For the best experience, open
https://m.punjabitribuneonline.com
on your mobile browser.
Advertisement

ਨਿਤੀਸ਼ ਕੁਮਾਰ ਨੇ ਨੌਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

08:31 AM Jan 29, 2024 IST
ਨਿਤੀਸ਼ ਕੁਮਾਰ ਨੇ ਨੌਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ
ਪਟਨਾ ’ਚ ਰਾਜ ਭਵਨ ਵਿੱਚ ਸਹੁੰ ਚੁੱਕਣ ਮਗਰੋਂ ਰਾਜਪਾਲ ਰਾਜੇਂਦਰ ਅਰਲੇਕਰ ਨਾਲ ਖੜ੍ਹੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ। -ਫੋਟੋ: ਪੀਟੀਆਈ
Advertisement

ਬਿਹਾਰ ’ਚ ਜੇਡੀ(ਯੂ) ਤੇ ਭਾਜਪਾ ਨੇ ਸਰਕਾਰ ਬਣਾਈ

Advertisement

ਪਟਨਾ, 28 ਜਨਵਰੀ
ਜਨਤਾ ਦਲ (ਯੂ) ਦੇ ਪ੍ਰਧਾਨ ਨਿਤੀਸ਼ ਕੁਮਾਰ ਨੇ ਅੱਜ ਮਹਾਗੱਠਜੋੜ ਤੇ ਵਿਰੋਧੀ ਧਿਰਾਂ ਦੇ ਗੁੱਟ ‘ਇੰਡੀਆ’ ਨੂੰ ਤਿਆਗਦਿਆਂ ਅਤੇ ਭਾਜਪਾ ਨਾਲ ਮੁੜ ਭਾਈਵਾਲੀ ਕਰਦਿਆਂ ਰਿਕਾਰਡ ਨੌਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਨਿਤੀਸ਼ ਕੁਮਾਰ ਨੇ ਅੱਜ ਦਿਨ ਵਿਚ ਮੁੱਖ ਮੰਤਰੀ ਵਜੋਂ ਅਸਤੀਫ਼ਾ ਦਿੰਦਿਆਂ ਕਿਹਾ ਕਿ ਮਹਾਗੱਠਜੋੜ ਤੇ ਵਿਰੋਧੀ ਧਿਰਾਂ ਦੇ ਗੁੱਟ ‘ਇੰਡੀਆ’ ਵਿਚ ਉਨ੍ਹਾਂ ਲਈ ‘ਚੀਜ਼ਾਂ ਸਹੀ ਨਹੀਂ ਹੋ ਰਹੀਆਂ ਸਨ’। ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਦੇ ਸਮਰਥਨ ਨਾਲ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਜ਼ਿਕਰਯੋਗ ਹੈ ਕਿ ਇਸੇ ਗੱਠਜੋੜ ਵਿਚੋਂ ਉਹ 18 ਮਹੀਨੇ ਪਹਿਲਾਂ ਬਾਹਰ ਹੋ ਗਏ ਸਨ। ਇੱਥੇ ਰਾਜ ਭਵਨ ਵਿਚ ਰਾਜਪਾਲ ਰਾਜੇਂਦਰ ਅਰਲੇਕਰ ਨੇ ਉਨ੍ਹਾਂ ਨੂੰ ਅਹੁਦੇ ਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਨਿਤੀਸ਼ ਦੇ ਨਾਲ ਅੱਜ ਭਾਜਪਾ ਆਗੂਆਂ ਵਿਜੇ ਕੁਮਾਰ ਸਿਨਹਾ, ਸਮਰਾਟ ਚੌਧਰੀ ਤੇ ਪ੍ਰੇਮ ਕੁਮਾਰ ਨੇ ਨਵੀਂ ਸਰਕਾਰ ਦੇ ਮੰਤਰੀਆਂ ਵਜੋਂ ਹਲਫ਼ ਲਿਆ। ਭਾਜਪਾ ਵਿਧਾਇਕ ਦਲ ਨੇ ਚੌਧਰੀ ਤੇ ਸਿਨਹਾ ਨੂੰ ਆਪਣੇ ਆਗੂ ਤੇ ਉਪ ਆਗੂ ਵਜੋਂ ਨਾਮਜ਼ਦ ਕੀਤਾ ਸੀ। ਇਨ੍ਹਾਂ ਤੋਂ ਇਲਾਵਾ ਜੇਡੀ (ਯੂ) ਮੈਂਬਰਾਂ ਵਿਜੇ ਕੁਮਾਰ ਚੌਧਰੀ, ਵਿਜੇਂਦਰ ਯਾਦਵ ਤੇ ਸ਼ਰਵਣ ਕੁਮਾਰ ਨੇ ਵੀ ਮੰਤਰੀਆਂ ਵਜੋਂ ਸਹੁੰ ਚੁੱਕੀ। ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਅਗਵਾਈ ਵਾਲੇ ਹਿੰਦੁਸਤਾਨ ਅਵਾਮ ਮੋਰਚਾ ਦੇ ਸੰਤੋਸ਼ ਕੁਮਾਰ ਸੁਮਨ ਤੇ ਆਜ਼ਾਦ ਵਿਧਾਇਕ ਸੁਮਿਤ ਸਿੰਘ ਨੇ ਵੀ ਅੱਜ ਮੰਤਰੀਆਂ ਦੇ ਤੌਰ ’ਤੇ ਹਲਫ਼ ਲਿਆ। ਕੈਬਨਿਟ ਦੇ ਹੋਰ ਮੈਂਬਰਾਂ ਬਾਰੇ ਫੈਸਲਾ ਇਕ ਜਾਂ ਦੋ ਦਿਨ ਵਿਚ ਲਿਆ ਜਾਵੇਗਾ। ਅੱਜ ਸਹੁੰ ਚੁੱਕ ਸਮਾਗਮ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਹਾਜ਼ਰ ਸਨ ਜਦਕਿ ਮਹਾਗੱਠਜੋੜ ਵਿਚ ਨਿਤੀਸ਼ ਦੀ ਭਾਈਵਾਲ ਰਹੀ ਪਾਰਟੀ ਆਰਜੇਡੀ ਨੇ ਸਮਾਗਮ ਦਾ ਬਾਈਕਾਟ ਕੀਤਾ। ਜ਼ਿਕਰਯੋਗ ਹੈ ਕਿ ਆਰਜੇਡੀ ਵਿਧਾਨ ਸਭਾ ਵਿਚ ਸਭ ਤੋਂ ਵੱਡੀ ਪਾਰਟੀ ਹੈ। ਇਕ ਹੋਰ ਸਾਬਕਾ ਭਾਈਵਾਲ ਕਾਂਗਰਸ ਵੱਲੋਂ ਵੀ ਇਸ ਮੌਕੇ ਕੋਈ ਹਾਜ਼ਰ ਨਹੀਂ ਸੀ। ਮਹਾਗੱਠਜੋੜ ਨੂੰ ਬਾਹਰੋਂ ਸਮਰਥਨ ਦੇ ਰਹੀ ਸੀਪੀਆਈ (ਐਮਐਲ) ਲਬਿਰੇਸ਼ਨ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਦੋਸ਼ ਲਾਇਆ ਕਿ ਨਿਤੀਸ਼ ‘ਜਿਨ੍ਹਾਂ ਦਾ ਮੁੱਖ ਮੰਤਰੀ ਵਜੋਂ ਸਭ ਤੋਂ ਲੰਮਾ ਕਾਰਜਕਾਲ ਰਿਹਾ ਹੈ’, ਨੂੰ ਆਰਐੱਸਐੱਸ-ਭਾਜਪਾ ਆਪਣੀ ‘ਕਠਪੁਤਲੀ ਬਣਾ ਕੇ ਵਰਤਣਗੇ।’

