ਚੋਰੀ ਦੇ ਨੌਂ ਮੋਟਰਸਾਈਕਲ ਬਰਾਮਦ; ਤਿੰਨ ਮੁਲਜ਼ਮ ਕਾਬੂ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 1 ਫਰਵਰੀ
ਪੁਲੀਸ ਨੇ ਵਾਹਨ ਚੋਰੀ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ 29 ਜਨਵਰੀ ਨੂੰ ਧਾਰਾ 379 ਆਈ.ਪੀ.ਸੀ. ਤਹਿਤ ਥਾਣਾ ਸ਼ਹਿਰੀ-1 ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਦੀ ਪਛਾਣ ਮੁਹੰਮਦ ਰਿਆਜ਼ ਉਰਫ ਬਬਲਾ, ਇਸ਼ਫਾਕ ਵਾਸੀ ਸਫ਼ੀ ਬਸਤੀ ਮਾਲੇਰਕੋਟਲਾ ਅਤੇ ਨਸੀਮ ਵਾਸੀ ਮਾਲੇਰਕੋਟਲਾ ਵਜੋਂ ਹੋਈ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਥਾਣਾ ਮਾਲੇਰਕੋਟਲਾ ਦੇ ਮੁਖੀ ਸਾਹਿਬ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਛਾਪੇ ਮਾਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਦੂਰ-ਦੁਰਾਡੇ ਖੇਤਰਾਂ ਵਿੱਚ ਪਾਰਕ ਕੀਤੇ ਦੋਪਹੀਆ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਡੁਪਲੀਕੇਟ ਚਾਬੀਆਂ ਤੇ ਹੋਰ ਤਕਨੀਕਾਂ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਚੁਰਾਇਆ ਗਿਆ।
ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਲੈ ਕੇ ਮਾਮਲੇ ਦੀ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਗਰੋਹ ਦੇ ਹੋਰ ਮੈਂਬਰਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ। ਸ੍ਰੀ ਖੱਖ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅੱਗੇ ਆ ਕੇ ਵਾਹਨ ਚੋਰੀ ਅਤੇ ਹੋਰ ਜੁਰਮਾਂ ਬਾਰੇ ਮਾਲੇਰਕੋਟਲਾ ਪੁਲੀਸ ਨਾਲ ਜਾਣਕਾਰੀ ਸਾਂਝੀ ਕਰਨ।
ਗੁਦਾਮ ਅੱਗਿਉਂ ਕਾਰ ਚੋਰੀ
ਧੂਰੀ (ਖੇਤਰੀ ਪ੍ਰਤੀਨਿਧ): ਇਸ ਸ਼ਹਿਰ ਅੰਦਰ ਥੋਕ ਚਾਹ ਪੱਤੀ ਦੇ ਗੁਦਾਮ ਅੱਗੇ ਖੜ੍ਹੀ ਕਾਰ ਚੋਰੀ ਹੋ ਗਈ। ਗੁਰਦੁਆਰਾ ਰਾਮਗੜ੍ਹੀਆ ਰੋਡ ’ਤੇ ਸਥਿਤ ਥੋਕ ਚਾਹ ਪੱਤੀ ਦੇ ਵਪਾਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਲੰਘੀ ਰਾਤ ਉਹ ਆਪਣੀ ਸਵਿੱਫਟ ਡਿਜ਼ਾਇਰ ਕਾਰ ਪੀ ਬੀ -13-ਏ ਐਫ਼ 2229 ਆਪਣੇ ਚਾਹ ਦੇ ਗੁਦਾਮ ਅੱਗੇ ਖੜ੍ਹੀ ਕਰਕੇ ਗਏ ਸੀ ਪਰ ਜਦੋਂ ਅੱਜ ਸਵੇਰੇ ਆ ਕੇ ਦੇਖਿਆ ਤਾਂ ਕਾਰ ਗਾਇਬ ਸੀ। ਉਨ੍ਹਾਂ ਦੱਸਿਆ ਕਿ ਆਂਢ ਗੁਆਂਢ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੇਖਣ ਤੋਂ ਪਤਾ ਲੱਗਿਆ ਕਿ ਇੱਕ ਕਾਰ ’ਚ ਆਏ ਚੋਰ ਅੱਜ ਤੜਕਸਾਰ ਕਰੀਬ ਢਾਈ ਵਜੇ ਕਾਰ ਚੋਰੀ ਕਰ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਕਾਰ ਚੋਰੀ ਸਬੰਧੀ ਸਥਾਨਕ ਪੁਲੀਸ ਨੂੰ ਸੂਚਿਤ ਕੀਤਾ ਗਿਆ ਹੈ।