ਮਨੀਪੁਰ ’ਚ ਵੱਖ-ਵੱਖ ਧੜਿਆਂ ਦੇ ਨੌਂ ਅਤਿਵਾਦੀ ਗ੍ਰਿਫ਼ਤਾਰ
ਇੰਫਾਲ, 4 ਫਰਵਰੀ
ਮਨੀਪੁਰ ਦੇ ਇੰਫਾਲ ਪੂਰਬੀ, ਇੰਫਾਲ ਪੱਛਮੀ, ਕਾਕਚਿੰਗ ਅਤੇ ਥੌਬਲ ਜ਼ਿਲ੍ਹਿਆਂ ਵਿੱਚੋਂ ਸੁਰੱਖਿਆ ਬਲਾਂ ਨੇ ਵੱਖ-ਵੱਖ ਪਾਬੰਦੀਸ਼ੁਦਾ ਗੁਟਾਂ ਦੇ ਨੌਂ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ।
ਪੁਲੀਸ ਨੇ ਦੱਸਿਆ ਕਿ ਇੰਫਾਲ ਪੂਰਬੀ ਜ਼ਿਲ੍ਹੇ ਦੇ ਮੰਤਰੀਪੁਰਖੀ ਠਾਕੁਰਬਾੜੀ ਇਲਾਕੇ ’ਚੋਂ ਸੋਮਵਾਰ ਨੂੰ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਸਿਟੀ ਮੈਤੇਈ) ਦੇ ਪੰਜ ਮੈਂਬਰਾਂ ਨੂੰ ਕੀਤਾ ਗਿਆ, ਜਿਨ੍ਹਾਂ ਕੋਲੋਂ ਇੱਕ ਪਿਸਤੌਲ, ਇੱਕ ਮੈਗਜ਼ੀਨ, 11 ਕਾਰਤੂਸ, ਦੋ ਹੱਥਗੋਲੇ ਤੇ ਤਿੰਨ ਮੋਬਾਈਲ ਫੋਨ ਬਰਾਮਦ ਹੋਏ। ਪੁਲੀਸ ਮੁਤਾਬਕ ਇੰਫਾਲ ਪੱਛਮੀ ਜ਼ਿਲ੍ਹੇ ਦੇ ਸਿੰਗਜਾਮੋਈ ਥੋਕਚੋਮ ਲੇਈਕੇਈ ਤੋਂ ਜਬਰੀ ਵਸੂੁਲੀ ’ਚ ਸ਼ਾਮਲ ਪਾਬੰਦੀਸ਼ੁਦਾ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਐੱਮਸੀ) ਪ੍ਰੋਗਰੈਸਿਵ ਦੇ ਇੱਕ ਮੈਂਬਰ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। -ਪੀਟੀਆਈ
ਬਿਸ਼ਨੂਪੁਰ ਤੇ ਤੇਂਗਨੋਪਾਲ ਜ਼ਿਲ੍ਹਿਆਂ ਵਿੱਚੋਂ ਅਸਲਾ ਬਰਾਮਦ
ਇੰਫਾਲ:
ਸੁਰੱਖਿਆ ਬਲਾਂ ਨੇ ਮਨੀਪੁਰ ਦੇ ਬਿਸ਼ਨੂਪੁਰ ਤੇ ਤੇਂਗਨੋਪਾਲ ਜ਼ਿਲ੍ਹਿਆਂ ’ਚੋਂ ਤਲਾਸ਼ੀ ਮੁਹਿੰਮਾਂ ਦੌਰਾਨ ਵੱਡੀ ਮਾਤਰਾ ’ਚ ਹਥਿਆਰ ਤੇ ਗੋਲੀਸਿੱਕਾ ਬਰਾਮਦ ਕੀਤਾ ਹੈ। ਪੁਲੀਸ ਨੇ ਅੱਜ ਦੱਸਿਆ ਕਿ ਸੋਮਵਾਰ ਨੂੰ ਬਿਸ਼ਨੂਪੁਰ ਜ਼ਿਲ੍ਹੇ ’ਚ ਖੁਗਾ ਨਦੀ ਦੇ ਕਿਨਾਰਿਆਂ ਨੇੜੇ ਫੌਗਾਕਚਾਓ ਮਾਗਾਂਮ ਲੇਈਕੇਈ ਇਲਾਕੇ ’ਚ ਸਰਚ ਅਪਰੇਸ਼ਨ ਦੌਰਾਨ ਸੁਰੱਖਿਆ ਬਲਾਂ ਨੇ ਮੈਗਜ਼ੀਨ ਸਣੇ ਇੱਕ ਏਕੇ-47 ਰਾਈਫਲ, ਇੱਕ ਮੋਰਟਾਰ, ਦੋ ਐੱਸਐੱਮਜੀ ਕਾਰਬਾਈਨਾਂ, ਮੈਗਜ਼ੀਨਾਂ ਸਣੇ ਦੋ ਦੇਸੀ ਪਿਸਤੌਲ, ਤਿੰਨ ਹੱਥਗੋਲੇ, ਦੋ ਬਾਰੂਦੀ ਸੁਰੰਗਾਂ, 20 ਜੈਲੇਟਿਨ ਛੜਾਂ ਤੇ ਪੰਜ ਕਾਰਤੂਸ ਬਰਾਮਦ ਕੀਤੇ। ਪੁਲੀਸ ਵੱਲੋਂ ਸੋਮਵਾਰ ਨੂੰ ਇੰਫਾਲ ਪੱਛਮੀ ਜ਼ਿਲ੍ਹੇ ’ਚ ਖੂਯਾਥੋਂਗ ਲਾਘੇ ਤੋਂ ਇੱਕ ਵਿਅਕਤੀ ਨੂੰ ਪਿਸਤੌਲ ਸਣੇ ਗ੍ਰਿਫ਼ਤਾਰ ਕੀਤਾ ਗਿਆ। -ਪੀਟੀਆਈ