ਦੱਸਣਯੋਗ ਹੈ ਕਿ ਨਿਤੀਸ਼ ਕੁਮਾਰ ਭਾਜਪਾ ’ਤੇ ਜੇਡੀ (ਯੂ) ਵਿਚ ਫੁਟ ਪਾਉਣ ਦਾ ਦੋਸ਼ ਲਾ ਕੇ ਅਗਸਤ 2022 ਵਿਚ ਮਹਾਗੱਠਜੋੜ ਦਾ ਹਿੱਸਾ ਬਣੇ ਸਨ। ਉਸ ਵੇਲੇ ਉਨ੍ਹਾਂ ਆਰਜੇਡੀ ਤੇ ਕਾਂਗਰਸ ਨਾਲ ਗੱਠਜੋੜ ਕਰ ਕੇ ਨਵੀਂ ਸਰਕਾਰ ਬਣਾਈ ਸੀ। ਜੇੇਡੀ (ਯੂ) ਸੁਪਰੀਮੋ ਨਿਤੀਸ਼ ਕੁਮਾਰ ਨੇ ਪਹਿਲੀ ਵਾਰ ਸੰਨ 2000 ਵਿਚ ਮੁੱਖ ਮੰਤਰੀ ਵਜੋਂ ਹਲਫ ਲਿਆ ਸੀ, ਪਰ ਉਨ੍ਹਾਂ ਦੀ ਸਰਕਾਰ ਹਫ਼ਤੇ ਵਿਚ ਹੀ ਡਿੱਗ ਗਈ। ਸੰਨ 2005 ਵਿਚ ਉਹ ਮੁੜ ਮੁੱਖ ਮੰਤਰੀ ਬਣੇ ਤੇ ਪੰਜ ਸਾਲ ਬਾਅਦ ਵੀ ਸੱਤਾ ’ਚ ਪਰਤੇ। ਭਾਜਪਾ ਨਾਲ 2013 ਵਿਚ ਤੋੜ-ਵਿਛੋੜੇ ਤੋਂ ਬਾਅਦ ਵੀ ਨਿਤੀਸ਼ ਜੇਡੀ(ਯੂ) ਦੀ ਸਰਕਾਰ ਨੂੰ ਸੱਤਾ ਵਿਚ ਰੱਖਣ ’ਚ ਕਾਮਯਾਬ ਰਹੇ। ਜੇਡੀ(ਯੂ) ਉਸ ਵੇਲੇ ਬਹੁਮਤ ਦੇ ਅੰਕੜੇ ਤੋਂ ਥੋੜ੍ਹੀ ਹੀ ਪਿੱਛੇ ਸੀ। ਪਰ ਇਸ ਨੂੰ ਕਾਂਗਰਸ ਤੇ ਸੀਪੀਆਈ ਜਿਹੀਆਂ ਧਿਰਾਂ ਦੀ ਹਮਾਇਤ ਮਿਲੀ। ਇਸ ਤੋਂ ਇਲਾਵਾ ਆਰਜੇਡੀ ਦੇ ਇਕ ਨਾਰਾਜ਼ ਧੜੇ ਨੇ ਵੀ ਹਮਾਇਤ ਦਿੱਤੀ। ਹਾਲਾਂਕਿ ਇਕ ਸਾਲ ਬਾਅਦ ਉਨ੍ਹਾਂ ਲੋਕ ਸਭਾ ਚੋਣਾਂ ਵਿਚ ਜੇਡੀ(ਯੂ) ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਹੁਦਾ ਤਿਆਗ ਦਿੱਤਾ। ਹਾਲਾਂਕਿ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਉਹ ਮੁੱਖ ਮੰਤਰੀ ਵਜੋਂ ਪਰਤ ਆਏ। ਉਸ ਵੇਲੇ ਉਨ੍ਹਾਂ ਪਾਰਟੀ ’ਚ ਆਪਣੇ ਸਾਥੀ ਤੇ ਤਤਕਾਲੀ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੂੰ ਅਹੁਦੇ ਤੋਂ ਪਾਸੇ ਕਰ ਮੁੜ ਮੁੱਖ ਮੰਤਰੀ ਵਜੋਂ ਹਲਫ ਲਿਆ। ਨਿਤੀਸ਼ ਨੂੰ ਉਦੋਂ ਆਰਜੇਡੀ ਤੇ ਕਾਂਗਰਸ ਤੋਂ ਪੂਰਾ ਸਮਰਥਨ ਮਿਲਿਆ। ਮਹਾਗੱਠਜੋੜ 2015 ਵਿਚ ਉਸ ਵੇਲੇ ਬਣਿਆ ਜਦ ਜੇਡੀ(ਯੂ), ਕਾਂਗਰਸ ਤੇ ਆਰਜੇਡੀ ਇਕੱਠੇ ਹੋਏ। ਉਨ੍ਹਾਂ 2015 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ। ਹਾਲਾਂਕਿ ਇਹ ਗੱਠਜੋੜ ਦੋ ਸਾਲ ਹੀ ਟਿਕ ਸਕਿਆ ਤੇ ਨਿਤੀਸ਼ 2017 ਵਿਚ ਮੁੜ ਐੱਨਡੀਏ ਦਾ ਹਿੱਸਾ ਬਣ ਗਏ। ਵਰਤਮਾਨ 243 ਮੈਂਬਰੀ ਬਿਹਾਰ ਵਿਧਾਨ ਸਭਾ ਵਿਚ ਜੇਡੀ(ਯੂ) ਕੋਲ 44 ਤੇ ਭਾਜਪਾ ਕੋਲ 78 ਵਿਧਾਇਕ ਹਨ। ਨਿਤੀਸ਼ ਕੋਲ ਇਕ ਆਜ਼ਾਦ ਵਿਧਾਇਕ ਦੀ ਵੀ ਹਮਾਇਤ ਹੈ। ਜੀਤਨ ਰਾਮ ਮਾਂਝੀ ਦੀ ਪਾਰਟੀ ਹਿੰਦੁਸਤਾਨ ਅਵਾਮ ਮੋਰਚਾ ਦੇ ਚਾਰ ਵਿਧਾਇਕ ਵੀ ਐੱਨਡੀਏ ਦਾ ਹਿੱਸਾ ਹਨ। ਜਦਕਿ ਆਰਜੇਡੀ ਕੋਲ 79 ਤੇ ਕਾਂਗਰਸ ਕੋਲ 19 ਸੀਟਾਂ ਹਨ। ਖੱਬੇ ਪੱਖੀ ਧਿਰਾਂ (16) ਦੇ ਨਾਲ ਇਨ੍ਹਾਂ ਕੋਲ ਕੁੱਲ 114 ਵਿਧਾਇਕ ਹਨ ਜੋ ਕਿ ਬਹੁਮਤ ਦੇ ਅੰਕੜੇ ਤੋਂ 8 ਘੱਟ ਹਨ। -ਪੀਟੀਆਈ

