ਨਕਸ਼ਾ ਦੇਖਣ ਲਈ ਕੋਈ ਲਿਆਇਆ ਪੌੜੀ ਤੇ ਕੋਈ ਦੂਰਬੀਨ
ਗਗਨਦੀਪ ਅਰੋੜਾ
ਲੁਧਿਆਣਾ, 7 ਅਗਸਤ
ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਦੀ ਨਵੀਂ ਵਾਰਡਬੰਦੀ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਨਕਸ਼ਾ ਦੇਖਣ ਲਈ ਕੋਈ ਸਾਬਕਾ ਕੌਂਸਲਰ ਪੌੜੀ ਲੈ ਕੇ ਆ ਰਿਹਾ ਹੈ ਤੇ ਕੋਈ ਦੂਰਬੀਨ। ਨਗਰ ਨਿਗਮ ਨੇ ਵੱਡਾ ਨਕਸ਼ਾ ਬਿਲਡਿੰਗ ਦੀ ਦੂਜ਼ੀ ਮੰਜ਼ਿਲ ’ਤੇ ਲਗਾਇਆ ਹੈ, ਜਿਸ ਨੂੰ ਦੇਖਣ ਨੂੰ ਸਾਬਕਾ ਕੌਂਸਲਰ ਨੇ ਇਤਰਾਜ਼ ਜਤਾਇਆ ਹੈ ਕਿ ਨਕਸ਼ਾ ਇੰਨਾ ਉੱਚਾ ਲਗਾਇਆ ਹੋਇਆ ਹੈ ਕਿ ਉਹ ਨਜ਼ਰ ਨਹੀਂ ਆ ਰਿਹਾ ਹੈ।
ਨਕਸ਼ਾ ਦੇਖਣ ਲਈ ਸਾਬਕਾ ਕਾਂਗਰਸੀ ਕੌਂਸਲਰ ਬਲਜਿੰਦਰ ਸਿੰਘ ਬੰਟੀ ਤਾਂ ਦੋ ਮੰਜ਼ਿਲਾ ਪੌੜੀ ਹੀ ਲੈ ਕੇ ਨਗਰ ਨਿਗਮ ਦੇ ਦਫ਼ਤਰ ਪੁੱਜ ਗਏ। ਉਨ੍ਹਾਂ ਕਿਹਾ ਕਿ ਜਨਤਾ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਨ੍ਹਾਂ ਦਾ ਇਲਾਕਾ ਕਿਸ ਵਾਰਡ ’ਚ ਹੈ। ਜ਼ੋਨ-ਡੀ ’ਚ ਜੋ ਨਕਸ਼ਾ ਲਾਇਆ ਗਿਆ ਹੈ, ਉਸ ਨੂੰ ਦੇਖਣ ਲਈ ਪੌੜੀ ਲਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ
ਵਾਰਡਬੰਦੀ ਵਿੱਚ ਆਪਣੇ-ਆਪਣੇ ਇਲਾਕੇ ਦੇਖਣ ਲਈ ਲੋਕ ਪੌੜੀ ’ਤੇ ਚੜ੍ਹੇ ਸਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਜੇਕਰ ਨਕਸ਼ੇ ਨੂੰ ਜਨਤਕ ਰੂਪ ਨਾਲ ਲੋਕਾਂ ਦੇ ਵਿੱਚ ਨਾ ਲਾਇਆ ਤਾਂ ਇਸਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ 10 ਸਾਲ ਤੋਂ ਬਾਅਦ ਹੀ ਵਾਰਡਬੰਦੀ ਕੀਤੀ ਜਾ ਸਕਦੀ ਹੈ। ਸਰਕਾਰ ਨੇ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਵਾਰਡਬੰਦੀ ਕੀਤੀ ਹੈ। ਜਿਸਦਾ ਸਾਰੇ ਕੌਂਸਲਰ ਵਿਰੋਧ ਕਰ ਰਹੇ ਹਨ।
ਇਲਾਕਾ ਲੱਭਣ ਵਾਲੇ ਨੂੰ 500 ਰੁਪਏ ਇਨਾਮ ਦੇਣ ਦਾ ਐਲਾਨ
