ਨਿਤੀਸ਼ ਜਲਦੀ ਕਰਨਗੇ ਕੈਬਨਿਟ ਦਾ ਵਿਸਥਾਰ
ਪਟਨਾ, 29 ਜਨਵਰੀ
ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਐੱਨਡੀਏ ਦੇ ਸਹਿਯੋਗ ਨਾਲ ਬਿਹਾਰ ਵਿੱਚ ਸਰਕਾਰ ਬਣਾਉਣ ਤੋਂ ਇਕ ਦਿਨ ਮਗਰੋਂ ਕੈਬਨਿਟ ਦੇ ਵਿਸਥਾਰ ਤੇ ਅਸੈਂਬਲੀ ਸਪੀਕਰ ਦੇ ਅਹੁਦੇ ਲਈ ਜੋੜ-ਤੋੜ ਸ਼ੁਰੂ ਹੋ ਗਿਆ ਹੈ। ਕੁਮਾਰ ਨੇ ਅੱਜ ਆਪਣੀ ਨਵੀਂ ਕੈਬਨਿਟ ਦੀ ਬੈਠਕ ਕਰਕੇ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਕੀਤੀ। ਬੈਠਕ ਉਪਰੰਤ ਐੱਨਡੀਏ ਵਿਚ ਸ਼ਾਮਲ ਆਗੂਆਂ ਨੇ ਪੋਰਟਫੋਲੀਓਜ਼ ਦੀ ਵੰਡ ਨੂੰ ਲੈ ਕੇ ਚੁੱਪ ਵੱਟੀ ਰੱਖੀ।
ਇਸ ਦੌਰਾਨ ਭਾਜਪਾ ਨੇ ਅਸੈਂਬਲੀ ਸਕੱਤਰੇਤ ਨੂੰ ਸਪੀਕਰ ਅਵਧ ਬਿਹਾਰੀ ਚੌਧਰੀ ਖਿਲਾਫ਼ ਬੇਭਰੋਸਗੀ ਮਤੇ ਦਾ ਨੋਟਿਸ ਦਿੱਤਾ ਹੈ। ਚੌਧਰੀ ਆਰਜੇਡੀ ਆਗੂ ਹਨ। ਸਕੱਤਰੇਤ ਨੂੰ ਸੌਂਪੇ ਮਤੇ ’ਤੇ ਭਾਜਪਾ ਤੇ ਜੇਡੀਯੂ ਵਿਧਾਇਕਾਂ ਨੇ ਦਸਤਖ਼ਤ ਕੀਤੇ ਹਨ। ਉਂਜ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਸਾਰੇ ਅੱਠ ਮੰਤਰੀ ਮੰਤਰੀ ਸ਼ਾਮਲ ਹੋਏ, ਜਿਨ੍ਹਾਂ ਐਤਵਾਰ ਨੂੰ ਹਲਫ਼ ਲਿਆ ਸੀ। ਨਿਤੀਸ਼ ਕੁਮਾਰ ਤੇ ਉਪ ਮੁੱਖ ਮੰਤਰੀਆਂ ਸਮਰਾਟ ਚੌਧਰੀ ਤੇ ਵਿਜੈ ਕੁਮਾਰ ਸਿਨਹਾ ਤੋਂ ਇਲਾਵਾ ਭਾਜਪਾ ਦੇ ਪ੍ਰੇਮ ਕੁਮਾਰ, ਜੇਡੀਯੂ ਆਗੂਆਂ ਸ਼੍ਰਵਨ ਕੁਮਾਰ, ਵਿਜੇਂਦਰ ਯਾਦਵ, ਵਿਜੈ ਕੁਮਾਰ ਚੌਧਰੀ, ਹਿੰਦੁਸਤਾਨ ਅਵਾਮ ਮੋਰਚਾ ਦੇ ਸੰਤੋਸ਼ ਕੁਮਾਰ ਸੁਮਨ ਤੇ ਆਜ਼ਾਦ ਵਿਧਾਇਕ ਸੁਮਿਤ ਕੁਮਾਰ ਸਿੰਘ ਨੇ ਐਤਵਾਰ ਨੂੰ ਸਹੁੰ ਚੁੱਕੀ ਸੀ। -ਪੀਟੀਆਈ