ਪਹਿਲਾਂ ਹੀ ਖ਼ਦਸ਼ਾ ਸੀ: ਖੜਗੇ

ਕਲਬੁਰਗੀ: ਬਿਹਾਰ ਵਿਚ ਮਹਾਗਠਬੰਧਨ ਤੋਂ ਬਾਹਰ ਹੋਣ ਲਈ ਜੇਡੀਯੂ ਤੇ ਇਸ ਦੀ ਲੀਡਰਸ਼ਿਪ ’ਤੇ ਤਨਜ਼ ਕਸਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਇਸੇ ਦਾ ਖ਼ਦਸ਼ਾ ਸੀ ਤੇ ਦੇਸ਼ ਵਿਚ ਅਜਿਹੇ ਕਈ ਲੋਕ ਹਨ, ਜੋ ‘ਆਇਆ ਰਾਮ ਗਿਆ ਰਾਮ’ ਹਨ। ਖੜਗੇ ਨੇ ਕਿਹਾ ਕਿ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਉਨ੍ਹਾਂ ਨੂੰ ਪੰਜ ਦਿਨਾਂ ਪਹਿਲਾਂ ਜੇਡੀਯੂ ਦੇ ਮਹਾਗਠਬੰਧਨ ’ਚੋਂ ਲਾਂਭੇ ਹੋਣ ਦੀਆਂ ਯੋਜਨਾਵਾਂ ਬਾਰੇ ਦੱਸਿਆ ਸੀ। ਕੋਸ਼ਿਸ਼ਾਂ ਦੇ ਬਾਵਜੂਦ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਪਾਰਟੀ ਗੱਠਜੋੜ ਛੱਡ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੜਗੇ ਨੇ ਕਿਹਾ, ‘‘ਜਾਣਕਾਰੀ ਹੋਣ ਦੇ ਬਾਵਜੂਦ ਇੰਡੀਆ ਗੱਠਜੋੜ ਨੂੰ ਬਣਾਈ ਰੱਖਣ ਲਈ ਅਸੀਂ ਚੁੱਪ ਵੱਟੀ ਰੱਖੀ ਕਿਉਂਕਿ ਅਸੀਂ ਸੋਚਿਆ ਕਿ ਜੇਕਰ ਕੁਝ ਬੋਲਾਂਗੇ ਤਾਂ ਇਸ ਨਾਲ ਗ਼ਲਤ ਸੁਨੇਹਾ ਜਾਵੇਗਾ। ਲਿਹਾਜ਼ਾ ਪਿਛਲੇ ਦੋ ਦਿਨਾਂ ਦੌਰਾਨ ਜਦੋਂ ਮੈਨੂੰ ਇਸ ਬਾਰੇ ਸਵਾਲ ਕੀਤੇ ਗਏ ਤਾਂ ਮੈਂ ਇੰਨਾ ਹੀ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।’’ -ਪੀਟੀਆਈ

ਐੱਨਡੀਏ ਛੱਡ ਹੁਣ ਕਿਤੇ ਹੋਰ ਜਾਣ ਦਾ ਸਵਾਲ ਹੀ ਨਹੀਂ: ਨਿਤੀਸ਼

ਪਟਨਾ: ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਜੇਡੀ(ਯੂ) ਪ੍ਰਧਾਨ ਨਿਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਐੱਨਡੀਏ ਨੂੰ ਛੱਡ ਕੇ ਕਿਤੇ ਹੋਰ ਜਾਣ ਦਾ ਹੁਣ ਸਵਾਲ ਹੀ ਨਹੀਂ ਹੈ। ਨਿਤੀਸ਼ ਨੇ ਕਿਹਾ, ‘ਮੈਂ ਪਹਿਲਾਂ ਵੀ ਉਨ੍ਹਾਂ (ਐੱਨਡੀਏ) ਦੇ ਨਾਲ ਸੀ। ਅਸੀਂ ਵੱਖ-ਵੱਖ ਰਾਹਾਂ ’ਤੇ ਚਲੇ ਗਏ, ਪਰ ਹੁਣ ਅਸੀਂ ਇਕੱਠੇ ਹਾਂ ਤੇ ਰਹਾਂਗੇ...ਮੈਂ ਹੁਣ ਉੱਥੇ ਹੀ ਆ ਗਿਆ ਹਾਂ ਜਿੱਥੇ ਸੀ, ਤੇ ਹੁਣ ਹੋਰ ਕਿਤੇ ਜਾਣ ਦਾ ਸਵਾਲ ਹੀ ਨਹੀਂ ਹੈ।’ ਉਨ੍ਹਾਂ ਕਿਹਾ ਕਿ ਅੱਜ 8 ਜਣਿਆਂ ਨੇ ਮੰਤਰੀਆਂ ਵਜੋਂ ਸਹੁੰ ਚੁੱਕੀ ਹੈ, ਬਾਕੀ ਨਾਵਾਂ ਬਾਰੇ ਫੈਸਲਾ ਬਾਅਦ ਵਿਚ ਹੋਵੇਗਾ। ਨਿਤੀਸ਼ ਨੇ ਕਿਹਾ ਕਿ ਉਹ ਬਿਹਾਰ ਦੇ ਵਿਕਾਸ ਲਈ ਵਚਨਬੱਧ ਹਨ। -ਪੀਟੀਆਈ

ਖੇਲ ਅਭੀ ਸ਼ੁਰੂ ਹੁਆ ਹੈ: ਤੇਜਸਵੀ ਯਾਦਵ

ਪਟਨਾ: ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਅੱਜ ਨਿਤੀਸ਼ ਕੁਮਾਰ ਵੱਲੋਂ ਆਪਣੀ ਪਾਰਟੀ ਜੇਡੀ(ਯੂ) ਨੂੰ ਮਹਾਗਠਬੰਧਨ ’ਚੋਂ ਬਾਹਰ ਕਰ ਕੇ ਮੁੜ ਭਾਜਪਾ ਨਾਲ ਹੱਥ ਮਿਲਾਉਣ ਮਗਰੋਂ ਉਨ੍ਹਾਂ ਨੂੰ ਇੱਕ ‘ਥੱਕਿਆ ਹੋਇਆ ਮੁੱਖ ਮੰਤਰੀ’ ਕਰਾਰ ਦਿੱੱਤਾ ਹੈ। ਯਾਦਵ ਨੇ ਕਿਹਾ ਕਿ ਉਨ੍ਹਾਂ ਮੁਤਾਬਕ ਸੂਬੇ ਵਿੱਚ ਤਾਜ਼ਾ ਘਟਨਾਕ੍ਰਾਮ ਰੁਕਿਆ ਨਹੀਂ ਹੈ ਅਤੇ ਖੇਡ ਹਾਲੇ ਸ਼ੁਰੂ ਹੋਣੀ ਹੈ। ਉਨ੍ਹਾਂ ਕਿਹਾ, ‘‘ਉਹ (ਨਿਤੀਸ਼ ਕੁਮਾਰ) ਇੱਕ ਥੱਕੇ ਹੋਏ ਮੁੱਖ ਮੰਤਰੀ ਹਨ। ਖੇਲ ਅਭੀ ਸ਼ੁਰੂ ਹੁਆ ਹੈ, ਖੇਲ ਅਭੀ ਬਾਕੀ ਹੈ। ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਹਾਂ ਕਿ ਜੇਡੀਯੂ 2024 ਵਿੱਚ ਖਤਮ ਹੋ ਜਾਵੇਗੀ। ਲੋਕ ਸਾਡੇ ਨਾਲ ਹਨ।’’ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ ਨੇ ਅੱਗੇ ਕਿਹਾ ਕਿ ਕੁਮਾਰ ਦੇ ਨਿਕਲਣ ਨਾਲ ਇੰਡੀਆ ਗੱਠਜੋੜ ਨੂੰ ਕੋਈ ਫਰਕ ਨਹੀਂ ਪਵੇਗਾ, ਜਿਸ ਦਾ ਗਠਨ ਕੇਂਦਰ ਦੀ ਭਾਜਪਾ ਸਰਕਾਰ ਨੂੰ ਆਗਾਮੀ ਆਮ ਚੋਣਾਂ ’ਚ ਟੱਕਰ ਦੇਣ ਲਈ ਹੋਇਆ ਹੈ। -ਏਐੱਨਆਈ

