For the best experience, open
https://m.punjabitribuneonline.com
on your mobile browser.
Advertisement

ਸੁਰੱਖਿਆ ਮੁਲਾਜ਼ਮ ਕੁਲਵਿੰਦਰ ਕੌਰ ਦੇ ਹੱਕ ਵਿੱਚ ਨਿੱਤਰੀ ਬੀਕੇਯੂ ਕਾਦੀਆਂ

11:27 AM Jun 09, 2024 IST
ਸੁਰੱਖਿਆ ਮੁਲਾਜ਼ਮ ਕੁਲਵਿੰਦਰ ਕੌਰ ਦੇ ਹੱਕ ਵਿੱਚ ਨਿੱਤਰੀ ਬੀਕੇਯੂ ਕਾਦੀਆਂ
ਮੀਟਿੰਗ ਦੌਰਾਨ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਅਤੇ ਹੋਰ ਆਗੂ। -ਫੋਟੋ: ਇੰਦਰਜੀਤ ਵਰਮਾ
Advertisement

ਗੁਰਿੰਦਰ ਸਿੰਘ
ਲੁਧਿਆਣਾ, 8 ਜੂਨ
ਬੀਕੇਯੂ (ਕਾਦੀਆਂ) ਨੇ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੁਰੱਖਿਆ ਮੁਲਾਜ਼ਮ ਕੁਲਵਿੰਦਰ ਕੌਰ ਦੇ ਹੱਕ ਵਿੱਚ ਨਿੱਤਰਦਿਆਂ ਉਸ ਨੂੰ ਹਰ ਕਿਸਮ ਦੀ ਸਹਾਇਤਾ ਅਤੇ ਸਹਿਯੋਗ ਕਰਨ ਦਾ ਐਲਾਨ ਕੀਤਾ ਹੈ। ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੰਗਨਾ ਰਣੌਤ ਖ਼ਿਲਾਫ਼ ਫ਼ਿਰਕੂ ਨਫ਼ਰਤ ਫੈਲਾਉਣ ਦੇ ਦੋਸ਼ ਤਹਿਤ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸਤਿਸੰਗ ਸਭਾ ਹਾਊਸਿੰਗ ਬੋਰਡ, ਭਾਈ ਰਣਧੀਰ ਸਿੰਘ ਨਗਰ ਵਿੱਚ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕਿਹਾ ਗਿਆ ਕਿ ਇਸ ਘਟਨਾਕ੍ਰਮ ਦੀ ਮੁੱਖ ਦੋਸ਼ੀ ਖ਼ੁਦ ਕੰਗਨਾ ਹੈ। ਇਸ ਸਾਰੀ ਘਟਨਾ ਦੀ ਜ਼ਿੰਮੇਵਾਰੀ ਵੀ ਰਣੌਤ ਦੀ ਬਣਦੀ ਹੈ ਕਿਉਂਕਿ ਉਸ ਨੇ ਕੁਲਵਿੰਦਰ ਕੌਰ ਖ਼ਿਲਾਫ਼ ਗਲਤ ਭਾਸ਼ਾ ਵਰਤ ਕੇ ਗ਼ਲਤ ਟਿੱਪਣੀਆਂ ਕੀਤੀਆਂ ਸਨ।
ਜਥੇਬੰਦੀ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਇੱਕ ਹੋਰ ਮਤਾ ਪਾਸ ਕਰ ਕੇ ਸਿੰਜਾਈ ਵਿਭਾਗ ਤੋਂ ਮੰਗ ਕੀਤੀ ਗਈ ਹੈ ਕਿ ਨਹਿਰੀ ਪਾਣੀ ਦੀ ਸਪਲਾਈ ਨੂੰ ਨਿਰਵਿਘਨ ਯਕੀਨੀ ਬਣਾਇਆ ਜਾਵੇ। ਇਹ ਵੀ ਪੱਕਾ ਕੀਤਾ ਜਾਵੇ ਕਿ ਨਹਿਰਾਂ ਦੀਆਂ ਟੇਲਾਂ ਉੱਪਰ ਪੂਰੀ ਮਾਤਰਾ ਵਿੱਚ ਪਾਣੀ ਦੀ ਉਪਲੱਬਧਤਾ ਯਕੀਨੀ ਬਣਾਈ ਜਾਵੇ। ਇੱਕ ਹੋਰ ਮਤੇ ਰਾਹੀਂ ਪਾਵਰਕੌਮ ਤੋਂ ਇਹ ਮੰਗ ਕੀਤੀ ਗਈ ਕਿ ਖੇਤਾਂ ਵਿੱਚੋਂ ਟਰਾਂਸਫਾਰਮਰਾਂ‌ ਦੀਆਂ ਤਾਂਬਾ ਅਤੇ ਤੇਲ ਚੋਰੀ ਦੀਆਂ ਘਟਨਾਵਾਂ ਬਾਰੇ ਸਖ਼ਤ ਕਾਰਵਾਈ ਕੀਤੀ ਜਾਵੇ। ਚੋਰੀ ਦਾ ਮਾਲ ਖ਼ਰੀਦਣ ਵਾਲੇ ਕਬਾੜੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਬਿਜਲੀ ਲਾਈਨਾਂ ਦੀ ਮੁਰੰਮਤ ਅਤੇ ਹੋਰ ਕੰਮਾਂ ਲਈ ਮੁਲਾਜ਼ਮਾਂ ਦੀ ਵਿਸ਼ੇਸ਼ ਭਰਤੀ ਕੀਤੀ ਜਾਵੇ।

