For the best experience, open
https://m.punjabitribuneonline.com
on your mobile browser.
Advertisement

ਸੰਘਣੀ ਧੁੰਦ ਕਾਰਨ ਨੌਂ ਹਾਦਸੇ; ਇਕ ਹਲਾਕ; 43 ਜ਼ਖ਼ਮੀ

07:51 AM Nov 14, 2023 IST
ਸੰਘਣੀ ਧੁੰਦ ਕਾਰਨ ਨੌਂ ਹਾਦਸੇ  ਇਕ ਹਲਾਕ  43 ਜ਼ਖ਼ਮੀ
ਖੰਨਾ ਨੇੜੇ ਸੰਘਣੀ ਧੁੰਦ ਕਾਰਨ ਇਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਨੁਕਸਾਨੀ ਗਈ ਕਾਰ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਜੋਗਿੰਦਰ ਸਿੰਘ ਓਬਰਾਏ
ਖੰਨਾ, 13 ਨਵੰਬਰ
ਇੱਥੇ ਅੱਜ ਤੜਕੇ ਭਾਰੀ ਧੁੰਦ ਕਾਰਨ ਕਈ ਥਾਵਾਂ ’ਤੇ ਹਾਦਸੇ ਵਾਪਰੇ। ਪਿੰਡ ਬੀਜਾ ਤੋਂ ਖੰਨਾ ਤੱਕ ਦੇ 12 ਕਿਲੋਮੀਟਰ ਦੇ ਖੇਤਰ ਵਿਚ ਮੁੱਖ ਜਰਨੈਲੀ ਸੜਕ ’ਤੇ ਨੌਂ ਹਾਦਸੇ ਹੋਏ ਜਿਨ੍ਹਾਂ ਵਿਚ 24 ਕਾਰਾਂ, 4 ਇਨੋਵਾ, ਤਿੰਨ ਛੋਟੇ ਹਾਥੀ, ਤਿੰਨ ਬੱਸਾਂ, ਟੈਂਪੂ ਅਤੇ ਮੋਟਰ ਸਾਈਕਲ ਨੁਕਸਾਨੇ ਗਏ। ਇਹ ਹਾਦਸੇ ਪਿੰਡ ਬੀਜਾ, ਕੌੜੀ, ਮੋਹਨਪੁਰ, ਲਬਿੜਾ, ਮਹਿੰਦੀਪੁਰ, ਭੱਟੀਆਂ ਅਤੇ ਖੰਨਾ ਵਿੱਚ ਵੱਖ ਵੱਖ ਥਾਵਾਂ ’ਤੇ ਵਾਪਰੇ। ਇਸ ਦੌਰਾਨ ਇਕ ਪੀਆਰਟੀਸੀ ਦੀ ਬੱਸ ਵੀ ਨੁਕਸਾਨੀ ਗਈ। ਇਥੋਂ ਨੇੜਲੇ ਪਿੰਡ ਕੌੜੀ ਵਿਚ ਇਕ ਕਾਰ ਅੱਗੇ ਜਾ ਰਹੇ ਟਰੱਕ ਨਾਲ ਜਾ ਟਕਰਾਈ ਅਤੇ ਪਿਛੋਂ ਆ ਰਹੇ ਟੈਂਪੂ ਨੇ ਉਸ ਕਾਰ ਵਿਚ ਟੱਕਰ ਮਾਰੀ। ਇਸ ਤੋਂ ਇਲਾਵਾ ਪਿੰਡ ਲਬਿੜਾ ਦੇ ਗੁਲਜ਼ਾਰ ਕਾਲਜ ਨੇੜੇ ਨੌਂ ਕਾਰਾਂ ਆਪਸ ਵਿਚ ਟਕਰਾ ਗਈਆਂ ਜਿਸ ਕਾਰਨ 11 ਜ਼ਖ਼ਮੀ ਹੋ ਗਏ। ਇਸ ਦੌਰਾਨ ਇਕ ਕਾਰ ਨੇ ਘੱਟ ਦਿਸਣਯੋਗਤਾ ਹੋਣ ਕਾਰਨ ਬਰੇਕ ਮਾਰੀ ਤੇ ਇਸ ਪਿੱਛੇ ਕਈ ਗੱਡੀਆਂ ਉਸ ਵਿਚ ਵੱਜੀਆਂ।

