For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਵਿੱਚ ਮੋਦੀ ਸਰਕਾਰ ਖਿਲਾਫ਼ ਬੇਭਰੋਸਗੀ ਮਤਾ

08:35 AM Jul 27, 2023 IST
ਲੋਕ ਸਭਾ ਵਿੱਚ ਮੋਦੀ ਸਰਕਾਰ ਖਿਲਾਫ਼ ਬੇਭਰੋਸਗੀ ਮਤਾ
ਲੋਕ ਸਭਾ ’ਚ ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਮਤਾ ਪੇਸ਼ ਕਰਦੇ ਹੋਏ। -ਫੋਟੋ: ਏਐੱਨਆਈ
Advertisement

ਨਵੀਂ ਦਿੱਲੀ, 26 ਜੁਲਾਈ
ਮਨੀਪੁਰ ਮੁੱਦੇ ’ਤੇ ਸੱਤਾ ਤੇ ਵਿਰੋਧੀ ਧਿਰਾਂ ਬਣੇ ਜਮੂਦ ਦਰਮਿਆਨ ਮੌਨਸੂਨ ਇਜਲਾਸ ਦੇ ਪੰਜਵੇਂ ਦਨਿ ਕਾਂਗਰਸ ਨੇ ਅੱਜ ਲੋਕ ਸਭਾ ਵਿੱਚ ਨਰਿੰਦਰ ਮੋਦੀ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਰੱਖਿਆ, ਜਿਸ ਨੂੰ ਸਪੀਕਰ ਓਮ ਬਿਰਲਾ ਨੇ ਸਵੀਕਾਰ ਕਰ ਲਿਆ। ਅਸਾਮ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ ਮਤਾ ਰੱਖਿਆ, ਜਿਸ ਦੀ ਸਦਨ ਵਿੱਚ ਮੌਜੂਦ 50 ਮੈਂਬਰਾਂ ਨੇ ਹਮਾਇਤ ਕੀਤੀ। ਸਪੀਕਰ ਬਿਰਲਾ ਨੇ ਕਿਹਾ ਕਿ ਮਤੇ ’ਤੇ ਬਹਿਸ ਬਾਰੇ ਫੈਸਲਾ ਸਾਰੀਆਂ ਪਾਰਟੀਆਂ ਦੇ ਆਗੂਆਂ ਨਾਲ ਸਲਾਹ ਮਸ਼ਵਰੇ ਮਗਰੋਂ ਲਿਆ ਜਾਵੇਗਾ। ਉਂਜ ਨੇਮਾਂ ਮੁਤਾਬਕ ਮਤੇ ਨੂੰ ਸਵੀਕਾਰ ਕੀਤੇ ਜਾਣ ਮਗਰੋਂ 10 ਦਨਿਾਂ ਅੰਦਰ ਇਸ ’ਤੇ ਵਿਚਾਰ ਚਰਚਾ ਕਰਵਾਉਣੀ ਹੁੰਦੀ ਹੈ। ਮੌਨਸੂਨ ਇਜਲਾਸ 11 ਅਗਸਤ ਨੂੰ ਖ਼ਤਮ ਹੋਣਾ ਹੈ। ਉਧਰ ਸਰਕਾਰ ਨੇ ਦਾਅਵਾ ਕੀਤਾ ਕਿ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ’ਤੇ ਪੂਰਨ ਭਰੋਸਾ ਹੈ। ਬੇਭਰੋਸਗੀ ਮਤੇ ਦੌਰਾਨ ਸਰਕਾਰ ਡਿੱਗਣ ਦੇ ਭਾਵੇਂ ਕੋਈ ਆਸਾਰ ਨਹੀਂ ਹਨ ਕਿਉਂਕਿ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਕੋਲ ਲੋੜੀਂਦਾ ਬਹੁਮੱਤ ਹੈ। ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦੇ ਆਗੂ ਹਾਲਾਂਕਿ ਦਲੀਲ ਦਿੰਦੇ ਹਨ ਕਿ ਉਹ ਮਨੀਪੁਰ ਮੁੱਦੇ ’ਤੇ ਸਰਕਾਰ ਨੂੰ ਘੇਰ ਕੇ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਸੰਸਦ ਵਿੱਚ ਬੋਲਣ ਲਈ ਮਜਬੂਰ ਕਰਕੇ ਧਾਰਨਾ ਦੀ ਲੜਾਈ ਜਿੱਤ ਜਾਣਗੇ। ਸਾਲ 2014 ਮਗਰੋਂ ਇਹ ਦੂਜੀ ਵਾਰ ਹੈ ਜਦੋਂ ਮੋਦੀ ਸਰਕਾਰ ਨੂੰ ਬੇਭਰੋਸਗੀ ਮਤੇ ਦਾ ਸਾਹਮਣਾ ਕਰਨਾ ਪੈ ਰਿਹੈ। ਪਹਿਲਾ ਬੇਭਰੋਸਗੀ ਮਤਾ ਲੋਕ ਸਭਾ ਵਿੱਚ 20 ਜੁਲਾਈ 2018 ਨੂੰ ਰੱਖਿਆ ਗਿਆ ਸੀ। ਉਦੋਂ ਮਤੇ ਦੇ ਵਿਰੋਧ ਵਿੱਚ 325 ਤੇ ਹੱਕ ਵਿੱਚ ਸਿਰਫ਼ 126 ਵੋਟ ਪਏ ਸਨ। ਲੋਕ ਸਭਾ ਦੀ ਕੁੱਲ 543 ਸੀਟਾਂ ’ਚੋਂ ਪੰਜ ਇਸ ਵੇਲੇ ਖਾਲੀ ਹਨ। ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਦੇ 330 ਤੋਂ ਵੱਧ ਮੈਂਬਰ ਹਨ ਜਦੋਂਕਿ ਵਿਰੋਧੀ ਧਿਰਾਂ ਦੇ ਗੱਠਜੋੜ ਕੋਲ 140 ਤੋਂ ਵੱਧ ਮੈਂਬਰ ਹਨ। ਕਰੀਬ 60 ਮੈਂਬਰ ਅਜਿਹੇ ਹਨ, ਜੋ ਇਨ੍ਹਾਂ ਦੋ ਸਮੂਹਾਂ ਤੋਂ ਵੱਖਰੇ ਹਨ। ਕਾਂਗਰਸ ਨੇ ਜਿੱਥੇ ਬੇਭਰੋਸਗੀ ਮਤੇ ’ਤੇ ਵੀਰਵਾਰ ਤੋਂ ਹੀ ਬਹਿਸ ਕਰਵਾਉਣ ਦੀ ਮੰਗ ਕੀਤੀ, ਉਥੇ ਕੇਂਦਰੀ ਮੰਤਰੀਆਂ ਨੇ ਜ਼ੋਰ ਦੇ ਕੇ ਆਖਿਆ ਕਿ ਸਰਕਾਰ ਇਸ ਲਈ ਵੀ ਤਿਆਰ ਹੈ ਕਿਉਂਕਿ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ’ਤੇ ਪੂਰਨ ਵਿਸ਼ਵਾਸ ਹੈ। ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਭਰੋੋਸਗੀ ਮਤਾ ਇਕੱਲਾ ਕਾਂਗਰਸ ਨੇ ਨਹੀਂ ਲਿਆਂਦਾ, ਇਹ ‘ਇੰਡੀਆ’ ਵਿੱਚ ਸ਼ਾਮਲ ਪਾਰਟੀਆਂ ਦੀ ਸਾਂਝੀ ਪੇਸ਼ਕਦਮੀ ਹੈ। ਤਿਵਾੜੀ ਨੇ ਕਿਹਾ, ‘‘ਨੇਮਾਂ ਮੁਤਾਬਕ ਜਦੋਂ ਬੇਭਰੋਸਗੀ ਮਤਾ ਸਵੀਕਾਰ ਕੀਤਾ ਜਾਂਦਾ ਹੈ, ਤਾਂ ਇਸ ’ਤੇ 10 ਦਨਿਾਂ ਵਿੱਚ ਵਿਚਾਰ ਚਰਚਾ ਹੋਣੀ ਚਾਹੀਦੀ ਹੈ, ਪਰ ਸਦਨ ਦੀ ਰਵਾਇਤ ਰਹੀ ਹੈ ਕਿ ਜਦੋਂ ਬੇਭਰੋਸਗੀ ਮਤਾ ਲਿਆਂਦਾ ਜਾਂਦਾ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਸਦਨ ਨੂੰ ਸਰਕਾਰ ਵਿੱਚ ਭਰੋਸਾ ਨਹੀਂ ਰਿਹਾ, ਤਾਂ ਫਿਰ ਲੋਕ ਸਭਾ ਸਪੀਕਰ ਨੂੰ ਸਾਰਾ ਕੰਮਕਾਜ ਛੱਡ ਕੇ ਤਰਜੀਹੀ ਅਧਾਰ ’ਤੇ ਭਲਕ ਤੋਂ ਇਸ ’ਤੇ ਬਹਿਸ ਸ਼ੁਰੂ ਕਰਨੀ ਚਾਹੀਦੀ ਹੈ।’’ ਲੋਕ ਸਭਾ ਅੱਜ ਦੁਪਹਿਰੇ 12 ਵਜੇ ਜੁੜੀ ਤਾਂ ਸਪੀਕਰ ਨੇ ਸਦਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੰਸਦ ਮੈਂਬਰ ਗੌਰਵ ਗੋਗੋਈ ਵੱਲੋਂ ਇਕ ਨੋਟਿਸ ਮਿਲਿਆ ਹੈ, ‘ਜਿਸ ਵਿੱਚ ਨੇਮ 198 ਤਹਿਤ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਰੱਖਿਆ ਗਿਆ ਹੈ।’ ‘‘ਮੈਂ ਗੌਰਵ ਗੋਗੋਈ ਨੂੰ ਅਪੀਲ ਕਰਾਂਗਾ ਕਿ ਉਹ ਸਦਨ ਤੋਂ ਇਸ ਦੀ ਪ੍ਰਵਾਨਗੀ ਲੈਣ।’’ ਬਿਰਲਾ ਨੇ ਨੋਟਿਸ ਨੂੰ ਪੜ੍ਹ ਕੇ ਸੁਣਾਇਆ ਤੇ ਮਤੇ ਦੀ ਹਮਾਇਤ ਕਰਨ ਵਾਲੇ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੀ ਥਾਂ ’ਤੇ ਖੜ੍ਹੇ ਹੋ ਕੇ ਹਾਜ਼ਰੀ ਲਵਾਉਣ। ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਨਾਲ ਸਬੰਧਤ ਸੰਸਦ ਮੈਂਬਰ, ਜਨਿ੍ਹਾਂ ਵਿੱਚ ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਨੈਸ਼ਨਲ ਕਾਨਫਰੰਸ ਪ੍ਰਧਾਨ ਫਾਰੂਕ ਅਬਦੁੱਲਾ, ਡੀਐੱਮਕੇ ਦੇ ਟੀ.ਆਰ.ਬਾਲੂ ਤੇ ਐੱਨਸੀਪੀ ਆਗੂ ਸੁਪ੍ਰਿਆ ਸੂਲੇ ਵੀ ਸ਼ਾਮਲ ਸਨ, ਨੇ ਆਪੋ ਆਪਣੀਆਂ ਸੀਟਾਂ ’ਤੇ ਖੜ੍ਹੇ ਹੋ ਕੇ ਮਤੇ ਦੀ ਹਮਾਇਤ ’ਚ ਹਾਮੀ ਭਰੀ।
ਕਾਂਗਰਸ, ਤ੍ਰਿਣਮੂਲ ਕਾਂਗਰਸ, ਡੀਐੱਮਕੇ, ਸੀਪੀਆਈ, ਸੀਪੀਐੱਮ, ਸ਼ਿਵ ਸੈਨਾ (ਊਧਵ) ਜੇਡੀਯੂ ਤੇ ‘ਆਪ’ ਸਣੇ 13 ਪਾਰਟੀਆਂ ਦੇ ਸੰਸਦ ਮੈਂਬਰਾਂ ਵੱਲੋਂ ਮਤੇ ਦੀ ਹਮਾਇਤ ਕੀਤੀ ਗਈ। ਵਿਰੋਧੀ ਧਿਰ ਦੀ ਇਸ ਪੇਸ਼ਕਦਮੀ ਖਿਲਾਫ਼ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਵਿੱਚ ਪੂਰਨ ਭਰੋਸਾ ਹੈ। ਉਨ੍ਹਾਂ ਕਿਹਾ, ‘‘ਵਿਰੋਧੀ ਧਿਰਾਂ ਨੇ ਪਿਛਲੇ ਕਾਰਜਕਾਲ ਦੌਰਾਨ ਵੀ ਇਹੀ ਕੁਝ ਕੀਤਾ ਸੀ ਤੇ ਲੋਕਾਂ ਨੇ ਉਨ੍ਹਾਂ ਨੂੰ ਸਬਕ ਸਿਖਾਇਆ ਤੇ ਮੁੜ ਸਿਖਾਉਣਗੇ।’’ ਉਧਰ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਸਰਕਾਰ ਬੇਭਰੋਸਗੀ ਮਤੇ ਲਈ ਵੀ ਤਿਆਰ ਹੈ। -ਪੀਟੀਆਈ

Advertisement

ਸੰਸਦ ਵਿਚ ਮਨੀਪੁਰ ’ਤੇ ਹੰਗਾਮਾ ਜਾਰੀ

ਲੋਕ ਸਭਾ ’ਚ ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਮਤਾ ਪੇਸ਼ ਕਰਦੇ ਹੋਏ। -ਫੋਟੋ: ਏਐੱਨਆਈ

ਨਵੀਂ ਦਿੱਲੀ: ਸੰਸਦ ਵਿਚ ਮਨੀਪੁਰ ਦੇ ਮੁੱਦੇ ’ਤੇ ਅੱਜ ਪੰਜਵੇਂ ਦਨਿ ਵੀ ਹੰਗਾਮਾ ਜਾਰੀ ਰਿਹਾ। ਵਿਰੋਧੀ ਧਿਰਾਂ ਮਨੀਪੁਰ ਦੇ ਹਾਲਾਤ ’ਤੇ ਚਰਚਾ ਤੇ ਪ੍ਰਧਾਨ ਮੰਤਰੀ ਦੇ ਬਿਆਨ ਦੀ ਆਪਣੀ ਮੰਗ ’ਤੇ ਅੜੀਆਂ ਰਹੀਆਂ। ਰੌਲੇ-ਰੱਪੇ ਕਰਕੇ ਦੋਵਾਂ ਸਦਨਾਂ ਦੀ ਕਾਰਵਾਈ ਵਿੱਚ ਕਈ ਵਾਰ ਵਿਘਨ ਪਿਆ। ਖੜਗੇ ਨੇ ਸਦਨ ਵਿੱਚ ਉਨ੍ਹਾਂ ਦਾ ਮਾਈਕ ਬੰਦ ਕਰਨ ਦਾ ਦੋਸ਼ ਲਾਇਆ। ਵਿਰੋਧੀ ਧਿਰਾਂ ਨੇ ਲੋਕ ਸਭਾ ਵਿੱਚ ਜਿੱਥੇ ਬੋਭਰੋਸਗੀ ਮਤਾ ਰੱਖਿਆ, ਉਥੇ ਰਾਜ ਸਭਾ ਵਿੱਚ ਸਰਕਾਰ ਦੇ ਅੜੀਅਲ ਰਵੱਈਏ ਖਿਲਾਫ ਸਦਨ ’ਚੋਂ ਵਾਕਆਊਟ ਕੀਤਾ। ਉਂਜ ਲੋਕ ਸਭਾ ਵਿਚ ਜੰਗਲਾਤ ਸਾਂਭ-ਸੰਭਾਲ ਬਿੱਲ ਤੇ ਰਾਜ ਸਭਾ ਨੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਹਾਤੀ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਸਬੰਧੀ ਬਿੱਲ ਪਾਸ ਕਰ ਦਿੱਤੇ। ਲੋਕ ਸਭਾ ਦੀ ਕਾਰਵਾਈ ਨੂੰ ਅੱਜ ਰੌਲੇ-ਰੱਪੇ ਕਰਕੇ ਦੋ ਵਾਰ ਮੁਲਤਵੀ ਕਰਨਾ ਪਿਆ। ਉਂਜ ਅੱਜ ਦਨਿੇਂ ਵਿਰੋਧੀ ਧਿਰਾਂ ਨੇ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਰੱਖਿਆ, ਜਿਸ ਨੂੰ ਸਪੀਕਰ ਓਮ ਬਿਰਲਾ ਨੇ ਸਵੀਕਾਰ ਕਰ ਲਿਆ। ਉਂਜ ਸਦਨ ਵਿੱਚ ਅੱਜ ਜਨਮ ਤੇ ਮੌਤ ਦੀ ਰਜਿਸਟਰੇਸ਼ਨ ਐਕਟ ਵਿੱਚ ਸੋਧ ਸਣੇ ਉਪਰੋਥੱਲੀ ਛੇ ਬਿੱਲ ਰੱਖੇ ਗਏ। ਸਦਨ ਨੇ ਜੰਗਲਾਤ (ਕੰਜ਼ਰਵੇਸ਼ਨ) ਐਕਟ ਵਿੱਚ ਸੋਧ ਲਈ ਬਿੱਲ ਪਾਸ ਕਰ ਦਿੱਤਾ। ਬਿੱਲ ਪਾਸ ਹੁੰਦੇ ਹੀ ਲੋਕ ਸਭਾ ਦੀ ਕਾਰਵਾਈ ਦਨਿ ਭਰ ਲਈ ਮੁਲਤਵੀ ਕਰ ਦਿੱਤੀ ਗਈ।
ਉਂਜ ਸਦਨ ਦੀ ਕਾਰਵਾਈ ਦੇ ਆਗਾਜ਼ ਮੌਕੇ ਮੈਂਬਰਾਂ ਨੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਧਰ ਰਾਜ ਸਭਾ ਵਿੱਚ ਵੀ ਸੱਤਾਧਾਰੀ ਤੇ ਵਿਰੋਧੀ ਧਿਰ ਦਰਮਿਆਨ ਤਲਖ ਕਲਾਮੀ ਵੇਖਣ ਨੂੰ ਮਿਲੀ। ਖੜਗੇ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਲੰਘੇ ਦਨਿ (ਮੰਗਲਵਾਰ) ਸਦਨ ਵਿੱਚ ਨਹੀਂ ਬੋਲਣ ਦਿੱਤਾ ਗਿਆ ਤੇ ‘ਮਿਥ ਕੇ ਉਨ੍ਹਾਂ ਦਾ ਮਾਈਕ ਬੰਦ ਕੀਤਾ ਗਿਆ।’ ਖੜਗੇ ਨੇ ਕਿਹਾ, ‘‘ਇਹ ਮੇਰੀ ਮਰਿਆਦਾ ਦਾ ਉਲੰਘਣ ਹੈ। ਇਹ ਮੇਰਾ ਨਿਰਾਦਰ ਹੈ। ਮੇਰੇ ਸਵੈ-ਮਾਣ ਨੂੰ ਚੁਣੌਤੀ ਦਿੱਤੀ ਗਈ ਹੈ।’’ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਜੇਕਰ ਇਹ ਸਦਨ ਸਰਕਾਰ ਦੀਆਂ ਹਦਾਇਤਾਂ ’ਤੇ ਚੱਲਦਾ ਹੈ, ਤਾਂ ਮੈਂ ਸਮਝ ਜਾਵਾਂਗਾ ਕਿ ਇਹ ਜਮਹੂਰੀਅਤ ਨਹੀਂ ਹੈ।’’ ਮੈਂਬਰਾਂ ਨੇ ਨਾਅਰੇਬਾਜ਼ੀ ਜਾਰੀ ਰੱਖੀ ਤਾਂ ਚੇਅਰਮੈਨ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਸੀਟਾਂ ’ਤੇ ਬੈਠਣ ਲਈ ਕਿਹਾ। ਜਦੋਂ ਧਨਖੜ ਨੇ ਖੜਗੇ ਨੂੰ ਕਿਹਾ ਕਿ ਕਈ ਸੰਸਦ ਮੈਂਬਰ ਉਨ੍ਹਾਂ ਦੀ ਮਗਰਲੀ ਕਤਾਰ ਵਿਚ ਖੜ੍ਹੇ ਹਨ ਤਾਂ ਕਾਂਗਰਸ ਆਗੂ ਨੇ ਕਿਹਾ, ‘‘ਮੇਰੇ ਪੀਛੇ ਖੜ੍ਹੇ ਅਗਰ ਨਹੀਂ ਹੋਂਗੇ ਤੋ ਕਯਾ ਮੋਦੀ ਕੇ ਪੀਛੇ ਖੜ੍ਹੇ ਹੋਂਗੇ।’’ ਡੀਐੱਮਕੇ ਮੈਂਬਰ ਤਿਰੁਚੀ ਐੈੱਨ.