ਨਿਤੀਸ਼ ‘ਸੁਭਾਵਿਕ ਸਾਥੀ’, ਐੱਨਡੀਏ ਲੋਕ ਸਭਾ ਚੋਣਾਂ ਜਿੱਤੇਗਾ: ਨੱਢਾ

ਪਟਨਾ: ਭਾਜਪਾ ਨੇ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਪਾਰਟੀ ਦੇ ਗੱਠਜੋੜ ਨੂੰ ‘ਸੁਭਾਵਿਕ’ ਕਰਾਰ ਦਿੱਤਾ ਤੇ ਜ਼ੋਰ ਦੇ ਕੇ ਕਿਹਾ ਕਿ ਇਸ ਦਾ ਰਾਜ ਨੂੰ ਫਾਇਦਾ ਹੋਵੇਗਾ। ਪਾਰਟੀ ਪ੍ਰਧਾਨ ਜੇਪੀ ਨੱਢਾ ਨੇ ਸਹੁੰ ਚੁੱਕ ਸਮਾਗਮ ਮਗਰੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐੱਨਡੀਏ ਅਗਾਮੀ ਲੋਕ ਸਭਾ ਚੋਣਾਂ ਵਿਚ ਜਿੱਤ ਪ੍ਰਾਪਤ ਕਰੇਗਾ। ਉਨ੍ਹਾਂ ਨਾਲ ਹੀ ਵਿਰੋਧੀ ਧਿਰਾਂ ਦੇ ਗੁੱਟ ‘ਇੰਡੀਆ’ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ, ‘ਭ੍ਰਿਸ਼ਟਾਚਾਰ ਬਚਾਓ, ਪਰਿਵਾਰ ਬਚਾਓ’ ਗੱਠਜੋੜ ਹੈ। ਨੱਢਾ ਨੇ ਕਿਹਾ ਕਿ ਨਿਤੀਸ਼ ਕੁਮਾਰ ਦੀ ਅਗਵਾਈ ਵਿਚ ਨਵੀਂ ਐੱਨਡੀਏ ਸਰਕਾਰ ‘ਉੱਜਵਲ ਬਿਹਾਰ’ ਬਣਾਏਗੀ। -ਪੀਟੀਆਈ

ਨਿਤੀਸ਼ ਦਾ ‘ਗਿਰਗਿਟ ਰਤਨ’ ਐਵਾਰਡ ਨਾਲ ਸਨਮਾਨ ਕੀਤਾ ਜਾਵੇ: ਤੇਜ ਪ੍ਰਤਾਪ

ਪਟਨਾ: ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜ ਪ੍ਰਤਾਪ ਯਾਦਵ ਨੇ ਕਿਹਾ ਕਿ ਵਾਰ ਵਾਰ ਸਿਆਸੀ ਵਫ਼ਾਦਾਰੀ ਬਦਲਣ ਲਈ ਨਿਤੀਸ਼ ਕੁਮਾਰ ਦਾ ‘ਗਿਰਗਿਟ ਰਤਨ’ ਐਵਾਰਡ ਨਾਲ ਸਨਮਾਨ ਕਰਨਾ ਬਣਦਾ ਹੈ। ਯਾਦਵ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਗਿਰਗਿਟ ਤਾਂ ਰੰਗ ਬਦਲਣ ਲਈ ਉਂਜ ਹੀ ਬਦਨਾਮ ਹੈ... ਅਕਸਰ ਸਿਆਸੀ ਵਫ਼ਾਦਾਰੀ ਬਦਲਣ ਵਾਲੇ...ਤੇ ਇੰਨੀ ਤੇਜ਼ੀ ਨਾਲ ਰੰਗ ਬਦਲਣ ਬਦਲੇ ਪਲਟੀ ਕੁਮਾਰ ਨੂੰ ਗਿਰਗਿਟ ਰਤਨ ਐਵਾਰਡ ਦੇਣਾ ਬਣਦਾ ਹੈ।’’ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਦਾ ਵੱਡਾ ਪੁੱਤਰ ਤੇਜਸਵੀ ਯਾਦਵ ਮਹਾਗਠਬੰਧਨ ਸਰਕਾਰ ’ਚ ਵਾਤਾਵਰਨ, ਜੰਗਲਾਤ ਤੇ ਵਾਤਾਵਰਨ ਮੰਤਰੀ ਸੀ। -ਪੀਟੀਆਈ