Advertisement

ਖੰਨਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਇਕ ਔਰਤ।

ਪਿੰਡ ਭੱਟੀਆਂ ਵਿਚ ਖੜ੍ਹੇ ਟਰੱਕ ਵਿੱਚ ਟੈਂਪੂ ਜਾ ਟਕਰਾਇਆ। ਇਸ ਦੌਰਾਨ ਟੈਂਪੂ ਚਾਲਕ ਰਘਬੀਰ ਸਿੰਘ ਸਰਹਿੰਦ (32) ਦੀ ਮੌਕੇ ’ਤੇ ਮੌਤ ਹੋ ਗਈ। ਇਸ ਦੌਰਾਨ ਦੋੋ ਨਿੱਜੀ ਬੱਸਾਂ ਵੀ ਨੁਕਸਾਨੀਆਂ ਗਈਆਂ। ਇਨ੍ਹਾਂ ਹਾਦਸਿਆਂ ਵਿਚ ਜ਼ਖ਼ਮੀ ਹੋਏ ਕਈ ਜਣਿਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਅਤੇ ਚੰਡੀਗੜ੍ਹ ਦੇ ਵੱਡੇ ਹਸਪਤਾਲਾਂ ਵਿਚ ਰੈਫਰ ਕੀਤਾ ਗਿਆ। ਇਸੇ ਤਰ੍ਹਾਂ ਐਸਐਸਪੀ ਦਫ਼ਤਰ ਨੇੜੇ ਵੀ 6 ਵਾਹਨ ਆਪਸ ਵਿਖੇ ਟਕਰਾ ਗਏ, ਜਿਸ ਕਾਰਨ ਤਿੰਨ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇਥੋਂ ਦੇ ਸਿਵਲ ਹਸਪਤਾਲ ਵਿਚ ਬਟਾਲਾ ਦੇ ਅਜੈ ਸ਼ਾਮ ਸੁੰਦਰ, ਸੁਰਿੰਦਰ ਕੁਮਾਰ ਤੇ ਰਜਨੀ, ਜਲੰਧਰ ਤੋਂ ਪ੍ਰੇਮ ਸਿੰਘ, ਯੂ.ਪੀ ਦੇ ਰਾਮ ਮੂਰਤੀ, ਗਿਆਸਪੁਰਾ ਦੇ ਬਲਵੀਰ ਸਿੰਘ, ਕਰਨਾਲ ਦੇ ਭਾਈ ਅਨੂਪ ਸਿੰਘ, ਉਨ੍ਹਾਂ ਦੀ ਪਤਨੀ ਸਿਮਰਜੀਤ ਕੌਰ ਤੇ ਪੁੱਤਰ ਬਿਕਰਮਜੀਤ ਸਿੰਘ, ਪਟਿਆਲਾ ਤੋਂ ਸਰਬਜੀਤ ਸਿੰਘ, ਧਰੁਵ ਅਰੋੜਾ, ਰੁਹਾਨ ਅਰੋੜਾ ਤੋਂ ਇਲਾਵਾ ਹੋਰ ਕਈ ਜ਼ੇਰੇ ਇਲਾਜ ਹਨ। ਹਾਦਸਿਆਂ ਕਾਰਨ ਜਰਨੈਲੀ ਸੜਕ ’ਤੇ ਲੰਬਾ ਸਮਾਂ ਜਾਮ ਵੀ ਰਿਹਾ। ਇਸ ਮੌਕੇ ਪੁਲੀਸ ਨੇ ਵੱਖ ਵੱਖ ਰਸਤਿਆਂ ਰਾਹੀਂ ਵਾਹਨ ਭੇਜ ਕੇ ਜਾਮ ਖੁੱਲ੍ਹਵਾਇਆ। ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਤੇ ਐਸਐਸਪੀ ਅਮਨੀਤ ਕੌਂਡਲ ਨੇ ਹਾਦਸਿਆਂ ਕਾਰਨ ਜ਼ਖ਼ਮੀ ਹੋਏ ਲੋਕਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ; ਤਿੰਨ ਹਲਾਕ

ਜ਼ੀਰਾ (ਪੱਤਰ ਪ੍ਰੇਰਕ): ਇੱਥੇ ਜ਼ੀਰਾ-ਮਖੂ ਸੜਕ ’ਤੇ ਤੇਜ਼ ਰਫ਼ਤਾਰ ਕਰੂਜ਼ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ (48), ਅਮਰ ਸਿੰਘ (50) ਪੁੱਤਰ ਲਾਲ ਸਿੰਘ ਅਤੇ ਨਿਮਰਤ ਕੌਰ (5) ਪੋਤਰੀ ਅਮਰ ਸਿੰਘ ਪਿੰਡ ਘੁੱਦੂਵਾਲਾ ਤੋਂ ਮਖੂ ਵੱਲ ਮੋਟਰਸਾਈਕਲ ’ਤੇ ਜਾ ਰਹੇ ਸਨ। ਇਸ ਦੌਰਾਨ ਬਜਿਲੀ ਘਰ ਮਖੂ ਨੇੜੇ ਜ਼ੀਰਾ ਵਾਲੀ ਸਾਈਡ ਤੋਂ ਮਖੂ ਜਾ ਰਹੀ ਤੇਜ਼ ਰਫਤਾਰ ਕਰੂਜ਼ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਨਿਮਰਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਕੁਲਦੀਪ ਸਿੰਘ ਅਤੇ ਅਮਰ ਸਿੰਘ ਨੇ ਸਿਵਲ ਹਸਪਤਾਲ ਜ਼ੀਰਾ ਵਿਚ ਦਮ ਤੋੜ ਦਿੱਤਾ। ਮੌਕੇ ’ਤੇ ਮੌਜੂਦ ਲੋਕਾਂ ਨੇ ਕਾਰ ਸਵਾਰਾਂ ਵਿਚੋਂ ਇਕ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ ਅਤੇ ਦੋ ਕਾਰ ਸਵਾਰ ਫਰਾਰ ਹੋ ਗਏ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਹਾਦਸਿਆਂ ’ਤੇ ਅਫਸੋਸ ਜਤਾਇਆ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਾਪਰੇ ਸੜਕ ਹਾਦਸਿਆਂ ’ਤੇ ਅਫ਼ਸੋਸ ਜ਼ਾਹਰ ਕੀਤਾ ਹੈ। ਸ੍ਰੀ ਮਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਰੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ’ਚ ਹਨ ਤੇ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਮੁੱਖ ਮੰਤਰੀ ਨੇ ਅੱਗੇ ਧੁੰਦ ਦੇ ਦਿਨਾਂ ਦੌਰਾਨ ਲੋਕਾਂ ਨੂੰ ਆਪਣੇ ਵਾਹਨ ਸਾਵਧਾਨੀ ਨਾਲ ਚਲਾਉਣ ਲਈ ਕਿਹਾ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।

Advertisement
Author Image

joginder kumar

View all posts

Advertisement
Advertisement
×