ਸ਼ਿਵਾ ਨੇ ਵੀ ਖੜਗੇ ਦਾ ਮਾਈਕ ਬੰਦ ਕਰਨ ਦਾ ਮੁੱਦਾ ਚੁੱਕਿਆ। ਰਾਜ ਸਭਾ ਦੁਪਹਿਰ ਦੇ ਖਾਣੇ ਮਗਰੋਂ ਜੁੜੀ ਤਾਂ ਖੜਗੇ ਨੇ ਕਿਹਾ ਕਿ ਵਿਰੋਧੀ ਧਿਰਾਂ ਮਨੀਪੁਰ ਮਸਲੇ ’ਤੇ ਚਰਚਾ ਤੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਮੰਗ ਕਰ ਰਹੀਆਂ ਹਨ ਤੇ ਉਨ੍ਹਾਂ ਨੂੰ ਅਜੇ ਵੀ ਇਸ ਦੀ ਉਡੀਕ ਹੈ। ਖੜਗੇ ਨੇ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਨੂੰ ਸੁਣਨ ਲਈ ਤਿਆਰ ਹੈ, ਪਰ ਸਰਕਾਰ ਵਿਰੋਧੀ ਧਿਰਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਨਹੀਂ ਦੇ ਰਹੀ। ਖੜਗੇ ਨੇ ਕਿਹਾ ਕਿ ਉਹ ਸਰਕਾਰ ਦੇ ਇਸ ਅੱਖੜ ਰਵੱਈਏ ਖਿਲਾਫ਼ ‘ਵਾਕਆਊਟ ਕਰ ਰਹੇ ਹਨ।’ ਹਰੀਵੰਸ਼ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਗੱਲ ਸੁਣਨ, ਪਰ ਉਨ੍ਹਾਂ ਇੱਧਰ ਧਿਆਨ ਨਹੀਂ ਧਰਿਆ ਤੇ ਸਦਨ ’ਚੋਂ ਵਾਕਆਊਟ ਕਰ ਗਏ।
ਇਸ ਦੌਰਾਨ ਕੇਂਦਰੀ ਮੰਤਰੀ ਸ੍ਰਮਿਤੀ ਇਰਾਨੀ ਨੇ ਮਨੀਪੁਰ ਮੁੱਦੇ ’ਤੇ ਪਾਏ ਰੌਲੇ-ਰੱਪੇ ਲਈ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਘੇਰਦਿਆਂ ਕਿਹਾ ਕਿ ਕੀ ਉਨ੍ਹਾਂ ਵਿੱਚ ਰਾਜਸਥਾਨ, ਛੱਤੀਸਗੜ੍ਹ ਤੇ ਬਿਹਾਰ ਵਿੱਚ ਮਹਿਲਾਵਾਂ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਵਿਚਾਰ ਚਰਚਾ ਕਰਨ ਦੀ ਜੁਰਅੱਤ ਹੈ। ਕਾਂਗਰਸ ਦੀ ਅਮੀ ਯਾਗਨਿਕ ਨੇ ਪ੍ਰਸ਼ਨ ਕਾਲ ਦੌਰਾਨ ਸਵਾਲ ਕੀਤਾ ਸੀ ਕਿ ਕੀ ਮਹਿਲਾ ਮੰਤਰੀ ਮਨੀਪੁਰ ਬਾਰੇ ਬੋਲਣਗੇ। ਰਾਜ ਸਭਾ ਨੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿਚ ਹਾਤੀ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਸਬੰਧੀ ਬਿੱਲ ਪਾਸ ਕਰ ਦਿੱਤਾ ਹੈ। ਕੰਸਟੀਟਿਊਸ਼ਨ (ਅਨੁਸੂਚਿਤ ਕਬੀਲੇ) ਆਰਡਰ (ਤੀਜੀ ਸੋਧ) ਬਿੱਲ 2022 ਨੂੰ ਉਪਰਲੇ ਸਦਨ ਵਿੱਚ ਜ਼ੁਬਾਨੀ ਵੋਟ ਨਾਲ ਪਾਸ ਕੀਤਾ ਗਿਆ।
