‘ਨਿੱਕਾ ਹੌਲਦਾਰ’ ਬਣਿਆ ਪਿੰਡ ਉਦੈਕਰਨ ਦਾ ਸਰਪੰਚ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 17 ਅਕਤੂਬਰ
ਮੁਕਤਸਰ ਸ਼ਹਿਰ ਦੀ ਹੱਦ ਨਾਲ ਲੱਗਵੇਂ ਅਰਧ ਸ਼ਹਿਰੀ ਪਿੰਡ ਉਦੈਕਰਨ ਦਾ ਸਰਪੰਚ ਸਾਬਕਾ ਹੌਲਦਾਰ ਸੁਖਚਰਨ ਸਿੰਘ ਨਿੱਕਾ ਬਣਿਆ ਹੈ ਜਿਸ ਨੂੰ ਲੋਕ ਪਿਆਰ ਨਾਲ ‘ਨਿੱਕਾ ਹੌਲਦਾਰ’ ਕਹਿੰਦੇ ਹਨ। ਉਸ ਨੇ 1457 ਵੋਟਾਂ ਪ੍ਰਾਪਤ ਕਰਕੇ 379 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਉਸ ਨੇ ਪੰਜਾਬ ਪੁਲੀਸ ਵਿੱਚੋਂ ਹੌਲਦਾਰ ਦੇ ਅਹੁਦੇ ਤੋਂ 30 ਸਤੰਬਰ 2019 ਨੂੰ 25 ਸਾਲ ਦੀ ਨੌਕਰੀ ਉਪਰੰਤ ਅਗਾਊਂ ਸੇਵਾਮੁਕਤੀ ਲੈ ਲਈ। ਉਸ ਨੂੰ ਪੈਰਾਗਲਾਈਡਿੰਗ ਦਾ ਵੀ ਸ਼ੌਕ ਹੈ। ‘ਪੇਂਡੂ ਓਲੰਪਿਕ ਕਿਲਾ ਰਾਏਪੁਰ’ ਸਣੇ ਅਕਸਰ ਮੇਲਿਆਂ ਮੌਕੇ ਉਹ ਪੈਰਾਗਲਾਈਡਿੰਗ ਦੇ ਜੌਹਰ ਦਿਖਾਉਂਦਾ ਹੈ। ਸੁਖਚਰਨ ਸਿੰਘ ਨਿੱਕਾ ਨੇ ਦੱਸਿਆ ਕਿ ਉਹ ਪੰਜਾਬ ਪੁਲੀਸ ਦੇ ਹਾਲੇ ਤੱਕ ਇੱਕੋ ਇੱਕ ਪੈਰਾਗਰਾਇਡਰ ਇੰਸਟਰਕਟਰ ਸਨ ਤੇ 2002 ਤੋਂ ਪੈਰਾਗਲਾਈਡਿੰਗ ਕਰ ਰਹੇ ਹਨ। ਉਹ ਡਿਊਟੀ ਦੌਰਾਨ ਵਰਦੀ ਪਾ ਕੇ ਪਿੰਡ ਉਦੈਕਰਨ ਤੋਂ ਸਾਈਕਲ ’ਤੇ ਆਉਂਦੇ-ਜਾਂਦੇ ਸਨ। ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਸਨ। ਇਸੇ ਕਰਕੇ ਅਗਾਊਂ ਸੇਵਾਮੁਕਤੀ ਲੈ ਲਈ। ਪਿੰਡ ਦੇ ਸਹਿਯੋਗ ਨਾਲ ਡਿਸਪੈਂਸਰੀ ਦੀ ਇਮਾਰਤ ਬਣਾਈ। ਦੋ ਸਾਲ ਤੋਂ ਪਿੰਡ ਦੇ ਬੰਦ ਪਏ ਵਾਟਰ ਵਰਕਸ ਨੂੰ ਚਾਲੂ ਕਰ ਕੇ ਉਸ ਦੀ ਸਪਲਾਈ ਘਰ-ਘਰ ਤੱਕ ਪਹੁੰਚਾਈ। ਪਾਣੀ ਦੀ ਲੀਕੇਜ ਬੰਦ ਕੀਤੀ। ਲੋਕਾਂ ਦੇ ਘਰਾਂ ਵਿੱਚ ਗੇਟਵਾਲ ਲਾਏ ਤਾਂ ਜੋ ਪਾਣੀ ਸਿਰਫ ਲੋੜ ਵੇਲੇ ਵਰਤਿਆ ਜਾਵੇ ਅਤੇ ਲਗਾਤਾਰ ਨਾ ਡੁੱਲ੍ਹੇ। ਸਮਰਸੀਬਲ ਮੋਟਰ ਲਾ ਕੇ ਮਿੱਠਾ ਪਾਣੀ ਕੱਢਿਆ ਜਿੱਥੋਂ ਲੋਕ ਪੀਣ ਵਾਸਤੇ ਪਾਣੀ ਭਰ ਕੇ ਘਰਾਂ ਨੂੰ ਲਿਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਰਪੰਚ ਬਣਨ ਤੋਂ ਬਾਅਦ ਉਹ ਪਿੰਡ ਵਿੱਚ ਮੈਰੇਜ ਪੈਲੇਸ, ਗੈਸਟ ਹਾਊਸ, ਸਿਹਤ ਕੇਦਰ, ਜਿਮ, ਖੇਡ ਸਟੇਡੀਅਮ, ਸਕੂਲ ਦਾ ਵਿਕਾਸ ਕਰਨਾ ਚਾਹੁੰਦੇ ਹਨ। ਪੰਚਾਇਤ ਦੀ 18 ਏਕੜ ਜ਼ਮੀਨ ਦਾ ਲੈਵਲ ਕਰ ਕੇ ਉਸ ਨੂੰ ਉਪਜਾਊ ਕਰਕੇ ਆਮਦਨ ਵਧਾਉਣਾ ਵਧਾਉਣਾ ਚਾਹੁੰਦੇ ਹਨ। ਇਸ ਆਮਦਨ ਨਾਲ ਛੱਪੜ, ਗਲੀਆਂ-ਨਾਲੀਆਂ, ਸੀਵਰੇਜ, ਸੁਰੱਖਿਆ ਲਈ ਕੈਮਰੇ, ਨਸ਼ਾ ਮੁਕਤੀ ਤੇ ਗਰੀਬਾਂ ਦੀ ਭਲਾਈ ਦੇ ਕੰਮ ਕਰਨਾ ਚਾਹੁੰਦੇ ਹਨ।