ਜੇਡੀਯੂ ਨਾਲ ਸਾਂਝ ਦੀ ਭਾਜਪਾ ਨੂੰ ‘ਵੱਡੀ ਕੀਮਤ’ ਤਾਰਨੀ ਹੋਵੇਗੀ: ਕਿਸ਼ੋਰ

ਪਟਨਾ: ਚੋਣ ਰਣਨੀਤੀਕਾਰ ਤੋਂ ਸਿਆਸਤਦਾਨ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਦਾਅਵਾ ਕੀਤਾ ਕਿ ਜੇਡੀਯੂ ਤੇ ਭਾਜਪਾ ਵਿਚਲਾ ਇਹ ਨਵਾਂ ਗੱਠਜੋੜ ਬਹੁਤੀ ਦੇਰ ਨਹੀਂ ਚੱਲੇਗਾ ਤੇ 2025 ਦੀਆਂ ਬਿਹਾਰ ਅਸੈਂਬਲੀ ਚੋਣਾਂ ਤੋਂ ਪਹਿਲਾਂ ਇਨ੍ਹਾਂ ਦਾ ਤੋੜ-ਵਿਛੋੜਾ ਹੋ ਜਾਵੇਗਾ। ਆਪਣੀ ‘ਜਨ ਸੂਰਜ’ ਮੁਹਿੰਮ ਤਹਿਤ ਬੇਗੂਸਰਾਏ ਜ਼ਿਲ੍ਹੇ ਵਿੱਚ ਪੁੱਜੇ ਕਿਸ਼ੋਰ ਨੇ ਦਾਅਵਾ ਕੀਤਾ ਕਿ ਭਾਜਪਾ ਨੂੰ ਕੁਮਾਰ ਨਾਲ ਸਾਂਝ ਪਾਉਣ ਦੀ ‘ਵੱਡੀ ਕੀਮਤ’ ਤਾਰਨੀ ਪੈ ਸਕਦੀ ਹੈ। ਉਨ੍ਹਾਂ ਕਿਹਾ, ‘‘ਅੱਜ ਦੇ ਘਟਨਾਕ੍ਰਮ ਤੋਂ ਸਾਬਤ ਹੋ ਗਿਆ ਹੈ ਕਿ ਜੇਕਰ ਨਿਤੀਸ਼ ‘ਪਲਟੂਰਾਮ’ ਹੈ ਤਾਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਵੀ ਵੱਖਰੇ ਨਹੀਂ ਹਨ। ਭਾਜਪਾ ਨੇ ਸ਼ਾਇਦ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੋਈ ਹਿਸਾਬ ਕਿਤਾਬ ਕੀਤਾ ਹੈ ਪਰ ਅਗਲੇ ਸਾਲ ਹੋਣ ਵਾਲੀਆਂ ਅਸੈਂਬਲੀ ਚੋਣਾਂ ਵਿੱਚ ਇਸ ਨੂੰ ਵੱਡੀ ਕੀਮਤ ਤਾਰਨੀ ਪਏਗੀ।’’

ਲੋਕ ‘ਸਿਆਸੀ ਮੌਕਾਪ੍ਰਸਤ’ ਨੂੰ ਢੁੱਕਵਾਂ ਜਵਾਬ ਦੇਣਗੇ: ਟੀਐੱਮਸੀ

ਕੋਲਕਾਤਾ: ਤ੍ਰਿਣਮੂਲ ਕਾਂਗਰਸ ਨੇ ਜੇਡੀਯੂ ਪ੍ਰਧਾਨ ਨਿਤੀਸ਼ ਕੁਮਾਰ ਨੂੰ ‘ਵਾਰ ਵਾਰ ਸਿਆਸੀ ਕਲਾਬਾਜ਼ੀਆਂ ਮਾਰਨ’ ਲਈ ਭੰਡਦਿਆਂ ਕਿਹਾ ਕਿ ਲੋਕ ਅਜਿਹੇ ‘ਮੌਕਾਪ੍ਰਸਤ’ ਨੂੰ ਢੁੱਕਵਾਂ ਜਵਾਬ ਦੇਣਗੇ। ਟੀਐੱਮਸੀ ਸੰਸਦ ਮੈਂਬਰ ਸੁਗਾਤਾ ਰੌਏ ਨੇ ਕਿਹਾ, ‘‘ਨਿਤੀਸ਼ ਕੁਮਾਰ ਨੂੰ ਨਿਯਮਤ ਵਕਫ਼ੇ ਮਗਰੋਂ ਉਨ੍ਹਾਂ ਦੀਆਂ ਸਿਆਸੀ ਕਲਾਬਾਜ਼ੀਆਂ ਲਈ ਜਾਣਿਆ ਜਾਂਦਾ ਹੈ। ਮੰਦੇ ਭਾਗਾਂ ਨੂੰ ਉਨ੍ਹਾਂ ਵਿਰੋਧੀ ਧਿਰਾਂ ਦੇ ਗੱਠਜੋੜ ਇੰਡੀਆ ਤੋਂ ਲਾਂਭੇ ਹੋਣ ਦਾ ਫੈਸਲਾ ਕੀਤਾ ਹੈ।’’ -ਪੀਟੀਆਈ

