For the best experience, open
https://m.punjabitribuneonline.com
on your mobile browser.
Advertisement

ਨਿਤੀਸ਼ ਕੁਮਾਰ ਨੇ ਮੰਤਰੀਆਂ ਨੂੰ ਵਿਭਾਗ ਵੰਡੇ

07:56 AM Mar 17, 2024 IST
ਨਿਤੀਸ਼ ਕੁਮਾਰ ਨੇ ਮੰਤਰੀਆਂ ਨੂੰ ਵਿਭਾਗ ਵੰਡੇ
Advertisement

ਪਟਨਾ, 16 ਮਾਰਚ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੰਤਰੀ ਮੰਡਲ ਵਿਸਤਾਰ ਦੇ ਇੱਕ ਦਿਨ ਬਾਅਦ ਅੱਜ ਇੱਥੇ ਐੱਨਡੀਏ ਸਰਕਾਰ ਦੇ ਮੰਤਰੀਆਂ ਨੂੰ ਵਿਭਾਗ ਵੰਡੇ। ਨਿਤੀਸ਼ ਕੁਮਾਰ ਨੇ ਗ੍ਰਹਿ ਅਤੇ ਆਮ ਪ੍ਰਸ਼ਾਸਨ ਵਿਭਾਗ ਆਪਣੇ ਕੋਲ ਬਰਕਰਾਰ ਰੱਖੇ ਜਦਕਿ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੂੰ ਵਿੱਤ ਅਤੇ ਵਣਜ ਵਿਭਾਗ ਦਿੱਤੇ ਗਏ ਹਨ। ਕੈਬਨਿਟ ਸਕੱਤਰੇਤ ਵਿਭਾਗ ਤਰਫ਼ੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਭਾਜਪਾ ਦੇ ਨੇਤਾ ਅਤੇ ਉਪ ਮੁੱਖ ਮੰਤਰੀ ਵਿਜੈ ਸਿਨਹਾ ਨੂੰ ਸੜਕ ਨਿਰਮਾਣ, ਖਾਣਾਂ ਤੇ ਭੂ-ਵਿਗਿਆਨ ਅਤੇ ਕਲਾ ਤੇ ਸੰਸਕ੍ਰਿਤੀ ਵਿਭਾਗ ਦਿੱਤੇ ਗਏ ਹਨ। ਨਿਤੀਸ਼ ਨੇ ਸ਼ੁੱਕਰਵਾਰ ਨੂੰ ਆਪਣੇ ਮੰਤਰੀ ਮੰਡਲ ਦਾ ਵਿਸਤਾਰ ਕਰਦਿਆਂ 21 ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਸੀ। ਇਨ੍ਹਾਂ ਨਵੇਂ ਮੰਤਰੀਆਂ ਦੇ ਸ਼ਾਮਲ ਹੋਣ ਨਾਲ ਨਿਤੀਸ਼ ਮੰਤਰੀ ਮੰਡਲ ਵਿੱਚ ਮੰਤਰੀਆਂ ਦੀ ਸੰਖਿਆ ਵਧ ਕੇ 30 ਹੋ ਗਈ ਹੈ। ਸੂਬੇ ਵਿੱਚ ਸੰਵਿਧਾਨਕ ਵਿਵਸਥਾਵਾਂ ਅਨੁਸਾਰ ਕੁੱਲ 36 ਮੰਤਰੀ ਹੋ ਸਕਦੇ ਹਨ। ਨੋਟੀਫਿਕੇਸ਼ਨ ਅਨੁਸਾਰ ਨਿਤੀਸ਼ ਨੇ ਕੈਬਨਿਟ ਸਕੱਤਰੇਤ, ਚੋਣ, ਵਿਜੀਲੈਂਸ, ਆਮ ਪ੍ਰਸ਼ਾਸਨ ਅਤੇ ‘ਕਿਸੇ ਨੂੰ ਵੀ ਅਲਾਟ ਨਹੀਂ ਕੀਤੇ ਗਏ’ ਵਰਗੇ ਮੁੱਖ ਵਿਭਾਗਾਂ ਨੂੰ ਵੀ ਆਪਣੇ ਕੋਲ ਬਰਕਰਾਰ ਰੱਖਿਆ ਹੈ। ਭਾਜਪਾ ਦੇ ਪ੍ਰੇਮ ਕੁਮਾਰ ਨੂੰ ਸਹਿਕਾਰਤਾ ਅਤੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਵਿਭਾਗ ਦਿੱਤਾ ਗਿਆ ਹੈ। ਨਿਤੀਸ਼ ਦੇ ਕਰੀਬੀ ਬ੍ਰਿਜੇਂਦਰ ਪ੍ਰਸਾਦ ਯਾਦਵ ਨੂੰ ਊਰਜਾ ਅਤੇ ਯੋਜਨਾ ਤੇ ਵਿਕਾਸ ਵਿਭਾਗ ਅਲਾਟ ਕੀਤਾ ਗਿਆ ਹੈ। -ਪੀਟੀਆਈ

