ਨਿਤੀਸ਼ ਕੁਮਾਰ ਅੱਜ ਦੇ ਸਕਦੇ ਨੇ ਅਸਤੀਫ਼ਾ
ਪਟਨਾ/ਨਵੀਂ ਦਿੱਲੀ, 27 ਜਨਵਰੀ
ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) (ਜੇਡੀਯੂ) ਦੇ ਪ੍ਰਧਾਨ ਨਿਤੀਸ਼ ਕੁਮਾਰ ਤਿੰਨ ਸਾਲ ਤੋਂ ਘੱਟ ਸਮੇਂ ਬਾਅਦ ਆਪਣਾ ਦੂਜਾ ਵੱਡਾ ਸਿਆਸੀ ਉਲਟ ਫੇਰ ਕਰਕੇ ਭਲਕੇ 28 ਜਨਵਰੀ ਨੂੰ ਸਵੇਰ ਤੱਕ ਅਸਤੀਫਾ ਦੇ ਸਕਦੇ ਹਨ। ਇਹ ਜਾਣਕਾਰੀ ਉਨ੍ਹਾਂ ਦੇ ਨੇੜਲੇ ਸੂਤਰ ਨੇ ਦਿੱਤੀ। ਸੂਤਰ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਪੀਟੀਆਈ ਨੂੰ ਦੱਸਿਆ ਕਿ ਨਿਤੀਸ਼ ਦੇ ਅੱਜ ਦੇਰ ਰਾਤ ਤੱਕ ਅਸਤੀਫਾ ਦੇਣ ਦੀ ਸੰਭਾਵਨਾ ਹੈ ਪਰ ਅਜਿਹਾ ਲਾਜ਼ਮੀ ਤੌਰ ’ਤੇ ਭਲਕੇ ਸਵੇਰ ਤੱਕ ਹੋ ਜਾਵੇਗਾ। ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾ ਨਿਤੀਸ਼ ਦੇ ਗੱਠਜੋੜ ਤੋੜਨ ਤੇ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ’ਚ ਸ਼ਾਮਲ ਹੋਣ ਦੀ ਸਥਿਤੀ ’ਚ ਅਗਲੀ ਰਣਨੀਤੀ ਅਪਣਾਉਣ ਲਈ ਮੰਥਨ ਕਰਨ ’ਚ ਜੁਟੇ ਹੋਏ ਹਨ।
ਸੂਤਰ ਨੇ ਦੱਸਿਆ, ‘ਆਪਣਾ ਅਸਤੀਫਾ ਸੌਂਪਣ ਤੋਂ ਪਹਿਲਾਂ ਨਿਤੀਸ਼ ਵਿਧਾਇਕ ਦਲ ਦੀ ਇੱਕ ਰਵਾਇਤੀ ਮੀਟਿੰਗ ਕਰਨਗੇ।’ ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਘਟਨਾਕ੍ਰਮ ਦੇ ਮੱਦੇਨਜ਼ਰ ਸਕੱਤਰੇਤ ਜਿਹੇ ਸਰਕਾਰੀ ਦਫ਼ਤਰ ਐਤਵਾਰ ਨੂੰ ਦਿਨ ਦੌਰਾਨ ਖੁੱਲ੍ਹੇ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਭਾਜਪਾ ਦੀ ਹਮਾਇਤ ਨਾਲ ਨਵੀਂ ਸਰਕਾਰ ਦਾ ਗਠਨ ਕੀਤਾ ਜਾ ਸਕੇ।
