ਲਗਾਤਾਰ 10 ਓਲੰਪਿਕ ਖੇਡਣ ਵਾਲੀ ਪਹਿਲੀ ਮਹਿਲਾ ਬਣੀ ਨੀਨੋ ਸਾਲੁਕਵਾਡਜ਼ੇ
ਚੈਟੋਰੌਕਸ (ਫਰਾਂਸ), 27 ਜੁਲਾਈ
ਜੌਰਜੀਅਨ ਨਿਸ਼ਾਨੇਬਾਜ਼ ਨੀਨੋ ਸਾਲੁਕਵਾਡਜ਼ੇ ਲਗਾਤਾਰ 10 ਓਲੰਪਿਕ ਖੇਡਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਉਸ ਨੇ ਸੋਵੀਅਤ ਯੂਨੀਅਨ ਵੇਲੇ ਦੇਸ਼ ਦੀ ਨੁਮਾਇੰਦਗੀ ਕਰਨੀ ਸ਼ੁਰੂ ਕੀਤੀ ਸੀ। ਨੀਨੋ ਨੇ 1988 ਤੋਂ ਲੈ ਕੇ ਹਰ ਸਮਰ ਓਲੰਪਿਕ ’ਚ ਹਿੱਸਾ ਲਿਆ ਹੈ। ਪਹਿਲੇ ਓਲੰਪਿਕ ’ਚ ਉਸ ਨੇ 19 ਸਾਲ ਉਮਰ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਸੀ। ਉਸ ਨੇ ਅੱਜ ਮਹਿਲਾ 10 ਮੀਟਰ ਏਅਰ ਪਿਸਟਲ ਦੇ ਕੁਆਲੀਫਿਕੇਸ਼ਨ ਗੇੜ ਲਈ ਸ਼ੂਟਿੰਗ ਰੇਂਜ ਵਿੱਚ ਕਦਮ ਰੱਖਦਿਆਂ ਰਿਕਾਰਡ ਕਾਇਮ ਕੀਤਾ। ਪੰਜ ਦਹਾਕਿਆਂ ਦੇ ਕਰੀਅਰ ਵਿੱਚ ਉਸ ਨੇ ਤਿੰਨ ਵੱਖ-ਵੱਖ ਓਲੰਪਿਕ ਟੀਮਾਂ ਵਿੱਚ ਹਿੱਸਾ ਲਿਆ ਹੈ। ਪਹਿਲਾਂ 1988 ਵਿੱਚ ਉਸ ਨੇ ਸੋਵੀਅਤ ਯੂਨੀਅਨ ਦੀ ਨੁਮਾਇੰਦਗੀ ਕੀਤੀ। ਮਗਰੋਂ ਉਹ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ 1992 ਵਿੱਚ ਬਾਰਸੀਲੋਨਾ ’ਚ ਸਾਬਕਾ ਸੋਵੀਅਤ ਐਥਲੀਟਾਂ ਲਈ ਬਣਾਈ ਗਈ ਯੂਨੀਫਾਈਡ ਟੀਮ ਦਾ ਹਿੱਸਾ ਰਹੀ। ਹੁਣ ਪਿਛਲੇ ਅੱਠ ਓਲੰਪਿਕ ਤੋਂ ਉਹ ਜੌਰਜੀਆ ਦੀ ਨੁਮਾਇੰਦਗੀ ਕਰ ਰਹੀ ਹੈ। 2008 ’ਚ ਜਦੋਂ ਰੂਸ ਨੇ ਪੇਈਚਿੰਗ ਓਲੰਪਿਕ ਦੌਰਾਨ ਜੌਰਜੀਆ ’ਤੇ ਹਮਲਾ ਕੀਤਾ ਸੀ ਤਾਂ ਕਾਂਸੇ ਦਾ ਤਗ਼ਮਾ ਜੇਤੂ ਨੀਨੋ ਨੇ ਰੂਸ ਦੇ ਚਾਂਦੀ ਦਾ ਤਗ਼ਮਾ ਜੇਤੂ ਨੂੰ ਪੋਡੀਅਮ ’ਤੇ ਗਲੇ ਲਾਇਆ ਸੀ, ਜੋ ਉਸ ਵੇਲੇ ਵੱਡੀ ਸੁਰਖੀ ਬਣੀ ਸੀ। -ਏਪੀ
2016 ਵਿੱਚ ਆਪਣੇ ਪੁੱਤ ਨਾਲ ਓਲੰਪਿਕ ’ਚ ਲਿਆ ਸੀ ਹਿੱਸਾ
2016 ਵਿੱਚ ਨੀਨੋ ਅਤੇ ਉਸ ਦੇ ਪੁੱਤਰ ਸੋਤਨੇ ਮਚਾਵਾਰਾਨੀ ਨੇ ਇਕੱਠਿਆਂ ਓਲੰਪਿਕ ਵਿੱਚ ਹਿੱਸਾ ਲਿਆ ਸੀ। ਇਸ ਤਰ੍ਹਾਂ ਉਹ ਇੱਕੋ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਮਾਂ-ਪੁੱਤ ਦੀ ਜੋੜੀ ਬਣ ਗਈ ਸੀ। ਸੋਤਨੇ ਵੀ ਪਿਸਟਲ ਨਿਸ਼ਾਨੇਬਾਜ਼ ਹੈ।