For the best experience, open
https://m.punjabitribuneonline.com
on your mobile browser.
Advertisement

ਦੋਸਤੀ ਤੇ ਸਾਂਝ ਦਾ ਰਤਨ ਨ੍ਰਿਪਇੰਦਰ

07:34 AM Sep 29, 2024 IST
ਦੋਸਤੀ ਤੇ ਸਾਂਝ ਦਾ ਰਤਨ ਨ੍ਰਿਪਇੰਦਰ
Advertisement
ਵਰਿਆਮ ਸਿੰਘ ਸੰਧੂ

ਰਤਨ ਪਰਿਵਾਰ ਨਾਲ ਮੇਰੀ ਸਾਂਝ ਵੱਡੇ ਭਾਅ ਜੀ ਸਾਧੂ ਸਿੰਘ ਰਾਹੀਂ ਬਣੀ। ਰਤਨ ਉਦੋਂ ਲੁਧਿਆਣੇ ਦਾ ਡੀ ਸੀ ਹੁੰਦਾ ਸੀ ਤੇ ਉਹਦੀ ਭੈਣ ਰਮਾ ਰਤਨ ਪੀਏਯੂ ਵਿੱਚ। ਸਾਧੂ ਭਾਅ ਜੀ ਨੇ ਰਤਨ ਪਰਿਵਾਰ ਦੀ ਸਾਦਗੀ ਤੇ ਮਿਲਣਸਾਰਤਾ ਬਾਰੇ ਦੱਸਿਆ। ਸੱਚੀ ਗੱਲ ਸੀ, ਰਤਨ ਹੁਰਾਂ ਵਿੱਚ ਅਫਸਰੀ ਦੀ ਉੱਕਾ ਫੂੰ-ਫਾਂ ਨਹੀਂ ਸੀ। ਤਰੱਕੀ ਦੀਆਂ ਪੌੜੀਆਂ ਚੜ੍ਹਦੇ ਚੜ੍ਹਦੇ ਉਹ ਵੱਡੇ ਤੋਂ ਵੱਡੇ ਅਫਸਰ ਬਣਦੇ ਰਹੇ, ਪਰ ਸਦਾ ਜ਼ਮੀਨ ਨਾਲ ਜੁੜੇ ਰਹੇ। ਸਾਦਾ ਦਿਲ, ਸਹਿਜ, ਸੁਹਿਰਦ ਸੰਵੇਦਨਸ਼ੀਲ, ਦ੍ਰਿੜ੍ਹ ਤੇ ਮਿਲਣਸਾਰ। ਸਭ ਦੇ ਕੰਮ ਆ ਕੇ ਖ਼ੁਸ਼ ਹੁੰਦੇ।
ਮੇਰਾ ਉਨ੍ਹਾਂ ਨੇ ਬਹੁਤ ਵੱਡਾ ਕੰਮ ਕੀਤਾ। ਕਿਹਾ ਜਾਵੇ ਤਾਂ ਝੂਠ ਨਹੀਂ ਹੋਵੇਗਾ, ਮੇਰਾ ਜਲੰਧਰ ਵਾਲਾ ਘਰ ਮੁਕੰਮਲ ਕਰਾਉਣ ਵਿੱਚ ਰਤਨ ਹੁਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੀ। ਗੱਲ ਮੁਕਾਉਣੀ ਹੋਵੇ ਤਾਂ ਇੱਕੋ ਸਤਰ ਵਿੱਚ ਵੀ ਕਹੀ ਜਾ ਸਕਦੀ ਹੈ ਕਿ ਮੇਰੀ ਜ਼ਮੀਨ ਦਾ ਵਰ੍ਹਿਆਂ ਤੋਂ ਅੜਿਆ ਹੋਇਆ ਕੰਮ ਰਤਨ ਹੁਰਾਂ ਨੇ ਹੱਲ ਕਰਵਾਇਆ ਸੀ। ਗੱਲ ਕੁਝ ਇੰਝ ਹੈ:
ਪਾਕਿਸਤਾਨ ਬਣਨ ਤੋਂ ਬਾਅਦ ਅਸੀਂ ਸਾਡੇ ਜੱਦੀ ਪਿੰਡ ਭਡਾਣੇ ਤੋਂ (ਜਿੱਥੇ ਮੇਰੇ ਪਿਤਾ ਤਿੰਨ ਕੁ ਸਾਲ ਪਹਿਲਾਂ ਹੀ ਸੁਰ ਸਿੰਘ ਤੋਂ ਆਪਣੇ ਪਿਤਾ ਦੇ ਜ਼ੋਰ ਦੇਣ ’ਤੇ ਜਾ ਵੱਸੇ ਸਨ ਤੇ ਓਥੇ ਹੀ ਉਨ੍ਹਾਂ ਦਾ ਵਿਆਹ ਹੋਇਆ ਤੇ ਮੇਰਾ ਜਨਮ ਵੀ) ਸੁਰ ਸਿੰਘ ਆ ਗਏ। ਮੇਰੇ ਪਿਤਾ ਬਚਪਨ ਤੋਂ ਸੁਰ ਸਿੰਘ ਹੀ ਪਲ਼ੇ-ਪੜ੍ਹੇ ਤੇ ਵੱਡੇ ਹੋਏ ਸੀ। ਸੁਰ ਸਿੰਘ ਮੇਰੇ ਪਿਤਾ ਦੇ ਨਾਨਕੇ ਸਨ ਤੇ ਉਹਦੇ ਬੇਔਲਾਦ ਮਾਮਾ-ਮਾਮੀ ਨੇ ਮੇਰੀ ਦਾਦੀ ਦੇ ਮਰਨ ਤੋਂ ਬਾਅਦ, ਉਹਨੂੰ ਛੇ ਕੁ ਮਹੀਨੇ ਦੇ ਨੂੰ ਆਪਣਾ ਪੁੱਤ ਬਣਾ ਕੇ ਪਾਲਿਆ ਸੀ ਤੇ ਆਪਣੀ ਲਗਭਗ ਸੌ ਏਕੜ ਜ਼ਮੀਨ ਵਿੱਚੋਂ ਕੁਝ ਜ਼ਮੀਨ ਮੇਰੇ ਪਿਤਾ ਦੇ ਨਾਂ ਵੀ ਕਰਵਾ ਦਿੱਤੀ ਸੀ, ਭਾਵੇਂ ਕਿ ਉਹਦੀ ਸਾਰੀ ਜ਼ਮੀਨ ਦੀ ਦੇਖ-ਰੇਖ ਮੇਰੇ ਪਿਤਾ ਹੀ ਕਰਦੇ ਸਨ। ਪਾਕਿਸਤਾਨ ਵਾਲੇ ਪਿੰਡ ਭਡਾਣੇ ਵਾਲੀ ਜ਼ਮੀਨ ਦੇ ਬਦਲੇ ਸਾਨੂੰ ਦੋ ਥਾਵਾਂ ’ਤੇ ਜ਼ਮੀਨ ਅਲਾਟ ਹੋਈ। ਇੱਕ ਅਬੋਹਰ ਨੇੜੇ ਚਰਾਗ ਢਾਣੀ ਵਿੱਚ ਤੇ ਦੂਜਾ ਮਲੋਟ ਨੇੜੇ ਪਿੰਡ ਸਾਉਂਕੇ ਵਿੱਚ। ਅਬੋਹਰ ਵਾਲੀ ਜ਼ਮੀਨ ਮੇਰੇ ਦਾਦਾ ਚੰਦਾ ਸਿੰਘ ਸਾਂਭਦੇ ਰਹੇ ਤੇ ਸਾਉਂਕੇ ਵਾਲੀ ਜ਼ਮੀਨ ਉਹ ਹਿੱਸੇ ਠੇਕੇ ’ਤੇ ਦੇ ਛੱਡਦੇ। 1965 ਵਿੱਚ ਅਸੀਂ ਅਬੋਹਰ ਵਾਲੀ ਜ਼ਮੀਨ ਵੇਚ ਕੇ ਸੁਰ ਸਿੰਘ ਵਿੱਚ ਨਾਲ ਲੱਗਦੀ ਕੁਝ ਜ਼ਮੀਨ ਹੋਰ ਖ਼ਰੀਦ ਲਈ। ਮੇਰੇ ਦਾਦਾ ਵੀ ਸੁਰ ਸਿੰਘ ਆ ਕੇ ਰਹਿਣ ਲੱਗੇ ਤੇ ਸਾਉਂਕਿਆਂ ਵਾਲੀ ਜ਼ਮੀਨ ਦਾ ਛੇਆਂ ਮਹੀਨਿਆਂ ਬਾਅਦ ਹਿੱਸਾ-ਠੇਕਾ ਲੈ ਆਉਂਦੇ। ਮੇਰੇ ਦਾਦੇ ਦੀ ਮੌਤ ਤੋਂ ਬਾਅਦ ਇਹ ਜ਼ਿੰਮੇਵਾਰੀ ਮੇਰੇ ਪਿਤਾ ਨੇ ਸੰਭਾਲ ਲਈ। ਪਿਤਾ ਦੀ ਮੌਤ ਤੋਂ ਬਾਅਦ ਵਿਰਾਸਤ ਦਾ ਇੰਤਕਾਲ ਮੇਰੀ ਮਾਂ ਤੇ ਭੈਣ-ਭਰਾਵਾਂ ਦੇ ਨਾਂ ਹੋ ਗਿਆ। ਅਸੀਂ ਸੋਚਿਆ ਕਿ ਸਾਡੇ ਕੋਲੋਂ ‘ਹਿੱਸਾ-ਠੇਕਾ’ ਲੈਣ ਵਾਲੀ ਔਖੀ ਘਾਟੀ ਸਰ ਨਹੀਂ ਹੋਣੀ। ਵੱਡਾ ਹੋਣ ਕਰ ਕੇ ਸਾਰੀ ਜ਼ਿੰਮੇਵਾਰੀ ਮੇਰੇ ਸਿਰ ’ਤੇ ਸੀ। ਮੇਰਾ ਕੰਮ ਲਿਖਣ-ਪੜ੍ਹਨ ਦਾ ਸੀ। ਸਿਆਸਤ ਦੇ ਪੁੱਠੇ-ਸਿੱਧੇ ਕੰਮ ਵਿੱਚ ਪੈ ਕੇ ਜੇਲ੍ਹ ਜਾਣਾ, ਆ ਜਾਣਾ ਤੇ ਮੁੜ ਜੇਲ੍ਹ ਚਲੇ ਜਾਣਾ। ਇਹ ਹੀ ਸਿਲਸਿਲਾ ਬਣ ਗਿਆ ਸੀ। ਜ਼ਮੀਨ ਵਾਲਾ ਕੰਮ ਮੇਰੇ ਕੋਲੋਂ ਹੋ ਨਹੀਂ ਸੀ ਸਕਣਾ। ਮੈਂ ਸੋਚਿਆ ਕਿ ਜਿਹੜੇ ਲੋਕ ਲੰਮੇ ਸਮੇਂ ਤੋਂ ਜ਼ਮੀਨ ਵਾਹ ਰਹੇ ਨੇ, ਉਨ੍ਹਾਂ ਨਾਲ ਹੀ ਘੱਟ-ਵੱਧ ਕਰ ਕੇ ਜ਼ਮੀਨ ਵੇਚਣ ਦਾ ਸੌਦਾ ਕਰ ਲਿਆ ਜਾਵੇ।
ਮੈਂ ਤੇ ਮੇਰਾ ਮਾਮਾ ਸਾਉਂਕੇ ਗਏ ਤੇ ਜ਼ਮੀਨ ਵਾਹੁਣ ਵਾਲੇ ਬੰਦਿਆਂ ਨਾਲ ਗੱਲਬਾਤ ਕੀਤੀ। ਉਹ ਪੰਜ ਭਰਾ ਸਨ। ਡਾਢੇ ਮਾਰ-ਖ਼ੋਰੇ। ਪਿਛਲੇ ਕਈ ਸਾਲਾਂ ਤੋਂ ਦੋ ਵੱਡੇ ਭਰਾ ਹੀ ਜ਼ਮੀਨ ਵਾਹ ਰਹੇ ਸਨ। ਪਿੰਡੋਂ ਦੂਰ ਸਾਡੀ ਜ਼ਮੀਨ ਵਿੱਚ ਹੀ ਉਹ ਘਰ ਬਣਾ ਕੇ ਰਹਿ ਰਹੇ ਸਨ। ਦੋਵਾਂ ਵਿੱਚੋਂ ਇੱਕ ਤਾਂ ਛਟਿਆ ਬਦਮਾਸ਼ ਸੀ। ਪਾਕਿਸਤਾਨ ਵਿੱਚ ਸਜ਼ਾ ਵੀ ਕੱਟ ਆਇਆ ਸੀ। ਦੋਵਾਂ ਨੇ ਬੰਦੂਕਾਂ ਰੱਖੀਆਂ ਹੋਈਆਂ ਸਨ। ਉਨ੍ਹਾਂ ਦੇ ਨਾਂ ਚੌਤੀ ਸਾਲ ਦੀਆਂ ਗਿਰਦੌਰੀਆਂ ਸਨ। ਅਸੀਂ ਉਨ੍ਹਾਂ ਤੋਂ ਕਬਜ਼ਾ ਲੈ ਕੇ ਕਿਸੇ ਹੋਰ ਨੂੰ ਵਾਜਬ ਮੁੱਲ ’ਤੇ ਜ਼ਮੀਨ ਨਹੀਂ ਸਾਂ ਵੇਚ ਸਕਦੇ। ‘ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਲੁਟਾ’, ਦੇ ਕਥਨ ਮੁਤਾਬਿਕ ਅਸੀਂ ਘੱਟ ਤੋਂ ਘੱਟ ਮੁੱਲ ’ਤੇ ਉਨ੍ਹਾਂ ਨਾਲ ਨਾਂ-ਮਾਤਰ ਜਿਹਾ ਬਿਆਨਾ ਲੈ ਕੇ ਰਜਿਸਟਰੀ ਦੀ ਤਰੀਕ ਮਿਥ ਲਈ। ਜਦੋਂ ਅਸੀਂ ਰਜਿਸਟਰੀ ਕਰਾਉਣ ਗਏ ਤਾਂ ਉਹ ਮਾਮੂਲੀ ਜਿਹੀ ਰਾਸ਼ੀ ਦੇ ਕੇ ਕਹਿਣ, ‘‘ਤੁਸੀਂ ਅੱਜ ਰਜਿਸਟਰੀ ਕਰਵਾ ਦਿਉ। ਰੱਬ ਦੀ ਸਹੁੰ ਤਿੰਨਾਂ ਮਹੀਨਿਆਂ ਨੂੰ ਆ ਕੇ ਸਾਰੇ ਪੈਸੇ ਲੈ ਜਾਇਉ।’’
ਇਹ ਗੱਲ ਤਾਂ ਮੰਨਣ ਵਾਲੀ ਹੀ ਨਹੀਂ ਸੀ। ਰਜਿਸਟਰੀ ਹੋ ਗਈ, ਫੇਰ ਕਿਸ ਨੇ ਦੇਹ-ਦਿਵਾਲ ਹੋਣਾ ਸੀ। ਉਨ੍ਹਾਂ ਵੱਲੋਂ ਨਵਾਂ ਭਰੋਸਾ ਦੇਣ ’ਤੇ ਅਸੀਂ ਰਜਿਸਟਰੀ ਦੀ ਹੋਰ ਤਰੀਕ ਮਿਥ ਕੇ ਆ ਗਏ। ਅਗਲੀ ਵਾਰ ਵੀ ਉਹੋ ਹਾਲ। ਅਸੀਂ ਬੜੇ ਖੱਜਲ ਹੋਏ। ਉਹ ਮੈਨੂੰ ਮਾਰਨ ਦੀਆਂ ਧਮਕੀਆਂ ਵੀ ਦੇਣ ਲੱਗੇ। ਉਧਰੋਂ 84 ਵਾਲਾ ਦੌਰ ਆ ਗਿਆ। ਮੈਂ ਜਲੰਧਰ ਸਾਂ ਕਿ ਪਿੱਛੋਂ ‘ਬਦਮਾਸ਼ ਭਰਾ’ ਹਥਿਆਰ ਤੇ ਦੋ ਬੰਦੇ ਨਾਲ ਲੈ ਕੇ ਪਿੰਡ ਆ ਕੇ ਮੇਰੀ ਮਾਂ ਤੇ ਭਰਾ ਨੂੰ ਵੀ ਧਮਕਾ ਗਿਆ ਕਿ ਅਸੀਂ ਰਜਿਸਟਰੀ ਕਰਵਾ ਦੇਈਏ। ਅੱਗੇ ਮਲੋਟ ਵੱਲ ਮੇਰਾ ਮਾਮਾ ਮੇਰੇ ਨਾਲ ਜਾਂਦਾ ਸੀ। ਹੁਣ ਸਾਡੀ ਮਾਮੀ ਨੇ ਕਿਹਾ ਕਿ ‘ਵਰਿਆਮ ਨੇ ਤਾਂ ਮਰਨਾ ਹੀ ਹੈ, ਤੂੰ ਕਿਉਂ ਮੁਫ਼ਤ ਵਿੱਚ ਜਾਨ ਗਵਾਉਂਦਾਂ! ਪੈਸੇ ਤਾਂ ਉਨ੍ਹਾਂ ਨੂੰ ਮਿਲਣੇ ਨੇ, ਤੈਨੂੰ ਵਿੱਚੋਂ ਕੀ ਮਿਲਣਾ?’
ਜਾਨ ਤਾਂ ਮੈਨੂੰ ਵੀ ਚਾਹੀਦੀ ਸੀ। ਮੈਂ ਵੀ ਹਾਲ ਦੀ ਘੜੀ ਜ਼ਮੀਨ ਦਾ ਖਹਿੜਾ ਛੱਡ ਦਿੱਤਾ ਤੇ ਭਲੇ ਸਮੇਂ ਦੀ ਉਡੀਕ ਕਰਨ ਲੱਗਾ। ਪਰ ਮਨ ਵਿੱਚ ਜੱਟਾਂ ਵਾਲੀ ਰੜਕ ਵੀ ਕਿ ਉਹ ਮੁਫ਼ਤ ’ਚ ਜ਼ਮੀਨ ਦੱਬ ਕੇ ਬਹਿ ਗਏ! ਹੋਰ ਕੋਈ ਉਹ ਜ਼ਮੀਨ ਲੈਣ ਲਈ ਤਿਆਰ ਹੀ ਨਹੀਂ ਸੀ। ਚੌਤੀ ਸਾਲਾਂ ਦੀਆਂ ਗਿਰਦੌਰੀਆਂ ਹੋਣ ਕਰ ਕੇ ਉਹ ਤਾਂ ਆਪਣੇ ਆਪ ਨੂੰ ਹੀ ਜ਼ਮੀਨ ਦੇ ਮਾਲਕ ਸਮਝਦੇ ਸਨ। ਐਵੇਂ ਤਾਂ ਨਹੀਂ ਸਨ ਸਾਡੀ ਹੀ ਜ਼ਮੀਨ ਵਿੱਚ ਘਰ ਪਾ ਕੇ ਬੈਠੇ ਹੋਏ।
ਭਲਾ ਸਮਾਂ ਵੀ ਆ ਗਿਆ। ਨ੍ਰਿਪਇੰਦਰ ਸਿੰਘ ਰਤਨ ਉਨ੍ਹੀਂ ਦਿਨੀਂ ਫ਼ਿਰੋਜ਼ਪੁਰ ਡਿਵੀਜ਼ਨ ਦੇ ਕਮਿਸ਼ਨਰ ਸਨ। ਮੇਰੀ ਜ਼ਮੀਨ ਦੀ ਸਮੱਸਿਆ ਦਾ ਮੇਰੇ ਵੱਡੇ ਭਰਾਵਾਂ ਵਰਗੇ ਡਾ. ਰਘਬੀਰ ਸਿੰਘ ਸਿਰਜਣਾ ਨੂੰ ਪਤਾ ਸੀ। ਉਨ੍ਹਾਂ ਨੇ ਮੇਰੇ ਆਖਣ ਤੋਂ ਬਿਨਾਂ ਹੀ ਇੱਕ ਦਿਨ ਰਤਨ ਹੁਰਾਂ ਨਾਲ ਗੱਲ ਕੀਤੀ ਕਿ ਵਰਿਆਮ ਦੀ ਜ਼ਮੀਨ ਮਲੋਟ ਨੇੜੇ ਕੁਝ ਲੋਕ ਦੱਬੀ ਬੈਠੇ ਹਨ। ਤੁਹਾਡਾ ‘ਇਲਾਕਾ’ ਹੈ। ਕੁਝ ਹੋ ਸਕਦਾ ਏ? ਰਤਨ ਹੁਰਾਂ ਨੇ ਮਿੱਠੀ ਜਿਹੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਪਹਿਲਾਂ ਕਿਉਂ ਨਾ ਦੱਸਿਆ! ਇਹਦੇ ਵਿੱਚ ਝਕਣ-ਝਕਾਉਣ ਦੀ ਕੀ ਲੋੜ ਸੀ! ਫਿਰ ਉਨ੍ਹਾਂ ਨੇ ਕਿਹਾ ਕਿ ਫ਼ਲਾਂ ਤਰੀਕ ਨੂੰ ਵਰਿਆਮ ਨੂੰ ਨਾਲ ਲੈ ਕੇ ਮੇਰੇ ਕੋਲ ਫ਼ਿਰੋਜ਼ਪੁਰ ਆ ਜਾਣਾ। ਅਗਲਾ ਕੰਮ ਮੇਰਾ ਰਿਹਾ। ਨਿਸ਼ਚਿਤ ਤਰੀਕ ਨੂੰ ਮੈਂ ਆਪਣੇ ਅਜ਼ੀਜ਼ ਬਲਦੇਵ ਧਾਲੀਵਾਲ ਨੂੰ ਨਾਲ ਲੈ ਕੇ (ਕਿਉਂਕਿ ਬਲਦੇਵ ਦਾ ਪਿੰਡ ਸਾਉਂਕਿਆਂ ਦੇ ਨੇੜੇ ਪੈਂਦਾ ਹੈ ਤੇ ਮੈਂ ਸੋਚਿਆ ਉਹਦਾ ਆਸਰਾ ਹੋ ਜਾਊ) ਫ਼ਿਰੋਜ਼ਪੁਰ ਪਹੁੰਚ ਗਿਆ। ਰਘਬੀਰ ਸਿੰਘ ਹੁਰੀਂ ਵੀ ਪਹੁੰਚੇ ਹੋਏ ਸਨ।
ਰਤਨ ਹੁਰੀਂ ਬੜੇ ਤਪਾਕ ਨਾਲ ਮਿਲੇ। ਮਿਲਣਾ ਹੀ ਸੀ। ਚਾਹ-ਪਾਣੀ ਪੀਤਾ। ਏਧਰ-ਓਧਰ ਦੀਆਂ ਗੱਲਾਂ ਕੀਤੀਆਂ ਤੇ ਫਿਰ ਸੇਵਾਦਾਰ ਨੂੰ ਕਿਹਾ ਕਿ ‘‘ਉਹਨੂੰ ਅੰਦਰ ਭੇਜ।”
ਉਸੇ ਵੇਲੇ ਮਲੋਟ ਦਾ ਤਹਿਸੀਲਦਾਰ ਹੱਥ ਬੰਨ੍ਹੀ ਸਾਹਮਣੇ ਖਲੋਤਾ ਸੀ, ਜਿਸ ਨੂੰ ਉਨ੍ਹਾਂ ਨੇ ਹੁਕਮ ਦੇ ਕੇ ਦਫ਼ਤਰ ਬੁਲਾਇਆ ਹੋਇਆ ਸੀ।
ਰਤਨ ਹੁਰਾਂ ਨੇ ਤਹਿਸੀਲਦਾਰ ਨੂੰ ਕਿਹਾ, “ਇਹ ਮੇਰੇ ਦੋਸਤ ਨੇ। ਇਨ੍ਹਾਂ ਦਾ ਕੰਮ ਮੇਰਾ ਕੰਮ ਹੈ। ਕੰਮ ਇਹ ਤੈਨੂੰ ਆਪੇ ਦੱਸ ਦੇਣਗੇ। ਹੁਣ ਇਹ ਤੇਰੀ ਜ਼ਿੰਮੇਵਾਰੀ ਹੈ ਕਿ ਤੂੰ ਇਨ੍ਹਾਂ ਦਾ ਕੰਮ ਕਰਵਾਉਣਾ ਹੈ। ਇਹ ਮੇਰੇ ਦੋਸਤ ਨੇ ਤੇ ਮੈਨੂੰ ਏਥੇ ਜਾਂ ਚੰਡੀਗੜ੍ਹ ਆ ਕੇ ਸੌ ਵਾਰ ਮਿਲ ਸਕਦੇ ਨੇ, ਪਰ ਇਨ੍ਹਾਂ ਨੂੰ ਦੂਜੀ ਵਾਰ ਮੈਨੂੰ ਇਸ ਕੰਮ ਵਾਸਤੇ ਨਾ ਮਿਲਣਾ ਨਾ ਪਵੇ! ਸਮਝਿਆ?”
ਉਨ੍ਹਾਂ ਨੇ ਤਾੜਨਾ ਭਰੇ ਲਹਿਜੇ ਵਿੱਚ ਤਹਿਸੀਲਦਾਰ ਨੂੰ ਕਿਹਾ। ਤਹਿਸੀਲਦਾਰ ਅੱਧਾ ਕੁ ਝੁਕ ਕੇ ਹੱਥ ਜੋੜ ਕੇ ਕਹਿੰਦਾ, ‘‘ਜੀ ਸਰ! ਤੁਹਾਨੂੰ ਕੋਈ ਸ਼ਿਕਾਇਤ ਨਹੀਂ ਆਉਣ ਲੱਗੀ।’’
ਰਘਬੀਰ ਸਿੰਘ ਹੁਰੀਂ ਤਾਂ ਚੰਡੀਗੜ੍ਹ ਨੂੰ ਚਲੇ ਗਏ ਤੇ ਤਹਿਸੀਲਦਾਰ ਨੇ ਸਾਨੂੰ ਆਪਣੀ ਕਾਰ ਵਿੱਚ ਬਿਠਾ ਲਿਆ। ਰਾਹ ਵਿੱਚ ਨਾਲੇ ਸਾਡੀ ਸੇਵਾ ਕੀਤੀ ਤੇ ਨਾਲੇ ‘ਜੀ, ਜੀ’ ਕਰ ਕੇ ਸਾਰਾ ਕੇਸ ਸਮਝੀ ਜਾਵੇ।
ਅਗਲੀ ਕਹਾਣੀ ਛੇ ਮਹੀਨੇ ਲੰਮੀ ਹੈ। ਤਹਿਸੀਲਦਾਰ ਨੇ ਅਗਲਿਆਂ ਨੂੰ ਮੇਰੇ ਸਾਹਮਣੇ ਸੱਦ ਕੇ ਕਿਹਾ, ‘‘ਭਾਈ! ਜ਼ਮੀਨ ਤੁਹਾਨੂੰ ਛੱਡਣੀ ਪੈਣੀ ਏਂ। ਜ਼ਮੀਨ ਸਾਹਬ-ਬਹਾਦਰ ਦੀ ਏ! ਅੜੀ ਫੜੀ ਕਰੋਗੇ ਤਾਂ ਸਾਹਿਬ ਨੇ ਆਪਣਾ ਯਾਰ ਫ਼ੌਜੀ ਕਰਨਲ ਜ਼ਮੀਨ ਲੈਣ ਲਈ ਤਿਆਰ ਕੀਤਾ ਹੋਇਆ ਹੈ। ਫ਼ੌਜੀਆਂ ਨੇ ਬੰਦੂਕਾਂ ਬੀੜ ਕੇ ਕਬਜ਼ਾ ਤਾਂ ਲੈ ਲੈਣਾ ਦੋ ਘੰਟਿਆਂ ’ਚ।’’
“ਲੈ ਕਬਜ਼ਾ ਕੋਈ ਕਿਵੇਂ ਕਰ ਲੂ। ਅਸੀਂ ਚੂੜੀਆਂ ਪਾਈਆਂ ਹੋਈਆਂ? ਚਾਲੀ ਸਾਲਾਂ ਤੋਂ ਜ਼ਮੀਨ ਵਾਹ ਰਹੇ ਆਂ। ਜ਼ਮੀਨ ਦੇ ਮਾਲਕ ਆਂ ਅਸੀਂ।’’
ਬੰਦੇ ਉਹ ਵੀ ਪਹੁੰਚ ਵਾਲੇ ਸਨ। ਵੱਡੇ ਸਿਆਸਤਦਾਨਾਂ ਤੱਕ ਪਹੁੰਚ ਕੀਤੀ, ਬੜੇ ਹੱਥ ਪੈਰ ਮਾਰੇ ਪਰ ਤਹਿਸੀਲਦਾਰ ਆਖੇ ਕਿ ਜ਼ਮੀਨ ਤਾਂ ਸਾਹਬ ਬਹਾਦਰ ਦੇ ਭਰਾ ਦੀ ਹੈ। ਚਾਹੋ ਤਾਂ ਘੱਟ ਮੁੱਲ ’ਤੇ ਤੁਹਾਨੂੰ ਦਿਵਾ ਦਿੰਦੇ ਆਂ।
ਮੁੱਕਦੀ ਗੱਲ ਉਹ ਸਾਰਾ ਜ਼ੋਰ ਲਾ ਚੁੱਕੇ। ਮੇਰੇ ਵੀ ਕਈ ਫੇਰੇ ਲੱਗੇ, ਪਰ ਆਖ਼ਰ ਮੋਰਚਾ ਫ਼ਤਹਿ ਹੋ ਹੀ ਗਿਆ। ਭਾਵੇਂ ਜ਼ਮੀਨ ਅੱਧ-ਪਚੱਧੇ ਮੁੱਲ ’ਤੇ ਹੀ ਦਿੱਤੀ, ਪਰ ਜੇ ਉਹ ਅਦਾਲਤ ਵਿੱਚ ਚਲੇ ਜਾਂਦੇ ਤਾਂ ਗਿਰਦੌਰੀਆਂ ਉਨ੍ਹਾਂ ਦੇ ਨਾਂ ਹੋਣ ਕਰ ਕੇ ਮੁਕੱਦਮਾ ਸਾਲਾਂ ਤੱਕ ਲਮਕਣਾ ਸੀ ਤੇ ਮੈਨੂੰ ਦਵਾਨੀ ਨਹੀਂ ਸੀ ਮਿਲਣੀ।
ਮੈਂ ਮੁਕਤਸਰ ਰਹਿੰਦੇ ਆਪਣੇ ਦੋਸਤ ਪ੍ਰੋ. ਲੋਕ ਨਾਥ ਨੂੰ ਕਿਹਾ ਕਿ ਰਜਿਸਟਰੀ ਵਾਲੇ ਦਿਨ ਉਹ ਕੁਝ ਆਪਣੇ ਬੰਦੇ ਉੱਥੇ ਨਾਲ ਲੈ ਆਵੇ ਤਾਂ ਚੰਗਾ ਹੋਵੇਗਾ। ਉਸ ਨੇ ਮੁਕਤਸਰੋਂ ਤੇ ਮਲੋਟ ਦੁਆਲਿਉਂ ਲਗਭਗ ਵੀਹ ਬੰਦੇ ਉਸ ਦਿਨ ’ਕੱਠੇ ਕਰ ਲਏ। ਸੁਖ-ਸੁਖਾਂ ਨਾਲ ਰਜਿਸਟਰੀ ਹੋ ਗਈ। ਕਿਸੇ ਨੇ ‘ਉਨ੍ਹਾਂ’ ਨੂੰ ਵਧਾਈ ਦਿੱਤੀ ਕਿ ਮੁਬਾਰਕ ਹੋਵੇ, ਜ਼ਮੀਨ ਦੇ ਮਾਲਕ ਬਣ ਗਏ ਹੋ! ਤਾਂ ਬਦਮਾਸ਼ ਭਰਾ ਕਹਿੰਦਾ, “ਵਧਾਈ ਕਾਹਦੀ! ਜ਼ਮੀਨ ਤਾਂ ਸਾਡੀ ਸੀ। ਇਹ ਜੱਟ ਹਿੱਕ ਦੇ ਜ਼ੋਰ ਨਾਲ ਸਾਡੇ ਬੋਝੇ ’ਚੋਂ ਪੈਸੇ ਕੱਢ ਕੇ ਲੈ ਗਿਆ!”
ਇਹ ਹਿੱਕ ਦਾ ਜ਼ੋਰ ਤਾਂ ਨ.ਸ. ਰਤਨ ਦਾ ਸੀ।
ਇਨ੍ਹਾਂ ਦਿਨਾਂ ਵਿੱਚ ਹੀ ਇੱਕ ਦਿਨ ਜਦੋਂ ਮੈਂ ਇਸੇ ਸਿਲਸਿਲੇ ਵਿੱਚ ਤਹਿਸੀਲਦਾਰ ਨੂੰ ਮਿਲ ਕੇ ਆ ਰਿਹਾ ਸਾਂ ਤਾਂ ਉਨ੍ਹਾਂ ਵਿੱਚੋਂ ਇੱਕ ਭਰਾ ਮਲੋਟ ਦੇ ਬਾਜ਼ਾਰ ਵਿੱਚ ਫਿਰਦਾ ਮਿਲ ਗਿਆ। ਮੈਨੂੰ ਕਹਿੰਦਾ, ‘‘ਜੇ ਤੈਨੂੰ ਐਥੇ ਕਤਲ ਕਰ ਦਈਏ, ਤੇਰਾ ਦਵਾਨੀ ਮੁੱਲ ਨਹੀਂ ਪੈਣਾ।’’
ਮੈਂ ਉਹਨੂੰ ਕਿਹਾ, ‘‘ਜੇ ਮੈਂ ਏਨੇ ਸਾਲ ਏਧਰ ਵੱਟੀ ਨਹੀਂ ਸੀ ਵਾਹੀ ਤਾਂ ਉਹਦਾ ਵੀ ਕਾਰਨ ਸੀ। ਤੇ ਹੁਣ ਜਦੋਂ ਮੈਂ ਮਲੋਟ ਦੀਆਂ ਸੜਕਾਂ ’ਤੇ ਇਕੱਲਾ ਫਿਰ ਰਿਹਾਂ ਤਾਂ ਮੈਨੂੰ ਪਤੈ ਕਿ ਮੇਰੇ ਪਿੱਛੇ ਕਿਹੜੀ ਤਾਕਤ ਹੈ! ਤੁਸੀਂ ਮੇਰੀ ’ਵਾ ਵੱਲ ਨਹੀਂ ਵੇਖ ਸਕਦੇ।’’ ਉਹ ਛਿੱਥਾ ਜਿਹਾ ਹੋ ਕੇ ਅੱਗੇ ਤੁਰ ਗਿਆ।
ਮੇਰੀ ਇਹ ਤਾਕਤ ਨ੍ਰਿਪਇੰਦਰ ਸਿੰਘ ਰਤਨ ਸੀ।
ਰਜਿਸਟਰੀ ਕਰਵਾਉਣ ਤੋਂ ਬਾਅਦ ਅਸੀਂ ਪੈਸਿਆਂ ਦਾ ਬੈਗ ਭਰਿਆ। ਮੇਰੇ ਨਾਲ ਮੇਰਾ ਸਹਿਕਰਮੀ ਇਕਬਾਲ ਭੋਮਾ ਵੀ ਸੀ। ਰਾਤ ਅਸੀਂ ਲੋਕ ਨਾਥ ਕੋਲ ਰਹੇ। ਅਗਲੇ ਦਿਨ ਜਲੰਧਰ ਗਏ। ਅਗਲੇਰੇ ਦਿਨ ਅੱਧੇ ਪੈਸੇ ਛੋਟੇ ਭਰਾ ਨੂੰ ਦੇ ਆਇਆ ਤੇ ਬਾਕੀ ਅੱਧਿਆਂ ਨਾਲ ਜਲੰਧਰ ਵਾਲੇ ਬਣ ਰਹੇ ਘਰ ’ਤੇ ਲਾ ਕੇ ਘਰ ਮੁਕੰਮਲ ਕਰ ਲਿਆ।
ਹੁਣ ਤੁਹਾਨੂੰ ਅਹਿਸਾਸ ਹੋਇਆ ਹੋਵੇਗਾ ਕਿ ਰਤਨ ਹੁਰਾਂ ਨੇ ਜ਼ਮੀਨ ਦਾ ਕਿੱਡਾ ਵੱਡਾ ਅੜਿਆ ਹੋਇਆ ਕੰਮ ਕਢਵਾਇਆ ਸੀ ਤੇ ਮੇਰੇ ਸਿਰ ’ਤੇ ਜਲੰਧਰ ਵਾਲੇ ਘਰ ਦੀ ਛੱਤ ਦਾ ਜੁਗਾੜ ਕਰ ਦਿੱਤਾ ਸੀ।
ਡਾ. ਰਘਬੀਰ ਸਿੰਘ ਹੁਰਾਂ ਨੇ ਰਤਨ ਹੁਰਾਂ ਦਾ ਧੰਨਵਾਦੀ ਡਿਨਰ ਕੀਤਾ। ਮੈਂ ਜਲੰਧਰੋਂ ਗਿਆ। ਨਾ ਰਘਬੀਰ ਸਿੰਘ ਹੁਰਾਂ ਤੇ ਨਾ ਮੈਂ ਜ਼ਮੀਨ ਦੇ ਕਰਵਾਏ ਕੰਮ ਬਾਰੇ ਰਤਨ ਹੁਰਾਂ ਨੂੰ ਕੋਈ ਧੰਨਵਾਦੀ ਸ਼ਬਦ ਕਿਹਾ। ਉਨ੍ਹਾਂ ਨੇ ਪਹਿਲਾਂ ਹੀ ਕਹਿ ਛੱਡਿਆ ਸੀ ਕਿ ਇਸ ਬਾਰੇ ਕੋਈ ਗੱਲ ਹੀ ਨਹੀਂ ਕਰਨੀ। ਇਹ ਸੀ ਇਨਸਾਨੀ ਵਡਿਆਈ ਦੀ ਬੁਲੰਦੀ ਕਿ ਕੀਤੇ ਉਪਕਾਰ ਲਈ ਧੰਨਵਾਦ ਦੇ ਸ਼ਬਦ ਵੀ ਸੁਣਨ ਲਈ ਵੀ ਤਿਆਰ ਨਾ ਹੋਣਾ!
ਦੂਜਾ ਵੱਡਾ ਕੰਮ ਜੋ ਉਨ੍ਹਾਂ ਮੇਰੇ ਆਖੇ ਕੀਤਾ:
ਕਾਲਜ ਅਧਿਆਪਕਾਂ ਨੂੰ ਸੀਨੀਅਰ ਤੇ ਸਿਲੈਕਸ਼ਨ ਗਰੇਡ ਲੈਣ ਲਈ ਕੁਝ ਨਿਸ਼ਚਿਤ ਰਿਫਰੈਸ਼ਰ ਕੋਰਸ ਕਰਨੇ ਪੈਂਦੇ ਨੇ। ਡਾ. ਜੋਗਿੰਦਰ ਸਿੰਘ ਪੁਆਰ ਦੀ ਮੈਸੂਰ ਵਿਚਲੇ ਭਾਸ਼ਾਵਾਂ ਦੇ ਵਿਭਾਗ ਦੇ ਮੁਖੀ ਡਾ. ਕੌਲ ਨਾਲ ਦੋਸਤੀ ਸੀ। ਡੀ.ਏ.ਵੀ. ਕਾਲਜ ਵਿੱਚ ਡਾ. ਕੌਲ ਦੀ ਅਗਵਾਈ ਵਿੱਚ ਪੰਜਾਹ-ਸੱਠ ਅਧਿਆਪਕਾਂ ਨੇ ਇਹ ਕੋਰਸ ਕਰ ਲਿਆ। ਸਾਲ-ਡੇਢ ਸਾਲ ਬਾਅਦ ਮੇਰੇ ਜਾਣੂ ਅਧਿਆਪਕ ਕਹਿੰਦੇ ਕਿ ਜੇ ਮੈਂ ਉੱਦਮ ਕਰਾਂ ਤਾਂ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਡਾ. ਕੌਲ ਹੁਰਾਂ ਨੂੰ ਕਹਿ ਕੇ ਇੱਕ ਹੋਰ ਰਿਫਰੈਸ਼ਰ ਕੋਰਸ ਕਰਵਾ ਲਿਆ ਜਾਵੇ। ਇੰਝ ਹੀ ਕੀਤਾ। ਮੇਰੀ ਪਹਿਲਕਦਮੀ ’ਤੇ ਮੈਸੂਰ ਤੋਂ ਰਣਜੀਤ ਸਿੰਘ ਰੰਗੀਲਾ ਆ ਗਿਆ। ਪੰਜਾਹ-ਸੱਠ ਹੋਰ ਅਧਿਆਪਕ ਇਹ ਕੋਰਸ ਕਰ ਗਏ। ਪਰ ਮਸਲਾ ਉਦੋਂ ਬਣ ਗਿਆ ਜਦੋਂ ਅਧਿਆਪਕਾਂ ਨੇ ਅਗਲੇ ਗਰੇਡ ਲਈ ਆਪਣੇ ਕੇਸ ਭੇਜੇ ਤਾਂ ਡੀ.ਪੀ.ਆਈ. ਦਫ਼ਤਰ ਨੇ ਇਤਰਾਜ਼ ਲਾ ਦਿੱਤਾ ਕਿ ਮੈਸੂਰ ਵਾਲੇ ਦੋਵੇਂ ਰਿਫਰੈਸ਼ਰਾਂ ਨੂੰ ਉਹ ਮਾਨਤਾ ਨਹੀਂ ਦਿੰਦੇ। ਡੀ.ਪੀ.ਆਈ. ਦਫ਼ਤਰ ਨੂੰ ਅਧਿਆਪਕ ਡੈਪੂਟੇਸ਼ਨ ਲੈ ਕੇ ਮਿਲਦੇ ਰਹੇ, ਪਰ ਕਲਰਕਾਂ ਨੇ ਕੋਈ ਰਾਹ ਨਾ ਦਿੱਤਾ। ਦੋਸਤ ਮੈਨੂੰ ਕਹਿਣ ਲੱਗੇ ਕਿ ਮੈਂ ਰਤਨ ਹੁਰਾਂ ਨੂੰ ਮਿਲ ਕੇ ਸਭ ਦਾ ਦੁੱਖ ਦੱਸਾਂ ਜੋ ਉਨ੍ਹੀਂ ਦਿਨੀਂ ਐਜੂਕੇਸ਼ਨ ਸੈਕਟਰੀ ਦੇ ਅਹੁਦੇ ’ਤੇ ਤਾਇਨਾਤ ਸਨ। ਮੈਂ ਉਨ੍ਹਾਂ ਨੂੰ ਚੰਡੀਗੜ੍ਹ ਦਫ਼ਤਰ ਵਿੱਚ ਜਾ ਮਿਲਿਆ ਤੇ ਦੋਸਤੀ ਦੇ ਮਾਣ ’ਤੇ ਅਧਿਆਪਕਾਂ ਦੇ ਭਵਿੱਖ ਨਾਲ ਹੋ ਰਹੇ ਖਿਲਵਾੜ ਬਾਰੇ ਦੱਸਿਆ। ਉਨ੍ਹਾਂ ਮੇਰਾ ਮਾਣ ਰੱਖਦਿਆਂ ਡੀ.ਪੀ.ਆਈ. ਦਫ਼ਤਰ ਨੂੰ ਪੱਤਰ ਲਿਖਿਆ।
ਮੈਂ ਮੋਰਚਾ ਜਿੱਤ ਕੇ ਘਰ ਆਇਆ ਤਾਂ ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਕਲਰਕ ਬਾਬੂਆਂ ਨੇ ਕਾਨੂੰਨੀ ਨੁਕਤੇ ਕੱਢ ਕੇ ਕੇਸ ਫੇਰ ਰੱਦ ਕਰ ਦਿੱਤੇ। ਦੋਸਤਾਂ ਦੇ ਜ਼ੋਰ ਪਾਉਣ ’ਤੇ ਮੈਨੂੰ ਦੁਬਾਰਾ ਰਤਨ ਹੁਰਾਂ ਨੂੰ ਮਿਲਣਾ ਪਿਆ। ਕਲਰਕਾਂ ਦੀ ਚਾਲ ਸਮਝਾਈ ਤੇ ਬੇਨਤੀ ਕੀਤੀ ਕਿ ਐਤਕੀਂ ਕਰੜਾਈ ਨਾਲ ਆਖੋ ਕਿ ਕਲਰਕਾਂ ਨੂੰ ਵੀ ‘ਕਾਨੂੰਨ’’ ਸਮਝ ਆ ਜਾਵੇ।
ਇੰਝ ਹੀ ਹੋਇਆ। ਰਤਨ ਹੁਰਾਂ ਦੀ ਮਿਹਰਬਾਨੀ ਨਾਲ ਲਗਭਗ ਸੌ ਸਵਾ ਸੌ ਅਧਿਆਪਕਾਂ ਨੂੰ ਕੀਤੇ ਰਿਫਰੈਸ਼ਰ ਕੋਰਸਾਂ ਦਾ ਲਾਭ ਮਿਲ ਸਕਿਆ ਤੇ ਉਹ ਅਗਲੇ ਗਰੇਡ ਦੇ ਹੱਕਦਾਰ ਬਣੇ।
ਗੱਲਾਂ ਤਾਂ ਹੋਰ ਵੀ ਬਹੁਤ ਨੇ ਕਰਨ ਵਾਲੀਆਂ, ਪਰ ਮੈਂ ਸੌ ਹੱਥ ਰੱਸੇ ਦੇ ਸਿਰੇ ’ਤੇ ਗੰਢ ਮਾਰਨ ਲੱਗਾ ਹਾਂ।
ਰਤਨ ਹੁਰਾਂ ਦਾ ਜਨਮ ਦਿਨ ਸੀ। ਮੈਂ ਉਸ ਰਾਤ ਉਨ੍ਹਾਂ ਨੂੰ ਜਨਮ ਦਿਨ ਦੀ ਮੁਬਾਰਕ ਦੇਣ ਲਈ ਫੋਨ ਕੀਤਾ। ਉਨ੍ਹਾਂ ਬੜੇ ਉਤਸ਼ਾਹ ਤੇ ਪਿਆਰ ਨਾਲ ਮੇਰੀ ਮੁਬਾਰਕ ਸਵੀਕਾਰ ਕੀਤੀ। ਚਾਰ-ਪੰਜ ਮਿੰਟ ਗੱਲਾਂ-ਬਾਤਾਂ ਹੁੰਦੀਆਂ ਰਹੀਆਂ।
ਸਵੇਰੇ ਉੱਠਿਆ ਤਾਂ ਮੇਰੇ ਦੋਸਤ ਕੁਲਵੰਤ ਸੰਧੂ, ਜਿਹੜਾ ਸਾਡੀ ਨੇੜਤਾ ਤੋਂ ਜਾਣੂ ਸੀ, ਨੇ ਫੋਨ ਕਰ ਕੇ ਮੇਰੇ ਨਾਲ ਰਤਨ ਹੁਰਾਂ ਦੀ ਪਤਨੀ ਦੇ ਚਲਾਣੇ ਦਾ ਅਫ਼ਸੋਸ ਕੀਤਾ। ਮੈਂ ਤਾਂ ਸੁੰਨ ਹੋ ਕੇ ਰਹਿ ਗਿਆ। ਉਹ ਕਹਿੰਦਾ, ‘‘ਕੱਲ੍ਹ ਦੀ ਅਖ਼ਬਾਰ ਨਹੀਂ ਸੀ ਵੇਖੀ? ਖ਼ਬਰ ਲੱਗੀ ਹੋਈ ਸੀ।’’
ਮੈਂ ਸੱਚਮੁੱਚ ਅਖ਼ਬਾਰ ਨਹੀਂ ਸੀ ਵੇਖੀ। ਮੈਂ ਸ਼ਰਮ ਨਾਲ ਪਾਣੀ ਪਾਣੀ ਹੋਏ ਨੇ ਰਾਤ ਨੂੰ ਫੋਨ ਕਰ ਕੇ ਰਤਨ ਹੁਰਾਂ ਤੋਂ ਮੁਆਫ਼ੀ ਮੰਗਦਿਆਂ ਅਫ਼ਸੋਸ ਕੀਤਾ, ‘‘ਮੈਂ ਤਾਂ ਖ਼ਬਰ ਪੜ੍ਹੀ ਨਹੀਂ ਸੀ। ਪਰ ਤੁਸੀਂ ਵੀ ਮੇਰੇ ਨਾਲ ਵਰਤ ਗਏ ਭਾਣੇ ਬਾਰੇ ਕੋਈ ਜ਼ਿਕਰ ਤੱਕ ਨਹੀਂ ਕੀਤਾ ਕਿ ਇੱਕ ਦਿਨ ਪਹਿਲਾਂ...”
ਰਤਨ ਹੁਰੀਂ ਕਹਿੰਦੇ, “ਤੂੰ ਜਿੰਨੇ ਪਿਆਰ ਅਤੇ ਉਮਾਹ ਨਾਲ ਮੁਬਾਰਕ ਦੇ ਰਿਹਾ ਸੈਂ, ਮੈਂ ਖ਼ਬਰ ਦੇ ਕੇ ਕਿਵੇਂ ਤੈਨੂੰ ਉਦਾਸ ਕਰ ਦਿੰਦਾ। ਮੈਂ ਤੇਰੇ ਵਾਲੇ ਉਤਸ਼ਾਹ ਤੇ ਉਮਾਹ ਨਾਲ ਹੀ ਜਵਾਬ ਦੇਣਾ ਸੀ ਨਾ!”
ਕਮਾਲ ਸੀ ਨ੍ਰਿਪਇੰਦਰ ਸਿੰਘ ਰਤਨ। ਆਪਣੇ ਮਹਾ-ਦੁੱਖ ਨੂੰ ਕਸੀਸ ਵੱਟ ਕੇ ਪੀ ਜਾਣਾ ਤਾਂ ਕਿ ਦੂਜੇ ਦੇ ਉਤਸ਼ਾਹ ਅਤੇ ਖ਼ੁਸ਼ੀ ਵਿੱਚ ਉਹਦੇ ਆਪਣੇ ਸੰਘਣੇ ਦੁੱਖ ਦਾ ਪਰਛਾਵਾਂ ਤੱਕ ਨਾ ਪੈ ਸਕੇ!
ਮੈਨੂੰ ਲੱਗਾ ‘ਧਰਤੀ ਹੇਠਲਾ ਬੌਲਦ’ ਕੇਵਲ ਕਹਾਣੀਆਂ ਵਿੱਚ ਹੀ ਨਹੀਂ ਹੁੰਦਾ।

Advertisement

Advertisement
Advertisement
Author Image

sanam grng

View all posts

Advertisement