Advertisement

ਬਿਹਾਰ ’ਚ ਰੇਤ ਖਣਨ ਮਾਮਲੇ ’ਚ ਈਡੀ ਵੱਲੋਂ ਛਾਪੇ

ਪਟਨਾ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਿਹਾਰ ਵਿੱਚ ਕਥਿਤ ਗ਼ੈਰਕਾਨੂੰਨੀ ਰੇਤ ਖਣਨ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ ਸੂਬੇ ਵਿੱਚ ਅੱਜ ਮੁੜ ਛਾਪੇ ਮਾਰੇ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਭੋਜਪੁਰ ਜ਼ਿਲ੍ਹੇ ਦੇ ਆਰਾ ਸ਼ਹਿਰ ਦੇ ਆਸ-ਪਾਸ ਛਾਪੇ ਮਾਰੇ ਗਏ। ਉਨ੍ਹਾਂ ਦੱਸਿਆ ਕਿ ਇੱਕ ਕਾਰੋਬਾਰੀ ਅਤੇ ਉਸ ਦੇ ਕਰੀਬੀਆਂ ਦੀਆਂ ਰਿਹਾਇਸ਼ਾਂ ’ਤੇ ਛਾਪੇ ਮਾਰੇ ਗਏ। ਕੇਂਦਰੀ ਏਜੰਸੀ ਨੇ ਪਿਛਲੇ ਹਫ਼ਤੇ ਇਸ ਮਾਮਲੇ ’ਚ ਸੁਭਾਸ਼ ਯਾਦਵ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਕਥਿਤ ਤੌਰ ’ਤੇ ਰਾਸ਼ਟਰੀ ਜਨਤਾ ਦਲ ਨਾਲ ਜੁੜਿਆ ਹੈ। ਈਡੀ ਦਾ ਮਾਮਲਾ ਬਿਹਾਰ ਪੁਲੀਸ ਤਰਫੋਂ ‘ਬ੍ਰਾਡਸਨਜ਼ ਕੋਮੋਡਿਟੀਜ਼ ਪ੍ਰਾਈਵੇਟ ਲਿਮਟਿਡ’ ਨਾਂ ਦੀ ਕੰਪਨੀ ਅਤੇ ਇਸ ਦੇ ਡਾਇਰੈਕਟਰਾਂ ਖ਼ਿਲਾਫ਼ ਦਰਜ 20 ਐੱਫਆਈਆਰ ਤੋਂ ਪੈਦਾ ਹੁੰਦਾ ਹੈ। ਇਨ੍ਹਾਂ ਐੱਫਆਈਆਰ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਉਹ ਈ-ਚਾਲਾਨ ਦੀ ਵਰਤੋਂ ਕੀਤੇ ਬਿਨਾਂ ਰੇਤ ਦੀ ਗ਼ੈਰਕਾਨੂੰਨੀ ਖਣਨ ਅਤੇ ਵਿਕਰੀ ਵਿੱਚ ਲੱਗੇ ਹੋਏ ਹਨ। ਬਿਹਾਰ ਵਿੱਚ ਵਿਧਾਨ ਪਰਿਸ਼ਦ ਮੈਂਬਰ (ਐੱਮਐੱਲਸੀ) ਅਤੇ ਜਨਤਾ ਦਲ (ਯੂਨਾਈਟਿਡ) ਨੇਤਾ ਰਾਧਾ ਚਰਨ ਸਾਹ, ਉਨ੍ਹਾਂ ਦੇ ਪੁੱਤਰ ਕਨੱਈਆ ਪ੍ਰਸਾਦ ਅਤ ਬ੍ਰਾਡਸਨ ਕੋਮੋਡਿਟੀਜ਼ ਦੇ ਡਾਇਰੈਕਟਰਾਂ ਮਿਥਿਲੇਸ਼ ਕੁਮਾਰ ਸਿੰਘ, ਬਬਨ ਸਿੰਘ ਅਤੇ ਸੁਰੇਂਦਰ ਕੁਮਾਰ ਜਿੰਦਲ ਨੂੰ ਪਿਛਲੇ ਸਾਲ ਈਡੀ ਨੇ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×