ਗੁੰਮਟੀ ਵਿੱਚ ਸਰਪੰਚ ਦੀ ਚੋਣ ਲਈ ਮੈਦਾਨ ਵਿੱਚ ਨਿੱਤਰੀ ਮਨਰੇਗਾ ਮੇਟ
ਨਵਕਿਰਨ ਸਿੰਘ
ਮਹਿਲ ਕਲਾਂ, 13 ਅਕਤੂਬਰ
ਪੰਜਾਬ ਵਿੱਚ 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ’ਤੇ ਕੁਝ ਜਨਰਲ ਸੀਟਾਂ ਉੱਪਰ ਦਲਿਤ ਪਰਿਵਾਰਾਂ ਦੀਆਂ ਔਰਤਾਂ ਚੋਣ ਮੁਕਾਬਲੇ ਵਿੱਚ ਹਨ। ਲੋਕਾਂ ਵਿੱਚ ਵਧੀ ਸਮਾਜਿਕ ਚੇਤਨਾ ਦਾ ਅਸਰ ਹੈ ਕਿ ਮਜ਼ਦੂਰ ਪਰਿਵਾਰਾਂ ਦੀਆਂ ਇਹ ਪੜ੍ਹੀਆਂ-ਲਿਖੀਆਂ ਕੁੜੀਆਂ ਜਨਰਲ ਸੀਟਾਂ ਉੱਪਰ ਪੂਰੇ ਆਤਮ ਵਿਸ਼ਵਾਸ ਨਾਲ ਚੋਣ ਲੜ ਰਹੀਆਂ ਹਨ। ਪਿੰਡ ਗੁੰਮਟੀ ਵਿੱਚ ਜਨਰਲ ਸੀਟ ’ਤੇ ਮਨਰੇਗਾ-ਮਜ਼ਦੂਰ ਪਰਮਜੀਤ ਕੌਰ ਸਰਪੰਚ ਦੀ ਚੋਣ ਲੜ ਰਹੀ ਹੈ। ਪਰਮਜੀਤ ਕੌਰ ਪਿੰਡ ਗੁੰਮਟੀ ਦੇ ਇਕ ਦਲਿਤ ਪਰਿਵਾਰ ਦੀ ਧੀ ਹੈ। ਉਸ ਨੇ ਤਿੰਨ ਐੱਮਏ (ਹਿਸਟਰੀ, ਪੰਜਾਬੀ, ਐਜੂਕੇਸ਼ਨ), ਬੀਐੱਡ ਕੀਤੀ ਹੋਈ ਹੈ। ਸਰਕਾਰੀ ਰੁਜ਼ਗਾਰ ਨਾ ਮਿਲਣ ਕਾਰਨ ਉਹ ਪਿਛਲੇ ਲੱਗਪਗ 9 ਸਾਲਾਂ ਤੋਂ ਮਨਰੇਗਾ ਤਹਿਤ ਮੇਟ ਵਜੋਂ ਕੰਮ ਕਰ ਰਹੀ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਤੀ ਸੇਖਵਾਂ ਵਿੱਚ ਸਰਪੰਚ ਦੀ ਸੀਟ ਜਨਰਲ ਔਰਤ ਉਮੀਦਵਾਰ ਲਈ ਰਾਖਵੀਂ ਹੈ। ਇਸ ਪਿੰਡ ਵਿੱਚ ਦੋ ਔਰਤ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚੋਂ ਇਕ ਪਰਦੀਪ ਕੌਰ ਦਲਿਤ ਪਰਿਵਾਰ ਨਾਲ ਸਬੰਧਤ ਹੈ। ਉਸ ਦਾ ਪਤੀ ਦਰਜ਼ੀ ਹੈ ਅਤੇ ਦੋ ਵਾਰ ਪਿੰਡ ਦਾ ਪੰਚ ਰਹਿ ਚੁੱਕਾ ਹੈ। ਪਰਦੀਪ ਕੌਰ ਅਨੁਸਾਰ ਉਹ ਬਹੁਤੇ ਆਰਥਿਕ ਵਸੀਲਿਆਂ ਤੋਂ ਬਗੈਰ ਹੀ ਜਨਰਲ ਸੀਟ ਉੱਪਰ ਚੋਣ ਲੜ ਰਹੇ ਹਨ। ਬਰਨਾਲਾ ਜ਼ਿਲ੍ਹੇ ਦੇ ਪਿੰਡ ਬਖਤਗੜ੍ਹ ਵਿੱਚ ਜਨਰਲ ਔਰਤਾਂ ਲਈ ਰਾਖਵੀਂ ਸੀਟ ਉੱਪਰ ਦਲਿਤ ਪਰਿਵਾਰ ਦੀ ਔਰਤ ਗੁਰਪ੍ਰੀਤ ਕੌਰ ਚੋਣ ਲੜ ਰਹੀ ਹੈ। ਇਸੇ ਤਰ੍ਹਾਂ ਲੋਕ ਕਵੀ ਸੰਤ ਰਾਮ ਦੇ ਉਦਾਸੀ ਦੇ ਜੱਦੀ ਪਿੰਡ ਰਾਏਸਰ (ਪੰਜਾਬ) ਵਿੱਚ ਮਜ਼ਦੂਰ ਪਰਿਵਾਰ ਦੀ ਪਰਵਿੰਦਰ ਕੌਰ ਜਨਰਲ ਔਰਤਾਂ ਵਾਲੀ ਸੀਟ ਉੱਪਰ ਚੋਣ ਲੜ ਰਹੀ ਹੈ। ਇਸ ਤੋਂ ਇਲਾਵਾ ਇਲਾਕੇ ਦੇ ਕੁੱਝ ਪਿੰਡਾਂ ਵਿੱਚ ਮਜਦੂਰ ਪਰਿਵਾਰਾਂ ਨਾਲ ਸਬੰਧਤ ਵਿਅਕਤੀ ਵੀ ਜਨਰਲ ਸੀਟਾਂ ਉੱਪਰ ਚੋਣ ਲੜ ਰਹੇ ਹਨ।
ਮਨਰੇਗਾ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਲੜਦੀ ਰਹੀ ਹੈ ਪਰਮਜੀਤ ਕੌਰ
ਪਰਮਜੀਤ ਕੌਰ ਨੇ ਮਨਰੇਗਾ ਮਜ਼ਦੂਰਾਂ ਨੂੰ ਬਣਦਾ ਰੁਜ਼ਗਾਰ ਦਿਵਾਉਣ ਲਈ ਪਿਛਲੇ ਸਮੇਂ ਕਈ ਸੰਘਰਸ਼ ਵੀ ਕੀਤੇ ਹਨ। ਚੋਣ ਲੜਣ ਲਈ ਉਸ ਕੋਲ ਬਹੁਤੇ ਆਰਥਿਕ ਵਸੀਲੇ ਨਹੀਂ ਹਨ ਪਰ ਉਹ ਲੋਕਾਂ ਵਿੱਚ ਆਪਣੇ ਵਿਕਾਸ ਦਾ ਏਜੰਡਾ ਲਿਜਾ ਰਹੀ ਹੈ। ਆਮ ਰਿਵਾਇਤ ਦੇ ਉੱਲਟ ਪਰਮਜੀਤ ਕੌਰ ਦੇ ਕਿਸੇ ਵੀ ਪੋਸਟਰ ਉੱਪਰ ਉਸਦੇ ਪਿਤਾ ਜਾਂ ਭਰਾ ਦਾ ਨਾਮ ਨਹੀਂ ਹੈ। ਉਸ ਦੀ ਚੋਣ ਮੁਹਿੰਮ ਵਿੱਚ ਵੀ ਮੁੱਖ ਰੂਪ ਵਿੱਚ ਔਰਤਾਂ ਹੀ ਨਜ਼ਰ ਆਉਂਦੀਆਂ ਹਨ। ਪਰਮਜੀਤ ਕੌਰ ਦੱਸਦੀ ਹੈ ਕਿ ਜੇਕਰ ਉਹ ਚੋਣ ਜਿੱਤਦੀ ਹੈ ਤਾਂ ‘ਰਬੜ ਦੀ ਮੋਹਰ’ ਵਾਲੀ ਔਰਤ ਸਰਪੰਚ ਨਹੀਂ ਬਲਕਿ ਹਕੀਕੀ ਰੂਪ ਵਿੱਚ ਇਕ ਸਰਪੰਚ ਬਣੇਗੀ। ਕਰੀਬ 1645 ਵੋਟਾਂ ਵਾਲੇ ਪਿੰਡ ਵਿੱਚ ਪਰਮਜੀਤ ਕੌਰ ਬਗੈਰ ਕੋਈ ਨਸ਼ਾ ਜਾਂ ਹੋਰ ਸਮੱਗਰੀ ਵੰਡੇ ਲੋਕਾਂ ਤੋਂ ਵੋਟਾਂ ਮੰਗ ਰਹੀ ਹੈ।