For the best experience, open
https://m.punjabitribuneonline.com
on your mobile browser.
Advertisement

ਮੁੰਬਈ ਰੇਲਵੇ ਸਟੇਸ਼ਨ ’ਤੇ ਭਗਦੜ ਕਾਰਨ ਨੌਂ ਵਿਅਕਤੀ ਜ਼ਖ਼ਮੀ

07:22 AM Oct 28, 2024 IST
ਮੁੰਬਈ ਰੇਲਵੇ ਸਟੇਸ਼ਨ ’ਤੇ ਭਗਦੜ ਕਾਰਨ ਨੌਂ ਵਿਅਕਤੀ ਜ਼ਖ਼ਮੀ
ਬਾਂਦਰਾ ਸਟੇਸ਼ਨ ’ਤੇ ਭਗਦੜ ਦੀ ਘਟਨਾ ਮਗਰੋਂ ਜਾਂਚ ਕਰਦੀ ਹੋਈ ਪੁਲੀਸ। -ਫੋਟੋ: ਪੀਟੀਆਈ
Advertisement

ਮੁੰਬਈ, 27 ਅਕਤੂਬਰ
ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਗੋਰਖਪੁਰ ਜਾਣ ਵਾਲੀ ਰੇਲ ਗੱਡੀ ਚੜ੍ਹਨ ਸਮੇਂ ਮਚੀ ਭਗਦੜ ’ਚ ਨੌਂ ਵਿਅਕਤੀ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਆਫ਼ਤ ਕੰਟਰੋਲ ਅਧਿਕਾਰੀਆਂ ਨੇ ਦਿੱਤੀ। ਪੱਛਮੀ ਰੇਲਵੇ ਨੇ ਹਾਲਾਂਕਿ ਕਿਹਾ ਹੈ ਕਿ ਹਾਦਸੇ ’ਚ ਦੋ ਜਣੇ ਜ਼ਖ਼ਮੀ ਹੋਏ ਹਨ।
ਸੂਤਰਾਂ ਨੇ ਦੱਸਿਆ ਕਿ ਦੀਵਾਲੀ ਤੇ ਹੋਰ ਛੇ ਤਿਉਹਾਰਾਂ ਦੇ ਮੱਦੇਨਜ਼ਰ ਆਪਣੇ ਘਰਾਂ ਨੂੰ ਜਾਣ ਲਈ ਵੱਡੀ ਗਿਣਤੀ ਮੁਸਾਫ਼ਰ ਬਾਂਦਰਾ ਰੇਲਵੇ ਸਟੇਸ਼ਨ ਪੁੱਜੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਾਂਦਰਾ ਰੇਲਵੇ ਸਟੇਸ਼ਨ ਦੇ ਪਲੈਟਫਾਰਮ ਨੰਬਰ 1 ’ਤੇ ਮੁਸਾਫ਼ਰ 22921 ਬਾਂਦਰਾ-ਗੋਰਖਪੁਰ ਅੰਤੋਦਿਆ ਐਕਸਪ੍ਰੈੱਸ ’ਤੇ ਚੜ੍ਹਨ ਲਈ ਦੌੜ ਪਏ। ਹਾਦਸੇ ਸਮੇਂ ਰੇਲ ਗੱਡੀ ਬਾਂਦਰਾ ਟਰਮੀਨਸ ਤੋਂ ਪਲੈਟਫਾਰਮ ਵੱਲ ਅਜੇ ਹੌਲੀ-ਹੌਲੀ ਪਹੁੰਚ ਰਹੀ ਸੀ। ਪੱਛਮੀ ਰੇਲਵੇ ਨੇ ਸਵੇਰੇ 10.30 ਦੇ ਕਰੀਬ ਜਾਰੀ ਕੀਤੇ ਬਿਆਨ ’ਚ ਕਿਹਾ, ‘ਇਸ ਦੌਰਾਨ ਕੁਝ ਮੁਸਾਫਰਾਂ ਨੇ ਰੇਲ ਗੱਡੀ ’ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਅਤੇ ਡਿੱਗਣ ਕਾਰਨ ਦੋ ਮੁਸਾਫਰ ਜ਼ਖ਼ਮੀ ਹੋ ਗਏ।’ ਮੌਕੇ ’ਤੇ ਹਾਜ਼ਰ ਆਰਪੀਐੱਫ, ਜੀਆਰਪੀ ਤੇ ਹੋਮ ਗਾਰਡ ਦੇ ਅਫਸਰਾਂ ਨੇ ਤੁਰੰਤ ਹਰਕਤ ’ਚ ਆਉਂਦਿਆਂ ਜ਼ਖ਼ਮੀਆਂ ਨੂੰ ਨੇੜਲੇ ਭਾਬਾ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ। ਜ਼ਖ਼ਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹਾਲਾਂਕਿ ਮੁੰਬਈ ਦੇ ਆਫ਼ਤ ਕੰਟਰੋਲ ਸੈੱਲ ਦੇ ਅਧਿਕਾਰੀਆਂ ਅਨੁਸਾਰ ਇਸ ਹਾਦਸੇ ’ਚ ਨੌਂ ਵਿਅਕਤੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਦੀ ਪਛਾਣ ਸ਼ਬੀਰ ਅਬਦੁਲ ਰਹਿਮਾਨ (40), ਪਰਮੇਸ਼ਵਰ ਸੁਖਦਾਰ ਗੁਪਤਾ (28), ਰਵਿੰਦਰ ਹਰੀਹਰ ਚੁਮਾ (30), ਰਾਮਸੇਵਕ ਰਵਿੰਦਰ ਪ੍ਰਸਾਦ ਪ੍ਰਜਾਪਤੀ (29), ਸੰਜੈ ਟੀਕਾਰਾਮ ਕਾਂਗੇ (27), ਦਿਵਿਆਂਸ਼ੂ ਯੋਗੇਂਦਰ ਯਾਦਵ (18), ਮੁਹੰਮਦ ਸ਼ਰੀਫ ਸ਼ੇਖ (25), ਇੰਦਰਜੀਤ ਸਾਹਨੀ (19) ਅਤੇ ਨੂਰ ਮੁਹੰਮਦ ਸ਼ੇਖ (18) ਵਜੋਂ ਹੋਈ ਹੈ। ਸਾਹਨੀ ਤੇ ਨੂਰ ਮੁਹੰਮਦ ਸ਼ੇਖ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੱਛਮੀ ਰੇਲਵੇ ਨੇ ਮੁਸਾਫ਼ਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਚਲਦੀ ਹੋਈ ਰੇਲ ਗੱਡੀ ’ਤੇ ਨਾ ਚੜ੍ਹਨ। ਇਹ ਖਤਰਨਾਕ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਪੱਛਮੀ ਰੇਲਵੇ ਵੱਲੋਂ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਵੱਖ ਵੱਖ ਥਾਵਾਂ ਅਤੇ ਖਾਸ ਤੌਰ ’ਤੇ ਉੱਤਰ ਪ੍ਰਦੇਸ਼ ਤੇ ਬਿਹਾਰ ਲਈ 130 ਤੋਂ ਵੱਧ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। -ਪੀਟੀਆਈ

