ਨਿਖਿਲ ਗੁਪਤਾ ਖਿਲਾਫ਼ ਅਮਰੀਕੀ ਅਦਾਲਤ ਵਿੱਚ ਚੱਲੇਗਾ ਮੁਕੱਦਮਾ: ਅਟਾਰਨੀ ਜਨਰਲ
ਵਾਸ਼ਿੰਗਟਨ, 18 ਜੂਨ
ਅਮਰੀਕਾ ਵਿਚ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਸੁਪਾਰੀ ਦੇ ਕੇ ਹੱਤਿਆ ਕਰਵਾਉਣ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਹੁਣ ਅਮਰੀਕਾ ਦੀ ਅਦਾਲਤ ਵਿਚ ਮੁਕੱਦਮੇ ਦਾ ਸਾਹਮਣਾ ਕਰਨਾ ਪਏਗਾ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇਹ ਜਾਣਦਾਰੀ ਦਿੰਦਿਆਂ ਕਿਹਾ ਕਿ ਅਮਰੀਕਾ ਆਪਣੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕਰੇਗਾ। ਗੁਪਤਾ ਨੂੰ ਲੰਘੇ ਦਿਨ ਮੈਨਹਟਨ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਇਸ ਮਾਮਲੇ ਵਿਚ ਅਗਲੀ ਸੁਣਵਾਈ 28 ਜੂਨ ਨੂੰ ਹੋਵੇਗੀ। ਦੋਸ਼ੀ ਕਰਾਰ ਦਿੱਤੇ ਜਾਣ ਦੀ ਸੂਰਤ ਵਿਚ ਗੁਪਤਾ ਨੂੰ ਹਰੇਕ ਦੋਸ਼ ਲਈ ਵੱਧ ਤੋਂ ਵੱਧ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਇਸ ਦੌਰਾਨ ਵ੍ਹਾਈਟ ਹਾਊਸ ਦੇ ਬੁਲਾਰੇ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਭਾਰਤ ਦੀ ਆਪਣੀ ਫੇਰੀ ਦੌਰਾਨ ਨਿਖਿਲ ਗੁਪਤਾ ਦਾ ਮਸਲਾ ਵਿਚਾਰਿਆ ਸੀ। ਗੁਪਤਾ (53) ਨੂੰ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ (ਜਿਸ ਨੂੰ ਅਮਰੀਕਾ ਨੇ ਨਾਕਾਮ ਕਰ ਦਿੱਤਾ ਸੀ) ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਅਮਰੀਕੀ ਸਰਕਾਰ ਦੀ ਅਪੀਲ ’ਤੇ ਪਿਛਲੇ ਸਾਲ 30 ਜੂਨ ਨੂੰ ਚੈੱਕ ਗਣਰਾਜ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਗੁਪਤਾ ਨੂੰ ਲੰਘੀ 14 ਜੂਨ ਨੂੰ ਅਮਰੀਕਾ ਦੇ ਹਵਾਲੇ ਕੀਤਾ ਗਿਆ। ਗੁਪਤਾ ਦੇ ਅਟਾਰਨੀ ਜੈਫਰੀ ਚੈਬਰੋਅ ਮੁਤਾਬਕ ਉਸ ਦੇ ਮੁਵੱਕਿਲ ਨੂੰ ਸੋਮਵਾਰ ਨੂੰ ਮੈਨਹਟਨ ਦੀ ਸੰਘੀ ਕੋਰਟ ਵਿਚ ਮੈਜਿਸਟਰੇਟ ਜੱਜ ਜੇੇਮਜ਼ ਐੱਲ. ਕੌਟ ਅੱਗੇ ਪੇਸ਼ ਕੀਤਾ ਗਿਆ ਸੀ, ਜਿੱਥੇ ਉਸ ਨੇ ਆਪਣੇ ’ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਖ਼ੁਦ ਨੂੰ ਬੇਗੁਨਾਹ ਦੱਸਿਆ। -ਪੀਟੀਆਈ