂ ’ਤੇ ਅੱਜ ਹੋਈ ਚਰਚਾ ਦਾ ਉਨ੍ਹਾਂ ਜਵਾਬ ਦਿੱਤਾ। ਚਰਚਾ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ 2024-25 ਦੌਰਾਨ ਵਿੱਤੀ ਘਾਟਾ ਜੀਡੀਪੀ ਦਾ 5.1 ਫ਼ੀਸਦ ’ਤੇ ਲਿਆਉਣ ਦੀ ਤਜਵੀਜ਼ ਹੈ ਅਤੇ ਅੰਤਰਿਮ ਬਜਟ ’ਚ ਕਿਸੇ ਵੀ ਮੱਦ ਦੇ ਫੰਡ ’ਚ ਕਟੌਤੀ ਨਹੀਂ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬੇਰੁਜ਼ਗਾਰੀ ਦਰ ਪੰਜ ਸਾਲਾਂ ’ਚ ਘੱਟ ਕੇ 3.2 ਫ਼ੀਸਦ ਰਹਿ ਗਈ ਹੈ। ਸੀਤਾਰਾਮਨ ਨੇ ਕਿਹਾ ਕਿ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਕਾਰਨ ਜ਼ਰੂਰੀ ਖੁਰਾਕੀ ਵਸਤਾਂ ਦੇ ਭਾਅ ਘੱਟ ਹੋਏ ਹਨ। ਉਨ੍ਹਾਂ ਕਿਹਾ ਕਿ ਸਕੂਲੀ ਸਿੱਖਿਆ ਤੇ ਸਾਖਰਤਾ, ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਦੇ ਫੰਡਾਂ ’ਚ ਮੌਜੂਦਾ ਵਿੱਤੀ ਵਰ੍ਹੇ ਦੇ ਬਜਟ ਅਨੁਮਾਨ ਦੇ ਮੁਕਾਬਲੇ ’ਚ ਵਾਧਾ ਦਰਜ ਕੀਤਾ ਗਿਆ ਹੈ। ਸੀਤਾਰਾਮਨ ਨੇ ਕੁਝ ਮੈਂਬਰਾਂ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਕਰਨਾਟਕ ਸਮੇਤ ਹੋਰ ਸੂਬਿਆਂ ਨੂੰ ਵਿੱਤ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਮੁਤਾਬਕ ਰਕਮ ਦਿੱਤੀ ਗਈ ਹੈ ਅਤੇ ਕਰਨਾਟਕ ਨੂੰ ਰਕਮ ਨਾ ਮਿਲਣ ਦਾ ਦਾਅਵਾ ਸਹੀ ਨਹੀਂ ਹੈ।
ਭਾਜਪਾ ਆਗੂ ਨਿਸ਼ੀਕਾਂਤ ਦੂਬੇ ਨੇ ਚਰਚਾ ’ਚ ਹਿੱਸਾ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 10 ਸਾਲ ਦੇ ਰਾਜ ਦੌਰਾਨ ਅਯੁੱਧਿਆ ’ਚ ਰਾਮ ਮੰਦਰ ਹੀ ਸਥਾਪਿਤ ਨਹੀਂ ਹੋਇਆ ਸਗੋਂ ਦੇਸ਼ ’ਚ ਰਾਮ ਰਾਜ ਸਥਾਪਿਤ ਹੋਇਆ ਹੈ। ਨੈਸ਼ਨਲਿਸਟ ਕਾਂਗਰਸ ਪਾਰਟੀ ਦੀ ਸੁਪ੍ਰਿਯਾ ਸੂਲੇ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੀ ਫਿਕਰ ਕਰਦੀ ਹੈ ਤਾਂ ਉਸ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ,‘‘ਜਿਵੇਂ ਮਨਮੋਹਨ ਸਿੰਘ ਜੀ ਦੀ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਸੀ, ਉਸੇ ਤਰ੍ਹਾਂ ਮੋਦੀ ਜੀ ਵੀ ਵੱਡਾ ਦਿਲ ਦਿਖਾਉਣ।’’ ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਉੱਜਵਲਾ ਯੋਜਨਾ ਬਾਰੇ ਵੱਡੀਆਂ ਗੱਲਾਂ ਕਰਦੀ ਹੈ ਪਰ ਇਸ ਯੋਜਨਾ ਤਹਿਤ 50 ਫ਼ੀਸਦ ਲਾਭਪਾਤਰੀ ਸਲੰਡਰ ਨਹੀਂ ਭਰਵਾ ਪਾ ਰਹੇ ਹਨ। ਸੂਲੇ ਨੇ ਕਿਹਾ ਕਿ ਵਿੱਤੀ ਘਾਟਾ 5.8 ਫ਼ੀਸਦ ਹੈ ਜੋ ਯੂਪੀਏ ਸਰਕਾਰ ਦੇ ਮੁਕਾਬਲੇ ’ਚ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਪਿਆਜ਼ ਦੀ ਬਰਾਮਦ ’ਤੇ ਪਾਬੰਦੀ ਲਗਾਈ ਹੈ। ਮਹਾਰਾਸ਼ਟਰ ਦੇ ਬਾਰਾਮਤੀ ਤੋਂ ਲੋਕ ਸਭਾ ਮੈਂਬਰ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ’ਚ ਸਾਢੇ 7 ਲੱਖ ਨੌਕਰੀਆਂ ਲਈ 22 ਕਰੋੜ ਨੌਜਵਾਨਾਂ ਨੇ ਅਰਜ਼ੀਆਂ ਦਿੱਤੀਆਂ ਹਨ। -ਪੀਟੀਆਈ
ਐੱਨਡੀਏ ਦਾ ਮਤਲਬ ‘ਨੋ ਡੇਟਾ ਅਵੇਲੇਬਲ’: ਥਰੂਰ
ਚਰਚਾ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਮੈਂਬਰ ਸ਼ਸ਼ੀ ਥਰੂਰ ਨੇ ਸਰਕਾਰ ’ਤੇ ਕਈ ਅਹਿਮ ਸੈਕਟਰਾਂ ’ਚ ਅੰਕੜੇ ਛੁਪਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਹੁਣ ਐੱਨਡੀਏ ਦਾ ਮਤਲਬ ‘ਨੋ ਡੇਟਾ ਅਵੇਲੇਬਲ’ (ਕੋਈ ਅੰਕੜਾ ਉਪਲੱਬਧ ਨਹੀਂ) ਹੋ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੌਰਾਨ ਨੌਜਵਾਨਾਂ, ਔਰਤਾਂ, ਗਰੀਬਾਂ ਅਤੇ ਕਿਸਾਨਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਝਲਣੀ ਪਈ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਸਵਾਲ ਕੀਤਾ ਕਿ ‘ਕਿਸਕਾ ਸਾਥ ਔਰ ਕਿਸਕਾ ਵਿਕਾਸ’ ਕਿਉਂਕਿ ਸਾਰੇ ਵਰਗਾਂ ਦਾ ਹਾਲ ਬਹੁਤ ਮਾੜਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ 10 ਸਾਲਾਂ ’ਚ ਲੋਕਾਂ ਨਾਲ ਵਿਸ਼ਵਾਸਘਾਤ ਹੋਇਆ ਹੈ ਜਦਕਿ ਸਰਕਾਰ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਨਾਅਰੇ ਅਤੇ ਲੋਕਾਂ ਨੂੰ ਭਰਮਾਉਣ ਵਾਲੀਆਂ ਗੱਲਾਂ ਕਰਕੇ ਸੱਤਾ ’ਚ ਆਈ ਸੀ। ਬੇਰੁਜ਼ਗਾਰੀ ਦਾ ਜ਼ਿਕਰ ਕਰਦਿਆਂ ਥਰੂਰ ਨੇ ਕਿਹਾ ਕਿ ਅੱਜ ਨੌਜਵਾਨ ਰੁਜ਼ਗਾਰ ਦੀ ਭਾਲ ’ਚ ਆਪਣੀ ਜਾਨ ਦਾਅ ’ਤੇ ਲਗਾ ਕੇ ਇਜ਼ਰਾਈਲ ਜਾਣ ਲਈ ਵੀ ਤਿਆਰ ਹਨ। ਉਨ੍ਹਾਂ ਕਿਹਾ,‘‘ਸਰਕਾਰ ਦਾਅਵਾ ਕਰਦੀ ਹੈ ਕਿ 25 ਕਰੋੜ ਲੋਕ ਗਰੀਬੀ ਤੋਂ ਬਾਹਰ ਆ ਗਏ ਹਨ। ਜੇਕਰ ਇੰਜ ਹੈ ਤਾਂ 81 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦੇਣ ਦੀ ਕੀ ਲੋੜ ਹੈ।’’ ਉਨ੍ਹਾਂ ਕਿਹਾ ਕਿ ਆਉਂਦੀਆਂ ਚੋਣਾਂ ਦੂਜੀਆਂ ਪਾਰਟੀਆਂ ਨੂੰ ਮੌਕਾ ਦੇਵੇਗੀ ਕਿ ਉਹ ਸਰਕਾਰ ਨੂੰ ਉਸ ਦੀ ਬਿਆਨਬਾਜ਼ੀ ਨੂੰ ਲੈ ਕੇ ਸ਼ੀਸ਼ਾ ਦਿਖਾਉਣ।