For the best experience, open
https://m.punjabitribuneonline.com
on your mobile browser.
Advertisement

ਬਾਗੀ ਕੌਂਸਲਰਾਂ ਵੱਲੋਂ ਬੇਭਰੋਸਗੀ ਮਤਾ ਪਾਸ

08:18 AM Jul 16, 2024 IST
ਬਾਗੀ ਕੌਂਸਲਰਾਂ ਵੱਲੋਂ ਬੇਭਰੋਸਗੀ ਮਤਾ ਪਾਸ
ਮੀਟਿੰਗ ਲਈ ਜਾਂਦੇ ਹੋਏ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਬਾਗੀ ਕੌਂਸਲਰ। -ਫੋਟੋ: ਰਵੀ ਕੁਮਾਰ
Advertisement

ਹਰਜੀਤ ਸਿੰਘ
ਜ਼ੀਰਕਪੁਰ, 15 ਜੁਲਾਈ
ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਚਲ ਰਿਹਾ ਰੇੜਕਾ ਦਿਨ ਦਿਹਾੜੇ ਗੁੰਝਲਦਾਰ ਬਣਦਾ ਜਾ ਰਿਹਾ ਹੈ। ਬਾਗੀ ਕੌਂਸਲਰਾਂ ਵੱਲੋਂ ਅੱਜ ਸੱਦੀ ਮੀਟਿੰਗ ਵਿੱਚ ਦੋ ਤਿਹਾਈ ਦੇ ਹਿਸਾਬ ਨਾਲ 22 ਵੋਟਾਂ ਨਾਲ ਬੇਭਰੋਸਗੀ ਮਤਾ ਪਾਸ ਕਰ ਦਿੱਤਾ ਗਿਆ। ਇਨ੍ਹਾਂ 22 ਕੌਂਸਲਰਾਂ ਵਿੱਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਅਕਾਲੀ ਦਲ ਦੇ ਅੱਠ ਕੌਂਸਲਰ ਅਤੇ ਕਾਂਗਰਸ ਤੋਂ ਬਾਗੀ ਹੋਏ 13 ਕੌਂਸਲਰ ਸ਼ਾਮਲ ਹਨ।
ਮੀਟਿੰਗ ਦੌਰਾਨ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਅਤੇ ਉਸ ਦੇ ਧੜੇ ਦਾ ਕੋਈ ਵੀ ਕੌਂਸਲਰ ਸ਼ਾਮਲ ਨਹੀਂ ਹੋਇਆ। ਮੀਟਿੰਗ ਦੌਰਾਨ ਪੁਲੀਸ ਵੱਲੋਂ ਕਿਸੇ ਵੀ ਪੱਤਰਕਾਰ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ, ਜਿਸ ਦੀ ਪੱਤਰਕਾਰ ਭਾਈਚਾਰੇ ਨੇ ਨਿਖੇਧੀ ਕੀਤੀ।
ਇਸ ਮੀਟਿੰਗ ਖ਼ਿਲਾਫ਼ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਅੱਜ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਉਨ੍ਹਾਂ ਦੱਸਿਆ ਕਿ ਨਿਯਮ ਮੁਤਾਬਕ ਬੇਭਰੋਸਗੀ ਮਤਾ ਪੇਸ਼ ਹੋਣ ਦੇ 14 ਦਿਨ ਦੇ ਅੰਦਰ ਪ੍ਰਧਾਨ ਵੱਲੋਂ ਮੀਟਿੰਗ ਬੁਲਾਉਣੀ ਜ਼ਰੂਰੀ ਹੁੰਦੀ ਹੈ ਜੋ ਪੰਜ ਜੁਲਾਈ ਨੂੰ ਸੱਦ ਲਈ ਸੀ ਜਿਸ ਵਿੱਚ ਕੋਈ ਵੀ ਬਾਗੀ ਕੌਂਸਲਰ ਨਹੀਂ ਪਹੁੰਚਿਆ ਅਤੇ ਬੇਭਰੋਸਗੀ ਮਤਾ ਫੇਲ ਹੋ ਗਿਆ ਸੀ। ਮਤਾ ਫੇਲ੍ਹ ਹੋਣ ਤੋਂ ਛੇ ਮਹੀਨੇ ਤੋਂ ਪਹਿਲਾਂ ਬੇਭਰੋਸਗੀ ਮਤਾ ਪੇਸ਼ ਨਹੀਂ ਕੀਤਾ ਜਾ ਸਕਦਾ ਤੇ ਅੱਜ ਦੀ ਮੀਟਿੰਗ ਗੈਰ-ਕਾਨੂੰਨੀ ਹੈ ਜਿਸ ਖ਼ਿਲਾਫ਼ ਅਦਾਲਤ ਪੁੱਜੇ। ਡਬਲ ਬੈਂਚ ’ਤੇ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਇਸ ਸਬੰਧੀ ਸਾਰਾ ਰਿਕਾਰਡ ਅਤੇ ਮੀਟਿੰਗਾਂ ਦੀ ਕੀਤੀ ਵੀਡਿਓਗ੍ਰਾਫ਼ੀ ਅੱਜ ਸ਼ਾਮ ਸੱਤ ਵਜੇ ਤੱਕ ਰਜਿਸਟ੍ਰਾਰ ਕੋਲ ਜਮ੍ਹਾਂ ਕਰਵਾਉਣ ਦੇ ਨਾਲ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਮੁਹਾਲੀ ਆਸ਼ਿਕਾ ਜੈਨ ਨੂੰ ਪ੍ਰਬੰਧਕ ਲਾਉਂਦਿਆਂ ਮਾਮਲੇ ਦੀ ਅਗਲੀ ਸੁਣਵਾਈ 22 ਤਰੀਕ ’ਤੇ ਰੱਖੀ ਗਈ ਹੈ।
ਦੂਜੇ ਪਾਸੇ ਬਾਗੀ ਕੌਂਸਲਰਾਂ ਵਿੱਚੋਂ ਹਰਜੀਤ ਸਿੰਘ ਮਿੰਟਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਲੋੜੀਂਦੇ ਦੋ ਤਿਹਾਈ 21 ਕੌਂਸਲਰਾਂ ਦੇ ਹਸਤਾਖ਼ਰ ਨਾਲ 28 ਜੂਨ ਨੂੰ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਸ੍ਰੀ ਢਿੱਲੋਂ ਵੱਲੋਂ ਨਿਯਮਾਂ ਦੀ ਅਣਦੇਖੀ ਕਰ ਜਾਣਬੁੱਝ ਕੇ 5 ਤਰੀਕ ਮੀਟਿੰਗ ਸੱਦ ਲਈ ਗਈ ਜਿਸ ਨੂੰ ਸੁਰੱਖਿਆ ਦਾ ਹਵਾਲਾ ਦਿੰਦਿਆਂ ਡਿਊਟੀ ਮਜਿਸਟ੍ਰੇਟ ਵੱਲੋਂ ਐਨ ਮੌਕੇ ’ਤੇ ਰੱਦ ਕਰ ਦਿੱਤਾ ਸੀ। ਜਦੋਂ ਮੀਟਿੰਗ ਰੱਦ ਹੋ ਗਈ ਸੀ ਤਾਂ ਉਸ ਮੀਟਿੰਗ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਅਤੇ ਨਿਯਮ ਮੁਤਾਬਕ ਪ੍ਰਧਾਨ ਵੱਲੋਂ ਜੇਕਰ ਬੇਭਰੋਸਗੀ ਮਤਾ ਪੇਸ਼ ਕਰਨ ਦੇ 14 ਦਿਨ ਦੇ ਅੰਦਰ ਮੀਟਿੰਗ ਨਹੀਂ ਬੁਲਾਈ ਜਾਂਦੀ ਤਾਂ ਕੌਂਸਲਰ ਮੀਟਿੰਗ ਬੁਲਾ ਸਕਦੇ ਹਨ ਜਿਸ ਤਹਿਤ ਉਨ੍ਹਾਂ ਨੇ ਅੱਜ ਦੀ ਮੀਟਿੰਗ ਬੁਲਾ ਕੇ 21 ਕੌਂਸਲਰ ਅਤੇ ਇਕ ਵਿਧਾਇਕ ਦੀ 22 ਵੋਟਾਂ ਨਾਲ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਕਰਦਿਆਂ ਅਜੀਤਪਾਲ ਸਿੰਘ ਨੂੰ ਅਗਲੇ ਪ੍ਰਧਾਨ ਦੀ ਚੋਣ ਹੋਣ ਤੱਕ ਚੇਅਰਮੈਨ ਨਿਯੁਕਤ ਕੀਤਾ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×