ਨਿਤੀਸ਼ ਨੇ ਰੰਗ ਬਦਲਣ ਵਿੱਚ ‘ਗਿਰਗਿਟ’ ਨੂੰ ਵੀ ਪਿੱਛੇ ਛੱਡਿਆ: ਕਾਂਗਰਸ

ਨਵੀਂ ਦਿੱਲੀ: ਬਿਹਾਰ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਅਸਤੀਫ਼ੇ ਮਗਰੋਂ ਕਾਂਗਰਸ ਨੇ ਕੁਮਾਰ ਦੀ ਤੁਲਨਾ ‘ਗਿਰਗਿਟ’ ਨਾਲ ਕੀਤੀ ਹੈ। ਪਾਰਟੀ ਨੇ ਕਿਹਾ ਕਿ ਨਿਤੀਸ਼ ਕੁਮਾਰ ਨੇ ਰੰਗ ਬਦਲਣ ਵਿੱਚ ‘ਗਿਰਗਿਟ’ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਤੇ ਉਹ ‘ਵਿਸ਼ਵਾਸਘਾਤ ਕਰਨ ਵਿੱਚ ਮਾਹਿਰ’ ਹੈ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਅਸਤੀਫ਼ੇ ਤੋਂ ਸਾਨੂੰ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਉਹ ਸਮੇਂ ਸਮੇਂ ’ਤੇ ਰੰਗ ਬਦਲਦੇ ਹਨ। ਰੰਗ ਬਦਲਣ ਵਿਚ ਤਾਂ ਉਨ੍ਹਾਂ ਗਿਰਗਿਟ ਨੂੰ ਵੀ ਮਾਤ ਦੇ ਦਿੱਤੀ ਹੈ। ਬਿਹਾਰ ਦੇ ਲੋਕ ਕੁਮਾਰ ਨੂੰ ਅਤੇ ਇਸ ਕਾਰੇ ਪਿਛਲੇ ਦਿੱਲੀ ਬੈਠੇ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਣਗੇ। ਲੋਕ ਇਸ ‘ਵਿਸ਼ਵਾਸਘਾਤ’ ਲਈ ਕੁਮਾਰ ਨੂੰ ਕਦੇ ਮੁਆਫ਼ ਨਹੀਂ ਕਰਨਗੇ।’’ -ਪੀਟੀਆਈ

ਗੱਲਾਂ ‘ਰਾਮ ਰਾਜ’ ਦੀਆਂ ਤੇ ਬਿਹਾਰ ’ਚ ‘ਆਇਆ ਰਾਮ ਗਿਆ ਰਾਮ’ ਦਾ ਦਿਖਾਵਾ: ਸਿੱਬਲ

ਨਵੀਂ ਦਿੱਲੀ: ਨਿਤੀਸ਼ ਕੁਮਾਰ ਦੇ ਅਸਤੀਫ਼ੇ ਮਗਰੋਂ ਬਿਹਾਰ ਵਿੱਚ ਜਾਰੀ ਸਿਆਸੀ ਜੋੜ-ਤੋੜ ਦਰਮਿਆਨ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ ਕਿ ਇਕ ਪਾਸੇ ਅਯੁੱਧਿਆ ਵਿਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਰਾਮ ਰਾਜ ਦੀਆਂ ਗੱਲਾਂ ਹੋ ਰਹੀਆਂ ਹਨ, ਦੂਜੇ ਪਾਸੇ ਬਿਹਾਰ ਵਿੱਚ ‘ਆਇਆ ਰਾਮ ਗਿਆ ਰਾਮ’ ਦੇਖਣ ਨੂੰ ਮਿਲ ਰਿਹੈ। ਸਿੱਬਲ ਨੇ ਕੁਮਾਰ ’ਤੇ ਤਨਜ਼ ਕਸਦਿਆਂ ਕਿਹਾ, ‘‘ਅਯੁੱਧਿਆ, ਬਿਹਾਰ। ਅਯੁੱਧਿਆ ਵਿਚ ਰਾਮ ਰਾਜ ਦੀਆਂ ਗੱਲਾਂ ਤੇ ‘ਬਿਹਾਰ ਵਿੱਚ ਆਇਆ ਰਾਮ ਗਿਆ ਰਾਮ ਦਾ ਦਿਖਾਵਾ। ਮੋਦੀ ਜੀ ਤੁਸੀਂ ਕੀ ਕਹੋਗੇ?’’ -ਪੀਟੀਆਈ

Advertisement
Author Image

Advertisement
Advertisement
×