ਸੋਮਵਾਰ ਨੂੰ ਭਾਜਪਾ ਤੇ ਕਾਂਗਰਸ ਦੇ ਸਾਬਕਾ ਕੌਂਸਲਰ ਦੂਰਬੀਨ ਲੈ ਕੇ ਵਾਰਬੰਦੀ ਦੇ ਨਕਸ਼ੇ ਦਾ ਵਿਰੋਧ ਕਰਨ ਪੁੱਜੇ। ਕੁਝ ਕੌਂਸਲਰਾਂ ਨੇ ਤਾਂ ਵਾਰਡ ਜਾਂ ਮੁੱਹਲਿਆਂ ਨੂੰ ਨਕਸ਼ਿਆਂ ’ਚ ਲੱਭਣ ਵਾਲਿਆਂ ਦੇ ਲਈ 500 ਰੁਪਏ ਇਨਾਮ ਦੇਣ ਦਾ ਐਲਾਨ ਤੱਕ ਵੀ ਕਰ ਦਿੱਤਾ। ਸਾਬਕਾ ਕੌਂਸਲਰ ਗੁਰਦੀਪ ਸਿੰਘ ਨੀਟੂ ਨੇ ਕਿਹਾ ਕਿ ਦੂਸਰੀ ਮੰਜ਼ਿਲ ’ਤੇ ਨਕਸ਼ਾ ਲਾ ਕੇ ਅਧਿਕਾਰੀਆਂ ਨੇ ਡਰਾਮੇਬਾਜ਼ੀ ਕੀਤੀ ਹੈ। ਇਸ ਤਰ੍ਹਾਂ ਕੋਈ ਆਮ ਆਦਮੀ ਜਾਂ ਕੌਂਸਲਰ ਕਿਸ ਤਰ੍ਹਾਂ ਆਪਣਾ ਇਤਰਾਜ਼ ਦਾਇਰ ਕਰੇਗਾ ਕਿਉਂਕਿ ਨਕਸ਼ੇ ’ਚ ਉਨ੍ਹਾਂ ਦੇ ਇਲਾਕਿਆਂ ’ਦੀ ਪਛਾਣ ਨਹੀਂ ਹੋ ਪਾ ਰਹੀ। ਅੱਜ ਦੂਰਬੀਨ ਦੀ ਮਦਦ ਨਾਲ ਵੀ ਨਕਸ਼ੇ ’ਚ ਆਪਣਾ ਵਾਰਡ ਅਤੇ ਮੁਹੱਲਾ ਦੇਖਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਨਜ਼ਰ ਨਹੀਂ ਆ ਰਿਹਾ।
ਕੌਂਸਲਰ ਨੂੰ ਵਾਰਡ ਤੋਂ ਬਾਹਰ ਕਰਨ ਦਾ ਦੋਸ਼
ਸਾਬਕਾ ਕੌਂਸਲਰ ਰਾਜਾ ਨਵਨੀਤ ਸਿੰਘ ਘਾਇਲ ਨੇ ਕਿਹਾ ਕਿ ਅੱਜ ਜਦੋਂ ਉਨ੍ਹਾਂ ਨਕਸ਼ਾ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਦੇ ਵਾਰਡ ’ਚ ਕਿਹੜਾ ਨਵਾਂ ਇਲਾਕਾ ਜੁੜਿਆ ਹੈ। ਜਿਨ੍ਹਾਂ ਇਲਾਕਿਆਂ ’ਚ ਉਹ ਪਹਿਲਾਂ ਚੋਣ ਲੜੇ ਹਨ, ਉਹ ਸਾਰੇ ਇਲਾਕੇ ਅੱਜ ਉਨ੍ਹਾਂ ਦੇ ਵਾਰਡ ਤੋਂ ਬਾਹਰ ਕਰ ਦਿੱਤੇ ਗਏ ਹਨ। ਹਰ ਵਾਰਡ ’ਚੋਂ ਕੋਈ ਨਾ ਕੋਈ ਵਿਅਕਤੀ ਚੋਣ ਲੜਨ ਦਾ ਇਛੁੱਕ ਹੁੰਦਾ ਹੈ, ਪਰ ਲੋਕਾਂ ਨੂੰ ਉਨ੍ਹਾਂ ਦੇ ਵਾਰਡ ਦੀ ਭੂਗੋਲਿਕ ਸਥਿਤੀ ਹੀ ਨਹੀਂ ਪਤਾ ਲੱਗ ਰਹੀ ਤਾਂ ਉਹ ਚੋਣ ’ਚ ਕਿਵੇਂ ਹਿੱਸਾ ਲੈ ਸਕਦੇ ਹਨ।
ਉਨ੍ਹਾਂ ਦਾ ਪਰਿਵਾਰ 20 ਸਾਲ ਤੋਂ ਕੌਂਸਲਰ ਦੀ ਸੀਟ ਸੰਭਾਲ ਰਿਹਾ ਹੈ। ਇਹ ਨਿਗਮ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਹੈ ਕਿ ਲੋਕਾਂ ਤੱਕ ਇਸ ਨਵੀਂ ਵਾਰਡਬੰਦੀ ਦਾ ਨਕਸ਼ਾ ਨਹੀਂ ਪਹੁੰਚਾ ਪਾ ਰਹੇ। ਸਾਬਕਾ ਕੌਂਸਲਰ ਪਤੀ ਰੋਹਿਤ ਸਿੱਕਾ ਨੇ ਕਿਹਾ ਕਿ ਉਹ ਉਸ ਨਿਗਮ ਅਧਿਕਾਰੀ ਨੂੰ 500 ਇਨਾਮ ਦੇਣਗੇ ਜੋ ਇਸ ਨਕਸ਼ੇ ’ਚੋਂ ਉਨ੍ਹਾਂ ਦੇ ਵਾਰਡ ਜਾਂ ਮੁਹੱਲੇ ਦਾ ਨਾਮ ਲੱਭ ਕੇ ਦੇਣਗੇ। ਦੂਰਬੀਨ ਦੀ ਵਰਤੋਂ ਕਰਨ ’ਤੇ ਵੀ ਇਲਾਕਿਆਂ ਦੇ ਨਾਮ ਨਹੀਂ ਪਤਾ ਲੱਗ ਪਾ ਰਹੇ। ਮੈਪ ਬਿਲਕੁਲ ਉਲਟਾ ਹੈ।
‘ਆਪ’ ਨੇ ਵਾਰਡਾਂ ਦਾ ਪੁਨਰਗਠਨ ਕਰ ਕੇ ਅਕਾਲੀ ਉਮੀਦਵਾਰਾਂ ਖ਼ਿਲਾਫ਼ ਰਚੀ ਸਾਜ਼ਿਸ਼: ਸੁਖਬੀਰ ਬਾਦਲ
ਲੁਧਿਆਣਾ (ਗੁਰਿੰਦਰ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸੱਤਾਧਾਰੀ ਪਾਰਟੀ ਨੇ ਸ਼ਹਿਰ ਦੇ ਵਾਰਡਾਂ ਦਾ ਪੁਨਰਗਠਨ ਕਰ ਕੇ ਅਕਾਲੀ ਉਮੀਦਵਾਰਾਂ ਨੂੰ ਹਰਾਉਣ ਲਈ ਇੱਕ ਸਾਜ਼ਿਸ਼ ਰਚੀ ਹੈ, ਜਿਸ ਨੂੰ ਕਾਨੂੰਨ ਅਨੁਸਾਰ ਨਜਿੱਠਣ ਲਈ ਕਾਰਵਾਈ ਕੀਤੀ ਜਾਵੇਗੀ। ਉਹ ਯੂਥ ਅਕਾਲੀ ਆਗੂ ਕਮਲਜੀਤ ਸਿੰਘ ਬਹਿਲ ਦੇ ਗ੍ਰਹਿ ਵਿੱਚ ਵਰਕਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਸ੍ਰੀ ਬਹਿਲ ਦੇ ਭਰਾ ਦੇ ਅਕਾਲ ਚਲਾਣੇ ਤੇ ਅਫ਼ਸੋਸ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਵੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਸੀਨੀਅਰ ਅਕਾਲੀ ਆਗੂ ਐਡਵੋਕੇਟ ਹਰੀਸ਼ ਰਾਏ ਢਾਂਡਾ ਦੀ ਅਗਵਾਈ ਹੇਠ ਇੱਕ ਕਮੇਟੀ ਗਠਿਤ ਕੀਤੀ ਜਾ ਰਹੀ ਹੈ ਜਿਸ ਵਿੱਚ ਅਕਾਲੀ ਕੌਂਸਲਰ, ਸਾਬਕਾ ਕੌਂਸਲਰ ਅਤੇ ਹੋਰ ਆਗੂ ਸ਼ਾਮਲ ਕੀਤੇ ਜਾਣਗੇ ਜੋ ਸਰਕਾਰ ਦੇ ਇਸ ਫ਼ੈਸਲੇ ਸਬੰਧੀ ਸਾਰੇ ਤੱਥ ਇਕੱਠੇ ਕਰਕੇ ਅਗਲੀ ਕਾਰਵਾਈ ਕਰਨਗੇ। ਉਨ੍ਹਾਂ ਦੱਸਿਆ ਕਿ ‘ਆਪ’ ਸਰਕਾਰ ਦੀ ਇਹ ਚਾਲ ਸਫ਼ਲ ਨਹੀਂ ਹੋਵੇਗੀ ਕਿਉਂਕਿ ਜਨਤਾ ਇਸ ਸਰਕਾਰ ਦੀ ਨੀਯਤ ਅਤੇ ਨੀਤੀ ਨੂੰ ਚੰਗੀ ਤਰ੍ਹਾਂ ਜਾਣ ਚੁੱਕੀ ਹੈ। ਉਨ੍ਹਾਂ ਅਕਾਲੀ ਵਰਕਰਾਂ ਨੂੰ ਕਿਹਾ ਕਿ ਉਹ ਨਗਰ ਨਿਗਮ ਚੋਣਾਂ ਸਬੰਧੀ ਸਰਗਰਮੀਆਂ ਤੇਜ਼ ਕਰਨ ਅਤੇ ਘਰ ਘਰ ਜਾਕੇ ਲੋਕਾਂ ਨੂੰ ‘ਆਪ’ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਗਰੂਕ ਕਰਨ। ਇਸ ਮੌਕੇ ਹਰਪ੍ਰੀਤ ਸਿੰਘ ਡੰਗ ਨੇ ਸ੍ਰੀ ਬਾਦਲ ਨਾਲ ਆ ਰਹੀਆਂ ਨਗਰ ਨਿਗਮ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਰਣਜੀਤ ਸਿੰਘ ਢਿੱਲੋਂ, ਹਿਤੇਸ਼ਇੰਦਰ ਸਿੰਘ ਗਰੇਵਾਲ, ਵਿਪਨ ਸੂਦ ਕਾਕਾ ਅਤੇ ਸਰਬਜੀਤ ਸਿੰਘ ਸ਼ੰਟੀ ਆਦਿ ਵੀ ਹਾਜ਼ਰ ਸਨ।