ਪੈਰਾਡਾਈਜ਼ ਸਕੂਲ ਦੇ ਨੌਂ ਅਧਿਆਪਕਾਂ ਨੂੰ ਕੌਮੀ ਪੁਰਸਕਾਰ ਮਿਲੇ
ਪੱਤਰ ਪ੍ਰੇਰਕ
ਪਾਤੜਾਂ, 18 ਦਸੰਬਰ
ਦਿ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਦੇ ਨੌਂ ਅਧਿਆਪਕਾਂ ਨੂੰ ਨੈਸ਼ਨਲ ਐਵਾਰਡਜ਼ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਰੋਹ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਸੀ। ਸਕੂਲ ਡਾਇਰੈਕਟਰ ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ ਨੇ ਦੱਸਿਆ ਕਿ ਹਿਸਾਬ ਦੇ ਪੀਜੀਟੀ ਗੁਰਿੰਦਰ ਸਿੰਘ ਨੂੰ ਉਨ੍ਹਾਂ ਦੇ ਵਿਦਿਆ ਦੇ ਖੇਤਰ ਵਿੱਚ ਵੱਡਮੁੱਲੇ ਯੋਗਦਾਨ ਲਈ ਲਾਈਫ ਟਾਈਮ ਅਚੀਵਮੈਂਟ ਐਵਾਰਡ, ਨਵੀਨਤਾਰੀ, ਕੋਮਲਪ੍ਰੀਤ ਕੌਰ, ਹਿਮਾਨੀ ਗਰਗ, ਸ਼ਵੇਤਾ ਰਾਣੀ, ਰਮਨਪ੍ਰੀਤ ਕੌਰ, ਅਲੀਸ਼ਾ ਬਾਂਸਲ, ਪਰਮਜੀਤ ਸ਼ਰਮਾ ਅਤੇ ਪਰੀਨਾ ਸ਼ਰਮਾ ਨੂੰ ਨੈਸ਼ਨਲ ਐਵਾਰਡ ਨਾਲ ਨਿਵਾਜਿਆ ਗਿਆ ਹੈ। ਸਕੂਲ ਦੀ ਵਿਦਿਆਰਥਣ ਪਲਕਦੀਪ ਕੌਰ ਨੂੰ ਪ੍ਰਾਈਡ ਆਫ਼ ਇੰਡੀਆ ਦਾ ਖਿਤਾਬ ਜਿੱਤਿਆ ਹੈ। ਪਲਕਦੀਪ ਕੌਰ ਨੇ ਸੀਬੀਐਈ ਦੀ ਦਸਵੀਂ ਦੀ ਪ੍ਰੀਖਿਆ ਵਿੱਚੋਂ 98.6 ਅੰਕ ਲੈ ਕੇ ਸਕੂਲ ਅਤੇ ਜ਼ਿਲ੍ਹੇ ਵਿੱਚੋਂ ਮੋਹਰੀ ਰਹੀ ਸੀ। ਇਸੇ ਲੜੀ ਤਹਿਤ ਫੈਡਰੇਸ਼ਨ ਵੱਲੋਂ ਕਰਵਾਏ ਗਏ ਮੈਥ ਉਲੰਪੀਐਂਡ ਵਿੱਚ ਪੈਰਾਡਾਈਜ਼ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਫਤਿਹਦੀਪ ਸਿੰਘ ਨੇ ਸੂਬੇ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਅਕਾਦਮਿਕ ਪ੍ਰਾਈਡ ਐਵਾਰਡ ਪ੍ਰਾਪਤ ਕੀਤਾ। ਇਸ ਵਿਦਿਆਰਥੀ ਦੀ ਅਧਿਆਪਕ ਸੁਰੁਚੀ ਗਰਗ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਦਾ ਵੀ ਫੈਡਰੇਸ਼ਨ ਵੱਲੋਂ ਸਨਮਾਨ ਕੀਤਾ ਗਿਆ।