For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ’ਚ ਇਮਾਰਤ ਡਿੱਗਣ ਕਾਰਨ ਨੌਂ ਹਲਾਕ

06:57 AM Mar 19, 2024 IST
ਕੋਲਕਾਤਾ ’ਚ ਇਮਾਰਤ ਡਿੱਗਣ ਕਾਰਨ ਨੌਂ ਹਲਾਕ
ਹਾਦਸੇ ਵਾਲੀ ਥਾਂ ’ਤੇ ਜਾਇਜ਼ਾ ਲੈਣ ਪੁੱਜੀ ਮੁੱਖ ਮੰਤਰੀ ਮਮਤਾ ਬੈਨਰਜੀ। -ਫੋਟੋ: ਪੀਟੀਆਈ
Advertisement

ਕੋਲਕਾਤਾ, 18 ਮਾਰਚ
ਇਥੋਂ ਦੇ ਗਾਰਡਨ ਰੀਚ ਇਲਾਕੇ ’ਚ ਉਸਾਰੀ ਅਧੀਨ ਪੰਜ ਮੰਜ਼ਿਲਾ ਇਮਾਰਤ ਦੇ ਡਿੱਗਣ ਕਾਰਨ ਦੋ ਔਰਤਾਂ ਸਮੇਤ ਨੌਂ ਵਿਅਕਤੀ ਮਾਰੇ ਗਏ। ਹਾਦਸੇ ’ਚ 17 ਵਿਅਕਤੀ ਜ਼ਖ਼ਮੀ ਹੋਏ ਹਨ। ਇਨ੍ਹਾਂ ’ਚੋਂ ਚਾਰ ਨੂੰ ਮੁੱਢਲੇ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਹਾਦਸਾ ਵਾਪਰਨ ਦੇ 16 ਘੰਟਿਆਂ ਬਾਅਦ ਵੀ ਮਲਬੇ ਹੇਠਾਂ ਕਈ ਵਿਅਕਤੀ ਦੱਬੇ ਹੋਣ ਦਾ ਖਦਸ਼ਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਜ਼ਾਨ ਮੌਲਾ ਲੇਨ ’ਚ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਗ਼ੈਰਕਾਨੂੰਨੀ ਉਸਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਹਸਪਤਾਲ ਦਾ ਦੌਰਾ ਕਰਕੇ ਜ਼ਖ਼ਮੀਆਂ ਦੀ ਸਾਰ ਵੀ ਲਈ। ਆਪਣੇ ਘਰ ’ਚ ਵੀਰਵਾਰ ਨੂੰ ਡਿੱਗਣ ਮਗਰੋਂ ਮਮਤਾ ਦਾ ਇਹ ਪਹਿਲਾ ਜਨਤਕ ਦੌਰਾ ਸੀ। ਇਮਾਰਤ ਡਿੱਗਣ ਵਾਲੀ ਥਾਂ ਦੇ ਦੌਰੇ ਸਮੇਂ ਉਨ੍ਹਾਂ ਦੇ ਸਿਰ ’ਤੇ ਪੱਟੀ ਬੰਨ੍ਹੀ ਹੋਈ ਸੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜਦੋਂ ਗ਼ੈਰਕਾਨੂੰਨੀ ਉਸਾਰੀ ਚੱਲ ਰਹੀ ਸੀ ਤਾਂ ਉਨ੍ਹਾਂ ਨੂੰ ਵਧੇਰੇ ਚੌਕਸ ਰਹਿਣਾ ਚਾਹੀਦਾ ਸੀ ਤਾਂ ਜੋ ਹਾਦਸਾ ਨਾ ਵਾਪਰਦਾ। ਕੋਲਕਾਤਾ ਦੇ ਮੇਅਰ ਫਰਹਾਦ ਹਾਕਿਮ ਨੇ ਕਿਹਾ ਕਿ ਬਚਾਅ ਕਾਰਜ ਜ਼ੋਰਾਂ ’ਤੇ ਚਲ ਰਹੇ ਹਨ। ਹਾਕਿਮ ਨੇ ਕਿਹਾ ਕਿ ਇਮਾਰਤ ਦੇ ਪ੍ਰਮੋਟਰ ਮੁਹੰਮਦ ਵਾਸਿਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਚਾਅ ਕਾਰਜਾਂ ’ਚ ਐੱਨਡੀਆਰਐੱਫ, ਪ੍ਰਦੇਸ਼ ਆਫ਼ਤ ਪ੍ਰਬੰਧਨ ਟੀਮਾਂ ਅਤੇ ਪੁਲੀਸ ਜੁਟੀ ਹੋਈ ਹੈ। ਮਲਬੇ ਨੂੰ ਹਟਾਉਣ ਲਈ ਗੈਸ ਕਟਰਾਂ ਸਮੇਤ ਹੋਰ ਉਪਕਰਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ‘ਐਕਸ’ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਸਾਰੀ ਅਧੀਨ ਇਮਾਰਤ ਡਿੱਗਣ ਮਗਰੋਂ ਮੌਕੇ ’ਤੇ ਮੇਅਰ, ਫਾਇਰ ਮੰਤਰੀ, ਅਧਿਕਾਰੀ ਅਤੇ ਰਾਹਤ ਤੇ ਬਚਾਅ ਟੀਮਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਸਰਕਾਰ ਮ੍ਰਿਤਕਾਂ ਦੇ ਵਾਰਸਾਂ ਅਤੇ ਜ਼ਖ਼ਮੀਆਂ ਨੂੰ ਮੁਆਵਜ਼ਾ ਦੇਵੇਗੀ। ਹਾਕਿਮ ਨੇ ਕਿਹਾ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ ਪੰਜ-ਪੰਜ ਲੱਖ ਰੁਪਏ ਤੇ ਹਰ ਜ਼ਖਮੀ ਨੂੰ ਇਕ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਟੀਐੱਮਸੀ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਕਿਹਾ ਕਿ ਇਸ ਅਫ਼ਸੋਸਨਾਕ ਹਾਦਸੇ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਹੈ। ਕੋਲਕਾਤਾ ਪੁਲੀਸ ਕਮਿਸ਼ਨਰ ਵਿਨੀਤ ਗੋਇਲ ਨੇ ਵੀ ਮੌਕੇ ਦਾ ਦੌਰਾ ਕਰ ਕੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×