ਸਾਊਦੀ ਅਰਬ ’ਚ ਸੜਕ ਹਾਦਸੇ ਕਾਰਨ ਨੌਂ ਭਾਰਤੀ ਹਲਾਕ
ਨਵੀਂ ਦਿੱਲੀ, 29 ਜਨਵਰੀ
ਪੱਛਮੀ ਸਾਊਦੀ ਅਰਬ ਦੇ ਜੀਜ਼ਾਨ ਨੇੜੇ ਸੜਕ ਹਾਦਸੇ ਵਿੱਚ ਨੌਂ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ। ਜੇਦਾਹ ਸਥਿਤ ਭਾਰਤੀ ਮਿਸ਼ਨ ਨੇ ਅੱਜ ਇਹ ਜਾਣਕਾਰੀ ਦਿੱਤੀ। ਮਿਸ਼ਨ ਨੇ ਕਿਹਾ ਕਿ ਉਹ ਇਸ ਸਬੰਧੀ ਪੂਰੀ ਸਹਾਇਤਾ ਕਰ ਕਰ ਰਿਹਾ ਹੈ ਅਤੇ ਅਧਿਕਾਰੀਆਂ ਤੇ ਪਰਿਵਾਰਾਂ ਦੇ ਸੰਪਰਕ ਵਿੱਚ ਹੈ। ਭਾਰਤੀ ਕੌਂਸੁਲੇਟ ਨੇ ਐਕਸ ’ਤੇ ਕਿਹਾ, ‘ਅਸੀਂ ਸਾਊਦੀ ਅਰਬ ਦੇ ਪੱਛਮੀ ਖੇਤਰ ਵਿੱਚ ਜੀਜ਼ਾਨ ਨੇੜੇ ਸੜਕ ਹਾਦਸੇ ਵਿੱਚ ਨੌਂ ਭਾਰਤੀ ਨਾਗਰਿਕਾਂ ਦੀ ਦੁਖਦਾਈ ਮੌਤ ’ਤੇ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ। ਪੀੜਤ ਪਰਿਵਾਰਾਂ ਪ੍ਰਤੀ ਸਾਡੀ ਸੰਵੇਦਨਾ ਹੈ। ਜੇਦਾਹ ਵਿੱਚ ਭਾਰਤ ਦੇ ਕੌਂਸੁਲੇਟ ਜਨਰਲ ਪੂਰੀ ਸਹਾਇਤਾ ਕਰ ਕਰ ਰਹੇ ਹਨ ਅਤੇ ਅਧਿਕਾਰੀਆਂ ਤੇ ਪਰਿਵਾਰਾਂ ਦੇ ਸੰਪਰਕ ਵਿੱਚ ਹਨ। ਅਸੀਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਅਗਲੀ ਪੁੱਛਗਿੱਛ ਲਈ ਹੈਲਪਲਾਈਨ ਸਥਾਪਤ ਕੀਤੀ ਗਈ ਹੈ।’ -ਪੀਟੀਆਈ
ਵਿਦੇਸ਼ ਮੰਤਰੀ ਨੇ ਦੁੱਖ ਪ੍ਰਗਟਾਇਆ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਅਤੇ ਜਾਨੀ ਨੁਕਸਾਨ ਬਾਰੇ ਜਾਣ ਕੇ ਦੁੱਖ ਹੋਇਆ ਹੈ। ਉਨ੍ਹਾਂ ਐਕਸ ’ਤੇ ਕਿਹਾ, ‘ਜੇਦਾਹ ਵਿੱਚ ਆਪਣੇ ਕੌਂਸਲ ਜਨਰਲ ਨਾਲ ਗੱਲ ਕੀਤੀ, ਜੋ ਸਬੰਧਤ ਪਰਿਵਾਰਾਂ ਦੇ ਸੰਪਰਕ ਵਿੱਚ ਹਨ। ਉਹ ਇਸ ਦੁਖਦਾਈ ਸਥਿਤੀ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ।’