Advertisement

ਸੈਟਰਲ ਰੇਲਵੇ ਨੇ ਪਲੈਟਫਾਰਮ ਟਿਕਟ ’ਤੇ ਆਰਜ਼ੀ ਪਾਬੰਦੀ ਲਾਈ

ਮੁੰਬਈ: ਬਾਂਦਰਾ ਰੇਲਵੇ ਸਟੇਸ਼ਨ ’ਤੇ ਵਾਪਰੇ ਹਾਦਸੇ ਦੇ ਮੱਦੇਨਜ਼ਰ ਕੇਂਦਰੀ ਰੇਲਵੇ ਨੇ ਅੱਜ ਪਲੈਟਫਾਰਮ ਟਿਕਟ ਦੀ ਵਿਕਰੀ ’ਤੇ ਆਰਜ਼ੀ ਪਾਬੰਦੀ ਲਗਾ ਦਿੱਤੀ ਹੈ। ਕੇਂਦਰੀ ਰੇਲਵੇ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ, ਦਾਦਰ, ਕੁਰਲਾ ਐੱਲਟੀਟੀ, ਠਾਣੇ, ਕਲਿਆਣ, ਪੁਣੇ ਤੇ ਨਾਗਪੁਰ ਰੇਲਵੇ ਸਟੇਸ਼ਨਾਂ ’ਤੇ ਤੁੰਰਤ ਪ੍ਰਭਾਵ ਨਾਲ ਪਲੈਟਫਾਰਮ ਟਿਕਟਾਂ ਦੀ ਵਿਕਰੀ ’ਤੇ ਪਾਬੰਦੀ ਲਾਈ ਗਈ ਹੈ। ਇਹ ਪਾਬੰਦੀ ਅੱਠ ਨਵੰਬਰ ਤੱਕ ਜਾਰੀ ਰਹੇਗੀ। ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਸਟੇਸ਼ਨਾਂ ’ਤੇ ਭੀੜ ਘਟਾਉਣ ਲਈ ਇਹ ਪਾਬੰਦੀ ਲਾਈ ਗਈ ਹੈ। -ਪੀਟੀਆਈ

Advertisement

ਰੇਲ ਮੰਤਰੀ ਨੂੰ ਮੁਸਾਫਰਾਂ ਦੀਆਂ ਸਮੱਸਿਆਵਾਂ ਦੀ ਚਿੰਤਾ ਨਹੀਂ: ਰਾਊਤ

ਸ਼ਿਵ ਸੈਨਾ (ਯੂਬੀਟੀ) ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਇੱਥੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਮਚੀ ਭਗਦੜ ਨੂੰ ਲੈ ਕੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਨਿਸ਼ਾਨੇ ’ਤੇ ਲਿਆ ਅਤੇ ਦਾਅਵਾ ਕੀਤਾ ਕਿ ਉਹ ਬੁਲੇਟ ਟਰੇਨ ਪ੍ਰਾਜੈਕਟ ’ਚ ਬਹੁਤ ਰੁੱਝੇ ਹੋਏ ਹਨ ਜਦਕਿ ਮੁੰਬਈ ਦੇ ਮੁਸਾਫਰਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਰਾਊਤ ਨੇ ਕਿਹਾ, ‘ਮੁੰਬਈ ਸ਼ਹਿਰ ਕੇਂਦਰ ਸਰਕਾਰ ਨੂੰ ਸਭ ਤੋਂ ਵੱਧ ਮਾਲੀਆ ਦਿੰਦਾ ਹੈ। ਇਸ ਦੇ ਮੁਕਾਬਲੇ ਸਾਨੂੰ ਇੱਥੇ ਮੁਸਾਫਰਾਂ ਲਈ ਮੁਸ਼ਕਲ ਨਾਲ ਕੋਈ ਸਹੂਲਤ ਮਿਲਦੀ ਹੈ।’ ਉਨ੍ਹਾਂ ਕਿਹਾ, ‘ਰੇਲ ਮੰਤਰੀ ਬੁਲੇਟ ਟਰੇਨ ਪ੍ਰਾਜੈਕਟ ’ਚ ਬਹੁਤ ਜ਼ਿਆਦਾ ਰੁੱਝੇ ਹੋਏ ਹਨ ਅਤੇ ਮਾੜੇ ਬੁਨਿਆਦੀ ਢਾਂਚੇ ਕਾਰਨ ਲੋਕਾਂ ਨੂੰ ਮਰਨ ਲਈ ਛੱਡ ਦਿੱਤਾ ਗਿਆ ਹੈ ਕਿਉਂਕਿ ਰੇਲ ਮੰਤਰੀ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੀ ਚਿੰਤਾ ਨਹੀਂ ਹੈ।’ -ਪੀਟੀਆਈ

Advertisement
Author Image

sukhwinder singh

View all posts

Advertisement