ਲੱਖਾਂ ਰੁਪਏ ਦੀ ਹੈਰੋਇਨ ਸਣੇ ਨੌਂ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਨਵੰਬਰ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਦੋ ਔਰਤਾਂ ਸਮੇਤ ਨੌਂ ਜਣਿਆਂ ਨੂੰ ਲੱਖਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੋਤੀ ਨਗਰ ਦੇ ਥਾਣੇਦਾਰ ਸੋਹਨ ਲਾਲ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਚੀਮਾ ਚੌਕ ਤੋਂ ਡਾ. ਅੰਬੇਡਕਰ ਕਲੋਨੀ ਵੱਲ ਜਾ ਰਹੀ ਸੀ, ਤਾਂ ਬਿਜਲੀ ਘਰ ਕੋਲ ਤਿੰਨ ਵਿਅਕਤੀ ਖੜ੍ਹੇ ਸਨ। ਉਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ 165 ਗ੍ਰਾਮ ਹੈਰੋਇਨ ਤੇ 2 ਮੋਬਾਈਲ ਫੋਨ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਡਾ. ਅੰਬੇਡਕਰ ਕਲੋਨੀ ਦੇ ਵਸਨੀਕ ਅਭੀਸ਼ੇਕ ਥਾਪਰ, ਗੋਪੀ ਉਰਫ਼ ਸੰਨੀ ਤੇ ਸ਼ੁਭਮ ਬੈਂਸ ਉਰਫ਼ ਡੱਬਾ ਵਜੋਂ ਹੋਈ ਹੈ।ਇਸੇ ਤਰ੍ਹਾਂ ਡਾ. ਅੰਬੇਡਕਰ ਕਲੋਨੀ ਵਾਸੀਆਨ ਬਾਦਲ ਰਾਣਾ, ਚਾਂਦ ਅਤੇ ਰੀਨਾ ਪਤਨੀ ਸੋਨੂੰ ਨੂੰ ਗਸ਼ਤ ਦੌਰਾਨ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 60 ਗ੍ਰਾਮ ਹੈਰੋਇਨ ਬਰਾਮਦ ਹੋਈ। ਇੱਕ ਹੋਰ ਮਾਮਲੇ ਵਿੱਚ ਪੁਲੀਸ ਪਾਰਟੀ ਨੇ ਡਾ. ਅੰਬੇਦਕਰ ਨਗਰ ਵਾਸੀਆਨ ਲੱਕੀ, ਰਾਹੁਲ ਕੁਮਾਰ ਅਤੇ ਨੀਤੂ ਪਤਨੀ ਵਿਜੈ ਕੁਮਾਰ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 105 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਨਸ਼ੀਲੇ ਕੈਪਸੂਲਾਂ ਸਮੇਤ ਤਿੰਨ ਕਾਬੂ
ਗੁਰੂਸਰ ਸੁਧਾਰ, ਮੁੱਲਾਂਪੁਰ (ਪੱਤਰ ਪ੍ਰੇਰਕ): ਥਾਣਾ ਦਾਖਾ ਦੀ ਪੁਲੀਸ ਦੇ ਸਹਾਇਕ ਥਾਣੇਦਾਰ ਤਰਸੇਮ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪੱਕੀ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਬੈਂਸ ਵਾਸੀ ਜੈਦੀਪ ਕੁਮਾਰ ਉਰਫ਼ ਡਾਕਟਰ ਨੂੰ 260 ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕਰਨ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਪ ਪੁਲੀਸ ਕਪਤਾਨ ਵਰਿੰਦਰ ਸਿੰਘ ਖੋਸਾ ਅਤੇ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਕੁਮਾਰ ਉਰਫ਼ ਅਮਨ ਵਾਸੀ ਲੇਬਰ ਕਲੋਨੀ ਲੁਧਿਆਣਾ ਤੋਂ 3500 ਹੋਰ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ। ਅਮਨਦੀਪ ਦੀ ਨਿਸ਼ਾਨਦੇਹੀ ’ਤੇ ਵਿਕਾਸ ਝਾਅ ਉਰਫ਼ ਸੋਨੂੰ ਵਾਸੀ ਰਮੇਸ਼ ਨਗਰ ਟਿੱਬਾ ਰੋਡ ਨੂੰ ਤਿੰਨ ਹਜ਼ਾਰ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ ਗਿਆ ਹੈ।