ਅਹਿਮਦਗੜ੍ਹ ਦੇ ਨੌਂ ਆਈਲੈਟਸ ਕੇਂਦਰ ਅਗਲੇ ਹੁਕਮਾਂ ਤੱਕ ਬੰਦ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 8 ਜੁਲਾਈ
ਡੀਸੀ ਮਾਲੇਰਕੋਟਲਾ ਸੰਯਮ ਅੱਗਰਵਾਲ ਦੀ ਰਹਿਨੁਮਾਈ ਹੇਠ ਇਲਾਕੇ ਦੇ ਆਈਲੈਟਸ ਸੈਂਟਰਾਂ ਅਤੇ ਕੋਚਿੰਗ ਸੈਂਟਰਾਂ ’ਤੇ ਸ਼ੁਰੂ ਕੀਤੀ ਸਖ਼ਤੀ ਨੂੰ ਅੱਗੇ ਵਧਾਉਂਦਿਆਂ ਸਬ-ਡਿਵੀਜ਼ਨ ਅਹਿਮਦਗੜ੍ਹ ਅਧੀਨ ਚੱਲ ਰਹੇ ਘੱਟੋ ਘੱਟ ਨੌਂ ਆਈਲੈਟਸ ਸੈਂਟਰਾਂ ਦੇ ਪ੍ਰਬੰਧਕਾਂ ਨੂੰ ਪ੍ਰਸ਼ਾਸਨ ਵੱਲੋਂ ਉਸ ਵੇਲੇ ਤੱਕ ਕੰਮ ਬੰਦ ਰੱਖਣ ਦੇ ਹੁਕਮ ਕੀਤੇ ਗਏ ਹਨ ਜਦੋਂ ਤੱਕ ਸਰਕਾਰੀ ਹਦਾਇਤਾਂ ਦੀ ਪਾਲਣਾ ਦੇ ਸਬੂਤ ਨਹੀਂ ਪੇਸ਼ ਕੀਤੇ ਜਾਂਦੇ।
ਐੱਸਡੀਐੱਮ ਅਹਿਮਦਗੜ੍ਹ ਹਰਬੰਸ ਸਿੰਘ ਅਤੇ ਡੀਐੱਸਪੀ ਦਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਮਾਰੇ ਗਏ ਛਾਪਿਆਂ ਤੋਂ ਬਾਅਦ ਅਹਿਮਦਗੜ੍ਹ ਦੇ ਚਾਰ ਅਤੇ ਸੰਦੌੜ ਦੇ ਪੰਜ ਆਈਲੈਟਸ ਕੇਂਦਰਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ। ਅੱਜ ਕੀਤੀ ਗਈ ਕਾਰਵਾਈ ਤੋਂ ਬਾਅਦ ਐੱਸਡੀਐੱਮ ਹਰਬੰਸ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਕੇਂਦਰਾਂ ਦੇ ਪ੍ਰਬੰਧਕਾਂ ਨੇ ਬੀਤੇ ਸਮੇਂ ਦੌਰਾਨ ਸ਼ੁਰੂ ਕੀਤੀ ਗਈ ਸਖ਼ਤੀ ਤੋਂ ਬਾਅਦ ਉਨ੍ਹਾਂ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਬਾਰੇ ਦਸਤਾਵੇਜ਼ ਦਿਖਾ ਦਿੱਤੇ ਸਨ ਪਰ ਕੁੱਝ ਨੇ ਚੈਕਿੰਗ ਦੀ ਭਿਣਕ ਮਿਲਦਿਆਂ ਹੀ ਜਿੰਦਰੇ ਲਗਾ ਕੇ ਕਾਰਵਾਈ ਤੋਂ ਬਚਣ ਦੀ ਕੋਸ਼ਿਸ਼ ਕੀਤੀ ਸੀ। ਸ੍ਰੀ ਹਰਬੰਸ ਸਿੰਘ ਨੇ ਦਾਅਵਾ ਕੀਤਾ ਕਿ ਹੁਣ ਤੱਕ ਸੰਦੌੜ ਦੇ ਪੰਜ ਅਤੇ ਅਹਿਮਦਗੜ੍ਹ ਦੇ ਚਾਰ ਕੇਂਦਰਾਂ ਨੂੰ ਉਸ ਵੇਲੇ ਤੱਕ ਬੰਦ ਰੱਖਣ ਦੇ ਹੁਕਮ ਕੀਤੇ ਗਏ ਹਨ ਜਦੋਂ ਤੱਕ ਉਹ ਆਪਣੇ ਦਸਤਾਵੇਜ਼ ਦਫ਼ਤਰ ਵਿੱਚ ਜਮ੍ਹਾਂ ਨਹੀਂ ਕਰਵਾਉਂਦੇ। ਐੱਸਡੀਐੱਮ ਸਾਹਿਬ ਨੇ ਸਪੱਸ਼ਟ ਕੀਤਾ ਕਿ ਜਿਹੜੇ ਵੀ ਕੇਂਦਰਾਂ ਦੇ ਪ੍ਰਬੰਧਕਾਂ ਵੱਲੋਂ ਹਦਾਇਤਾਂ ਦਾ ਪਾਲਣ ਨਹੀਂ ਕੀਤਾ ਜਾਵੇਗਾ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਕੇ ਸੀਲ ਕਰ ਦਿੱਤਾ ਜਾਵੇਗਾ।