ਇਸੇ ਦੌਰਾਨ ਜੇਡੀਯੂ ਦੇ ਸਿਆਸੀ ਸਲਾਹਕਾਰ ਤੇ ਬੁਲਾਰੇ ਕੇਸੀ ਤਿਆਗੀ ਨੇ ਨਵੀਂ ਦਿੱਲੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਬਿਹਾਰ ’ਚ ਮਹਾਗੱਠਜੋੜ ਦੀ ਸਰਕਾਰ ਡਿੱਗਣ ਕੰਢੇ ਹੈ ਅਤੇ ਉਨ੍ਹਾਂ ਕਾਂਗਰਸ ਦੀ ਲੀਡਰਸ਼ਿਪ ਦੇ ਇੱਕ ਧੜੇ ’ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਵਾਰ-ਵਾਰ ਅਪਮਾਨ ਕਰਨ ਦਾ ਦੋਸ਼ ਲਾਇਆ। ਤਿਆਗੀ ਨੇ ਕਿਹਾ, ‘ਵਿਰੋਧੀ ਗੱਠਜੋੜ ਇੰਡੀਆ ਵੀ ਟੁੱਟਣ ਕਿਨਾਰੇ ਹੈ। ਪੰਜਾਬ, ਪੱਛਮੀ ਬੰਗਾਲ ਤੇ ਬਿਹਾਰ ’ਚ ‘ਇੰਡੀਆ’ ਵਿੱਚ ਸ਼ਾਮਲ ਪਾਰਟੀਆਂ ਦਾ ਗੱਠਜੋੜ ਤਕਰੀਬਨ ਖਤਮ ਹੋ ਚੁੱਕਾ ਹੈ।’
ਦੂਜੇ ਪਾਸੇ ਅੱਜ ਪਟਨਾ ਮੀਟਿੰਗ ਕਰਨ ਵਾਲੇ ਭਾਜਪਾ ਆਗੂਆਂ ਨੇ ਵੀ ਜੇਡੀਯੂ ਮੁਖੀ ਦੀ ਤੁਰੰਤ ਹਮਾਇਤ ਸਬੰਧੀ ਕੋਈ ਐਲਾਨ ਨਹੀਂ ਕੀਤਾ। ਭਾਜਪਾ ਦੇ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਉੱਚ ਲੀਡਰਸ਼ਿਪ ਤੋਂ ਹਦਾਇਤਾਂ ਮਿਲੀਆਂ ਹਨ ਕਿ ਜਦੋਂ ਤੱਕ ਨਿਤੀਸ਼ ਕੁਮਾਰ ਕੋਈ ਕਦਮ ਨਹੀਂ ਚੁੱਕਦੇ, ਉਦੋਂ ਤੱਕ ਕੋਈ ਵੀ ਰਸਮੀ ਐਲਾਨ ਨਾ ਕੀਤਾ ਜਾਵੇ। ਉਧਰ ਮੁੱਖ ਮੰਤਰੀ ਨੇ ਅੱਜ ਦਿਨ ਦੀ ਸ਼ੁਰੂਆਤ ਸ਼ਹਿਰ ਦੇ ਪਸ਼ੂ ਮੈਡੀਕਲ ਕਾਲਜ ਮੈਦਾਨ ’ਚ ਕਈ ਅੱਗ ਬੁਝਾਊ ਵਾਹਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਨਾਲ ਕੀਤੀ। ਇਸ ਮਗਰੋਂ ਉਨ੍ਹਾਂ ਇੱਕ ਪ੍ਰਸਿੱਧ ਮੰਦਰ ਦੇ ਸੁੰਦਰੀਕਰਨ ਪ੍ਰਾਜੈਕਟ ਦੇ ਉਦਘਾਟਨ ਲਈ ਬਕਸਰ ਦਾ ਦੌਰਾ ਕੀਤਾ। ਇਸ ਪ੍ਰੋਗਰਾਮ ’ਚ ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਚੌਬੇ ਹਾਜ਼ਰ ਸਨ। ਭਾਜਪਾ ਦੀ ਸੂਬਾਈ ਇਕਾਈ ਦੇ ਇੰਚਾਰਜ ਵਿਨੋਦ ਤਾਵੜੇ ਨੇ ਵਿਰੋਧੀ ਪਾਰਟੀਆਂ ਦੇ ਗੱਠਜੋੜ ਇੰਡੀਆ ਤੋਂ ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੇ ਜੇਡੀਯੂ ਦੇ ਵੱਖ ਹੋਣ ਦੀ ਸੰਭਾਵਨਾ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ। -ਪੀਟੀਆਈ
ਆਰਜੇਡੀ ਨੇ ਫ਼ੈਸਲਾ ਲਾਲੂ ਪ੍ਰਸਾਦ ਯਾਦਵ ’ਤੇ ਛੱਡਿਆ
ਪਟਨਾ: ਬਿਹਾਰ ਵਿੱਚ ਬਣੇ ਸਿਆਸੀ ਹਾਲਾਤ ਦੇ ਮੱਦੇਨਜ਼ਰ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾਵਾਂ ਨੇ ਅੱਜ ਇੱਥੇ ਮੀਟਿੰਗ ਕੀਤੀ ਅਤੇ ਪਾਰਟੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ‘ਕੋਈ ਵੀ ਫ਼ੈਸਲਾ’ ਲੈਣ ਦਾ ਅਧਿਕਾਰ ਦੇ ਦਿੱਤਾ। ਆਰਜੇਡੀ ਦੇ ਕੌਮੀ ਬੁਲਾਰੇ ਤੇ ਰਾਜ ਸਭਾ ਮੈਂਬਰ ਮਨੋਜ ਝਾਅ ਨੇ ਇੱਥੇ ਸ੍ਰੀ ਪ੍ਰਸਾਦ ਦੀ ਪਤਨੀ ਰਾਬੜੀ ਦੇਵੀ ਦੀ ਰਿਹਾਇਸ਼ ’ਤੇ ਮੀਟਿੰਗ ਮਗਰੋਂ ਇਹ ਐਲਾਨ ਕੀਤਾ। ਉਨ੍ਹਾਂ ਕਿਹਾ, ‘ਕਿਰਪਾ ਕਰਕੇ ਹੋਰ ਜ਼ਿਆਦਾ ਸਵਾਲ ਨਾ ਪੁੱਛੋ।’ ਸੂਤਰਾਂ ਅਨੁਸਾਰ ਮੀਟਿੰਗ ਦੌਰਾਨ ਤੇਜਸਵੀ ਯਾਦਵ ਨੇ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਤਿਕਾਰਯੋਗ ਹਨ ਪਰ ਹੋਰ ਬਹੁਤ ਸਾਰੇ ਪੱਖ ਹਨ ਜੋ ਉਨ੍ਹਾਂ ਦੇ ਕੰਟਰੋਲ ਹੇਠ ਨਹੀਂ ਹਨ। ਸੂਤਰਾਂ ਨੇ ਤੇਜਵਸੀ ਦੇ ਹਵਾਲੇ ਨਾਲ ਕਿਹਾ, ‘ਮੁੱਖ ਮੰਤਰੀ ਨਿਤੀਸ਼ ਕੁਮਾਰ ਕੱਲ ਵੀ ਉਨ੍ਹਾਂ ਲਈ ਸਤਿਕਾਰਤ ਸਨ ਤੇ ਅੱਜ ਵੀ ਹਨ।’ -ਪੀਟੀਆਈ
ਇੰਡੀਆ ਗੱਠਜੋੜ ਨੂੰ ਇਕਜੁੱਟ ਰੱਖਣ ਦੀ ਹਰ ਕੋਸ਼ਿਸ਼ ਕਰਾਂਗੇ: ਖੜਗੇ
ਕਲਬੁਰਗੀ (ਕਰਨਾਟਕ): ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਉਮੀਦ ਹੈ ਕਿ ਜਿਹੜੇ ਲੋਕ ਦੇਸ਼ ਦਾ ਸੰਵਿਧਾਨ ਤੇ ਲੋਕਤੰਤਰ ਬਣਾਉਣ ਦੇ ਚਾਹਵਾਨ ਹਨ, ਉਹ ਕੋਈ ਵੀ ਗਲਤ ਕਦਮ ਨਹੀਂ ਚੁੱਕਣਗੇ। ਉਨ੍ਹਾਂ ਇਹ ਟਿੱਪਣੀ ਜਨਤਾ ਦਲ (ਯੂ) ਦੇ ਮੁੜ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਗੱਠਜੋੜ ’ਚ ਸ਼ਾਮਲ ਹੋਣ ਦੀਆਂ ਖ਼ਬਰਾਂ ਵਿਚਾਲੇ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇੰਡੀਆ ਗੱਠਜੋੜ ਨੂੰ ਇਕਜੁੱਟ ਰੱਖਣ ਲਈ ਹਰ ਕੋਸ਼ਿਸ਼ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਕਿ ਜਨਤਾ ਦਲ (ਯੂ) ਦੀ ਲੀਡਰਸ਼ਿਪ ਦੇ ਮਨ ’ਚ ਕੀ ਚੱਲ ਰਿਹਾ ਹੈ। ਜਨਤਾ ਦਲ (ਯੂ) ਦੇ ਇੰਡੀਆ ਗੱਠਜੋੜ ’ਚੋਂ ਬਾਹਰ ਜਾਣ ਦੀਆਂ ਸੰਭਾਵਨਾਵਾਂ ਬਾਰੇ ਖੜਗੇ ਨੇ ਕਿਹਾ, ‘ਕੀ ਉਹ (ਜੇਡੀਯੂ) ਬਾਹਰ ਜਾ ਰਹੇ ਹਨ? ਮੈਨੂੰ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਮੈਂ ਉਨ੍ਹਾਂ (ਜੇਡੀਯੂ ਲੀਡਰਸ਼ਿਪ) ਨੂੰ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਨੂੰ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੇ ਮਨ ’ਚ ਕੀ ਹੈ।’ ਉਨ੍ਹਾਂ ਕਿਹਾ, ‘ਮੈਂ ਭਲਕੇ ਦੇਹਰਾਦੂਨ ਜਾ ਰਿਹਾ ਹਾਂ ਤੇ ਉੱਥੋਂ ਦਿੱਲੀ ਜਾਵਾਂਗਾ। ਇੱਕ ਵਾਰ ਉੱਥੇ ਪਹੁੰਚ ਜਾਵਾਂ ਫਿਰ ਸਾਰੀ ਜਾਣਕਾਰੀ ਹਾਸਲ ਕਰਕੇ ਤੁਹਾਨੂੰ ਦੱਸਾਂਗਾ। ਨਹੀਂ ਤਾਂ ਇਸ ਨਾਲ ਦੁਚਿੱਤੀ ਬਣੀ ਰਹੇਗੀ। ਦੇਖੋ ਕੀ ਬਣਦਾ ਹੈ।’ ਇੰਡੀਆ ਗੱਠਜੋੜ ਨੂੰ ਇੱਕ ਰੱਖਣ ਦੀਆਂ ਕੋਸ਼ਿਸ਼ਾਂ ਬਾਰੇ ਉਨ੍ਹਾਂ ਕਿਹਾ, ‘ਇਹ ਮੇਰੀ ਅਪੀਲ ਹੈ। ਮੈਂ ਮਮਤਾ ਬੈਨਰਜੀ, ਨਿਤੀਸ਼ ਕੁਮਾਰ, ਲਾਲੂ ਪ੍ਰਸਾਦ ਯਾਦਵ, ਸੀਤਾਰਾਮ ਯੇਚੁਰੀ ਤੇ ਹੋਰਾਂ ਨੂੰ ਅਪੀਲ ਕੀਤੀ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਇਕਜੁੱਟ ਰਹਿਣਾ ਪਵੇਗਾ ਤਾਂ ਹੀ ਅਸੀਂ ਚੰਗੀ ਟੱਕਰ ਦੇ ਸਕਦੇ ਹਾਂ ਤੇ ਇੰਡੀਆ ਗੱਠਜੋੜ ਆਸਾਂ ’ਤੇ ਖਰਾ ਉੱਤਰ ਸਕਦਾ ਹੈ।’ -ਪੀਟੀਆਈ