ਲੋਕ ਸਭਾ ਦਸੰਬਰ 2022 ਵਿੱਚ ਸਰਦ ਰੁੱਤ ਇਜਲਾਸ ਦੌਰਾਨ ਇਸ ਬਿੱਲ ’ਤੇ ਪਹਿਲਾਂ ਹੀ ਮੋਹਰ ਲਾ ਚੁੱਕੀ ਹੈ। ਆਦਿਵਾਸੀ ਮਾਮਲਿਆਂ ਬਾਰੇ ਮੰਤਰੀ ਅਰਜੁਨ ਮੁੰਡਾ ਨੇ ਬਿੱਲ ਸਦਨ ਵਿੱਚ ਰੱਖਦਿਆਂ ਕਿਹਾ ਕਿ ਇਸ ਨਾਲ ਸਿਰਮੌਰ ਜ਼ਿਲ੍ਹੇ ਦੇ ਟਰਾਂਸ ਗਿਰੀ ਇਲਾਕੇ ਵਿੱਚ ਰਹਿੰਦੇ ਹਾਤੀ ਭਾਈਚਾਰੇ ਨੂੰ ਨਿਆਂ ਮਿਲੇਗਾ। ਬਿੱਲ ਨੂੰ ਰਾਸ਼ਟਰਪਤੀ ਦੀ ਰਸਮੀ ਪ੍ਰਵਾਨਗੀ ਮਗਰੋਂ ਹਾਤੀ ਭਾਈਚਾਰੇ ਨੂੰ ਸਿੱਖਿਆ ਸੰਸਥਾਵਾਂ ਤੇ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਮਿਲੇਗਾ। -ਪੀਟੀਆਈ

ਸ਼ਾਹ ਦੇ ਪੱਤਰ ਵਿਚਲੇ ਸ਼ਬਦ ਤੇ ਸਰਕਾਰ ਦੀ ਕਾਰਵਾਈ ਮੇਲ ਨਹੀਂ ਖਾਂਦੀ: ਖੜਗੇ


ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਪੱਤਰ ਵਿੱਚ ਪ੍ਰਗਟਾਈਆਂ ਭਾਵਨਾਵਾਂ ਦੇ ਸ਼ਬਦ ਤੇ ਸਰਕਾਰ ਦੀ ਕਾਰਵਾਈ ਵਿਚ ਵੱਡਾ ਫਰਕ ਹੈ। ਖੜਗੇ ਨੇ ਸ਼ਾਹ ਨੂੰ ਲਿਖੇ ਮੋੜਵੇਂ ਪੱਤਰ ਵਿੱਚ ਵਿਰੋਧੀ ਧਿਰਾਂ ਦੀ ਤੁਲਨਾ ਦਹਿਸ਼ਤੀ ਸਮੂਹਾਂ ਨਾਲ ਕਰਨ ਬਦਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਘੇਰਿਆ। ਸ਼ਾਹ ਵੱਲੋਂ ਲਿਖੇ ਪੱਤਰ ਦਾ ਜਵਾਬ ਦਿੰਦਿਆਂ ਖੜਗੇ ਨੇ ਸ੍ਰੀ ਮੋਦੀ ਨੂੰ ਅਪੀਲ ਕੀਤੀ ਕਿ ਉਹ ਸਦਨ ਵਿਚ ਆ ਕੇ ਮਨੀਪੁਰ ਬਾਰੇ ਬਿਆਨ ਦੇਣ। ਖੜਗੇ ਨੇ ਕਿਹਾ ਕਿ ਸ਼ਾਹ ਨੇ ਉਨ੍ਹਾਂ ਨੂੰ ਅਜਿਹੇ ਮੌਕੇ ਪੱਤਰ ਲਿਖਿਆ ਜਦੋਂ ਪ੍ਰਧਾਨ ਮੰਤਰੀ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਨੂੰ ਬਰਤਾਨਵੀ ਸ਼ਾਸਕਾਂ ਤੇ ਦਹਿਸ਼ਤੀ ਜਥੇਬੰਦੀਆਂ ਨਾਲ ਮੇਲ ਰਹੇ ਹਨ ਅਤੇ ਅਜਿਹੇ ਵਿੱਚ ਉਹ ਸਾਡੇ ਤੋਂ ਸਕਾਰਾਤਮਕ ਜਵਾਬ ਦੀ ਆਸ ਕਿਵੇਂ ਕਰ ਸਕਦੇ ਹਨ। ਉਨ੍ਹਾਂ ਕਿਹਾ, ‘‘ਸੱਤਾਧਾਰੀ ਪਾਰਟੀ ਤੇ ਵਿਰੋਧੀ ਧਿਰ ਵਿੱਚ ਤਾਲਮੇਲ ਦੀ ਘਾਟ ਸਾਲਾਂ ਤੋਂ ਨਜ਼ਰ ਆ ਰਹੀ ਹੈ, ਪਰ ਹੁਣ ਇਹ ਘਾਟ ਸੱਤਾਧਾਰੀ ਪਾਰਟੀ ਦੇ ਅੰਦਰ ਵੀ ਨਜ਼ਰ ਆਉਣ ਲੱਗੀ ਹੈ।’’ ਖੜਗੇ ਨੇ ਸ਼ਾਹ ਨੂੰ ਲਿਖੇ ਪੱਤਰ ਵਿੱਚ ਕਿਹਾ, ‘‘ਪ੍ਰਧਾਨ ਮੰਤਰੀ ਵੱਲੋਂ ਵਿਰੋਧੀ ਧਿਰਾਂ ਨੂੰ ਦਿਸ਼ਾਹੀਣ ਦੱਸਣਾ ਨਾ ਸਿਰਫ਼ ਮੰਦਭਾਗਾ ਬਲਕਿ ਹਾਸੋਹੀਣਾ ਹੈ।’’ ਕਾਂਗਰਸ ਪ੍ਰਧਾਨ ਨੇ ਹਿੰਦੀ ਵਿੱਚ ਲਿਖੇ ਪੱਤਰ ਵਿੱਚ ਕਿਹਾ, ‘ਅਸੀਂ ਪ੍ਰਧਾਨ ਮੰਤਰੀ ਨੂੰ ਲਗਾਤਾਰ ਅਪੀਲ ਕਰ ਰਹੇ ਹਾਂ ਕਿ ਉਹ ਸਦਨ ਵਿੱਚ ਆਉਣ ਤੇ ਮਨੀਪੁਰ ਬਾਰੇ ਬਿਆਨ ਦੇਣ। ਪਰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੇ ਗੌਰਵ ਨੂੰ ਸੱਟ ਲੱਗਦੀ ਹੈ। ਇਸ ਦੇਸ਼ ਦੇ ਲੋਕਾਂ ਲਈ ਸਾਡੀ ਵਚਨਬੱਧਤਾ ਹੈ ਤੇ ਅਸੀਂ ਇਸ ਲਈ ਕੋਈ ਵੀ ਕੀਮਤ ਤਾਰਨ ਲਈ ਤਿਆਰ ਹਾਂ।’’ ਉਨ੍ਹਾਂ ਕਿਹਾ ਕਿ ਛੋਟੇ ਤੇ ਮਾਮੂਲੀ ਘਟਨਾਵਾਂ ਨੂੰ ਤੂਲ ਦੇ ਕੇ ਪਹਾੜ ਬਣਾਇਆ ਜਾ ਰਿਹੈ ਅਤੇ ਮੈਂਬਰਾਂ ਨੂੰ ਬਾਕੀ ਰਹਿੰਦੇ (ਮੌਨਸੂਨ) ਇਜਲਾਸ ਤੋਂ ਮੁਅੱਤਲ ਕੀਤਾ ਜਾ ਰਿਹਾ ਹੈ। ਖੜਗੇ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਵੱਲੋਂ ਹਰ ਰੋਜ਼ ਨੇਮ 267 ਤਹਿਤ ਨੋਟਿਸ ਦਿੱਤੇ ਜਾ ਰਹੇ ਹਨ, ਪਰ ਸੱਤਾ ਵਿਚ ਬੈਠੇ ਮੈਂਬਰਾਂ ਵੱਲੋਂ ਇਨ੍ਹਾਂ ਦੇ ਰਾਹ ਵਿੱਚ ਅੜਿੱਕੇ ਡਾਹੇ ਜਾ ਰਹੇ ਹਨ।
ਚੇਤੇ ਰਹੇ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿੱਚ ਬਣੇ ਜਮੂਦ ਨੂੰ ਤੋੜਨ ਦੇ ਇਰਾਦੇ ਨਾਲ ਮਨੀਪੁਰ ਮੁੱਦੇ ’ਤੇ ਚਰਚਾ ਲਈ ਸਹਿਯੋਗ ਮੰਗਦਿਆਂ ਕਾਂਗਰਸ ਦੇ ਦੋਵਾਂ ਸਦਨਾਂ ਵਿਚਲੇ ਆਗੂਆਂ ਖੜਗੇ ਤੇ ਅਧੀਰ ਰੰਜਨ ਚੌਧਰੀ ਨੂੰ ਪੱਤਰ ਲਿਖਿਆ ਸੀ। ਸ਼ਾਹ ਨੇ ਕਿਹਾ ਸੀ ਕਿ ਸਰਕਾਰ ਮਨੀਪੁਰ ਮਸਲੇ ’ਤੇ ਚਰਚਾ ਲਈ ਤਿਆਰ ਹੈ, ਪਰ ਸਾਰੀਆਂ ਸਬੰਧਤ ਧਿਰਾਂ ਪਾਰਟੀ ਸਫ਼ਾਂ ਤੋਂ ਉਪਰ ਉਠ ਕੇ ਸਹਿਯੋਗ ਦੇਣ। -ਪੀਟੀਆਈ

Advertisement
Tags :
Author Image

Advertisement
Advertisement
×