Advertisement

ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ

ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਫ਼ਿਲਮ ਅਦਾਕਾਰਾ ਤੋਂ ਸੰਸਦ ਮੈਂਬਰ ਬਣੀ ਕੰਗਨਾ ਰਣੌਤ ਖ਼ਿਲਾਫ਼ ਕਿਸਾਨ ਮਜ਼ਦੂਰ ਜਥੇਬੰਦੀ ਨੇ ਦੋ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਪਹਿਲਾ ਕੇਸ ਸੁਰੱਖਿਆ ਕਰਮੀ ਕੁਲਵਿੰਦਰ ਕੌਰ ਨਾਲ ਡਿਊਟੀ ਦੌਰਾਨ ਦੁਰਵਿਹਾਰ ਕਰਨ ਅਤੇ ਸਰਕਾਰੀ ਕੰਮ ’ਚ ਵਿਘਨ ਪਾਉਣ ਤੇ ਦੂਜਾ ਘਟਨਾ ਤੋਂ ਫੌਰੀ ਬਾਅਦ ਵੀਡੀਓ ਜਾਰੀ ਕਰ ਕੇ ਪੰਜਾਬੀਆਂ ਨੂੰ ਅਤਿਵਾਦੀ ਕਹਿਣ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇਹ ਮੰਗ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਅੱਜ ਚੌਕੀਮਾਨ ਟੌਲ ’ਤੇ ਇਕੱਤਰਤਾ ਦੌਰਾਨ ਕੀਤੀ। ਇਸ ਸਮੇਂ ਰੋਸ ਪ੍ਰਗਟਾਵਾ ਕਰਦੇ ਹੋਏ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਇਕੱਤਰਤਾ ’ਚ ਵੱਖ-ਵੱਖ ਪਿੰਡ ਇਕਾਈਆਂ ਦੇ ਕਿਸਾਨ ਤੇ ਮਜ਼ਦੂਰ ਸ਼ਾਮਲ ਹੋਏ। ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਰਣਜੀਤ ਸਿੰਘ ਗੁੜੇ, ਗੁਰਦੇਵ ਸਿੰਘ ਮੁੱਲਾਂਪੁਰ, ਜਰਨੈਲ ਸਿੰਘ ਮੁੱਲਾਂਪੁਰ, ਅਮਰੀਕ ਸਿੰਘ ਤਲਵੰਡੀ ਨੇ ਕਿਹਾ ਕਿ ਕੁਲਵਿੰਦਰ ਕੌਰ ਤਾਂ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਪਰ ਉਸ ਦੀ ਡਿਊਟੀ ’ਚ ਵਿਘਨ ਪਾਉਣ ਅਤੇ ਦੁਰਵਿਹਾਰ ਕਰਨ ਦਾ ਕੇਸ ਕੰਗਨਾ ਰਣੌਤ ਖ਼ਿਲਾਫ਼ ਵੀ ਦਰਜ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਆਪਣੇ ਪੱਧਰ ‘ਤੇ ਕੰਗਨਾ ਰਣੌਤ ਦੀ ਵੀਡੀਓ ’ਤੇ ਕਾਰਵਾਈ ਕਰਨੀ ਚਾਹੀਦੀ ਹੈ। ਇਸ ਵੀਡੀਓ ’ਚ ਭਾਜਪਾ ਨੇਤਾ ਪੰਜਾਬੀਆਂ ਨੂੰ ਅਤਿਵਾਦੀ ਕਹਿੰਦੀ ਨਜ਼ਰ ਆਉਂਦੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨੀ ਮੰਗਾਂ ਲਈ ਚੌਕੀਮਾਨ ਟੌਲ ਤੋਂ 10 ਜੂਨ ਨੂੰ ਸ਼ੰਭੂ ਬਾਰਡਰ ਵਾਲੇ ਮੋਰਚੇ ਲਈ ਜਥੇ ਭੇਜੇ ਜਾਣਗੇ। ਇਕ ਮਤਾ ਪਾਸ ਕਰਕੇ ਕੁਲਵਿੰਦਰ ਕੌਰ ਦੀ ਸ਼ਲਾਘਾ ਕਰਦਿਆਂ ਉਸ ਦੇ ਸਿਰ ਮੜ੍ਹੇ ਕੇਸ ਨੂੰ ਫੌਰੀ ਤੌਰ ’ਤੇ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਸਮੇਂ ਗੁਰਸੇਵਕ ਸਿੰਘ ਸੋਨੀ ਸਵੱਦੀ, ਸਰਵਿੰਦਰ ਸਿੰਘ ਸੁਧਾਰ, ਜਸਵੰਤ ਸਿੰਘ ਮਾਨ, ਜਗਦੇਵ ਸਿੰਘ ਗੁੜੇ, ਅਵਤਾਰ ਸਿੰਘ ਤਾਰ, ਤੇਜਿੰਦਰ ਸਿੰਘ ਬਿਰਕ, ਬੂਟਾ ਸਿੰਘ ਬਰਸਾਲ, ਗੁਰਚਰਨ ਸਿੰਘ ਤਲਵੰਡੀ, ਗੁਰਦੀਪ ਸਿੰਘ ਮੰਡਿਆਣੀ, ਅਮਰਜੀਤ ਸਿੰਘ ਖੰਜਰਵਾਲ ਆਦਿ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement