ਐੱਨਆਈਆਰਐੱਫ: ਯੂਟੀ ਦੇ ਕਾਲਜਾਂ ’ਚੋਂ ਹੋਮ ਸਾਇੰਸ ਕਾਲਜ ਮੋਹਰੀ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 5 ਜੂਨ
ਮੁੱਖ ਅੰਸ਼
- ਪਿਛਲੇ ਸਾਲ ਨਾਲੋਂ ਰੈਂਕਿੰਗ ਵਿਚ ਗਿਰਾਵਟ
- ਐੱਸਡੀ ਕਾਲਜ, ਐੱਮਸੀਐੱਮ, ਡੀਏਵੀ ਤੇ ਜੀਸੀਜੀ ਵੀ ਪਹਿਲੇ ਦੋ ਸੌ ਵਿੱਚ ਆਏ
ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਅੱਜ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਫਰਕ (ਐੱਨਆਈਆਰਐੱਫ) ਜਾਰੀ ਕੀਤੀ ਗਈ ਜਿਸ ਵਿਚ ਚੰਡੀਗੜ੍ਹ ਦਾ ਸਰਕਾਰੀ ਹੋਮ ਸਾਇੰਸ ਕਾਲਜ ਸੈਕਟਰ-10 ਸ਼ਹਿਰ ਦੇ ਸਾਰੇ ਕਾਲਜਾਂ ਵਿਚੋਂ ਮੋਹਰੀ ਆਇਆ ਹੈ। ਇਸ ਕਾਲਜ ਨੇ 52ਵਾਂ ਰੈਂਕ ਹਾਸਲ ਕੀਤਾ ਹੈ ਜਦਕਿ ਜੀਜੀਡੀ ਐੱਸਡੀ ਕਾਲਜ ਸੈਕਟਰ-32, ਐੱਮਸੀਐੱਮ ਡੀਏਵੀ ਕਾਲਜ ਫਾਰ ਵਿਮੈਨ ਸੈਕਟਰ-36 ਤੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਲੜਕੀਆਂ ਸੈਕਟਰ-11 ਨੇ ਵੀ ਪਹਿਲੇ ਦੋ ਸੌ ਵਿਚ ਥਾਂ ਬਣਾਈ ਹੈ। ਇਹ ਦਰਜਾਬੰਦੀ ਸੰਸਥਾਨਾਂ ਦੇ ਨਤੀਜੇ, ਪੜ੍ਹਾਉਣ ਦੇ ਢੰਗ, ਬੁਨਿਆਦੀ ਢਾਂਚਾ, ਗ੍ਰੈਜੂਏਸ਼ਨ ਦੇ ਨਤੀਜੇ ਤੇ ਖੋਜ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਦੱਸਣਾ ਬਣਦਾ ਹੈ ਕਿ ਐੱਨਆਈਆਰਐੱਫ ਰੈਂਕਿੰਗ ਵਿਚ 200 ਬੈਂਡ ਤੋਂ ਹੇਠਲਾ ਰੈਂਕ ਹਾਸਲ ਕਰਨ ਵਾਲੇ ਸੰਸਥਾਨਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਵਾਰ ਚੰਡੀਗੜ੍ਹ ਦੇ ਸਰਕਾਰੀ ਹੋਮ ਸਾਇੰਸ ਨੇ 55.94 ਅੰਕਾਂ ਨਾਲ 52ਵਾਂ ਰੈਂਕ ਹਾਸਲ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਸੁਧਾ ਕਟਿਆਲ ਨੇ ਦੱਸਿਆ ਕਿ ਕਾਲਜ ਵੱਲੋਂ ਸੀਮਤ ਸਾਧਨਾਂ ਦੇ ਬਾਵਜੂਦ ਵੱਡਾ ਮਾਅਰਕਾ ਮਾਰਿਆ ਹੈ। ਉਹ ਇਸ ਦਾ ਸਿਹਰਾ ਕਾਲਜ ਦੇ ਮਿਹਨਤੀ ਸਟਾਫ ਨੂੰ ਦਿੰੰਦੇ ਹਨ। ਇਸ ਕਾਲਜ ਨੇ ਪਿਛਲੇ ਸਾਲ 56.26 ਫੀਸਦੀ ਅੰਕਾਂ ਨਾਲ 46ਵਾਂ ਸਥਾਨ ਹਾਸਲ ਕੀਤਾ ਸੀ। ਇਸ ਤੋਂ ਇਲਾਵਾ ਸੈਕਟਰ-32 ਦੇ ਐਸਡੀ ਕਾਲਜ ਨੇ 101 ਤੋਂ 150 ਬੈਂਡ ਦਰਮਿਆਨ ਥਾਂ ਬਣਾਈ ਹੈ ਜੋ ਦੇਸ਼ ਭਰ ਵਿਚ ਸਿਰਫ 0.002 ਫੀਸਦੀ ਕਾਲਜਾਂ ਨੇ ਹਾਸਲ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਸ਼ਰਮਾ ਨੇ ਕਾਲਜ ਨੇ ਆਪਣੇ ਖੋਜ ਕਾਰਜਾਂ ਨਾਲ ਇਹ ਪ੍ਰਾਪਤੀ ਹਾਸਲ ਕੀਤੀ ਹੈ।
ਕਾਲਜ ਛੇ ਵਿਸ਼ਿਆਂ ਵਿਚ ਪੀਐੱਚਡੀ ਤੋਂ ਇਲਾਵਾ 16 ਅੰਡਰ ਗ੍ਰੈਜੂਏਟ ਤੇ 18 ਪੋਸਟ ਗ੍ਰੈਜੂਏਟ ਕੋਰਸ ਮੁਹੱਈਆ ਕਰਵਾ ਰਿਹਾ ਹੈ। ਦੂਜੇ ਪਾਸੇ ਐੱਮਸੀਐੱਮ ਡੀਏਵੀ ਕਾਲਜ ਫਾਰ ਵਿਮੈਨ ਨੇ ਵੀ 101-150 ਬੈਂਡ ਵਿਚ ਥਾਂ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਲੜਕੀਆਂ ਸੈਕਟਰ-11 ਨੇ 151-200 ਬੈਂਡ ਵਿਚ ਥਾਂ ਬਣਾਈ ਹੈ। ਇਸ ਤੋਂ ਇਲਾਵਾ ਡੀਏਵੀ ਕਾਲਜ ਸੈਕਟਰ-10 ਨੇ ਵੀ 151-200 ਬੈਂਡ ਵਿਚ ਥਾਂ ਬਣਾਈ ਹੈ।
ਸਰਕਾਰੀ ਸਕੂਲ: ਗਿਆਰ੍ਹਵੀਂ ਜਮਾਤ ਦੀ ਦਾਖ਼ਲਾ ਤਰੀਕ ਵਧਾਈ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਵਿੱਚ ਦਾਖਲਿਆਂ ਲਈ ਰਜਿਸਟਰੇਸ਼ਨ ਕਰਨ ਦੀ ਤਰੀਕ 4 ਜੂਨ ਨੂੰ ਵਧਾ ਕੇ 7 ਜੂਨ ਕਰ ਦਿੱਤੀ ਗਈ ਹੈ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ 5 ਜੂਨ ਤਕ 20,015 ਵਿਦਿਆਰਥੀਆਂ ਨੇ ਦਾਖ਼ਲੇ ਲਈ ਰਜਿਸਟਰਡ ਕੀਤਾ ਹੈ ਜਦਕਿ 18,361 ਵਿਦਿਆਰਥੀਆਂ ਦੇ ਫਾਰਮ ਜਮ੍ਹਾਂ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ 9737 ਵਿਦਿਆਰਥੀਆਂ ਦੇ ਫਾਰਮ ਜਮ੍ਹਾਂ ਹੋ ਚੁੱਕੇ ਹਨ ਜਦਕਿ 124 ਜਣਿਆਂ ਨੇ ਅਧੂਰੇ ਫਾਰਮ ਜਮ੍ਹਾਂ ਕਰਵਾਏ ਹਨ। ਇਸ ਤੋਂ ਇਲਾਵਾ ਹੋਰ ਰਾਜਾਂ ਦੇ ਵਿਦਿਆਰਥੀਆਂ ਦੇ 8066 ਫਾਰਮ ਆ ਚੁੱਕੇ ਹਨ। ਇਸ ਤੋਂ ਇਲਾਵਾ 434 ਵਿਦਿਆਰਥੀਆਂ ਨੇ ਅਧੂਰੇ ਫਾਰਮ ਜਮ੍ਹਾਂ ਕਰਵਾਏ ਹਨ। ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਦੀਆਂ ਜਮਾਤਾਂ ਪਹਿਲੀ ਜੁਲਾਈ ਤੋਂ ਸ਼ੁਰੂ ਹੋਣਗੀਆਂ। ਇਸ ਵਾਰ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚੋਂ ਦਸਵੀਂ ਜਮਾਤ ਕਰਨ ਵਾਲੇ ਵਿਦਿਆਰਥੀਆਂ ਲਈ ਗਿਆਰ੍ਹਵੀਂ ਜਮਾਤ ਦੀਆਂ 85 ਫੀਸਦੀ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ ਜਦਕਿ ਚੰਡੀਗੜ੍ਹ ਦੇ ਨਿੱਜੀ ਸਕੂਲਾਂ ਅਤੇ ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਵਿੱਚੋਂ ਦਸਵੀਂ ਜਮਾਤ ਕਰ ਚੁੱਕੇ ਵਿਦਿਆਰਥੀਆਂ ਨੂੰ ਇਕੋ ਵਰਗ ‘ਚ ਰੱਖਦੇ ਹੋਏ ਉਨ੍ਹਾਂ ਲਈ ਸਿਰਫ 15 ਫੀਸਦੀ ਸੀਟਾਂ ਰਾਖਵੀਆਂ ਹਨ। ਚੰਡੀਗੜ੍ਹ ਵਿੱਚ 42 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਨ ਜਿਨ੍ਹਾਂ ਵਿੱਚ 18 ਸਕੂਲ ਨਾਨ-ਮੈਡੀਕਲ, 17 ਸਕੂਲ ਮੈਡੀਕਲ, 23 ਸਕੂਲ ਕਾਮਰਸ, 39 ਸਕੂਲ ਹਿਊਮੈਨਿਟੀਜ਼ ਅਤੇ 23 ਸਕੂਲ ਪੇਸ਼ੇਵਰ ਕੋਰਸ ਕਰਵਾਉਣਗੇ। ਇਨ੍ਹਾਂ ਸਰਕਾਰੀ ਸਕੂਲਾਂ ਵਿੱਚ ਗਿਆਰਵੀਂ ਜਮਾਤ ਦੀਆਂ 13,875 ਸੀਟਾਂ ਹਨ ਜਿਨ੍ਹਾਂ ਵਿੱਚੋਂ 11,794 ਸੀਟਾਂ ਉਨ੍ਹਾਂ ਵਿਦਿਆਰਥੀਆਂ ਲਈ ਰਾਖਵੀਆਂ ਹੋਣਗੀਆਂ ਜਿਨ੍ਹਾਂ ਨੇ ਦਸਵੀਂ ਜਮਾਤ ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚੋਂ ਕੀਤੀ ਹੋਵੇਗੀ। ਇਨ੍ਹਾਂ 11,794 ਸੀਟਾਂ ‘ਤੇ ਦਾਖ਼ਲੇ ਮੈਰਿਟ ਦੇ ਆਧਾਰ ‘ਤੇ ਕੀਤੇ ਜਾਣਗੇ।